ਮਨੁੱਖ ਦੀਆਂ ਤਿੰਨ ਖਾਹਿਸ਼ਾਂ ਕੁਰਸੀ ਤਖਤਾ ਤੇ ਤਖਤ

ਸੂਝਵਾਨ ਮਿੱਤਰੋ ਪਾਠਕੋ ਹਰ ਪੈਦਾ ਹੋ ਜਾਣ ਵਾਲੇ ਜੀਵ ਦੇ ਅੰਦਰ ਲਾਲਸਾਵਾਂ ਦਾ ਹੜ੍ਹ ਹੁੰਦਾ ਹੈ । ਸਜੀਵ ਵਸਤਾਂ ਬਾਰੇ ਤਾਂ ਇਹ ਆਮ ਹੀ ਦੇਖ ਸਕਦੇ ਹਾਂ ਪਰ ਨਿਰਜੀਵ ਮੰਨੀਆਂ ਜਾਂਦੀਆਂ ਵਸਤਾਂ ਵੀ ਮਿੱਟੀ ਤੋਂ ਸੋਨੇ ਹੀਰਿਆਂ ਤੱਕ ਆਪਣੇ ਆਪ ਦੇ ਅਨੇਕ ਰੂਪ ਵਟਾਉਂਦੀਆਂ ਹਨ। ਨਿਰਜੀਵ ਵਸਤਾਂ ਵਿੱਚ ਲਾਲਸਾ ਹੁੰਦੀ ਹੈ ਜਾਂ ਕੁਦਰਤੀ ਇਹ ਅਨੰਤ ਕੁਦਰਤ ਹੀ ਜਾਣਦੀ ਹੈ। ਦੁਨੀਆਂ ਦੀ ਹਰ ਵੱਡੀ ਤੋਂ ਵੱਡੀ ਸ਼ਕਤੀ ਨੂੰ ਜਿੱਤ ਲੈਣ ਵਾਲਾ ਅਤੇ ਵੱਸ ਵਿੱਚ ਕਰਨ ਦੇ ਦਾਅਵੇ ਕਰਨ ਵਾਲੇ ਮਨੁੱਖ ਵਿੱਚ ਵੀ ਅਣਗਿਣਤ ਲਾਲਸਾਵਾਂ ਦਾ ਹੜ੍ਹ ਚੜ੍ਹਿਆ ਰਹਿੰਦਾ ਹੈ ਪਰ ਇਹਨਾਂ ਲਾਲਸਾਵਾਂ ਨੂੰ ਮੈਂ ਤਿੰਨ ਅਵਸਥਾਵਾਂ ਵਿੱਚ ਵੰਡਦਾ ਹਾਂ। ਹਰ ਮਨੁੱਖ ਹੀ ਜਿੰਦਗੀ ਦੀ ਪੌੜੀ ਦੇ ਅੰਤਿਮ ਡੰਡੇ ਜੋ ਮੌਤ ਹੀ ਹੁੰਦਾ ਹੈ ਦੇ ਚੜ੍ਹਨ ਤੱਕ ਕਦੀ ਵੀ ਲਾਲਸਾਵਾਂ ਦਾ ਹੜ ਰੋਕ ਨਹੀਂ ਸਕਦਾ। ਹਾਂ ਉਹ ਲੋਕ ਜੋ ਮੌਤ ਨੂੰ ਹੀ ਪਹਿਲਾ ਅਤੇ ਆਖਰੀ ਡੰਡਾ ਮੰਨ ਲੈਂਦੇ ਹਨ ਉਹ ਜਰੂਰ ਕੁੱਝ ਵੱਖਰੇ ਅਤੇ ਮੇਰੀ ਸਮੱਰਥਾ ਤੋਂ ਬਾਹਰ ਹਨ ਪਰ ਦੂਸਰੀਆਂ ਲਾਲਸਾਵਾਂ ਦੇ ਗਾਹਕ ਮਨੁੱਖ ਬਾਰੇ ਜਰੂਰ ਆਪਣੀ ਬੇਸਮਝੀ ਵਿੱਚੋਂ ਤੁਹਾਡੇ ਨਾਲ ਖਿਆਲ ਸਾਂਝੇ ਕਰ ਰਿਹਾ ਹੈ।

ਹਰ ਮਨੁੱਖ ਦੀ ਜਿੰਦਗੀ ਕੁਰਸੀ ਤਖਤਾ ਅਤੇ ਤਖਤ ਦੇ ਮਾਲਕ ਬਣਨ ਦੇ ਇਰਧ ਗਿਰਧ ਹੀ ਘੁੰਮਦੀ ਹੈ। ਪਹਿਲੀ ਕਿਸਮ ਦੇ ਲੋਕਾਂ ਵਿੱਚ ਦੁਨੀਆਂ 99 ਪਰਤੀਸ਼ਤ ਹਿੱਸਾ ਆ ਜਾਂਦਾ ਹੈ ਜਿਹੜਾ ਆਪਣੀਆਂ ਲੋੜਾਂ ਲਈ ਜੂਝਦਿਆਂ ਦੂਸਰਿਆਂ ਤੋਂ ਵੱਡਾ ਹੋਣ ਦੀ ਕੋਸ਼ਿਸ਼ ਵਿੱਚ ਹੀ ਹਰ ਕੰਮ ਕਰਦਾ ਹੈ। ਹਰ ਮਨੁੱਖ ਨੂੰ ਜਿੰਦਗੀ ਦੇ ਸੌ ਸਾਲ ਜਿਉਣ ਲਈ ਭਾਂਵੇ ਸੌ ਕਵਿੰਟਲ ਤੋਂ ਜਿਆਦਾ ਅਨਾਜ ਦੀ ਜਰੂਰਤ ਨਹੀਂ ਹੁੰਦੀ ਪਰ ਹਰ ਮਨੁੱਖ ਗਿਆਨ ਦੀ ਅਣਹੋਂਦ ਵਿੱਚ ਅਗਿਆਨ ਦੇ ਘੋੜੇ ਤੇ ਚੜਕੇ ਇਹੋ ਜਿਹੀ ਦੌੜ ਲਾਉਂਦਾ ਹੈ ਕਿ ਉਸਦੀ ਦੁਨੀਆਂ ਹਰ ਬੇਲੋੜੀ ਵਸਤ ਪਰਾਪਤ ਕਰਨ ਦੀ ਲਾਲਸਾ ਕਦੇ ਵੀ ਨਹੀਂ ਮਰਦੀ ਜਿਸ ਨੂੰ ਉਹ ਸੰਘਰਸ਼ ਦਾ ਰੂਪ  ਲੈਂਦਾ ਹੈ। ਹਰ ਮਨੁੱਖ ਦੁਨੀਆਂ ਦਰੁਸਤ ਕਰਨ ਦਾ ਠੇਕਾ ਲੈਕੇ ਤੁਰਦਾ ਹੈ। ਹਰ ਮਨੁੱਖ ਆਪਣੇ ਆਪ ਨੂੰ ਦੁਨੀਆਂ ਦਾ ਸੱਭ ਤੋਂ ਸਿਆਣਾ ਗਰਦਾਨਦਾ ਹੈ। ਹਰ ਮਨੁੱਖ ਦੂਸਰਿਆਂ ਦੇ ਅੱਗੇ ਨਿਵਣ ਦੀ ਥਾਂ ਉਹਨਾਂ ਨੂੰ ਆਪਣੇ ਪੈਰਾਂ ਵਿੱਚ ਬਿਠਾਉਣਾ ਲੋੜਦਾ ਹੈ। ਅਨੰਤ ਗੱਲਾਂ ਗਿਣੀਆਂ ਜਾ ਸਕਦੀਆਂ ਹਨ ਦੁਨੀਆਂ ਦੇ ਇਸ ਵੱਡੇ ਹਿੱਸੇ ਦੀਆਂ ਪਰ ਅੰਤ ਕਦੇ ਵੀ ਨਹੀਂ ਆਵੇਗਾ। ਇਸ ਵਰਗ ਵਿੱਚੋਂ ਬਥੇਰੇ ਲੋਕ ਆਗੂ ਰੂਪ, ਵੱਡੀਆਂ ਪਦਵੀਆਂ ਦੇ ਮਾਲਕ, ਕਾਰਪੋਰੇਟ ਘਰਾਣਿਆਂ ਦੇ ਚੌਧਰੀ, ਸੰਤਤਾਈ ਦੇ ਅਲੰਬਰਦਾਰ, ਗਰੀਬਾਂ ਦੇ ਮਸੀਹਾ, ਆਮ ਲੋਕਾਂ ਦੇ ਰਾਖੇ ਹੋਣ ਦੇ ਦਾਅਵਿਆਂ ਵਾਲੇ, ਰਾਜਸੱਤਾ ਦੇ ਚਾਰ ਥੰਮਾਂ ਦੇ ਅਨੇਕਾਂ ਦਾਅਵੇਦਾਰ ਅਣਗਿਣਤ ਲੋਕ ਹੁੰਦੇ ਹਨ ਪਰ ਅਸਲ ਵਿੱਚ ਇਹ ਸਾਰੇ ਸਿਕੰਦਰ ਦੀ ਔਲਾਦ ਹੀ ਹੁੰਦੇ ਹਨ ਜੋ ਕਿਸੇ ਨਾਂ ਕਿਸੇ ਰੂਪ ਵਿੱਚ ਦੁਨੀਆ ਜਿੱਤਣਾਂ ਲੋੜਦੇ ਹਨ ਪਰ ਦੁਨੀਆਂ ਅੱਜ ਤੱਕ ਕੋਈ ਵਿਰਲੇ ਹੀ ਜਿੱਤ ਸਕੇ ਹਨ ਜੋ ਕਰੋੜਾਂ ਵਿੱਚੋਂ ਇੱਕ ਹੁੰਦੇ ਹਨ।

ਦੁਨੀਆਂ ਦੇ ਨੜਿੰਨਵੇਂ ਪਰਤੀਸ਼ਤ ਲੋਕਾਂ ਤੋਂ ਬਾਅਦ ਔਸਤ ਰੂਪ ਵਿੱਚ ਇੱਕ ਪਰਸੈਂਟ ਲੋਕ ਹੁੰਦੇ ਹਨ ਜੋ ਤਿਆਗੀ ਹੋਕੇ ਸਮਾਜ ਭਲਾਈ ਦੇ ਕੰਮਾਂ ਵੱਲ ਬਿਨਾਂ ਕਿਸੇ ਲਾਲਸਾ ਦੇ ਤੁਰਦੇ ਹਨ । ਇਹ ਲੋਕ ਦੀਨ ਦੁਨੀਆਂ ਦੇ ਹਮਦਰਦ ਹੁੰਦੇ ਹਨ ਜਿਹਨਾਂ ਦੇ ਕੌਮਲ ਮਨ ਦੂਸਰਿਆਂ ਦੇ ਦੁੱਖ ਬੇਇਨਸਾਫੀਆਂ ਦੇਖਕੇ ਤੁਰਦੇ ਹਨ। ਤਰਸ ਦਇਆ ਦੀ ਭਾਵਨਾਂ ਕੁਦਰਤ ਵੱਲੋਂ ਹੀ ਇਹਨਾਂ ਨੂੰ ਬਖਸੀ ਹੋਈ ਹੁੰਦੀ ਹੈ। ਇਹੋ ਜਿਹੇ ਲੋਕ ਜੁਬਾਨ ਦੇ ਬੇਬਾਕ ,ਕੁਰਸੀਆਂ ਦੇ ਭੁੱਖੇ ਬਹੁਗਿਣਤੀ ਲੋਕਾਂ ਦੇ ਮੂਹਰੇ ਜਾਨਾਂ ਦੀ ਕੀਮਤ ਤੇ ਵੀ ਸੱਚ ਬੋਲਣ ਦੀ ਜੁਰਅਤ ਰੱਖਦੇ ਹਨ। ਜਾਲਮ ਰਾਜਸੱਤਾਵਾਂ ਨਾਲ ਟੱਕਰ ਲੈਣੀ ਲੋਕ ਲਹਿਰਾਂ ਪੈਦਾ ਕਰ ਦੇਣੀਆਂ ਇਹਨਾਂ ਦੇ ਹੀ ਵੱਸ ਹੁੰਦਾ ਹੈ। ਇਹਨਾਂ ਦੇ ਵਿੱਚੋਂ ਹੀ ਈਸਾ ਮਸੀਹ, ਮੁਹੰਮਦ ਸਾਹਿਬ, ਭਗਤ ਕਬੀਰ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਲੈਨਿਨ,ਬੰਦੇ ਬਹਾਦਰ, ਭਗਤ ਸਿੰਘ, ਊਧਮ ਸਿੰਘ ਪੈਦਾ ਹੁੰਦੇ ਹਨ। ਇਹੋ ਜਿਹੇ ਸੂਰਬੀਰ ਯੋਧਿਆਂ ਦੇ ਲਈ ਰਾਜਸੱਤਾ ਅਤੇ ਆਮ ਲੋਕਾਂ ਦੇ ਵੱਲੋਂ ਵੀ ਮੌਤ ਦੇ ਤਖਤੇ ਸਦਾ ਤਿਆਰ ਰਹਿੰਦੇ ਹਨ । ਇਹਨਾਂ ਵਿੱਚੋਂ ਬਹੁਤੇ ਲੋਕ ਸ਼ਹੀਦੀਆਂ ਦੀ ਦਾਸਤਾਨ ਲਿਖਦੇ ਹਨ । ਇਹੋ ਜਿਹੇ ਮਹਾਨ ਯੁੱਗ ਪੁਰਸ਼ ਆਮ ਤੌਰ ਤੇ ਕੁਦਰਤੀ ਮੌਤ ਦੀ ਥਾਂ ਜਾਲਮਾਂ ਦੇ ਹੁਕਮਾਂ ਨੂੰ ਮੌਤ ਨਾਲ ਵੰਗਾਰ ਕੇ ਜਾਂਦੇ ਹਨ। ਇਹੋ ਜਿਹੇ ਮਹਾਨ ਲੋਕਾਂ ਤੋਂ ਕੁਰਸੀਆਂ ਦੇ ਭੁੱਖੇ ਬਹੁਗਿਣਤੀ ਦੁਨੀਆਂ ਦੇ ਸਿਕੰਦਰ ਭੈਅ ਖਾਂਦੇ ਹਨ ਅਤੇ ਉਹਨਾਂ ਦੇ ਜਗਾਏ ਦੀਵਿਆਂ ਦੀ ਜੋਤ ਵਿੱਚ ਤੁਰਨ ਦੀ ਕੋਸ਼ਿਸ਼ ਕਰਦੇ ਹਨ। ਕੁਦਰਤ ਦਾ ਦਸਤੂਰ ਦੁਨਿਆਵੀ ਲੋਕਾਂ ਨੂੰ ਵੀ ਜਿਹਨਾਂ ਦਾ ਮਕਸਦ ਕੁਰਸੀ ਹੀ ਜਾਂ ਵੱਡਾ ਹੋਣਾ ਹੀ ਹੁੰਦਾ ਹੈ ਇਹਨਾਂ ਮਹਾਨ ਲੋਕਾਂ ਦੇ ਗਿਆਨ ਦੇ ਚਾਨਣ ਵਿੱਚ ਤੁਰਨਾ ਪੈਂਦਾ ਹੈ। ਪਰ ਕੁਰਸੀ ਯੁੱਧ ਦੇ ਨਾਇਕ  ਗਿਆਨ ਦੇ ਚਾਨਣ ਵਿੱਚ ਲੰਬਾ ਸਮਾਂ ਨਹੀਂ ਤੁਰ ਸਕਦੇ ਕਿਉਂਕਿ ਉਹਨਾਂ ਦਾ ਮਕਸਦ ਤਾਂ ਕੁਰਸੀ ਅਤੇ ਸਿਕੰਦਰ ਹੋਣਾ ਹੁੰਦਾ ਹੈ ਜਿਸ ਕਾਰਨ ਛੇਤੀ ਹੀ ਉਹ ਗਿਆਨ ਦੇ ਚਾਨਣ ਮੁਨਾਰਿਆਂ ਵਿੱਚੋਂ ਛੇਤੀ ਹੀ ਅਗਿਆਨ ਦੇ ਹਨੇਰੇ ਵਿੱਚ ਜਿੰਦਗੀ ਦਾ ਯੁੱਧ ਲੜਨਾ ਸੁਰੂ ਕਰ ਦਿੰਦੇ ਹਨ। ਜਿਸ ਦੇ ਵਿੱਚੋਂ ਆਪੋ ਆਪਣੀ ਸਮੱਰਥਾ ਅਨੁਸਾਰ ਉਹ ਪਾਪ ਕਰਮਾਂ ਤੇ ਚਲਦਿਆਂ ਜਿੰਦਗੀ ਦੀ ਬਾਜੀ ਹਾਰ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ। ਦੂਸਰੇ ਪਾਸੇ ਗਿਆਨ ਦੇ ਚਾਨਣਾਂ ਸੱਚ ਦੇ ਗਾਹਕ ਮੌਤ ਨੂੰ ਵੰਗਾਰਦਿਆਂ ਸਵਿਕਾਰਦਿਆਂ ਮੌਤ ਦੀ ਘੋੜੀ ਚੜਦਿਆਂ ਆਮ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜਿਉਂਦੇ ਹੋ ਜਾਂਦੇ ਹਨ।

ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਹਨ ਜੋ ਖੁਦਾਈ ਤਾਕਤ ਦੇ ਮਾਲਕ ਹੁੰਦੇ ਹਨ  ਜਿਹਨਾਂ ਲਈ ਕੁਦਰਤੀ ਜਿੰਦਗੀ ਹੀ ਕੁਦਰਤ ਦੇ ਸਹਾਰੇ ਜਿਉਣ ਦਾ ਅਤੇ ਉਸਦੇ ਪੰਜ ਸ਼ਬਦਾਂ ਨਾਲ ਅਭੇਦ ਹੋਣ ਦਾ ਗਿਆਨ ਹੁੰਦਾ ਹੈ । ਇਹੋ ਜਿਹੇ ਅਵਤਾਰੀ ਪੁਰਸ਼ਾਂ ਲਈ ਧਰਤੀ ਹੀ ਰੱਬ ਦਾ ਤਖਤ ਹੁੰਦੀ ਹੈ। ਇਹੋ ਜਿਹੇ ਮਹਾਨ ਪੁਰਸ਼ਾਂ ਵਿੱਚੋਂ ਰੱਬੀ ਪੰਜ ਸ਼ਬਦ ਹਵਾ ਪਾਣੀ ਮਿੱਟੀ ਅਕਾਸ ਅਤੇ ਤਪਸ਼ ਵਿੱਚੋਂ ਹੀ ਜਨਮਣਾਂ ਅਤੇ ਬਿਨਸਣ ਦੇ ਭੇਦ ਹੁੰਦੇ ਹਨ। ਦੁਨਿਆਵੀ ਕੁਰਸੀਆਂ ਅਤੇ ਕੁਰਬਾਨੀਆਂ ਸ਼ਹੀਦੀਆਂ ਵੀ ਇਹਨਾਂ ਲਈ ਛੋਟੀਆਂ ਹੁੰਦੀਆਂ ਹਨ। ਇਹੋ ਜਿਹੇ ਯੁੱਗ ਪੁਰਸ਼ ਪਿਤਾ ਦਾ ਦਰਜਾ ਨਹੀਂ ਸਗੋਂ ਬਾਪ ਦੇ ਬਾਪ ਦਾ ਭਾਵ ਬਾਬਾ ਹੋਣ ਦਾ ਦਰਜਾ ਪਾ ਜਾਂਦੇ ਹਨ। ਜਦ ਅਸੀਂ ਗੁਰੂ ਦਸਮੇਸ਼ ਨੂੰ ਦਸਮੇਸ਼ ਪਿਤਾ ਕਹਿੰਦੇ ਹਾਂ ਪਰ ਗੁਰੂ ਨਾਨਕ ਨੂੰ ਬਾਬਾ ਨਾਨਕ ਕਹਿਕੇ ਸਤਿਕਾਰ ਦਿੰਦੇ ਹਾਂ ਇਹ ਵਰਤਾਰਾ ਅਸੀਂ ਨਹੀ ਵਰਤਾਇਆ ਇਹ ਅਨੰਤ ਕੁਦਰਤ ਹੈ ਜਿਸਨੇ ਆਮ ਲੋਕਾਂ ਨੂੰ ਅਨੇਕਾਂ ਸਦੀਆਂ ਤੋਂ ਆਪਣੇ ਆਪ ਹੀ ਉਹਨਾਂ ਦੇ ਮਨਾਂ ਵਿੱਚ ਇਹ ਬੋਲਣ ਦੀ ਭਾਵਨਾਂ ਭਰ ਦਿੱਤੀ ਹੈ। ਇਹੋ ਜਿਹੇ ਖਿਤਾਬ ਕੋਈ ਰਾਜਸੱਤਾ ਨਹੀਂ ਦੇ ਸਕਦੀ ਬਲਕਿ ਇਹੋ ਜਿਹੇ ਖਿਤਾਬ ਕੁਦਰਤੀ ਤੌਰ ਤੇ ਜੁੜ ਜਾਂਦੇ ਹਨ। ਬਾਬਾ ਫਰੀਦ ਇਸਦੀ ਇੱਕ ਹੋਰ ਮਿਸਾਲ ਹੈ ਜਿਸ ਦੀ ਜਿੰਦਗੀ ਪੜਦਿਆਂ ਸਮਝਦਿਆਂ ਮਨੁੱਖ ਸਾਂਤ ਅਤੇ ਚੁੱਪ ਹੋ ਜਾਂਦਾ ਹੈ ਉਸਦੇ ਸ਼ਬਦ ਖਤਮ ਹੋ ਜਾਂਦੇ ਹਨ ਅਤੇ ਉਸਦੀ ਆਤਮਾ ਹੀ ਆਪਣੇ ਆਪ ਨਾਲ ਬੋਲਦੀ ਹੈ। ਦੂਸਰੀ ਅਵਸਥਾ ਵਿੱਚ ਉਦਾਹਰਣ ਮਾਤਰ ਲਿਖੇ ਹੋਏ ਸ਼ਹੀਦਾਂ ਅਵਤਾਰਾਂ ਮਹਾਨ ਪੁਰਸ਼ਾਂ ਦੇ ਵਿੱਚ ਵੀ ਤਖਤ ਦੇ ਦਾਅਵੇਦਾਰ ਤੀਸਰੀ ਅਵਸਥਾ ਵਾਲੇ ਗੁਣ ਹੋ ਸਕਦੇ ਹਨ। ਉਹ ਵੀ ਤੀਸਰੀ ਅਵਸਥਾ ਵਿੱਚ ਆਪੋ ਆਪਣੀ ਸ਼ਰਧਾ ਅਤੇ ਪਿਆਰ ਵਿੱਚੋਂ ਮੰਨੇ ਜਾ ਸਕਦੇ ਹਨ। ਇਸ ਤਰਾਂ ਹੀ ਪਹਿਲੀ ਅਵਸਥਾ ਜੋ ਦੁਨਿਆਵੀ ਤਾਕਤ ਜਾਂ ਕੁਰਸੀ ਯੁੱਧ ਲੜਨ ਵਾਲੇ ਲੋਕਾਂ ਲਈ ਵੀ ਦੂਸਰੀ ਤੀਸਰੀ ਅਵਸਥਾ ਵਿੱਚ ਜਾਣਾਂ ਕੋਈ ਬੰਦ ਨਹੀਂ ਹੁੰਦਾ ਕਿਉਂਕਿ ਕੁਦਰਤ ਦਾ ਅਨੰਤ ਭੇਤ ਕਿਸ ਦੇ ਹਾਲਾਤ ਕਦ ਕਿਹੋ ਜਿਹੇ ਬਣਾ ਦੇਵੇ ਕੋਈ ਨਹੀਂ ਜਾਣਦਾ ਕਿਉਂਕਿ ਮੌਤ ਤੱਕ ਸੱਭ ਲਈ ਸੱਭ ਰਸਤੇ ਖੁੱਲੇ ਰਹਿੰਦੇ ਹਨ ਪਰ ਧੰਨ ਹੁੰਦੇ ਹਨ ਉਹ ਲੋਕ ਜਿਹਨਾਂ ਦਾ ਆਚਰਣ ਸਾਰੀ ਉਮਰ ਇੱਕੋ ਜਿਹਾ ਤੀਸਰੀ ਅਵਸਥਾ ਦਾ ਮਾਲਕ ਹੁੰਦਾ ਹੈ। ਇਹੋ ਜਿਹੇ ਲੋਕ ਖੁਦਾ ਤੋਂ ਭੀ ਉੱਪਰ ਮੰਨੈ ਜਾਂਦੇ ਹਨ। ਗੁਰਬਾਣੀ ਦਾ ਫੁਰਮਾਨ ਕਿ ਸੱਚ ਤੋਂ ਥੱਲੇ ਜਾਂ ਨੇੜੇ ਸੱਭ ਕੁੱਝ ਹੈ ਪਰ ਆਚਰਣ ਤਾਂ ਸੱਚ ਤੋਂ ਭੀ ਉਪਰ ਹੁੰਦਾ ਹੈ। ਅੱਜ ਵੀ ਇਸ ਸੰਸਾਰ ਤੋਂ ਜਾ ਚੁੱਕੇ  ਅਵਤਾਰੀ ਪੁਰਸ਼ਾਂ ਦਾ ਆਚਰਣ ਹੀ ਬੋਲਦਾ ਹੈ ਜਦੋਂਕਿ ਉਹਨਾਂ ਦੇ ਸਬਦਾਂ ਦੇ ਅਰਥ ਤਾਂ ਹਰ ਕੋਈ ਮਨਮਰਜੀ ਦੇ ਬੋਲੀ ਜਾ ਰਿਹਾ ਹੈ। ਧੰਨ ਹਨ ਉਹ ਯੁੱਗਪੁਰਸ਼ ਲੋਕ ਜਿਹਨਾਂ ਦੇ ਆਚਰਣ ਤੋਂ ਅੱਜ ਵੀ ਦੁਨੀਆਂ ਸੇਧ ਲੈਂਦੀ ਹੈ। ਇਹੋ ਜਿਹੇ ਮਹਾਨ ਲੋਕ ਹੀ ਰੱਬੀ ਤਖਤ ਦੇ ਉੱਪਰ ਬਿਰਾਜਮਾਨ ਦੁਨੀਆਂ ਨੂੰ ਸ਼ਾਂਤੀ ਬਖਸ਼ ਰਹੇ ਹਨ ਆਮੀਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>