ਮਨੁੱਖਤਾ ਦਾ ਨਿਸ਼ਕਾਮ ਸੇਵਕ ਰੂਹਾਨੀ ਖੇਤੀ ਵਿਗਿਆਨੀ – ਡਾ. ਖੇਮ ਸਿੰਘ ਗਿੱਲ

ਡਾ. ਸਰਬਜੀਤ ਸਿੰਘ

ਚਿੱਟੀ ਦਸਤਾਰ ਅਤੇ ਚਿੱਟੇ ਕਪੜਿਆਂ ਵਿੱਚ 85 ਸਾਲਾ ਬਜੁਰਗ ਨੂੰ ਵੇਖ ਕੇ ਇਹ ਅੰਦਾਜਾ ਲਗਾਉਣਾ ਔਖਾ ਹੁੰਦਾ ਹੈ ਕਿ ਇਸ ਇਨਸਾਨ ਨੇ ਕਣਕਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਨਾਲ ਕਰੋੜਾਂ ਲੋਕਾਂ ਦਾ ਪੇਟ ਭਰਿਆ ਅਤੇ ਹਰੇ ਇਨਕਲਾਬ ਰਾਹੀਂ ਦੇਸ਼ ਨੂੰ ਅੰਨ ਦੇ ਮੰਗਤੇ ਤੋਂ ‘ਅੰਨਦਾਤਾ’ ਬਣਾ ਦਿੱਤਾ। ਭਾਰਤ ਸਰਕਾਰ ਵਲੋਂ ਸੰਨ 1992 ਵਿਚ ਪਦਮ ਭੂਸ਼ਣ ਦੇ ਵੱਡੇ ਸਨਮਾਨ ਨਾਲ ਨਿਵਾਜੀ ਇਹ ਨੇਕ ਰੂਹ ਹੈ – ਡਾ. ਖੇਮ ਸਿੰਘ ਗਿੱਲ।

ਆਪ ਕੇਵਲ ਵਿਗਿਆਨੀ ਹੀ ਨਹੀਂ ਸਗੋਂ ਸੰਤ ਵਿਗਿਆਨੀ ਹਨ ਜਿਹਨਾਂ ਮਾਨੋ ਪੰਜਾਬ ਦੀ ਮਿੱਟੀ ਵਿਚ ਰੂਹਾਨੀਅਤ ਦਾ ਸੰਚਾਰ ਕਰਕੇ ਕੇਵਲ ਤਨ ਦੀ ਭੁੱਖ ਹੀ ਨਹੀਂ ਦੂਰ ਕੀਤੀ ਸਗੋਂ ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਵਿੱਚ ਕਲਗੀਧਰ ਟਰੱਸਟ, ਬੜੂ ਸਾਹਿਬ ਰਾਹੀਂ ਪੰਜਾਬ ਦੇ ਪੇਂਡੂ ਇਲਾਕਿਆਂ ਅਤੇ ਹਰਿਆਣਾ, ਰਾਜਸਥਾਨ, ਉਤੱਰ-ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਵਿੱਚ ਮਿਆਰੀ ਵਿਦਿਆ ਦਾ ਸੰਚਾਰ ਵੀ ਕੀਤਾ ਹੈ ਤੇ ਹੁਣ ਤਕ ਲਗਾਤਾਰ ਕਰ ਰਹੇ ਹਨ।

‘ਖੇਮ’ ਦਾ ਅੱਖਰੀ ਅਰਥ ਹੈ – ਖੇੜਾ, ਆਨੰਦ. ਡਾ. ਖੇਮ ਸਿੰਘ ਨੂੰ ਜਦੋਂ ਵੀ ਮਿਲਦੇ ਹਾਂ, ਉਹ ਹਰ ਵੇਲੇ ਖਿੜੇ-ਖਿੜੇ, ਚੜ੍ਹਦੀਕਲਾ ਵਿੱਚ ਹਰੇਕ ਦਾ ਸਵਾਗਤ ਕਰਦੇ ਹਨ। ਨਿਮਰ ਸੁਭਾਅ, ਸਾਦਗੀ, ਨਿਰਵੈਰਤਾ ਅਤੇ ਅਣਥੱਕ ਮਿਹਨਤ ਦੀ ਮੂਰਤ, ਡਾ. ਖੇਮ ਸਿੰਘ ਅੱਜ ਵੀ ਕਿਸੇ ਗੱਭਰੂ ਤੋਂ ਵੱਧ ਘੰਟੇ ਕੰਮ ਕਰਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੁਲਪਤੀ ਵਜੋਂ ਸੇਵਾ ਮੁਕਤ ਹੋਣ ਉਪਰੰਤ ਵੀ ਉਹ ਸਮਾਜ ਸੇਵਾ ਵਿਚ ਪਹਿਲਾਂ ਨਾਲੋਂ ਵੀ ਵੱਧ ਰੁਝੇ ਹੋਏ ਹਨ।

ਆਪ ਜੀ ਨੂੰ ਦੇਸ਼-ਵਿਦੇਸ਼ ਵਿਚ ਬਹੁਤ ਸਾਰੇ ਸਨਮਾਨਾਂ ਨਾਲ ਨਿਵਾਜਿਆ ਗਿਆ ਜਿਵੇਂ ਖੇਤੀ ਖੋਜ ਦਾ ਸੱਭ ਤੋਂ ਮੁੱਖ ਇਨਾਮ – ਰਫੀ ਅਹਿਮਦ ਕਿਦਵਈ ਐਵਾਰਡ, ਭਾਰਤੀ ਖੇਤੀ ਖੋਜ ਕੌਂਸਲ ਵਲੋਂ ਟੀਮ ਇਨਾਮ, ਅਮਰੀਕਾ ਦੇ ਖੇਤੀ ਵਿਭਾਗ ਦਾ ਇਨਾਮ, ਟਰੀਟੀਕੇਲ ਲਈ ਖੇਤੀ ਵਿਭਾਗ, ਅਮਰੀਕਾ ਦਾ ਐਵਾਰਡ, ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਐਵਾਰਡ ਆਦਿ। ਮੈਕਸੀਕੋ ਵਿਖੇ ਅੰਤਰ-ਰਾਸ਼ਟਰੀ ਕਣਕ ਖੋਜ ਕੇਂਦਰ ਸਮੇਤ ਅਨੇਕਾਂ ਅੰਤਰ-ਰਾਸ਼ਟਰੀ ਤੇ ਕੌਮੀ ਖੇਤੀ ਸੰਸਥਾਂਵਾਂ ਦੇ ਆਪ ਟਰੱਸਟੀ ਰਹੇ ਹਨ। ਭਾਰਤੀ ਕੌਮੀ ਵਿਗਿਆਨ ਅਕੈਡਮੀ ਸਹਿਤ ਕਈ ਸਿਖਰਲੀਆਂ ਖੇਤੀ ਸੰਸਥਾਵਾਂ ਦੇ ਫੈਲੋ ਹਨ।ਆਪ ਨੇ 25 ਤੋਂ ਵਧ ਵਿਦਿਆਰਥੀਆਂ ਨੂੰ ਪੀ.ਐਚ.ਡੀ. ਅਤੇ ਐਮ.ਐਸ.ਸੀ. ਲਈ ਗਾਈਡ ਕੀਤਾ,  23 ਤੋਂ ਵਧ ਦੇਸ਼ਾਂ ਵਿਚ ਖੇਤੀ ਖੋਜ ਨਾਲ ਸੰਬਧਿਤ ਯਾਤਰਾਂਵਾਂ ਕੀਤੀਆਂ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੁਲਪਤੀ ਵਜੋਂ ਡਾ. ਖੇਮ ਸਿੰਘ ਗਿੱਲ ਨੇ ਕਈ ਨਵੇਂ ਵਿਭਾਗ ਸਥਾਪਿਤ ਕੀਤੇ ਅਤੇ ਦੂਰ-ਰੱਸੀ ਕਾਰਜ ਕੀਤੇ ਜਿਵੇਂ ਸੀਡ ਤਕਨਾਲੋਜੀ, ਬਾਇੳਤਕਨਾਲੋਜੀ ਲੈਬ, ਆਇਲ ਸੀਡ ਖੋਜ ਲੈਬ, ਸੀਰੀਅਲ ਸੀਡ ਤਕਨਾਲੋਜੀ ਲੈਬ ਆਦਿ।ਯੂਨੀਵਰਸਿਟੀ ਦੇ ਗੇਟ ਨੇੜੇ ‘ਕਿਸਾਨ ਸੇਵਾ ਕੇਂਦਰ’ ਬਣਾਇਆ ਤਾਂ ਜੋ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਇਕੋ ਥਾਂ ਤੇ ਮਿਲ ਸਕਣ।ਖੇਤੀ ਖੋਜ ਕੇਂਦਰਾਂ ਤੇ ਚੰਗੀਆਂ ਖੋਜ ਸਹੂਲਤਾਂ ਕਾਇਮ ਕੀਤੀਆਂ।

ਡਾ. ਖੇਮ ਸਿੰਘ ਗਿੱਲ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉਠਦੇ ਹਨ, ਨਿਤਨੇਮ-ਸਿਮਰਨ ਕਰਨ ਉਪਰੰਤ ਕੀਰਤਨ ਰਾਹੀਂ ਅਕਾਲ ਪੁਰਖ ਦੀ ਕੀਰਤੀ ਕਰਦੇ ਹਨ। ਥਕਾਵਟ ਸ਼ਬਦ ਆਪਦੇ ਸ਼ਬਦ ਕੋਸ਼ ਵਿਚ ਹੈ ਹੀ ਨਹੀਂ। ਡਾ. ਗਿੱਲ ਦਾ ਜੀਵਨ ਅੱਜ ਦੇ ਨੌਜਵਾਨਾਂ ਲਈ ਚਾਨਣ ਮੁਨਾਰਾ ਹੈ। ਸੰਨ 1930 ਵਿਚ ਸਤੰਬਰ ਦੀ ਪਹਿਲੀ ਤਰੀਕ ਨੂੰ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਦੇ ਸਧਾਰਨ ਪਰਿਵਾਰ ਵਿੱਚ ਜਨਮੇ ਖੇਮ ਸਿੰਘ ਆਪਣੇ ਸਾਰੇ ਵੱਡੇ ਕੁਟੰਬ, ਨਾਨਕਿਆਂ-ਦਾਦਕਿਆਂ, ਵਿਚੋਂ ਉੱਚ ਸਿਖਿਆ ਲੈਣ ਵਾਲੇ ਪਹਿਲੇ ਸ਼ਖਸ਼ ਹਨ।

ਚੌਥੀ ਕਲਾਸ ਵਿਚ ਇੱਕ ਵਜੀਫੇ ਦੇ ਇਮਤਿਹਾਨ ਵਿੱਚ ਜਾਣ ਲਗਿਆਂ ਸਕੂਲ ਦੇ ਇਕ ਅਧਿਆਪਕ ਦੀ ਪਤਨੀ ਨੇ ਟਿੱਚਰ ਕਰਦਿਆਂ ਕਿਹਾ ਕਿ ਇਹ ਮੁੰਡਾ ਕਿਵੇਂ ਵਜੀਫਾ ਲੈ ਸਕੇਗਾ। ਖੇਮ ਸਿੰਘ ਨੁੰ ਇਹ ਗੱਲ ਤੀਰ ਵਾਂਗ ਚੁੱਭ ਗਈ ਤੇ ਭਰਵੀਂ ਮਿਹਨਤ ਕਰਕੇ ਉਸਨੇ ਵਜੀਫਾ ਜਿੱਤ ਲਿਆ। ਪੰਜਵੀਂ ਕਲਾਸ ਵਿਚ ਉਹ ਗੁਰੂ ਤੇਗ ਬਹਾਦਰ ਗੜ੍ਹ ਜ਼ਿਲਾ ਫਿਰੋਜਪੁਰ ਦੇ ਮਿਡਲ ਸਕੂਲ ਵਿੱਚ ਦਾਖਲ ਹੋ ਗਿਆ। ਇਹ ਸਕੂਲ ਪਿੰਡ ਤੋਂ 10 ਕਿਲੋਮੀਟਰ ਦੂਰ ਸੀ ਅਤੇ ਸਾਰੇ ਸਕੂਲ ਵਿਚ ਕੇਵਲ 4 ਕਮਰੇ ਸਨ ਅਤੇ ਇਕ ਵੀ ਪੱਖਾ ਨਹੀਂ ਸੀ। ਖੇਮ ਸਿੰਘ ਕੋਲ ਨਾ ਸਾਈਕਲ ਸੀ ਨਾ ਹੀ ਉਸਨੂੰ ਸਾਈਕਲ ਚਲਾਉਣੀ ਆਉਂਦੀ ਸੀ ਇਸ ਲਈ ਉਹ ਸਕੂਲ ਦੇ ਹੋਸਟਲ ਵਿਚ ਦਾਖਲ ਹੋ ਗਿਆ। ਸਕੂਲ ਦੇ ਅਧਿਆਪਕ ਬਹੁਤ ਹੀ ਪ੍ਰਤਿਭਾਸ਼ਾਲੀ ਸਨ ਅਤੇ ਵਿਸ਼ੇਸ਼ ਕਰਕੇ ਹੈਡਮਾਸਟਰ ਸਰਦਾਰ ਕਰਤਾਰ ਸਿੰਘ ਬਰਾੜ ਬਹੁਤ ਮਿਹਨਤੀ ਅਤੇ ਲਗਨ ਵਾਲੇ ਸਨ। ਛੇਵੀਂ ਕਲਾਸ ਵਿਚ ਹੀ ਖੇਮ ਸਿੰਘ ਨੇ ਖੰਡੇ ਕੀ ਪਾਹੁਲ ਲੈ ਕੇ ਅੰਮ੍ਰਿਤ ਛਕ ਲਿਆ ਸੀ।

ਹਾਈ ਸਕੂਲ ਵਿਚ ਦਾਖਲਾ ਲੈਣ ਉਪਰੰਤ ਵੀ ਖੇਮ ਸਿੰਘ ਕੁੜਤਾ ਪਜਾਮਾ ਤੇ ਸਾਦੇ ਕਪੜੇ ਪਾ ਕੇ ਸਕੂਲ ਜਾਂਦੇ। ਇੱਕ ਦਿਨ ਕਲਾਸ ਵਿਚ ਖੇਮ ਸਿੰਘ ਦੇ ਫਟੇ ਪਜਾਮੇ ਤੇ ਲੱਗੇ ਗੰਢ ਤਰੋਪਿਆਂ ਦਾ ਵਾਹਵਾ ਮਖੌਲ ਬਣਿਆ ਪਰ ਨਤੀਜੇ ਵਾਲੇ ਦਿਨ ਖੇਮ ਸਿੰਘ ਫਸਟ ਡਿਵੀਜਨ ਲੈ ਕੇ ਸਕੂਲ ਵਿਚ ਅਵੱਲ ਰਿਹਾ।  ਉਪਰੰਤ ਖੇਮ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲਿਆ। ਆਪਣੇ ਸਕੂਲ ਵਿਚੋਂ ਖੇਤੀਬਾੜੀ ਦਾ ਵਿਸ਼ਾ ਲੈਣ ਵਾਲਾ ਉਹ ਇਕੋ ਇੱਕ ਵਿਦਿਆਰਥੀ ਸੀ।

ਖਾਲਸਾ ਕਾਲਜ ਵਿਚ ਪੜ੍ਹਦਿਆਂ ਖੇਮ ਸਿੰਘ ਦੇ ਜੀਵਨ ਵਿਚ ਇੱਕ ਵਡਭਾਗਾ ਮੋੜ ਆਇਆ ਜਦੋਂ ਜੂਨ 1949 ਵਿੱਚ ਸੰਤ ਤੇਜਾ ਸਿੰਘ ਜੀ, ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਆਏ। ਉਨ੍ਹਾਂ ਸੰਤ ਜੀ ਦਾ ਇੰਗਲਿਸ਼ ਵਿੱਚ ਲੈਕਚਰ ਸੁਣਿਆ ਅਤੇ ਬਹੁਤ ਪ੍ਰਭਾਵਿਤ ਹੋਏ। ਕਾਲਜ ਦੇ ਦੋ ਹੋਰ ਵਿਦਿਆਰਥੀਆਂ ਭਾਈ ਇਕਬਾਲ ਸਿੰਘ ਤੇ ਭਾਈ ਗੁਰਬਖਸ਼ ਸਿੰਘ ਦੇ ਨਾਲ ਆਪ ਜੀ ਨੇ ਸੰਤ ਜੀ ਕੋਲ ਜਾਣਾ ਸ਼ੁਰੂ ਕਰ ਦਿੱਤਾ। ਇੰਝ ਸਹਿਜੇ ਸਹਿਜੇ ਆਪ ਪੰਜਾਬ ਦੀ ਇਨਕਲਾਬੀ ਪੇਂਡੂ ਵਿਦਿਆ ਲਹਿਰ ਅਕਾਲ ਅਕੈਡਮੀਆਂ – ਕਲਗੀਧਰ ਟਰੱਸਟ ਦਾ ਅਹਿਮ ਅੰਗ ਬਣ ਗਏ। ਸੰਸਾਰਿਕ ਤੇ ਵਿਗਿਆਨਕ ਪੜ੍ਹਾਈ ਇੱਕੋ ਥਾਂ ਕਰਵਾਉਣ ਦਾ ਤਜਰਬਾ ਅੱਜ ਸਾਰੇ ਦੇਸ਼ ਵਿਚ ਵਿਲੱਖਣ ਹੈ।

ਆਪ ਰੋਕਫੈਲਰ ਫਾਊਂਡੇਸ਼ਨ ਦਾ ਵਜੀਫਾ ਲੈ ਕੇ ਪੀ.ਐਚ.ਡੀ ਕਰਨ ਲਈ ਕੈਲੀਫੋਰਨੀਆਂ ਯੂਨੀਵਰਸਿਟੀ ਗਏ। ਸਾਰੀ ਪੜਾਈ ਦੌਰਾਨ ਆਪ ਸਭ ਤੋਂ ਵੱਧ ਨੰਬਰ ਲੈ ਕਿ ਪਹਿਲੇ ਸਥਾਨ ਤੇ ਆਂਦੇ ਰਹੇ। ਕੁਝ ਸਮਾਂ ਖੇਤੀਬਾੜੀ ਮਹਿਕਮੇ ਵਿਚ ਨੌਕਰੀ ਕਰਨ ਉਪਰੰਤ ਖੇਮ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੇਵਾ ਆਰੰਭ ਕਰ ਦਿਤੀ। ਕੇਵਲ 36 ਸਾਲ ਦੀ ਉਮਰ ਵਿਚ ਆਪ ਜੈਨਟਿਕਸ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਬਣ ਗਏ। ਉਪਰੰਤ ਪਲਾਟ ਬਰੀਡਿੰਗ ਵਿਭਾਗ ਦੇ ਮੁਖੀ, ਡੀਨ, ਖੇਤੀਬਾੜੀ ਕਾਲਜ, ਡਾਇਰੈਕਟਰ ਖੋਜ, ਡਾਇਰੈਕਟਰ ਪਸਾਰ ਸਿਖਿਆ ਤੇ ਓੜਕ 1990 ਵਿਚ ਪੀ.ਏ.ਯੂ ਦੇ ਵਾਈਸ ਚਾਂਸਲਰ ਬਣ ਗਏ। ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆ ਤੇ 300 ਖੋਜ ਪੱਤਰਾਂ ਅਤੇ ਦਰਜਨਾਂ ਹੀ ਕਿਤਾਬਾਂ ਦੇ ਲੇਖਕ ਤੇ ਸੰਪਾਦਕ ਵਜੋਂ ਡਾ. ਖੇਮ ਸਿੰਘ ਨੇ ਦੇਸ਼ ਵਿਦੇਸ਼ ਵਿਚ ਆਪਣੀ ਵਿਲੱਖਣ ਹੀ ਪਛਾਣ ਬਣਾ ਲਈ। ਡਾ. ਖੇਮ ਸਿੰਘ ਜੀ ਨੇ ਖੇਤੀ ਖੋਜ ਵਿੱਚ ਵੱਖ-ਵੱਖ ਫਸਲਾਂ ਜਿਵੇਂ ਕਣਕ, ਜੌਂ, ਬਾਜਰਾ, ਅਲਸੀ ਦੀਆਂ ਤੀਹ ਤੋਂ ਵੱਧ ਨਵੀਆਂ ਕਿਸਮਾਂ ਦਿੱਤੀਆਂ। ਕਣਕ ਦੀਆਂ 17 ਨਵੀਆਂ ਕਿਸਮਾਂ ਦਿੱਤੀਆਂ ਵਿਸ਼ੇਸ਼ ਕਰਕੇ ਕਣਕ ਦੀ ਕਿਸਮ WL711 ਥਾ ਪਾਕਿਸਤਾਨ ਵਿਚ ਵੀ ਬਹੁਤ ਪ੍ਰਚਲਿਤ ਹੋਈ ।

ਡਾ. ਖੇਮ ਸਿੰਘ ਜੀ ਵਿਚ ਖੇਤੀ ਖੋਜ ਦੀ ਲਗਨ ਏਨੀ ਪ੍ਰਚੰਡ ਸੀ ਕਿ ਉਹ ਹਰ ਰੋਜ਼ ਸਵੇਰੇ ਸਾਈਕਲ ਤੇ ਹੀ ਖੇਤਾਂ ਵਿਚ ਚਲੇ ਜਾਂਦੇ ਸਨ। ਯੂਨੀਵਰਸਿਟੀ ਵਿਖੇ 9 ਤੋਂ 5 ਨਹੀਂ ਸਗੋਂ ਆਪ ਦੇ ਕੰਮ ਦਾ ਸਮਾਂ ਸਵੇਰੇ 8 ਤੋਂ ਸ਼ਾਮ 6 ਵਜੇ ਜਾਂ ਅਕਸਰ ਦੇਰ ਰਾਤ ਤੱਕ ਹੁੰਦਾ। ਬਹੁਤੀ ਵਾਰੀ ਉਹ ਆਪ ਖੇਤਾਂ ਵਿਚ ਹੱਥੀਂ ਕੰਮ ਕਰਦੇ ਅਤੇ ਕਦੇ-ਕਦੇ ਤਾਂ ਉਨ੍ਹਾਂ ਦੀਆਂ ਉਂਗਲਾਂ ਤੇ ਛਾਲੇ ਵੀ ਪੈ ਜਾਂਦੇ। ਇਕ ਪ੍ਰਬੰਧਕ ਵਜੋਂ ਵੀ ਡਾ. ਖੇਮ ਸਿੰਘ ਨੇ ਆਦਰਸ਼ਕ ਮਿਸਾਲਾਂ ਕਾਇਮ ਕੀਤੀਆਂ। ਉਨ੍ਹਾਂ ਨੂੰ ਇੰਨਾ ਕੰਮ ਕਰਦਿਆਂ ਵੇਖ ਕੇ ਯੂਨੀਵਰਸਿਟੀ ਦੇ ਬਾਕੀ ਸਾਥੀਆਂ ਨੂੰ ਵੀ ਪ੍ਰੇਰਨਾ ਮਿਲਦੀ ਕਿ ਉਹ ਵੱਧ ਤੋਂ ਵੱਧ ਕੰਮ ਕਰਨ। ਡਾ. ਖੇਮ ਸਿੰਘ ਜੀ ਆਪਣੇ ਅਫਸਰਾਂ ਨੂੰ ਜੋ ਵੀ ਕੰਮ ਦਿੰਦੇ ਉਨ੍ਹਾਂ ਨੂੰ ਇਹ ਸਭ ਯਾਦ ਰਹਿੰਦਾ ਅਤੇ ਆਪ ਹਰੇਕ ਨੂੰ ਸ਼ਾਬਾਸ਼ ਦਿੰਦੇ। ਜਿਸਨੇ ਕੰਮ ਨਹੀਂ ਵੀ ਸੀ ਕੀਤਾ ਹੁੰਦਾ ਉਹ ਵੀ ਸ਼ਾਬਾਸ਼ ਲੈ ਕੇ ਸ਼ਰਮਸਾਰ ਹੁੰਦਾ ਤੇ ਅੱਗੇ ਤੋਂ ਸਮੇਂ ਸਿਰ ਕੰਮ ਕਰਨ ਲਈ ਵਚਨ ਬੱਧ ਹੋ ਜਾਂਦਾ।

ਡਾ. ਖੇਮ ਸਿੰਘ ਜੀ ਦਾ ਆਨੰਦ ਕਾਰਜ ਬੀਬੀ ਸੁਰਜੀਤ ਕੌਰ ਜੀ ਨਾਲ ਹੋਇਆ। ਆਪ ਨੇ ਆਨੰਦ ਕਾਰਜ ਤੋਂ ਬਾਅਦ ਦੀ ਆਪਣੀ ਉਚੇਰੀ ਵਿਦਿਆ ਹਾਸਲ ਕੀਤੀ ਜਿਸ ਵਿਚ ਬੀਬੀ ਜੀ ਦਾ ਭਰਪੂਰ ਸਹਿਯੋਗ ਰਿਹਾ। ਆਪ ਜੀ ਦੇ ਦੋ ਬੇਟੇ ਬਲਜੀਤ ਸਿੰਘ, ਰਣਜੀਤ ਸਿੰਘ ਅਤੇ ਇਕ ਬੇਟੀ ਦਵਿੰਦਰ ਕੌਰ ਹੈ। ਦੋ ਬੱਚੇ ਮੈਡੀਕਲ ਡਾਕਟਰ ਤੇ ਇਕ ਐਮ.ਐਸ.ਸੀ. ਹਨ। ਸੰਨ 1957 ਵਿਚ ਦਵਿੰਦਰ ਕੌਰ ਦਾ ਜਨਮ ਹੋਇਆ ਤਾਂ ਉਸ ਵੇਲੇ ਉਨ੍ਹਾਂ ਨੇ ਲੜਕੀ ਦੇ ਜਨਮ ਤੇ ਬਹੁਤ ਖੁਸ਼ੀਆਂ ਮਨਾਈਆਂ ਤੇ ਪਰਿਵਾਰ ਵਿਚ ਗੁੜ ਵੰਡਿਆ। ਡਾ. ਸਾਹਿਬ ਨੇ ਆਪਣੇ ਬੱਚਿਆਂ ਨੂੰ ਗੁਰਬਾਣੀ, ਅੰਮ੍ਰਿਤ ਵੇਲੇ ਦੀ ਸੰਭਾਲ ਅਤੇ ਉੱਚ ਆਦਰਸ਼ਾਂ ਨਾਲ ਜੋੜਿਆ।

ਡਾ. ਖੇਮ ਸਿੰਘ ਯੂਨੀਵਰਸਿਟੀ ਵਿਚ ਆਪਣੇ ਸਟਾਫ ਅਤੇ ਆਏ ਗਏ ਮਹਿਮਾਨਾਂ ਪ੍ਰਤੀ ਵੀ ਬੜੇ ਸੁਹਿਰਦ ਸਨ। ਸਟਾਫ ਨੂੰ ਹਦਾਇਤ ਸੀ ਕਿ ਮਿਲਣ ਆਏ ਕਿਸੇ ਵੀ ਸ਼ਖਸ਼ ਨੂੰ ਪਹਿਲਾਂ ਬੈਠਣ ਲਈ ਕਹਿਣਾ ਹੈ ਉਪਰੰਤ ਪਾਣੀ ਅਤੇ ਚਾਹ ਨਾਲ ਸੇਵਾ ਕਰਨੀ ਹੈ। ਇਕ ਵੇਰਾਂ ਡਾ. ਸਾਹਿਬ ਅਮਰੀਕਾ ਗਏ ਹੋਏ ਸਨ ਪਿੱਛੋਂ ਉਨ੍ਹਾਂ ਦੇ ਇਕ ਸਟਾਫ ਮੈਂਬਰ ਦੀ ਸਰਜਰੀ ਹੋਈ। ਅਮਰੀਕਾ ਤੋਂ ਵਾਪਸ ਆਉਦਿਆਂ ਹੀ ਹਸਪਤਾਲ ਵਿਚ ਉਸਦਾ ਹਾਲ ਪੁਛਣ ਗਏ ਅਤੇ ਉਸਨੂੰ ਪੰਜ ਸੌ ਰੁਪਏ ਦਾ ਚੈਕ ਦਿੱਤਾ। ਧਰਮ ਸੁਪਤਨੀ ਬੀਬੀ ਸੁਰਜੀਤ ਕੌਰ ਜੀ ਘਰ ਆਏ ਹਰ ਮਹਿਮਾਨ ਦੀ ਚਾਹ ਪਾਣੀ, ਪ੍ਰਸ਼ਾਦੇ ਰਾਹੀਂ ਚਾਉ ਨਾਲ ਸੇਵਾ ਕਰਦੇ। ਡਾਕਟਰ ਸਾਹਿਬ ਨੇ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੂੰ ਵੀ ਉੱਚ ਵਿਦਿਆ ਲਈ ਪ੍ਰੇਰਣਾ ਕੀਤੀ।

ਸ਼ਬਦਾਂ ਵਿੱਚ ਡਾ. ਖੇਮ ਸਿੰਘ ਜੀ ਦੀਆਂ ਬੇਅੰਤ ਪ੍ਰਾਪਤੀਆਂ ਨੂੰ ਕੈਦ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਜਾਪਦਾ ਹੈ। ਡਾ. ਸਾਹਿਬ ਦੀਆਂ ਖੇਤੀ ਖੋਜਾਂ ਅਤੇ ਕਲਗੀਧਰ ਟਰੱਸਟ ਰਾਹੀਂ ਕੀਤੇ ਵਿਦਿਅਕ ਪਸਾਰ ਲਈ ਪੰਜਾਬ ਜਾਂ ਦੇਸ਼ ਭਰ ਹੀਂ ਨਹੀਂ ਸਗੋਂ ਸਮੁੱਚੀ ਲੋਕਾਈ ਸਦਾ ਰਿਣੀ ਰਹੇਗੀ। ਵਾਰ-ਵਾਰ ਅਜਿਹੇ ਸੰਤ ਵਿਗਿਆਨੀ ਨੂੰ ਨਮਸਕਾਰ ਹੈ; ਨਮਸਕਾਰ ਹੈ।

This entry was posted in ਲੇਖ.

One Response to ਮਨੁੱਖਤਾ ਦਾ ਨਿਸ਼ਕਾਮ ਸੇਵਕ ਰੂਹਾਨੀ ਖੇਤੀ ਵਿਗਿਆਨੀ – ਡਾ. ਖੇਮ ਸਿੰਘ ਗਿੱਲ

  1. Parminder S. Parwana. says:

    Jiwani-Sahit ik utam sahit hai jis rahin jiwan de tazarbe mildee han.
    Dr. Khem Singh Ji de tazabe Kheti- jagat wich hameshan marg darshan karde rehan gee. ajahi kirat de malak nu sachmuch hamesha namaskar hai.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>