ਸ਼ਰਾਧ

ਪ੍ਰਾਚੀਨ ਮਿਸਰਵਾਸੀਆਂ ਵਿੱਚ ਪ੍ਰੰਪਰਾ ਸੀ ਕਿ ਉਹ ਆਪਣੇ ਦੇਸ਼ ਦੇ ਮਰੇ ਹੋਏ ਰਾਜੇ ਨੂੰ ਕੋਈ ਸੁਨੇਹਾ ਭੇਜਣ ਲਈ ਉਸ ਦੇ ਰਹਿ ਚੁੱਕੇ ਵਫ਼ਾਦਾਰ ਨੌਕਰ ਨੂੰ ਲੋੜੀਂਦਾ ਸੁਨੇਹਾ ਦੇ ਕੇ ਕਤਲ ਕਰ ਦਿੰਦੇ ਸਨ (ਕੀ ਇਸ ਤੋਂ ਵੱਧ ਕੋਈ ਜ਼ੁਲਮ ਹੋ ਸਕਦਾ ਹੈ?)। ਉਹਨਾਂ ਦੀ ਇਹ ਪ੍ਰਥਾ ਇਸ ਵਿਸ਼ਵਾਸ ਵਿੱਚੋਂ ਪੈਦਾ ਹੋਈ ਸੀ ਕਿ ਮਰਨ ਤੋਂ ਬਾਅਦ ਮਨੁੱਖ ਕਿਸੇ ਹੋਰ ਦੁਨੀਆਂ ਵਿੱਚ ਪੁੱਜ ਜਾਂਦਾ ਹੈ। ਸਾਡੇ ਦੇਸ਼ ਦੇ ਬਹੁਤੇ ਵਸਨੀਕ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਮਰਨ ਤੋਂ ਬਾਅਦ ਵੀ ਜ਼ਿੰਦਗੀ ਹੁੰਦੀ ਹੈ। ਇਸ ਲਈ ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਰਵਾਇਤਾਂ ਤੇ ਪ੍ਰੰਪਰਾਵਾਂ ਵਿੱਚੋਂ ਇੱਕ ਪ੍ਰੰਪਰਾ ਸ਼ਰਾਧ ਹੈ।

ਬੱਚੇ ਆਪਣੇ ਮਾਪਿਆਂ ਦੀ ਸੰਤਾਨ ਹੁੰਦੇ ਹਨ। ਬੱਚਿਆਂ ਨੂੰ ਪਾਲਣ ਸਮੇਂ ਮਾਪਿਆਂ ਵਲੋਂ ਉਠਾਈਆਂ ਮੁਸੀਬਤਾਂ ਤੇ ਔਕੜਾਂ ਹਮੇਸ਼ਾ ਹੀ ਸੰਤਾਨ ਦੇ ਮਨਾਂ ਵਿੱਚ ਮੌਜੂਦ ਰਹਿੰਦੀਆਂ ਹਨ। ਬੱਚੇ ਜਵਾਨ ਹੋ ਜਾਂਦੇ ਹਨ। ਉਹਨਾਂ ਦੇ ਮਨਾਂ ਵਿੱਚ ਆਪਣੇ ਮਾਪਿਆਂ ਲਈ ਕੁੱਝ ਨਾ ਕੁੱਝ ਕਰਨ ਦੀ ਇੱਛਾ ਹੁੰਦੀ ਹੈ। ਆਪਣੇ ਮਾਪਿਆਂ ਤੇ ਸਕੇ ਸੰਬੰਧੀਆਂ ਲਈ ਕੁੱਝ ਨਾ ਕੁੱਝ ਕਰਨ ਦੀ ਇਸ ਭਾਵਨਾ ਦਾ ਪੁਜਾਰੀ ਤਬਕੇ ਨੇ ਭਰਪੂਰ ਲਾਭ ਉਠਾਇਆ। ਲੋਕਾਂ ਦੇ ਘਰਾਂ ਵਿੱਚੋਂ ਆਪਣੀ ਮਨਪਸੰਦ ਦੇ ਖਾਣੇ ਖਾਣ ਲਈ ਉਹਨਾਂ ਨੇ ਨਵੀਂ ਕਿਸਮ ਦੀ ਇੱਕ ਪ੍ਰਥਾ ਚਾਲੂ ਕਰ ਦਿੱਤੀ। ਇਸ ਪ੍ਰਥਾ ਲਈ ਅੱਸੂ ਮਹੀਨੇ ਦੇ ਪਹਿਲੇ ਪੱਖ ਨੂੰ ਚੁਣਿਆ ਗਿਆ ਅਤੇ ਸਮੇਂ ਦੀ ਚੋਣ ਲਈ ਇਹ ਦਲੀਲ ਦਿਤੀ ਗਈ ਕਿ ਇਹਨਾਂ ਦਿਨਾਂ ਦੌਰਾਨ ਸੂਰਜ ਕੰਨਿਆ ਰਾਸ਼ੀ ਵਿੱਚ ਆ ਜਾਂਦਾ ਹੈ। ਸਾਧਾਰਨ ਲੋਕਾਂ ਨੂੰ ਬੁੱਧੂ ਬਣਾਉਣ ਲਈ ਇਸ ਗੱਲ ਦਾ ਪ੍ਰਚਾਰ ਪੂਰੇ ਜ਼ੋਰ ਨਾਲ ਕੀਤਾ ਗਿਆ ਸੀ ਕਿ ਜੇ ਉਹ ਆਪਣੇ ਮਰ ਚੁੱਕੇ ਮਾਪਿਆਂ ਨੂੰ ਖਾਣਾ ਖਵਾਉਣਾ ਚਾਹੁੰਦੇ ਹਨ ਤਾਂ ਉਹ ਇਹਨਾਂ ਦਿਨਾਂ ਵਿੱਚੋਂ ਕੋਈ ਅਜਿਹਾ ਦਿਨ ਚੁਣ ਲੈਣ, ਜਿਸ ਦਿਨ ਉਹਨਾਂ ਦੇ ਸਕੇ ਸੰਬੰਧੀ ਦੀ ਮੌਤ ਹੋਈ ਸੀ ਅਤੇ ਠੀਕ ਉਸੇ ਦਿਨ ਉਹ ਪੁਜਾਰੀਆਂ ਨੂੰ ਭੋਜਣ ਖਵਾਉਣ। ਇਸ ਤਰ੍ਹਾਂ ਪੁਜਾਰੀਆਂ ਦੁਆਰਾ ਖਾਧਾ ਇਹ ਭੋਜਨ ਉਹਨਾਂ ਦੇ ਮਾਪਿਆਂ ਨੂੰ ਚੰਦਰ ਲੋਕ ਵਿੱਚ ਪ੍ਰਾਪਤ ਹੋ ਜਾਵੇਗਾ। ਇਹ ਪ੍ਰਥਾ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਨਿਰਵਿਘਨ ਜਾਰੀ ਹੈ।

ਇਸ ਦਿਨ ਘਰ ਦੇ ਮੈਂਬਰ ਸਾਲ ਦਾ ਸਭ ਤੋਂ ਵਧੀਆ ਭੋਜਨ ਤਿਆਰ ਕਰਦੇ ਹਨ। ਸਿਰਫ਼ ਇਸੇ ਦਿਨ ਹੀ ਭੋਜਨ ਤਿਆਰ ਕਰਨ ਵੇਲੇ ਇਸ ਵਿੱਚ ਵੱਧ ਤੋਂ ਵੱਧ ਸਫ਼ਾਈ ਅਤੇ ਸ਼ੁੱਧਤਾ ਦਾ ਧਿਆਨ ਰੱਖਿਆ ਜਾਂਦਾ ਹੈ। ਭੋਜਨ ਤਿਆਰ ਹੋਣ ਤੋਂ ਬਾਅਦ ਵੀ ਇਸ ਨੂੰ ਓਨੀ ਦੇਰ ਕਿਸੇ ਵੀ ਹੋਰ ਮੈਂਬਰ ਨੂੰ ਖਾਣ ਲਈ ਨਹੀਂ ਦਿੱਤਾ ਜਾ ਸਕਦਾ, ਜਿੰਨੀ ਦੇਰ ਪੁਜਾਰੀ ਜੀ ਭੋਜਨ ਨਾ ਖਾ ਲੈਣ, ਭਾਵੇਂ ਘਰ ਵਿੱਚ ਬੱਚੇ ਭੋਜਨ ਖਾਣ ਲਈ ਜਿੰਨਾ ਮਰਜ਼ੀ ਚੀਕ-ਚਿਹਾੜਾ ਪਾਈ ਜਾਣ।

ਸ਼ਰਾਧ ਵਾਲੇ ਦਿਨ ਹੋਰ ਪਕਵਾਨਾਂ ਦੇ ਨਾਲ-ਨਾਲ ਖੀਰ ਦਾ ਹੋਣਾ ਲਾਜ਼ਮੀ ਹੁੰਦਾ ਹੈ। ਲੋਕਾਂ ਦੇ ਘਰਾਂ ਵਿੱਚੋਂ ਖੀਰ ਨੂੰ ਖਾਣੇ ਵਿੱਚ ਸ਼ਾਮਲ ਕਰਵਾਉਣ ਲਈ ਪੁਜਾਰੀ ਸ਼੍ਰੇਣੀ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਚੌਲਾਂ ਤੇ ਦੁੱਧ ਵਿੱਚ ਪਿਤਰਾਂ ਨੂੰ ਤ੍ਰਿਪਤ ਕਰਨ ਵਾਲਾ ਸੋਮਰਸ ਹੁੰਦਾ ਹੈ। ਪੁਜਾਰੀ ਸ਼੍ਰੇਣੀ ਨੇ ਆਪਣੇ ਸੁਆਰਥ ਕਰਕੇ ਇਸ ਪ੍ਰੰਪਰਾ ਨੂੰ ਜਾਇਜ਼ ਠਹਿਰਾਉਣ ਲਈ ਹਰ ਕਿਸਮ ਦੀਆਂ ਪੁੱਠੀਆਂ ਸਿੱਧੀਆਂ ਦਲੀਲਾਂ ਦਿੱਤੀਆਂ ਹਨ। ਬਹੁਤ ਸਾਰੇ ਧਾਰਮਿਕ ਰਸਾਲਿਆਂ ਵਿੱਚ ਤਾਂ ਇਸ ਪ੍ਰੰਪਰਾ ਨੂੰ ਵਿਗਿਆਨਕ ਆਧਾਰ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।

ਪ੍ਰੰਪਰਾਵਾਂ ਦੇ ਸਮਰਥਕ ਲਿਖਦੇ ਹਨ ਕਿ ਜਿਵੇਂ ਤਾਰ-ਬਾਬੂ ਤਾਰ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤਕ ਪੁਚਾ ਦਿੰਦਾ ਹੈ, ਠੀਕ ਉਸੇ ਤਰ੍ਹਾਂ ਪੁਜਾਰੀ ਆਪਣੇ ਜਜ਼ਮਾਨ ਦੇ ਘਰੋਂ ਖਾਧੇ ਗਏ ਖਾਣੇ ਨੂੰ ਚੰਦਰ ਲੋਕ ਵਿੱਚ ਰਹਿੰਦੇ ਉਸ ਦੇ ਸਾਕ-ਸੰਬੰਧੀਆਂ ਨੂੰ ਪਹੁੰਚਾ ਦਿੰਦਾ ਹੈ। ਇਸੇ ਕਰਕੇ ਹੀ ਤਾਂ ਪੁਜਾਰੀ ਜਜ਼ਮਾਨਾਂ ਦੇ ਘਰਾਂ ਤੋਂ ਖਾਣੇ ਦੇ ਨਾਲ ਦੱਖਣਾ ਵੀ ਪ੍ਰਾਪਤ ਕਰ ਲੈਂਦੇ ਹਨ, ਜੋ ਉਹਨਾਂ ਦੇ ਚੰਦਰ ਲੋਕ ਦੇ ਸਫ਼ਰ ’ਤੇ ਜਾਣ ਅਤੇ ਆਉਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ।

ਆਉ ਪੁਜਾਰੀਆਂ ਦੁਆਰਾ ਸ਼ਰਾਧਾਂ ਨੂੰ ਜਾਇਜ਼ ਠਹਿਰਾਉਣ ਲਈ ਦਿੱਤੀਆਂ ਦਲੀਲਾਂ ਨੂੰ ਤਰਕ ਦੀ ਕਸੌਟੀ ’ਤੇ ਪਰਖੀਏ। ਸ਼ਰਾਧ ਖਵਾਉਣ ਲਈ ਪੁਜਾਰੀਆਂ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ? ਇਸ ਦੇ ਜੁਆਬ ਵਿੱਚ ਇਹ ਕਿਹਾ ਜਾਂਦਾ ਹੈ ਕਿ ‘ਜਿਵੇਂ ਤਾਰ-ਬਾਬੂ ਹੀ ਤਾਰ ਪਹੁੰਚਾ ਸਕਦਾ ਹੈ। ਠੀਕ ਉਸੇ ਤਰ੍ਹਾਂ ਪੁਜਾਰੀ ਹੀ ਇਹ ਕੰਮ ਕਰ ਸਕਦਾ ਹੈ।’ ਜੇ ਅਸੀਂ ਉਹਨਾਂ ਦੀ ਇਸ ਗੱਲ ਨੂੰ ਤਰਕ ਦੇ ਆਧਾਰ ’ਤੇ ਪਰਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਤਾਰ-ਬਾਬੂ ਪਾਸ ਤਾਂ ਤਾਰ ਭੇਜਣ ਦੇ ਸਾਧਨ ਮੌਜੂਦ ਹੁੰਦੇ ਹਨ, ਪਰ ਪੁਜਾਰੀਆਂ ਕੋਲ ਅਜਿਹਾ ਕੋਈ ਸਾਧਨ ਹੈ? ਦੂਜਾ, ਤਾਰ ਬਾਬੂਆਂ ਕੋਲ ਤਾਂ ਤਾਰ ਪ੍ਰਾਪਤ ਕਰਨ ਵਾਲੇ ਵਿਅਕਤੀ ਦਾ ਪੂਰਾ ਪਤਾ ਹੁੰਦਾ ਹੈ, ਪਰ ਪੁਜਾਰੀਆਂ ਕੋਲ ਪਿੱਤਰਾਂ ਦਾ ਅਜਿਹਾ ਕੋਈ ਥਹੁ-ਪਤਾ ਹੀ ਨਹੀਂ ਹੁੰਦਾ।

ਪੁਜਾਰੀਆਂ ਅਨੁਸਾਰ, ਪਿਤਰ ਚੰਦਰ ਲੋਕ ਵਿੱਚ ਰਹਿੰਦੇ ਹਨ। ਪਰ ਚੰਦ ਉੱਤੇ ਕਿਸੇ ਕਿਸਮ ਦੇ ਜੀਵਾਂ ਦੀ ਕੋਈ ਹੋਂਦ ਨਹੀਂ ਮਿਲੀ। ਇਸ ਦੀ ਪੁਸ਼ਟੀ ਚੰਦ ’ਤੇ ਉਤਰਨ ਵਾਲੇ ਅਮਰੀਕੀ ਯਾਤਰੀ ਨੀਲ ਆਰਮ ਸਟਰਾਂਗ ਨੇ ਕੀਤੀ ਹੈ। ਚੰਦਰਮਾ ’ਤੇ ਵਾਤਾਵਰਨ ਦੀਆਂ ਇਹੋ ਜਿਹੀਆਂ ਹਾਲਤਾਂ ਮੌਜੂਦ ਹਨ, ਜਿਨ੍ਹਾਂ ਵਿੱਚ ਜੀਵਾਂ ਦਾ ਜਿਉਂਦੇ ਰਹਿਣਾ ਅਸੰਭਵ ਹੈ। ਚੰਦ ਉੱਤੇ ਪਿਤਰਾਂ ਦੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਇਸ ਤੋਂ ਇਲਾਵਾ ਵੀ ਸ਼ਰਾਧਾਂ ਵਾਲੇ ਦਿਨਾਂ ਵਿੱਚ ਇੱਕ ਪੁਜਾਰੀ ਹਰ ਰੋਜ਼ ਪੰਜ ਤੋਂ ਦਸ ਘਰਾਂ ਦਾ ਖਾਣਾ ਖਾਂਦਾ ਹੈ। ਉਸ ਕੋਲ ਅਜਿਹਾ ਕਿਹੜਾ ਸਾਧਨ ਮੌਜੂਦ ਹੈ, ਜਿਸ ਰਾਹੀਂ ਉਹ ਅੱਡ-ਅੱਡ ਪਰਿਵਾਰਾਂ ਦੇ ਅੱਡ-ਅੱਡ ਕਿਸਮ ਦਾ ਖਾਣਾ ਉਨ੍ਹਾਂ ਦੇ ਪਿੱਤਰਾਂ ਕੋਲ ਪਹੁੰਚਾ ਦਿੰਦਾ ਹੈ।

ਅਸੀਂ ਇਹ ਜਾਣਦੇ ਹਾਂ ਕਿ ਸ਼ਰਾਧਾਂ ਦਾ ਜਨਮ-ਦਾਤਾ ਧਰਮ, ਚੁਰਾਸੀ ਲੱਖ ਜੂਨੀਆਂ ਵਿੱਚ ਵਿਸ਼ਵਾਸ ਰੱਖਦਾ ਹੈ। ਹਰ ਜੂਨੀ ਦੀ ਖ਼ੁਰਾਕ ਅੱਡ-ਅੱਡ ਹੁੰਦੀ ਹੈ। ਸ਼ੇਰ ਮੀਟ ਖਾਂਦਾ ਹੈ, ਮੱਝਾਂ ਘਾਹ ਖਾਂਦੀਆਂ ਹਨ ਅਤੇ ਸਿਉਂਕ ਮਿੱਟੀ ਖਾਂਦੀ ਹੈ। ਤਾਂ ਫਿਰ ਪੁਜਾਰੀਆਂ ਨੂੰ ਹਰ ਘਰ ਵਿੱਚੋਂ ਉਹਨਾਂ ਦੇ ਪਿਤਰਾਂ ਦੀਆਂ ਮੌਜੂਦਾ ਜੂਨੀਆਂ ਵਾਲਾ ਭੋਜਨ ਹੀ ਖਾਣਾ ਚਾਹੀਦਾ ਹੈ। ਇੱਕ ਸਾਧਾਰਨ ਆਦਮੀ ਵੀ ਇਹ ਸਮਝ ਸਕਦਾ ਹੈ ਕਿ ਮੀਟ ਖਾਣ ਵਾਲਾ ਸ਼ੇਰ ਖੀਰ ਨੂੰ ਕਿਵੇਂ ਖਾਏਗਾ? ਮਾਸ ਖਾਣ ਵਾਲਾ ਸ਼ੇਰ ਖੀਰ ਨੂੰ ਨਹੀਂ ਖਾ ਸਕਦਾ, ਪਰ ਪੁਜਾਰੀ ਤਾਂ ਹਰ ਘਰੋਂ ਖੀਰ ਹੀ ਖਾਂਦੇ ਹਨ।

ਜੇ ਪੁਜਾਰੀਆਂ ਨੂੰ ਖਵਾਇਆ ਹੋਇਆ ਭੋਜਨ ਪਿੱਤਰਾਂ ਨੂੰ ਪਹੁੰਚ ਜਾਂਦਾ ਹੈ ਤਾਂ ਸਾਨੂੰ ਪੁਜਾਰੀਆਂ ਨੂੰ ਸਾਰਾ ਸਾਲ ਭੋਜਨ ਖਵਾਉਣਾ ਚਾਹੀਦਾ ਹੈ ਤਾਂ ਜੋ ਸਾਲ ਦੇ ਬਾਕੀ 350 ਦਿਨ ਸਾਡੇ ਪਿਤਰ ਭੁੱਖੇ ਨਾ ਰਹਿਣ।

ਜੇ ਭਾਰਤ ਦੇ ਅੱਸੀ ਕਰੋੜ ਹਿੰਦੂਆਂ ਦੇ ਪਿੱਤਰਾਂ ਦੇ ਢਿੱਡ ਤਾਂ ਸ਼ਰਾਧਾਂ ਵਿੱਚ ਖੁਆਏ ਖਾਣ ਨਾਲ ਭਰ ਜਾਂਦੇ ਹਨ ਤਾਂ ਦੁਨੀਆਂ ਦੇ ਬਾਕੀ ਸਾਢੇ ਪੰਜ ਅਰਬ ਲੋਕਾਂ ਦੇ ਪਿਤਰਾਂ ਦੀ ਤਸੱਲੀ ਕਿਵੇਂ ਹੁੰਦੀ ਹੈ?

ਅਸੀਂ ਇਹ ਵੀ ਜਾਣਦੇ ਹਾਂ ਕਿ ਵੱਖ-ਵੱਖ ਜੂਨੀਆਂ ਦਾ ਜੀਵਨ ਕਾਲ ਵੀ ਵੱਖ-ਵੱਖ ਹੁੰਦਾ ਹੈ। ਕੱਛੂਕੰਮਾ ਸੈਂਕੜੇ ਸਾਲਾਂ ਦਾ ਜੀਵਨ ਬਤੀਤ ਕਰਦਾ ਹੈ, ਪਰ ਇੱਕ ਜੀਵਾਣੂ ਦਾ ਜੀਵਨ ਕਾਲ ਕੁੱਝ ਸੈਕਿੰਡ ਹੀ ਹੁੰਦਾ ਹੈ ਤਾਂ ਫਿਰ ਪੁਜਾਰੀ ਖਾਧੇ ਗਏ ਭੋਜਨ ਨੂੰ ਵੱਖ-ਵੱਖ ਜੂਨੀਆਂ ਤੱਕ ਕਿਵੇਂ ਪਹੁੰਚਾਉਂਦੇ ਹਨ? ਜੇ ਗੀਤਾ ਵਿਚ ਲਿਖੇ ਨੂੰ ਸੱਚ ਮੰਨ ਲਿਆ ਜਾਵੇ ਤਾਂ ਵੀ ਗੀਤਾ ਅਨੁਸਾਰ, ਸਰੀਰ ਨਾਸ਼ਵਾਨ ਹੈ ਅਤੇ ਆਤਮਾ ਅਮਰ ਹੈ। ਅਮਰ ਆਤਮਾ ਕੁੱਝ ਵੀ ਖਾ ਪੀ ਨਹੀਂ ਸਕਦੀ ਅਤੇ ਸਰੀਰ ਤਾਂ ਧਰਤੀ ’ਤੇ ਖ਼ਤਮ ਹੋ ਜਾਂਦਾ ਹੈ, ਇਸ ਲਈ ਗੀਤਾ ਅਨੁਸਾਰ ਵੀ ਸ਼ਰਾਧ ਖਵਾਉਣਾ ਗ਼ਲਤ ਹੈ।

ਪੁਜਾਰੀਆਂ ਵੱਲੋਂ ਅਪਣੇ ਨਿੱਜੀ ਸੁਆਰਥ ਕਰ ਕੇ ਚਲਾਈ ਇਹ ਪ੍ਰਥਾ ਬਿਲਕੁਲ ਹੀ ਗ਼ਲਤ ਹੈ। ਸੂਝਵਾਨ ਲੋਕ ਹਮੇਸ਼ਾ ਹੀ ਇਸ ਪ੍ਰਥਾ ਦਾ ਵਿਰੋਧ ਕਰਦੇ ਰਹੇ ਹਨ। ਚਾਰਵਾਕੀਆਂ ਅਨੁਸਾਰ, ਸ਼ਰਾਧਾਂ ਰਾਹੀਂ ਪਿਤਰਾਂ ਨੂੰ ਖਾਣਾ ਕਿਵੇਂ ਪਹੁੰਚਾਇਆ ਜਾ ਸਕਦਾ ਹੈ? ਜਦੋਂਕਿ ਉਪਰਲੀ ਮੰਜ਼ਿਲ ’ਤੇ ਰਹਿਣ ਵਾਲਿਆਂ ਦੇ ਖਾਣਾ ਖਾਣ ਨਾਲ ਹੇਠਲੀ ਮੰਜ਼ਿਲ ’ਤੇ ਰਹਿਣ ਵਾਲਿਆਂ ਦੀ ਤਸੱਲੀ ਨਹੀਂ ਕਰਵਾਈ ਜਾ ਸਕਦੀ। ਜੇ ਅਜਿਹਾ ਹੋ ਸਕਦਾ ਤਾਂ ਅੱਜ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਖੁਦ ਚੰਗੇ ਖਾਣੇ ਖਾ ਕੇ ਪੰਜਾਬ ਵਿੱਚ ਰਹਿ ਰਹੇ ਆਪਣੇ ਸਾਕ-ਸੰਬੰਧੀਆਂ ਦੇ ਢਿੱਡ ਭਰੀ ਜਾਂਦੇ।

ਭਾਰਤ ਦੇ ਬੁੱਧੀਮਾਨ ਵਿਅਕਤੀਆਂ ਨੇ ਇਸ ਪ੍ਰਥਾ ਦਾ ਵਿਰੋਧ ਜਾਰੀ ਰੱਖਿਆ ਹੋਇਆ ਹੈ। ਇਸ ਸਬੰਧੀ ਉਹਨਾਂ ਨੇ ਬਹੁਤ ਸਾਰੀਆਂ ਲੋਕ ਕਥਾਵਾਂ ਪ੍ਰਚੱਲਤ ਕੀਤੀਆਂ ਹਨ। ਕਹਿੰਦੇ ਹਨ ਕਿ ਇੱਕ ਵਾਰ ਇੱਕ ਪੁਜਾਰੀ ਜੀ ਇੱਕ ਕਿਸਾਨ ਦੇ ਘਰ ਸ਼ਰਾਧ ਖਾਣ ਲਈ ਗਏ। ਕਿਸਾਨ ਦੇ ਘਰ ਚੰਗੀ ਗਊ ਵੇਖ ਕੇ ਪੁਜਾਰੀ ਦਾ ਮਨ ਲਲਚਾ ਗਿਆ। ਉਸ ਨੇ ਕਿਸਾਨ ਨੂੰ ਕਿਹਾ, ‘‘ਜਜ਼ਮਾਨ ਜੀ, ਤੁਹਾਡੇ ਬਜ਼ੁਰਗ ਤਾਂ ਸਵਰਗਾਂ ਤੇ ਨਰਕਾਂ ਵਿੱਚਕਾਰ ਹੀ ਫਸੇ ਪਏ ਹਨ। ਉਹਨਾਂ ਨੂੰ ਪਾਰ ਲੰਘਾਉਣ ਦਾ ਕੋਈ ਉਪਰਾਲਾ ਕਰੋ’’ ਇਹ ਸੁਣ ਕੇ ਕਿਸਾਨ ਬਹੁਤ ਦੁਖੀ ਹੋਇਆ ਉਸ ਨੇ ਪੁਜਾਰੀ ਤੋਂ ਪੁੱਛਿਆ, ‘‘ਪੁਜਾਰੀ ਜੀ, ਬਜ਼ੁਰਗਾਂ ਨੂੰ ਸਵਰਗਾਂ ਵਿੱਚ ਕਿਵੇਂ ਪਹੁੰਚਾਇਆ ਜਾ ਸਕਦਾ ਹੈ?’’ ਇਹ ਸੁਣ ਕੇ ਪੁਜਾਰੀ ਜੀ ਕਹਿਣ ਲੱਗੇ, ‘‘ਜੇ ਤੁਸੀਂ ਆਪਣੀ ਇਸ ਗਊ ਨੂੰ ਦਾਨ ਕਰ ਦੇਵੋ ਤਾਂ ਤੁਹਾਡੇ ਬਜ਼ੁਰਗ ਇਸ ਦੀ ਪੂਛ ਫੜ ਕੇ ਸਵਰਗ ਵਿੱਚ ਚਲੇ ਜਾਣਗੇ।’’ ਵਿੱਚਾਰਾ ਕਿਸਾਨ ਪੁਜਾਰੀ ਦੇ ਜਾਲ ਵਿੱਚ ਫਸ ਗਿਆ ਤੇ ਉਸ ਨੇ ਗਊ ਪੁਜਾਰੀ ਨੂੰ ਦਾਨ ਵਿੱਚ ਦੇ ਦਿੱਤੀ। ਕੁੱਝ ਦਿਨਾਂ ਬਾਅਦ ਕਿਸਾਨ ਪੁਜਾਰੀ ਦੇ ਘਰ ਪਹੁੰਚਿਆ ਅਤੇ ਆਪਣੇ ਬਜ਼ੁਰਗਾਂ ਦੇ ਸਵਰਗ ਵਿੱਚ ਪਹੁੰਚਣ ਦੀ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਕਿਹਾ, ‘‘ਤੁਹਾਡੇ ਬਜ਼ੁਰਗ ਤਾਂ ਉਸੇ ਦਿਨ ਹੀ ਸਵਰਗ ਵਿੱਚ ਪਹੁੰਚ ਗਏ ਸਨ, ਜਿਸ ਦਿਨ ਤੁਸੀਂ ਗਊ ਦਾਨ ਕਰ ਦਿੱਤੀ ਸੀ।’’ ਇਹ ਸੁਣ ਕੇ ਕਿਸਾਨ ਬਹੁਤ ਖ਼ੁਸ਼ ਹੋਇਆ ਤੇ ਉਸ ਨੇ ਪੁਜਾਰੀ ਨੂੰ ਕਿਹਾ, ‘‘ਬਜ਼ੁਰਗ ਤਾਂ ਸਵਰਗ ਵਿੱਚ ਪਹੁੰਚ ਗਏ ਹਨ, ਹੁਣ ਤੁਸੀਂ ਗਊ ਤੋਂ ਕੀ ਕਰਵਾਉਣਾ ਹੈ?’’ ਇਹ ਕਹਿ ਕੇ ਕਿਸਾਨ ਜ਼ਬਰਦਸਤੀ ਹੀ ਉਸ ਪੁਜਾਰੀ ਦੇ ਘਰੋਂ ਆਪਣੀ ਗਊ ਖੋਲ੍ਹ ਕੇ ਲੈ ਆਇਆ।

ਇੱਕ ਹੋਰ ਦੰਤ ਕਥਾ ਅਨੁਸਾਰ, ਇੱਕ ਕਿਸਾਨ ਨੇ ਸ਼ਰਾਧ ਖਾਣ ਆਏ ਪੁਜਾਰੀ ਨੂੰ ਭੋਜਨ ਦੇ ਨਾਲ-ਨਾਲ ਇੱਕ ਤੋਲਾ ਅਫ਼ੀਮ ਵੀ ਰੱਖ ਦਿਤੀ ਅਤੇ ਕਿਹਾ, ‘‘ਮੇਰੇ ਬਜ਼ੁਰਗ ਹਰ ਰੋਜ਼ ਇੱਕ ਤੋਲਾ ਅਫ਼ੀਮ ਵੀ ਖਾਂਦੇ ਸਨ। ਹੁਣ ਤੁਸੀਂ ਇਹ ਅਫ਼ੀਮ ਵੀ ਭੋਜਨ ਦੇ ਨਾਲ ਖਾਓ ਅਤੇ ਮੇਰੇ ਬਜ਼ੁਰਗਾਂ ਦੀ ਤਸੱਲੀ ਕਰਵਾਓ।’’ ਪਰ ਜਦੋਂ ਬ੍ਰਾਹਮਣ ਨੇ ਅਫ਼ੀਮ ਖਾਣ ਦੇ ਨਤੀਜੇ ਬਾਰੇ ਸੋਚਿਆ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਜਿੱਥੇ ਸਾਡਾ ਫ਼ਰਜ਼ ਇਹ ਬਣਦਾ ਹੈ ਕਿ ਪੁਜਾਰੀਆਂ ਦੁਆਰਾਂ ਲੋਕਾਂ ਨੂੰ ਬੁੱਧੂ ਬਣਾਉਣ ਲਈ ਚਲਾਈ ਗਈ ਇਸ ਪ੍ਰਥਾ ਦਾ ਵਿਰੋਧ ਕਰੀਏ, ਉਥੇ ਸਾਡਾ ਫ਼ਰਜ਼ ਇਹ ਵੀ ਬਣਦਾ ਹੈ ਕਿ ਅਸੀਂ ਆਪਣੇ ਮਾਪਿਆਂ ਦੀ ਉਹਨਾਂ ਦੀ ਬੁਢਾਪੇ ਵਿੱਚ ਵਧੀਆ ਢੰਗ ਨਾਲ ਦੇਖਭਾਲ ਕਰੀਏ। ਸਾਨੂੰ ਆਪਣੀ ਵਿੱਤੀ ਸਮਰੱਥਾ ਅਨੁਸਾਰ, ਵੱਧ ਤੋਂ ਵੱਧ ਸਹੂਲਤਾਂ ਸਾਡੇ ਮਾਪਿਆਂ ਨੂੰ ਦੇਣੀਆਂ ਚਾਹੀਦੀਆਂ ਹਨ। ਮਾਪਿਆਂ ਦੀਆਂ ਇੱਛਾਵਾਂ ਦੀ ਵਧੀਆ ਢੰਗ ਨਾਲ ਪੂਰਤੀ ਹੀ ਅਸਲੀ ਸ਼ਰਾਧ ਹੈ। ਅੱਜ ਸਾਨੂੰ ਇਹ ਵੇਖ ਕੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਸ਼ਰਾਧ ਅਸੀਂ ਆਉਣ ਵਾਲੇ ਦਿਨਾਂ ਵਿਚ ਖਵਾਉਣੇ ਹਨ, ਉਹਨਾਂ ਦਾ ਅੱਜ ਦਾ ਜੀਵਨ ਕਿਹੋ-ਜਿਹਾ ਹੈ? ਬਹੁਤ ਸਾਰੇ ਘਰਾਂ ਵਿੱਚ ਤਾਂ ਉਹਨਾਂ ਦੇ ਮੰਜੇ ਡੰਗਰਾਂ ਵਾਲੇ ਕੋਠਿਆਂ ਵਿੱਚ ਡਾਹ ਦਿੱਤੇ ਜਾਂਦੇ ਹਨ। ਘਰ ਦੇ ਸਾਰੇ ਮੈਂਬਰਾਂ ਦੇ ਖਾਣਾ ਖਾਣ ਪਿੱਛੋਂ ਬਚੀ ਹੋਈ ਰੋਟੀ ਹੀ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਹੈ।

ਜੇ ਅਸੀਂ ਮਾਪਿਆਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਕੁੱਝ ਕਰਨਾ ਚਾਹੁੰਦੇ ਹਾਂ ਤਾਂ ਇਸ ਲਈ ਵੀ ਵਧੀਆ ਢੰਗ ਅਪਣਾਏ ਜਾ ਸਕਦੇ ਹਨ। ਹਸਪਤਾਲਾਂ ਤੇ ਸਕੂਲਾਂ ਵਿੱਚ ਕਮਰੇ ਬਣਾਉਣਾ, ਪੱਖੇ ਲਵਾਉਣਾ ਆਦਿ ਇਸੇ ਕੜੀ ਦਾ ਇੱਕ ਅੰਗ ਹੋ ਸਕਦੇ ਹਨ। ਅਸੀਂ ਆਪਣੇ ਮਾਪਿਆਂ ਦੀ ਬਤੀਤ ਕੀਤੀ ਹੋਈ ਜ਼ਿੰਦਗੀ ਬਾਰੇ ਕਿਤਾਬਾਂ ਜਾਂ ਪੈਂਫ਼ਲਿਟ ਛਪਵਾ ਕੇ ਵੰਡ ਸਕਦੇ ਹਾਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>