ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਦੇਸ਼ ਵਿਚ ਵਧ ਰਹੀ ਧਾਰਮਿਕ ਅਸਹਿਣਸ਼ੀਲਤਾ, ਫ਼ਿਰਕੂ ਤਣਾਓ ਅਤੇ ਅੰਧ-ਵਿਸ਼ਵਾਸ਼ ਵਿਰੁੱਧ ਆਪਣੀ ਡੂੰਘੀ ਚਿੰਤਾ ਅਤੇ ਫ਼ਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਲੋਕਾਂ ਨੂੰ ਧਾਰਮਿਕ ਸਹਿਣਸ਼ੀਲਤਾ, ਸਦਭਾਵਨਾ ਅਤੇ ਵਿਗਿਆਨਕ ਵਿਚਾਰਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਜ?। ਯਾਦ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਤਰਕਸ਼ੀਲ ਵਿਚਾਰਾਂ ਅਤੇ ਭਾਰਤੀ ਧਰਮ ਨਿਰਪੱਖਤਾ ਤੇ ਬਹੁਲਵਾਦ ਵਿਰੁੱਧ ਕਲਮ ਰਾਹੀਂ ਆਪਣੀ ਆਵਾਜ਼ ਬੁ¦ਦ ਕਰਨ ਵਾਲੇ ਤਿੰਨ ਵੱਡੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਕਤਲ ਕਰ ਦਿੱਤਾ ਗਿਆ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਪੰਜਾਬੀ ਲੇਖਕਾਂ ਨੂੰ ਸੱਦਾ ਦਿੱਤਾ ਹੈ ਕਿ ਧਾਰਮਿਕ ਸਹਿਣਸ਼ੀਲਤਾ ਅਤੇ ਤਰਕਸ਼ੀਲਤਾ ਦੇ ਹੱਕ ਵਿਚ ਡਟ ਕੇ ਪਹਿਰਾ ਦੇਣ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਅਸਹਿਮਤੀ ਦੇ ਸੁਰਾਂ ਨੂੰ ਦਬਾਉਣਾ ਅਜੋਕੇ ਲੋਕਤੰਤਰ ਲਈ ਉਚਿਤ ਨਹੀਂ। ਨਾਮਵਰ ਲੇਖਕ ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ ਅਤੇ ਉਦੈ ਪ੍ਰਕਾਸ਼ ਨੇ ਮੌਜੂਦਾ ਸਰਕਾਰ ਦੀ ਅਸਿਹਮਤੀ ਦੀ ਸੁਰ ਨੂੰ ਦਬਾਉਣ ਦੀ ਸਭਿਆਚਾਰਕ ਰਾਸ਼ਟਰਵਾਦੀ ਨੀਤੀ ਦੇ ਖ਼ਿਲਾਫ਼ ਆਪਣੇ ਸਰਵਉ¤ਚ ਸਨਮਾਨ ਵਾਪਸ ਕੀਤੇ ਹਨ। ਇਸੇ ਸਿਲਸਿਲੇ ਵਿਚ ਕਰਨਾਟਕ ਵਿਚ ਕੰਨੜ ਭਾਸ਼ਾ ਦੇ ਪੰਜ ਨਾਮੀ ਲੇਖਕਾਂ ਨੇ ਸਟੇਟ ਪੱਧਰ ਦੇ ਪੁਰਸਕਾਰ ਵਾਪਸ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਹੈ। ਇਹ ਵਿਰੋਧ ਸੰਪਰਦਾਇਕ ਤਾਕਤਾਂ ਵੱਲੋਂ ਮਾਨਵ ਹਿਤੈਸ਼ੀ ਲੇਖਕਾਂ, ਨਰੇਂਦਰ ਦਾਭੋਲਕਰ, ਗੋਬਿੰਦ ਪਨਸਾਰੇ ਅਤੇ ਐਮ.ਐਮ. ਕਲਬੁਰਗੀ ਦੇ ਹੋਏ ਕਤਲਾਂ ਦੇ ਰੋਸ ਵਜੋਂ ਦਰਸਾਇਆ ਗਿਆ ਹੈ। ਸਰਕਾਰੀ ਸ਼ਹਿ ’ਤੇ ਸੰਪਰਦਾਇਕ ਤਾਕਤਾਂ ਲਗਾਤਾਰ ਅਸਹਿਮਤੀ ਦੀਆਂ ਸੁਰਾਂ ਨੂੰ ਦਬਾਉਣ ਲਈ ਫ਼ਾਸ਼ੀ ਕਾਰਨਾਮੇ ਕਰ ਰਹੀਆਂ ਹਨ। ਡਾ. ਸੁਖਦੇਵ ਸਿੰਘ ਨੇ ਅਪੀਲ ਕੀਤੀ ਕਿ ਸਾਰੇ ਲੇਖਕਾਂ ਨੂੰ ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ ਅਤੇ ਉਦੈ ਪ੍ਰਕਾਸ਼ ਦੇ ਹੱਕ ਵਿਚ ਆਵਾਜ਼ ਬੁ¦ਦ ਕਰਨੀ ਚਾਹੀਦੀ ਹੈ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਲੇਖਕਾਂ ਨੇ ਉਨ੍ਹਾਂ ਸਾਰੇ ਭਾਰਤੀਆਂ ਦੀ ਹਿਮਾਇਤ ਵਿਚ ਇਹ ਕਦਮ ਚੁੱਕੇ ਹਨ ਜੋ ਕਿ ਅਸਹਿਮਤੀ ਦੇ ਅਧਿਕਾਰ ਦੀ ਰਾਖੀ ਕਰਨਾ ਲੋਚਦੇ ਹਨ ਅਤੇ ਜਿਨ੍ਹਾਂ ਨੂੰ ਸਰਕਾਰੀ ਸ਼ਹਿ ਕਾਰਨ ਖ਼ੌਫ਼ ਤੇ ਗ਼ੈਰਯਕੀਨੀ ਦੇ ਆਲਮ ਨਾਲ ਜੂਝਣਾ ਪੈ ਰਿਹਾ ਹੈ।
ਅਕਾਡਮੀ ਦੇ ਪ੍ਰੈਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਹਿੰਦੁਸਤਾਨ ਭਰ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਦੇ ਹੱਕ ਵਿਚ ਉਠ ਖੜੇ ਹੋਏ ਲੇਖਕਾਂ ਦੀ ਸਾਨੂੰ ਪੁਰਜ਼ੋਰ ਹਮਾਇਤ ਕਰਨੀ ਚਾਹੀਦੀ ਹੈ।
ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਰਾਮਪੁਰੀ, ਜਨਮੇਜਾ ਸਿੰਘ ਜੌਹਲ, ਸਹਿਜਪ੍ਰੀਤ ਸਿੰਘ ਮਾਂਗਟ, ਪ੍ਰੀਤਮ ਸਿੰਘ ਭਰੋਵਾਲ ਸਮੇਤ ਸਥਾਨਕ ਲੇਖਕ ਹਾਜ਼ਰ ਸਨ।