ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਅਤੇ ਪ੍ਰੋ. ਤੇਜ ਕੌਰ ਦਰਦੀ ਨੂੰ ਪੁਰਸਕਾਰ ਦੇਣ ਦਾ ਐਲਾਨ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪਿਛਲੇ ਸਾਲ ਸਥਾਪਿਤ ਕੀਤੇ ਗਏ ਦੋ ਪੁਰਸਕਾਰਾਂ ਸ: ਗੁਰਸ਼ਰਨ ਸਿੰਘ ਨਾਟਕਕਾਰ ਪੁਰਸਕਾਰ ਅਤੇ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਪਹਿਲੇ ਸਾਲ ਪ੍ਰਸਿੱਧ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਅਤੇ ਗੌਰਮਿੰਟ ਕਾਲਜ ਲੁਧਿਆਣਾ ਵਿੱਚ ਲਗਪਗ 35 ਸਾਲ ਪੋਸਟ ਗਰੈਜੂਏਟ ਪੰਜਾਬੀ ਅਧਿਆਪਨ ਲਈ ਕਾਰਜਸ਼ੀਲ ਰਹੇ ਪ੍ਰੋ: ਤੇਜ ਕੌਰ ਦਰਦੀ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਥਾਪਿਤ ਪੁਰਸਕਾਰਾਂ ਸੰਬੰਧੀ ਚੋਣ ਕਮੇਟੀ ਦੀ ਮੀਟਿੰਗ ਡਾ. ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ  ਵਿਖੇ ਹੋਈ ।

ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਦਸਿਆ ਕਿ ਸ: ਗੁਰਸ਼ਰਨ ਸਿੰਘ ਨਾਟਕਕਾਰ ਯਾਦਗਾਰੀ ਪੁਰਸਕਾਰ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸਥਾਪਿਤ ਕੀਤਾ ਗਿਆ ਹੈ ਜਦ ਕਿ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਪੰਜਾਬੀ ਸਾਹਿਬ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਪਰਿਵਾਰ ਵੱਲੋਂ ਸਥਾਪਿਤ ਕੀਤਾ ਗਿਆ ਹੈ। ਗੁਰਸ਼ਰਨ ਸਿੰਘ ਨਾਟਕਕਾਰ ਲੋਕ ਪੱਖੀ ਰੰਗ ਮੰਚ ਅਤੇ ਨਾਟਕ ਦੀ ਦੁਨੀਆਂ ਦੇ ਸ਼ਾਹ ਸਵਾਰ ਸਨ ਉਥੇ ਪ੍ਰੋ: ਨਿਰਪਜੀਤ ਕੌਰ ਗਿੱਲ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕ ਸਨ। ਗੁਰਬਚਨ ਸਿੰਘ ਭੁੱਲਰ ਦੀ ਕਥਾ ਵਿਧੀ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਨੂੰ ਖੋਜ ਪੁਸਤਕ ਦੇ ਰੂਪ ਵਿੱਚ ਯਾਦਗਾਰੀ ਦੇਣ ਹੈ। ਪੁਰਸਕਾਰ ਹਾਸਿਲ ਕਰਨ ਵਾਲੇ ਪ੍ਰੋ: ਅਜਮੇਰ ਸਿੰਘ ਔਲਖ ਜਿਥੇ 20 ਤੋਂ ਵੱਧ ਨਾਟਕਾਂ ਦੇ ਸਿਰਜਕ ਹਨ ਉਥੇ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਵਿਜੇਤਾ ਹਨ ਜਦ ਕਿ ਪ੍ਰੋ: ਤੇਜ ਕੌਰ ਦਰਦੀ 35 ਸਾਲ ਪੋਸਟ ਗਰੈਜੂਏਟ ਪੰਜਾਬੀ ਅਧਿਆਪਨ ਤੋਂ ਇਲਾਵਾ ਹਜ਼ਾਰਾਂ ਵਿਦਿਆਰਥੀਆਂ ਨੂੰ ਐਮ ਏ ਅਤੇ ਉਚੇਰੀ ਵਿੱਦਿਆ ਦੇ ਰਾਹ ਤੋਰਨ ਤੋਂ ਇਲਾਵਾ ਉਸਤਾਦ ਲਾਲ ਚੰਦ ਯਮਲਾ ਜੱਟ ਵਰਗੇ ਲੋਕ ਗਾਇਕਾਂ ਨੂੰ ਪੰਜਵੇਂ ਦਹਾਕੇ ਵਿੱਚ ਪੰਜਾਬੀ ਲਿਖਣਾ ਸਿਖਾਉਣ ਵਾਲੀ ਉਸਤਾਦ ਹਨ। ਲੋਕ ਕਵੀ ਗਿਆਨੀ ਰਾਮ ਨਰਾਇਣ ਸਿੰਘ ਦਰਦੀ ਦੀ ਜੀਵਨ ਸਾਥਣ ਹੋਣ ਕਾਰਨ ਪੰਜਾਬੀ ਸੂਬਾ ਮੋਰਚੇ ਵਿੱਚ ਵੀ ਉਨ੍ਹਾਂ ਨੇ ਸਮੁੱਚੇ ਪਰਿਵਾਰ ਨਾਲ ਕੈਦ ਕੱਟੀ ਸੀ।

ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਇਹ ਦੋਵੇਂ ਪੁਰਸਕਾਰ ਐਤਕੀਂ ਪਹਿਲੀ ਵਾਰ ਦਿੱਤੇ ਜਾ ਰਹੇ ਹਨ। ਇਨ੍ਹਾਂ ਦੋਹਾਂ ਪੁਰਸਕਾਰਾਂ ਵਿਚ ਇੱਕੀ-ਇੱਕੀ ਹਜ਼ਾਰ ਰੁਪਏ, ਦੋਸ਼ਾਲੇ ਅਤੇ ਸਨਮਾਨ ਪੱਤਰ ਭੇਟਾ ਕੀਤੇ ਜਾਣਗੇ। ਪੁਰਸਕਾਰ ਚੋਣ ਕਮੇਟੀ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਜਨਰਲ ਸਕੱਤਰ ਡਾ. ਅਨੂਪ ਸਿੰਘ, ਪ੍ਰੋ. ਨਿਰੰਜਨ ਤਸਨੀਮ, ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਸਾਬਕਾ ਜਨਰਲ ਸਕੱਤਰ ਪ੍ਰਿੰ. ਪ੍ਰੇਮ ਸਿੰਘ ਬਜਾਜ ਅਤੇ ਪ੍ਰੋ. ਰਵਿੰਦਰ ਭੱਠਲ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਹੋਏ। ਅਕਾਡਮੀ ਦੀ ਨਿਰਧਾਰਤ ਨਿਯਮਾਂ ਅਨੁਸਾਰ ਬਣੀ ਕਮੇਟੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਗਜ਼ੀਨ ‘ਆਲੋਚਨਾ’ ਦਾ ਪਹਿਲਾ ਰੈਫ਼ਰੀਡ ਜਨਰਲ ਅੰਕ ਹਾਜ਼ਰ ਵਿਦਵਾਨਾਂ ਵੱਲੋਂ ਲੋਕ ਅਰਪਨ ਕੀਤਾ ਗਿਆ। ਇਸ ਅੰਕ ਦੇ ਸਰਪ੍ਰਸਤ ਡਾ. ਸੁਖਦੇਵ ਸਿੰਘ, ਮੁੱਖ ਸੰਪਾਦਕ ਡਾ. ਅਨੂਪ ਸਿੰਘ ਅਤੇ ਸੰਪਾਦਕ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਇਹ ਆਲੋਚਨਾ ਦਾ ਅੰਕ ਬਕਾਇਦਾ ਰੈਫ਼ਰੀਡ ਪਰਚਿਆਂ ਦੀਆਂ ਸ਼ਰਤਾ ਅਨੁਸਾਰ ਛਾਪਿਆ ਗਿਆ ਹੈ। ਅਤੇ ਅੱਗੋਂ ਤੋਂ ਇਨ੍ਹਾਂ ਨਿਯਮਾਂ ਅਨੁਸਾਰ ਹੀ ਛਾਪਿਆ ਜਾਵੇਗਾ। ਅਗਲਾ ਅੰਕ ਅਕਤੂਬਰ ਵਿਚ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>