ਬੀਜੇਪੀ ਦੇ ਵਿਆਪਮ ਵਰਗੇ ਘੁਟਾਲੇ

ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਮਈ 2014 ਵਿਚ ਭਾਰੀ ਬਹੁਮਤ ਨਾਲ ਤਾਕਤ ਵਿਚ ਆਈ ਸੀ। ਭਾਰਤ ਦੇ ਲੋਕਾਂ ਨੇ ਪਿਛਲੇ ਲੰਮੇ ਅਰਸੇ ਤੋਂ ਗਠਜੋੜ ਸਰਕਾਰਾਂ ਦਾ ਚਲਦਾ ਆ ਰਿਹਾ ਸਿਲਸਿਲਾ ਖ਼ਤਮ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲਵਾ ਕੀਰਤੀਮਾਨ ਸਥਾਪਤ ਕਰਨ ਦਾ ਮੌਕਾ ਦਿੱਤਾ ਸੀ। ਲੋਕ ਪਿਛਲੀ ਸਰਕਾਰ ਦੇ ਭਰਿਸ਼ਟਾਚਾਰ ਦੇ ਘੁਟਾਲਿਆਂ ਤੋਂ ਦੁੱਖੀ ਸਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਇਕ ਸਾਲ ਦੇ ਸਮੇਂ ਵਿਚ ਹੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਭਰਿਸ਼ਟਾਚਾਰ ਦੇ ਸਕੈਂਡਲਾਂ ਦੇ ਸਾਹਮਣੇ ਆਉਣ ਨਾਲ ਸਰਕਾਰ ਦਾ ਹਨੀਮੂਨ ਪੀਰੀਅਡ ਖ਼ਤਮ ਹੋ ਗਿਆ ਹੈ। ਵਿਆਪਮ ਘੁਟਾਲੇ ਨੇ ਭਾਰਤੀ ਲੋਕਾਂ ਨੂੰ ਇਨਸਾਫ ਦੇਣ ਦੀ ਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਘੁਟਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਦੀ ਆਮ ਲੋਕਾਂ ਨੂੰ ਇਨਸਾਫ ਦੇਣ ਦੀ ਪ੍ਰਣਾਲੀ ਵਿਚ ਭਰਿਸ਼ਟਾਚਾਰ ਭਾਰੂ ਹੋ ਚੁੱਕਾ ਹੈ।

ਵਰਤਮਾਨ ਪਰਜਾਤੰਤਰਿਕ ਢਾਂਚੇ ਵਿਚ ਲੋਕਾਂ ਨੂੰ ਇਨਸਾਫ ਦਾ ਮਿਲਣਾ ਅਸੰਭਵ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਬੜੇ ਜ਼ੋਰ ਸ਼ੋਰ ਨਾਲ ਕੇਂਦਰ ਵਿਚ ਰਾਜ ਭਾਗ ਵਿਚ ਆਈ ਸੀ, ਜਿਸ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਬੱਝੀ ਸੀ। ਮੱਧ ਪ੍ਰਦੇਸ਼ ਜਿਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਸਿਵ ਰਾਜ ਸਿੰਘ ਚੌਹਾਨ ਦੂਜੀ ਵਾਰ ਮੁੱਖ ਮੰਤਰੀ ਬਣੇ ਹਨ, ਜਿਨ੍ਹਾਂ ਦਾ ਅਕਸ ਇਮਾਨਦਾਰੀ ਦਾ ਪ੍ਰਤੀਕ ਬਣ ਗਿਆ ਸੀ। ਮੁੱਖ ਮੰਤਰੀ ਵੱਲੋਂ ਅਜਿਹੇ ਕੇਸ ਵਿਚ ਗੰਭੀਰਤਾ ਨਾ ਦਿਖਾਉਣੀ ਮਧ ਪ੍ਰਦੇਸ਼ ਸਰਕਾਰ ਦੀ ਵਿਆਪਮ ਘੁਟਾਲੇ ਵਿਚ ਸ਼ਾਮਲ ਹੋਣ ਦੀ ਗਵਾਹੀ ਭਰਦੀ ਹੈ। ਸੱਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਵਿਆਪਮ ਦਾ ਅਰਥ ਕੀ ਹੈ? ਮੱਧ ਪ੍ਰਦੇਸ਼ ਰਾਜ ਵਿਚ ਨਿਯੁਕਤੀਆਂ ਅਤੇ ਦਾਖ਼ਲਿਆਂ ਦੇ ਟੈਸਟ ਲੈਣ ਵਾਲੀ ਖ਼ੁਦ ਮੁਖ਼ਤਾਰ ਸੰਸਥਾ ਦਾ ਨਾਮ ਹੈ, ਜੋ ਮੱਧ ਪ੍ਰਦੇਸ਼ ਸਰਕਾਰ ਲਈ ਕੰਮ ਕਰਦੀ ਹੈ। ਇਸ ਸੰਸਥਾ ਵਿਚ ਭਰਤੀਆਂ ਅਤੇ ਦਾਖ਼ਲੇ ਵਿਚ ਸਕੈਂਡਲ 1990 ਤੋਂ ਚਲ ਰਹੇ ਹਨ। ਸਾਲ 2000 ਵਿਚ ਜਾ ਕੇ ਇਸ ਸੰਸਥਾ ਵਿਰੁਧ ਸ਼ਿਕਾਇਤਾਂ ਆਉਣ ਲੱਗੀਆਂ ਅਤੇ ਐਫ.ਆਈ.ਆਰ. ਦਰਜ ਹੋਈ। 2009 ਵਿਚ ਜਾ ਕੇ ਸ਼ਪਸ਼ਟ ਹੋਇਆ ਕਿ ਇਹ ਸੰਸਥਾ ਯੋਜਨਬੱਧ ਢੰਗ ਨਾਲ ਹੇਰਾ ਫੇਰੀਆਂ ਕਰ ਰਹੀ ਹੈ। 2009 ਵਿਚ ਪੀ.ਐਮ.ਟੀ.ਟੈਸਟ ਵਿਚ ਗ਼ਲਤ ਢੰਗ ਵਰਤਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਰਕਾਰ ਨੇ ਜਾਇੰਟ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਦੀ ਅਗਵਾਈ ਵਿਚ ਪੜਤਾਲ ਕਮੇਟੀ ਗਠਤ ਕੀਤੀ। ਇਸ ਕਮੇਟੀ ਨੇ 2011 ਵਿਚ ਆਪਣੀ ਰਿਪੋਰਟ ਦਿੱਤੀ। ਇਸ ਪੜਤਾਲ ਕਮੇਟੀ ਨੇ ਹੇਰਾ ਫੇਰੀ ਵਿਚ ਛੋਟੇ ਮੋਟੇ ਲੋਕਾਂ ਦੇ ਸ਼ਾਮਲ ਹੋਣ ਦਾ ਜ਼ਿਕਰ ਕੀਤਾ ਪ੍ਰੰਤੂ ਵੱਡੇ ਮਗਰ ਮੱਛ ਜਿਨ੍ਹਾਂ ਵਿਚ ਸਿਆਸਤਦਾਨ, ਅਧਿਕਾਰੀ ਅਤੇ ਵਿਓਪਾਰੀਆਂ ਬਾਰੇ ਚੁੱਪ ਧਾਰ ਲਈ। ਇਹ ਘਪਲਾ ਕਰਨ ਵਿਚ ਸਿਆਸਤਦਾਨ, ਮੈਡੀਕਲ ਐਜੂਕੇਸ਼ਨ ਵਿਭਾਗ ਦੇ ਅਧਿਕਾਰੀ ਅਤੇ ਦੋ ਵਿਭਾਗਾਂ ਦੇ ਆਫੀਸਰ ਆਨ ਸਪੈਸ਼ਲ ਡਿਊਟੀ ਸ਼ਾਮਲ ਸਨ। ਸਾਇੰਸ ਤੇ ਟੈਕਨਾਲੋਜੀ ਵਿਭਾਗ ਦਾ ਮੱਧ ਪ੍ਰਦੇਸ਼ ਸਰਕਾਰ ਦਾ ਮੰਤਰੀ ਵੀ ਸ਼ਾਮਲ ਸੀ, ਜਿਸਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 2009 ਤੋਂ 2011 ਦਰਮਿਆਨ ਮੈਡੀਕਲ ਕਾਲਜਾਂ ਵਿਚ ਐਮ.ਬੀ.ਬੀ.ਐਸ. ਵਿਚ ਦਾਖ਼ਲ ਹੋਣ ਲਈ ਪੀ.ਐਮ.ਟੀ ਅਰਥਾਤ ਪ੍ਰੀ ਮੈਡੀਕਲ ਐਂਟਰੈਂਸ ਟੈਸਟ ਅਤੇ ਪੋਸਟ ਗ੍ਰੈਜੂਏਸ਼ਨ ਵਿਚ ਵਿਚ ਦਾਖ਼ਲੇ ਲਈ ਮੱਧ ਪ੍ਰਦੇਸ਼ ਸਰਕਾਰ ਵਲੋਂ ਲਏ ਗਏ। ਫਾਰੈਸਟ ਗਾਰਡਾਂ ਦੀ ਭਰਤੀ ਲਈ 2013 ਵਿਚ ਇਮਤਿਹਾਨ ਲਿਆ ਗਿਆ, ਉਸ ਇਮਤਿਹਾਨ ਵਿਚ ਵੀ ਘਪਲੇ ਹੋਏ। ਇਹ ਟੈਸਟ ਮੱਧ ਪ੍ਰਦੇਸ਼ ਪ੍ਰੋਫ਼ੈਸ਼ਨਲ ਐਗਜ਼ਾਮੀਨੇਸ਼ਨ ਬੋਰਡ ਨੇ ਲਏ ਸਨ। ਇਨ੍ਹਾਂ ਟੈਸਟਾਂ ਵਿਚ ਦਾਖਲੇ ਵਿਚ ਬੜੇ ਘਾਲੇ ਮਾਲੇ ਹੋਏ। ਸਿਆਸਤਦਾਨਾਂ, ਅਧਿਕਾਰੀਆਂ ਅਤੇ ਰਾਜਪਾਲ ਤੇ ਮੁਖ ਮੰਤਰੀ ਦੇ ਦਫਤਰਾਂ ਦੇ ਕਰਮਚਾਰੀਆਂ ਨੇ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਦਾਖਲ ਕਰਵਾ ਲਿਆ। ਹੁਸ਼ਿਆਰ ਵਿਦਿਆਰਥੀ ਜਿਹੜੇ ਯੋਗਤਾਵਾਂ ਪੂਰੀਆਂ ਕਰਦੇ ਸਨ, ਉਨ੍ਹਾਂ ਦੇ ਦਾਖ਼ਲੇ ਨਹੀਂ ਹੋ ਸਕੇ ਤੇ ਇਸ ਮੰਤਵ ਲਈ ਕਰੋੜਾਂ ਰੁਪਏ ਦੀ ਰਿਸ਼ਵਤ ਲਈ ਗਈ ਕਹੀ ਜਾਂਦੀ ਹੈ। ਇਨ੍ਹਾਂ ਸਕੈਡਲਾਂ ਵਿਚ ਕੇਂਦਰੀ ਪੈਟਰੌਲੀਅਮ ਵਿਭਾਗ ਦੇ ਮੰਤਰੀ ਧਰਮੇਂਦਰ ਪ੍ਰਧਾਨ, ਰਾਜਪਾਲ ਦੇ ਲੜਕੇ ਅਤੇ ਮੁੱਖ ਮੰਤਰੀ ਦੇ ਪ੍ਰਾਈਵੇਟ ਸਕੱਤਰ ਦਾ ਨਾਮ ਬੋਲਦਾ ਹੈ। ਜਦੋਂ ਇਸ ਸਕੈਂਡਲ ਦੀ ਚਰਚਾ ਸ਼ੁਰੂ ਹੋ ਕੇ ਪੜਤਾਲ ਸ਼ੁਰੂ ਹੋਈ ਤਾਂ ਪੜਤਾਲ ਨਾਲ ਸੰਬੰਧਤ ਵਿਅਕਤੀਆਂ ਦੀ ਸ਼ੱਕੀ ਹਾਲਤ ਵਿਚ ਮੌਤਾਂ ਹੋਣ ਲੱਗ ਪਈਆਂ। ਪ੍ਰੰਤੂ ਮੱਧ ਪ੍ਰਦੇਸ਼ ਸਰਕਾਰ ਨੇ ਫਿਰ ਵੀ ਸੰਜੀਦਗੀ ਨਹੀਂ ਵਿਖਾਈ। ਕਿਹਾ ਜਾਂਦਾ ਹੈ ਕਿ ਇਸ ਸਕੈਂਡਲ ਨਾਲ ਸੰਬੰਧਤ 40 ਵਿਅਕਤੀਆਂ ਦੀ ਮੌਤ ਸ਼ੱਕੀ ਹਾਲਾਤ ਵਿਚ ਹੋ ਚੁੱਕੀ ਹੈ ਤਾਂ ਜੋ ਇਸ ਦਾ ਭਾਂਡਾ ਨਾ ਭੱਜ ਸਕੇ ਕਿਉਂਕਿ ਵੱਡੇ ਵੱਡੇ ਵਿਅਕਤੀਆਂ ਦੇ ਨਾਮ ਸਾਹਮਣੇ ਆ ਰਹੇ ਹਨ। ਇਸ ਕੇਸ ਦੀ ਰਿਪੋਰਟਿੰਗ ਕਰ ਰਹੇ ਆਜ ਤੱਕ ਚੈਨਲ ਦੇ ਰਿਪੋਰਟਰ ਅਕਸ਼ੈ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਨਾਲ ਸਥਿਤੀ ਗੰਭੀਰ ਹੋ ਗਈ। ਉਸ ਤੋਂ ਬਾਅਦ ਇਸ ਮਾਮਲੇ ਨਾਲ ਸੰਬੰਧਤ ਇੱਕ ਡੀਨ ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ਦੇ ਤਾਂਡਵ ਨੇ ਸਨਸਨੀ ਫੈਲਾ ਦਿੱਤੀ।

ਸੀ.ਬੀ.ਆਈ. ਦੀ ਪੜਤਾਲ ਦਾ ਜ਼ੋਰ ਸ਼ੁਰੂ ਹੋ ਗਿਆ। ਮੁੱਖ ਮੰਤਰੀ ਨੇ ਐਸ.ਆਈ.ਟੀ.ਬਣਾ ਕੇ ਪੱਲਾ ਝਾੜ ਲਿਆ। ਇੰਦੌਰ ਦੇ ਆਨੰਦ ਰਾਏ ਨੇ ਕਚਹਿਰੀ ਵਿਚ ਪੀ.ਆਈ.ਐਲ ਫਾਈਲ ਕਰ ਦਿੱਤੀ। ਜਦੋਂ ਕੇਸ ਕਚਹਿਰੀ ਵਿਚ ਚਲਾ ਗਿਆ ਫਿਰ ਜਾ ਕੇ ਸਰਕਾਰ ਦੇ ਕੰਨਾਂ ਤੇ ਜੂੰ ਸਰਕੀ। ਜੁਲਾਈ 2015 ਨੂੰ ਸੁਪਰੀਮ ਕੋਰਟ ਨੇ ਕੇਸ ਦੀ ਗੰਭੀਰਤਾ ਨੂੰ ਸਮਝਦਿਆਂ ਸੀ.ਬੀ.ਆਈ.ਪੜਤਾਲ ਦੇ ਹੁਕਮ ਦੇ ਦਿੱਤੇ, ਹੁਣ ਜਦੋਂ ਸੀ.ਬੀ.ਆਈ.ਦੀ ਪੜਤਾਲ ਸ਼ੁਰੂ ਹੋ ਗਈ ਹੈ ਤਾਂ 10 ਐਫ.ਆਈ.ਆਰ ਦਰਜ ਹੋ ਚੁੱਕੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਐਫ.ਆਈ.ਆਰਜ਼ ਵਿਚ ਰਾਜਪਾਲ, ਕੇਂਦਰੀ ਮੰਤਰੀ ਅਤੇ ਮੁਖ ਮੰਤਰੀ ਦੇ ਪ੍ਰਾਈਵੇਟ ਸਕੱਤਰ ਦਾ ਨਾਂ ਵੀ ਸ਼ਾਮਲ ਹੈ। ਹੁਣ ਬਿਲੀ ਥੈਲੇ ਵਿਚੋਂ ਬਾਹਰ ਆਉਂਣ ਦੀ ਉਮੀਦ ਹੈ। ਜਿਹੜੀਆਂ ਗੱਲਾਂ ਹੁਣ ਬਾਹਰ ਆ ਰਹੀਆਂ ਹਨ ਕਿ ਇਮਤਿਹਾਨਾਂ ਵਿਚ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ 10-10 ਲੱਖ ਰੁਪਏ ਲਏ ਜਾਂਦੇ ਸਨ ਅਤੇ ਉਨ੍ਹਾਂ ਦੀ ਚੋਣ ਲਈ ਵੱਖਰੇ ਵੱਖਰੇ ਢੰਗ ਵਰਤੇ ਜਾਂਦੇ ਸਨ। ਉਮੀਦਵਾਰਾਂ ਦੀਆਂ ਫੋਟੋਆਂ ਬਦਲਕੇ ਪਹਿਲੇ ਇਮਤਿਹਾਨਾ ਵਿਚੋ ਚੰਗੇ ਨੰਬਰਾਂ ਵਿਚੋਂ ਪਾਸ ਹੋਣ ਵਾਲੇ ਵਿਅਕਤੀਆਂ ਨੂੰ ਇਮਤਿਹਾਨ ਵਿਚ ਬਿਠਾਇਆ ਜਾਂਦਾ ਸੀ, ਜਾਂ ਖਾਲੀ ਪੇਪਰ ਰੱਖ ਕੇ ਉਨ੍ਹਾਂ ਵਿਚ ਬਾਅਦ ਵਿਚ ਜਵਾਬ ਲਿਖੇ ਜਾਂਦੇ ਸਨ ਜਾਂ ਡਮੀ ਉਮੀਦਵਾਰ ਬਣਾਕੇ ਉਨ੍ਹਾਂ ਕੋਲ ਸਿਫਾਰਸ਼ੀ ਬਿਠਾਏ ਜਾਂਦੇ ਸਨ। ਜਾਣੀ ਕਿ ਦਾਖਲਾ ਦੇਣ ਲਈ ਹਰ ਹੀਲਾ ਵਰਤਿਆ ਜਾਂਦਾ ਸੀ ਕਿਉਂਕਿ ਸਾਰੇ ਆਪਸ ਵਿਚ ਰਲੇ ਹੁੰਦੇ ਸਨ। ਮਹੱਤਵਪੂਰਨ ਡਾਕਟਰ ਜਿਹੜੇ ਜਾਂ ਤਾਂ ਹੇਰਾ ਫੇਰੀ ਨਾਲ ਦਾਖ਼ਲ ਹੋਏ ਜਾਂ ਹੇਰਾ ਵਿਚ ਵਿਚੋਲਗੀ ਕਰਦੇ ਸਨ, ਉਨ੍ਹਾਂ ਵਿਚੋਂ ਜਿਹੜੇ 9 ਸ਼ੱਕੀ ਹਾਲਾਤ ਵਿਚ ਮਾਰੇ ਗਏ ਉਹ ਹਨ-ਅਨੰਦ ਸਿੰਘ 2013 ਐਕਸੀਡੈਂਟ, ਅਸ਼ੂਤੋਸ਼ ਤਿਵਾੜੀ, ਗਿਆਨ ਸਿੰਘ, ਅਨੰਤ ਰਾਮ ਟੈਗੋਰ, ਰਵਿੰਦਰਾ ਪ੍ਰਕਾਸ਼ ਸਿੰਘ, ਪ੍ਰੇਮ ਲਤਾ ਪਾਂਡੇ, ਵਿਕਾਸ ਪਾਂਡੇ, ਰਾਜਿੰਦਰਾ ਆਰੀਆ ਅਤੇ ਸੰਜੇ ਕੁਮਾਰ ਯਾਦਵ ਹਨ। ਇਸ ਤੋਂ ਇਲਾਵਾ 20 ਸਾਲਾਂ ਦੀ ਨਮਰਤਾ ਦਮੋਰ ਜਨਵਰੀ 2012 ਵਿਚ ਉਜੈਨ ਰੇਲਵੇ ਟਰੈਕ ਦੇ ਕੋਲ ਮਰੀ ਪਾਈ ਗਈ। ਇਸਦਾ ਪੋਸਟ ਮਾਰਟਮ ਕਰਨ ਵਾਲੇ ਡਾ.ਬੀ.ਬੀ.ਪੁਰੋਹਿਤ ਫਾਰੈਂਸਕ ਮਾਹਿਰ ਨੇ ਆਪਣੀ ਰਿਪੋਰਟ ਵਿਚ ਮਰਡਰ ਕਿਹਾ ਸੀ ਪ੍ਰੰਤੂ ਸਰਕਾਰ ਨੇ ਕਿਸੇ ਹੋਰ ਡਾਕਟਰ ਤੋਂ ਜੋ ਮੈਡੀਕਲ ਲੀਗਲ ਇਨਸਟੀਚਿਊਟ ਵਿਚ ਕੰਮ ਕਰਦਾ ਹੈ ਤੋਂ ਨਮਰਤਾ ਦੀਆਂ ਫੋਟੋਆਂ ਵਿਖਾ ਕੇ ਇਹ ਲਿਖਾ ਲਿਆ ਕਿ ਇਹ ਆਤਮ ਹੱਤਿਆ ਦਾ ਕੇਸ ਹੈ। ਕੇਸ ਰਫਾ ਦਫਾ ਕਰ ਦਿੱਤਾ ਗਿਆ। ਡਾ.ਪੁਰੋਹਿਤ ਪਿਛਲੇ 30 ਸਾਲਾਂ ਤੋਂ ਫਾਰੈਂਕ ਮਾਹਿਰ ਹੈ, ਹੁਣ ਤੱਕ ਉਸਦੀ ਕਿਸੇ ਇੱਕ ਰਿਪੋਰਟ ਤੇ ਵੀ ਅਮਲ ਹੋਣੋ ਨਹੀਂ ਰੁਕਿਆ ਸੀ। ਡਾ. ਪੁਰੋਹਿਤ ਨੂੰ ਸ਼ੱਕ ਸੀ ਕਿ ਮਰਡਰ ਤੋਂ ਪਹਿਲਾਂ ਨਮਰਤਾ ਨਾਲ ਰੇਪ ਵੀ ਹੋਇਆ ਹੈ, ਇਸ ਲਈ ਉਸਨੇ ਹੋਰ ਟੈਸਟ ਕਰਾਉਣ ਲਈ ਕਿਹਾ ਸੀ ਪ੍ਰੰਤੂ ਇੰਜ ਨਹੀਂ ਕੀਤਾ ਗਿਆ। ਇਸ ਸਕੈਂਡਲ ਵਿਚ ਸ਼ਾਮਲ ਸੁਧੀਰ ਵਰਮਾ ਅਰਬਾਂਪਤੀ ਵਿਓਪਾਰੀ ਹੈ ਅਤੇ ਉਸਦੇ ਕਈ ਮੈਡੀਕਲ ਕਾਲਜ ਹਨ। ਇਸ ਕੇਸ ਵਿਚ ਬਹੁਤੇ ਅਜਿਹੇ ਵਿਅਕਤੀ ਹੀ ਸ਼ਾਮਲ ਹਨ। ਸੁਧੀਰ ਵਰਮਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਰ.ਐਸ.ਐਸ.,ਬੀ.ਜੇ.ਪੀ. ਅਤੇ ਕਾਂਗਰਸ ਦੇ ਲੀਡਰਾਂ ਦੇ ਬਹੁਤੇ ਖ਼ਰਚੇ ਆਪ ਹੀ ਕਰਦਾ ਸੀ।

ਮੱਧ ਪ੍ਰਦੇਸ਼ ਵਿਚ ਐਜੂਕੇਸ਼ਨ ਅਤੇ ਮੈਡੀਕਲ ਕਾਲਜ ਸਿਆਸਤਦਾਨਾਂ, ਅਧਿਕਾਰੀਆਂ ਅਤੇ ਵਿਓਪਾਰੀਆਂ ਦੇ ਹੀ ਹਨ, ਇਨ੍ਹਾਂ ਕਾਲਜਾਂ ਵਿਚ ਦਾਖ਼ਲਿਆਂ ਵਿਚ ਘਪਲੇ ਇਹੋ ਸੰਸਥਾ ਮੈਨੇਜਮੈਂਟਸ ਨਾਲ ਮਿਲਕੇ ਕਰਦੀ ਸੀ। ਇਸ ਕਰਕੇ ਹੀ ਇਸ ਘਪਲੇ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ ਸੀ। ਇਸ ਕੇਸ ਦਾ ਪਰਦਾ ਫਾਸ਼ ਕਰਨ ਵਾਲੇ ਅਨੰਦ ਰਾਏ ਜੋ ਕਿ ਰੀਜਨਲ ਹੈਲਥ ਐਂਡ ਫੈਮਲੀ ਵੈਲਫੇਅਰ ਟਰੇਨਿੰਗ ਸੈਂਟਰ ਇੰਦੌਰ ਵਿਚ ਕੰਮ ਕਰਦਾ ਹੈ ਦੀ ਇੰਦੌਰ ਤੋਂ ਬਾਹਰ ਬਦਲੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਪੂਰੀ ਨਿਗਰਾਨੀ ਨਾ ਕਰ ਸਕੇ। ਜਦੋਂ ਅਨੰਦ ਰਾਏ ਆਪਣੀ ਹਿਫਾਜ਼ਤ ਲਈ ਸਕਿਉਰਿਟੀ ਦੀ ਮੰਗ ਕੀਤੀ ਤਾਂ ਉਸਨੂੰ ਇਸ ਬਦਲੇ 50ਹਜ਼ਾਰ ਰੁਪਏ ਮਹੀਨਾ ਦੇਣ ਲਈ ਕਿਹਾ ਗਿਆ। ਉਸਦੀ ਮਾਸਿਕ ਤਨਖ਼ਾਹ ਹੀ 38 ਹਜ਼ਾਰ ਹੈ। ਉਸਦੀ ਪਤਨੀ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ। ਯੂਨੈਸਕੋ ਦੀ ਡਾਇਰੈਕਟਰ ਜਨਰਲ ਇਰੀਨਾ ਬੋਕੋਵਾ ਨੇ ਵੀ ਭਾਰਤ ਸਰਕਾਰ ਨੂੰ ਅਕਸ਼ੈ ਸਿੰਘ ਪੱਤਰਕਾਰ ਦੀ ਮੌਤ ਦੀ ਪੜਤਾਲ ਕਰਾਉਣ ਲਈ ਕਿਹਾ ਹੈ। ਸੀ.ਬੀ.ਆਈ. ਸੰਜੀਦਗੀ ਨਾਲ ਪੜਤਾਲ ਕਰ ਰਹੀ ਹੈ, ਉਸਨੇ ਆਪਣਾ ਹੈਡ ਕੁਆਰਟਰ ਇੰਦੌਰ ਵਿਚ ਬਣਾਕੇ 50 ਕਰਮਚਾਰੀ ਅਤੇ ਅਧਿਕਾਰੀ ਲਗਾ ਦਿੱਤੇ ਹਨ। ਉਨ੍ਹਾਂ ਅਨੁਸਾਰ ਮੱਧ ਪ੍ਰਦੇਸ਼ ਪੁਲਿਸ ਨੇ ਇਨ੍ਹਾਂ ਸਾਰੇ ਕੇਸਾਂ ਨੂੰ ਸੰਜੀਦਗੀ ਨਾਲ ਗੌਲਿਆ ਹੀ ਨਹੀਂ। ਮੱਧ ਪ੍ਰਦੇਸ਼ ਦੇ ਸਾਬਕਾ ਟੈਕਨੀਕਲ ਐਜੂਕੇਸ਼ਨ ਮੰਤਰੀ ਲਕਸ਼ਮੀ ਕਾਂਤ ਸ਼ਰਮਾ ਅਤੇ ਉਸਦੇ ਓ.ਐ.ਡੀ. ਨੂੰ ਵੀ ਗ੍ਰਿਫ਼ਤਾਰ ਕੀਤਾ ਹੋਇਆ ਹੈ। ਮੱਧ ਪ੍ਰਦੇਸ਼ ਦੇ ਰਾਜਪਾਲ ਦਾ ਲੜਕਾ ਵੀ ਸ਼ੱਕੀ ਹਾਲਤ ਵਿਚ ਸਵਰਗਵਾਸ ਹੋ ਗਿਆ ਸੀ। ਉਸਦੀ ਮੌਤ ਦੀ ਐਫ.ਆਈ.ਆਰ.ਦਰਜ ਕਰਕੇ ਸੀ.ਬੀ.ਆਈ. ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਨਸ਼ਿਆਂ ਦੇ ਸੌਦਾਗਰਾਂ ਨਾਲ ਸੰਬੰਧਾਂ ਦੇ ਚਰਚਿਆਂ ਕਰਕੇ ਕਟਹਿਰੇ ਵਿਚ ਖੜ੍ਹਾ ਹੈ।

ਇਹ ਪਹਿਲਾ ਮੌਕਾ ਹੈ ਕਿ ਰਾਜਪਾਲ, ਮੁੱਖ ਮੰਤਰੀ, ਮੰਤਰੀ ਅਤੇ ਉਨ੍ਹਾਂ ਦੇ ਸਟਾਫ ਦੀ ਐਡੇ ਵੱਡੇ ਭਰਤੀ ਅਤੇ ਮੈਡੀਕਲ ਵਿਚ ਦਾਖ਼ਲਿਆਂ ਦੇ ਘਪਲੇ ਵਿਚ ਨਾਮ ਸਾਹਮਣੇ ਆਏ ਹਨ। ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਸਿਆਸਤਦਾਨ ਅਤੇ ਅਧਿਕਾਰੀ ਮਿਲ ਕੇ ਭਰਿਸ਼ਟਾਚਾਰ ਕਰਦੇ ਹਨ। ਵਾੜ ਹੀ ਖੇਤ ਨੂੰ ਖਾਣ ਤੇ ਲੱਗ ਗਈ ਹੈ। ਜੇਕਰ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਭਾਰਤ ਦੇ ਲੋਕਾਂ ਦਾ ਸਿਆਸਤਦਾਨਾ ਅਤੇ ਅਧਿਕਾਰੀਆਂ ਤੋਂ ਵਿਸ਼ਵਾਸ਼ ਉਠ ਜਾਵੇਗਾ ਅਤੇ ਜਾਰਪਾਲ ਵਰਗੇ ਸੰਵਿਧਾਨਿਕ ਅਹੁਦੇ ਦੀ ਮਰਿਆਦਾ ਨੂੰ ਵੀ ਠੇਸ ਪਹੁੰਚੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>