ਆਪਣੇ ਸਨਮਾਨ ਵਾਪਸ ਕਰਨ ਵਾਲੇ ਸਾਹਿਤਕਾਰਾਂ ਨੂੰ ਸਲਾਮ

ਭਾਰਤ ਦਾ ਸੰਵਿਧਾਨ ਇਕ ਧਰਮ ਨਿਰਪੇਖ ਤੇ ਜਮਹੂਰੀ ਦੇਸ਼ ਦੀ ਗੱਲ ਕਰਦਾ ਹੈ।ਇਸ ਦੇ ਹਰ ਨਾਗਰਿਕ ਨੂੰ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ ਜਾਂ ਕਬੀਲੇ ਨਾਲ ਸਬੰਧ ਰੱਖਦਾ ਹੋਵੇ, ਦੇ ਅਧਿਕਾਰ ਬਰਾਬਰ ਹਨ, ਉਸ ਨੂੰ ਕਿਸੇ ਵੀ ਧਰਮ ਨੂੰ ਮੰਨਣ ਤੇ ਉਸ ਦੀ ਪੂਜਾ ਪਾਠ ਤੇ ਪ੍ਰਚਾਰ ਕਰਨ ਦੀ ਖੁਲ੍ਹ ਹੈ, ਪਰ ਇਹ ਕਿਸੇ ਹੋਰ ਦੇ ਵਿਰੁਧ ਨਫ਼ਰਤ ਨਾ ਪੈਦਾ ਕਰਦੀ ਹਵੇ, ਇਸੇ ਤਰ੍ਹਾਂ ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਵੀ ਪੂਰੀ ਆਜ਼ਾਦੀ ਹੈ।ਸਦੀਆਂ ਤੋਂ  ਵੱਖ ਵੱਖ ਧਰਮਾਂ ਤੇ ਭਾਸ਼ਾਵਾਂ,ਸਭਿਅਤਾਵਾਂ ਵਾਲੇ ਲੋਕ ਰਲ ਮਿਲ ਕੇ ਸਾਂਝੇ ਭਾਈਚਾਰੇ ਵਾਂਗ ਰਹਿ ਰਹੇ ਹਨ।

ਪਿੱਛਲੇ ਸਾਲ ਜਦੋਂ ਤੋਂ ਕੇਂਦਰ ਵਿਚ ਭਾਜਪਾ ਦੇ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ, ਜੋ ਅਸਲ ਵਿਚ ਆਰ. ਐਸ. ਐਸ. ਦੇ ਰੀਮੋਟ ਕੰਟਰੋਲ ਨਾਲ ਚਲਣ ਵਾਲੀ ਸਰਕਾਰ ਹੈ, ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਯਤਨ ਕਰ ਰਹੀ ਹੈ। ਦੇਸ਼ ਵਿਚ ਧਾਰਮਿਕ ਅਸਹਿਣਸ਼ੀਲਤਾ ਵਧੀ ਹੈ। ਘੱਟ ਗਿਣਤੀਆਂ ਨਾਲ ਸਬੰਧਤ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲਗੇ ਹਨ।ਕਿਸੇ ਨਾ ਕਿਸੇ ਗੱਲ ਤੇ ਵਿਵਾਦ ਛਿੜਿਆ ਰਹਿੰਦਾ ਹੈ।ਕਦੀ ਨੌਜਵਾਨ ਪੀੜ੍ਹੀ ਵਲੋਂ ਆਪਣੀ ਮਰਜ਼ੀ ਦੇ ਮੁੰਡੇ ਜਾਂ ਕੁੜੀ ਨਾਲ ਵਿਆਹ ਕਰਨ ਨੂੰ “ਲਵ ਜਿਹਾਦ” ਦਾ ਨਾਂਅ ਦੇ ਕੇ ਤੂਫਾਨ ਖੜਾ ਕੀਤਾ ਜਾਂਦਾ ਹੈ, ਕਦੀ ਕਿਸੇ ਗਰੀਬ ਮੁਸਲਮਾਨ ਜਾਂ ਇਸਾਈ ਪਰਿਵਾਰ ਨੂੰ ਹਿੰਦੂ ਧਰਮ ਵਿਚ ਪ੍ਰਵੇਸ਼ ਕਰਵਾ ਕੇ “ਘਰ ਵਾਪਸੀ” ਦਾ ਨਾਂਅ ਦਿਤਾ ਜਾਂਦਾ ਹੈ।ਕਦੀ ਕਿਸੇ ਦੇ ਖਾਣ ਪੀਣ ‘ਤੇ ਇਤਰਾਜ਼ ਕੀਤਾ ਜਾਂਦਾ ਹੈ।

ਇਸ ਸਾਰਾ ਵਰਤਾਰਾ ਭਾਰਤ ਵਿਚ ਹੋਰਨਾਂ ਦੇਸ਼ਾਂ ਦੇ ਸਫ਼ਾਰਤਖਾਨੇ ਵਾਚ ਰਹੇ ਹਨ, ਜੋ ਆਪਣੇ ਦੇਸ਼ ਨੰ ਰੀਪੋਟਾਂ ਭੇਜ ਰਹੇ ਹਨ ਅਤੇ ਵਿਦੇਸ਼ੀ ਮੀਡੀਆ ਦੇ ਪ੍ਰਤੀਨਿਧ ਆਪਣੇ ਆਪਣੇ ਮੀਡੀਆ ਅਦਾਰਿਆਂ ਨੂੰ ਖ਼ਬਰਾਂ ਭੇਜ ਰਹੇ ਹਨ।ਇਸ 26 ਜਨਵਰੀ ਗਣਤੰਤਰ ਦਿਵਸ਼ ਤੇ ਵਿਸ਼ੇਸ਼ ਮਹਿਮਾਨ ਪੁਜੇ ਅਮਰੀਕਾ ਦੇ ਰਾਸ਼ਟਰਪਤੀ ਜਾਂਦੇ ਜਾਂਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆ ਕਹਿ ਗਏ ਸਨ ਕਿ ਦੇਸ਼ ਦੇ ਵਿਕਾਸ ਲਈ ਫਿਰਕੂ ਸਦਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੇ ਨਾਂਅ ਨੂੰ ਚਾਰ ਚੰਨ ਲਗਾਉਣ ਵਿਚ ਸ਼ਾਹ ਰੁਖ ਖਾਨ, ਮੈਰੀ ਕਾਮ ਤੇ ਮਿਲਖਾ ਸਿੰਘ (ਜੋ ਘਟ ਗਿਣਤੀ ਮੁਸਲਮਾਨ, ਇਸਾਈ ਤੇ ਸਿੱਖ ਧਰਮ ਨਾਲ ਸਬੰਧ ਰਖਦੇ ਹਨ) ਦਾ ਵੀ ਬੜਾ ਯੋਗਦਾਨ ਹੈ। ਅਮਰੀਕਾ ਵਾਪਸ ਜਾਕੇ ਉਨ੍ਹਾਂ ਫਿਰ ਬਿਆਨ ਦਿਤਾ ਕਿ ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਵੱਧ ਰਹੀ ਹੈ।ਉਨ੍ਹਾ ਦਿੱਲੀ ਵਿਚ ਰਾਸ਼ਟ੍ਰਪਤੀ ਰਾਜ ਦੌਰਾਨ ਗਿਰਜਾ ਘਰਾਂ ਉਤੇ ਹੋਏ ਹਮਲਿਆਂ ਦਾ ਵੀ ਜ਼ਿਕਰ ਕੀਤਾ।ਉਥੋਂ ਦੇ ਪ੍ਰਸਿੱਧ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਸੰਪਾਦਕੀ ਲਿਖਿਆ ਕਿ ਇਸ ਵਰਤਾਰੇ ਬਾਰੇ ਸ੍ਰੀ ਮੋਦੀ ਚੁਪ ਕਿਉਂ ਹਨ? ਇਸ ਉਤੇ ਸ੍ਰੀ ਮੋਦੀ ਨੇ ਆਪਣੀ ਚੁਪ ਤੋੜੀ ਤੇ ਕਿਹਾ ਕਿ ਇਥੇ ਸਭਨਾਂ ਧਰਮਾਂ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਹਨ, ਸਾਰੇ ਧਰਮ ਸਤਿਕਾਰਯੋਗ ਹਨ।

ਇਸ ਦੇ ਬਾਵਜੂਦ ਵੀ ਕਈ ਭੜਕਾਊ ਘਟਨਾਵਾਂ ਹੁੰਦੀਆਂ ਰਹੀਆਂ ਹਨ। ਭਾਜਪਾ ਦੇ ਕਈ ਐਮ.ਪੀ. ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ ਸੰਘ ਪਰਿਵਾਰ ਨਾਲ ਜੁੜੀਆਂ ਜਥੇਬੰਦੀਆਂ ਦੇ ਲੀਡਰ ਬੜੇ ਜ਼ਹਿਰੀਲੇ ਬਿਆਨ ਦੇ ਰਹੇ ਹਨ।ਸਿਂਖਿਆ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ, ਆਰ.ਐਸ.ਐਸ. ਪਿਛੋਕੜ ਵਾਲੇ ਪ੍ਰੋਫੈਸਰਾਂ ਨੂੰ ਯੂਨੀਵਰਟਿੀਆਂ ਦੇ ਵੀ.ਸੀ. ਨਿਯੁਕਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਭਾਜਪਾ ਸਾਸ਼ਨ ਵਾਲੇ ਕਈ ਰਾਜਾਂ ਦੇ ਸਕੂਲਾਂ ਵਿਚ ਸੰਸਕ੍ਰਿਤ ਦੀ ਪੜ੍ਹਾਈ ਲਾਜ਼ਮੀ ਕਰ ਦਿਤੀ ਗਈ ਹੈ।ਗੀਤਾ ਨੂੰ ਦੇਸ਼ ਦੀ ਪਵਿਤਰ ਪੁਸਤਕ ਦਸ ਕੇ ਇਸ ਦੀ ਪੜ੍ਹਾਈ ਲਾਜ਼ਮੀ ਕਰਨ ਬਾਰੇ ਗੱਲਾਂ ਹੋ ਰਹੀਆਂ ਹਨ।ਕਈ ਵਿਰੋਧੀ ਨੇਤਾਵਾਂ ਨੇ ਸੁਝਾਂਅ ਦਿਤਾ ਕਿ ਕੁਰਾਨ ਤੇ ਬਾਈਬਲ ਵੀ ਪਵਿੱਤਰ ਪੁਸਤਕਾਂ ਹਨ, ਉਨ੍ਹਾਂ ਦੀ ਪੜ੍ਹਾਈ ਵੀ ਕਰਵਾਈ ਜਾਏ, ਤਾ ਕੇਂਦਰੀ ਸੰਸਕ੍ਰਿਤ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਉਹ ਦੂਜੇ ਦੇਸ਼ਾਂ ਦੀਆਂ ਧਾਰਮਿਕ ਪੁਸਤਕਾਂ ਹਨ, ਗੀਤਾ ਦੀ ਫਿਲ਼ਸਫੀ ਦੇਸ਼ ਦੀ ਸੰਸਕ੍ਰਿਤੀ ਦੀ ਪ੍ਰਤੀਨਿਧਤਾ ਕਰਦੀ ਹੈ।ਫਿਲਮ ਟੀ.ਵੀ. ਇੰਸਟੀਚਊਿਟ ਪੂਨਾ ਦੇ ਨਵ ਨਿਯੁਕਤ ਕੀਤੇ ਗਏ ਮੁਖੀ ਵਿਜੇਂਦਰ ਚੌਹਾਨ ਵਿਰੁਧ ਵਿਦਿਆਰਥੀ ਚਾਰ ਮਹੀਨੇ ਤੋਂ ਹੜਤਾਲ ਕਰ ਰਹੇ ਹਨ। ਪੰਜਾਬ ਵਿਚ ਪਹਿਲਾਂ ਹੀ ਭਾਜਪਾ ਦੇ ਦਬਾਓ ਹੇਠ ਪੰਜਾਬ ਟੈਕਨੀਕਲ ਯੂਨਵਿਰਸਿਟੀ ਦਾ ਤਿੰਨ ਸਾਲ ਲਈ ਵੀ.ਸੀ. ਸ੍ਰੀ ਅਰੋੜਾ ਨੂੰ ਲਗਾਇਆ ਗਿਆ ਸੀ, ਜਿਸ ਬਾੇਰ ਬੜੇ ਵਾਦ ਵਿਵਾਦ ਉਠਦੇ ਰਹੇ ਸਨ।  ਦੇਸ਼ ਦਾ ਮਾਹੌਲ ਗੰਧਲਾ ਹੁੰਦਾ ਜਾ ਰਿਹਾ ਹੈ।

ਦੱਖਣੀ ਭਾਰਤ ਦੇ ਦੋ ਨਾਮਵਰ ਲੇਖਕਾਂ ਪ੍ਰੋ.ਕੁਲਬਰਗੀ ਅਤੇ ਨਰਿੰਦਰ ਦਬੋਲਕਰ ਦੀ ਹੱਤਿਆ ਇਸ ਲਈ ਕਰ ਦਿਤੀ ਗਈ ਕਿਉਂਕਿ ਉਹ ਫਿਰਕਾਪ੍ਰਸਤੀ ਤੇ ਧਾਰਮਿਕ ਅੰਧਵਿਸ਼ਵਾਸ ਵਿਰੁਧ ਲਿਖ ਰਹੇ ਸਨ।ਜਦੋਂ ਕਾਤਲਾਂ ਦੀ ਪਛਾਣ ਕੀਤੀ ਗਈ ਪਤਾ ਲਗਾ ਕਿ ਉਹ ਹਿੰਦੂਤੱਵ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਤੇ ਸਥਾਨਕ ਭਾਜਪਾ ਆਗੂ ਉਨ੍ਹਾਂ ਦਾ ਬਚਾਓ ਕਰ ਰਹੇ ਹਨ। ਕਈ ਹੋਰ ਲੇਖਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਪਿਛਲੇ ਮਹੀਨੇ ਕੁਝ ਹੋਰ ਮਾੜੀਆਂ ਘਟਨਾਵਾਂ ਵਾਪਰੀਆਂ, ਜਿਸ ਨੇ ਦੇਸ਼ ਦੇ ਅਮਨ ਪਸੰਦ ਤੇ ਅਗਾਂਹਵਧੂ ਲੋਕਾਂ ਨੂੂੰ ਝੰਜੋੜ ਕੇ ਰੱਖ ਦਿਤਾ। ਯੂ.ਪੀ.ਵਿਚ ਦਾਦਰੀ ਲਾਗੇ ਇਕ ਪਿੰਡ ਵਿਚ ਇਕ ਮੁਸਲਮਾਨ ਵਿਅਕਤੀ ਅਖ਼ਲਾਕ ਨੂੰ ਸ਼ੱਕ ਜਾਂ ਅਫ਼ਵਾਹ ਦੇ ਆਧਾਰ ਤੇ  ਕੁੱਟ ਕੁੱਟ ਕੇ ਇਸ ਲਈ ਮਾਰ ਦਿਤਾ ਗਿਆ ਕਿ ਉਸਦੇ ਘਰ ਗਾਂ ਦਾ ਮਾਸ ਪੱਕ ਰਿਹਾ ਹੈ।ਇਸ ਸਬੰਧੀ ਪਿੰਡ ਦੇ ਮੰਦਰ ਦੇ ਲਾਊਡ ਸਪੀਕਰ ਤੋਂ ਇਸ ਸਬੰਧੀ ਐਲਾਨ ਕੀਤਾ ਗਿਆ ਸੀ।ਜੋ 11 ਵਿਅਕਤੀ ਪਕੜੇ ਗਏ ਹਨ,ਉਨ੍ਹਾਂ ਵਿਚ 8 ਭਾਜਪਾ ਦੇ ਹਨ।ਜਾਂਚ ਤੋਂ ਪਤਾ ਲਗਾ ਕਿ ਮੀਟ ਬੱਕਰੇ ਦਾ ਸੀ, ਗਾਂ ਦਾ ਨਹੀਂ। ਸਭਿਆਚਰਕ ਮਾਮਲਿਆ ਬਾਰੇ ਕੇਂਦਰੀ ਸਾਂਸਕ੍ਰਿਤਕ ਮੰਤਰੀ ਮਹੇਸ਼ ਸ਼ਰਮਾ ਕਹਿੰਦੇ ਹਨ ਕਿ ਇਹ ਹੱਤਿਆ ਨਹੀ, ਹਾਦਸਾ ਸੀ।ਸੰਗੀਤ ਸੋਮ ਤੇ ਕਈ ਭਾਜਪਾ ਨੇਤਾ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੇਤਾ ਸਾਧਵੀ ਪ੍ਰਚਿਆ ਕਹਿ ਰਹੀ ਹੈ ਕਿ ਗਊ ਦਾ ਮਾਸ ਖਾਣ ਵਾਲਿਆਂ ਦਾ ਇਹੋ ਹਾਲ ਹੋਣਾ ਹੈ।ਆਰ.ਅੈਸ.ਅੈਸ. ਦਾ ਅਖ਼ਬਾਰ ਪਾਂਚਜਨਯ ਅਖ਼ਲਾਕ ਦੀ ਹੱਤਿਆ ਨੂੰ ਜਾਇਜ਼ ਠਹਿਰਾ ਰਿਹਾ ਹੈ।

ਭਾਰਤ ਦੇ ਪ੍ਰਸਿਧ ਗਜ਼ਲ ਗਾਇਕ ਜਗਜੀਤ ਸਿੰਘ ਦੀ ਦੂਸਰੀ ਬਰਸੀ ਮੌਕੇ ਮੁੰਬਈ ਦੀ ਇਕ ਸੰਸਥਾ ਨੇ ਪਾਕਿਸਤਾਨੀ ਗਜ਼ਲ ਗਾਇਕ ਗ਼ੁਲਾਮ ਅਲੀ ਨੂੰ ਬੁਲਾਉਣ ਦਾ ਫੈਸਲਾ ਕੀਤਾ।ਸ਼ਿਵ ਸੈਨਾ ਨੇ ਇਸ ਦਾ ਕਰੜਾ ਵਿਰੋਧ ਕੀਤਾ ਤੇ ਪ੍ਰੋਗਰਾਮ ਮਨਸੂਖ ਕਰਨਾ ਪਿਆ।ਇਸੇ ਤਰ੍ਹਾਂ ਪੂਨਾ ਵਿਖੇ ਰੱਖਿਆ ਗਿਆ ਇਕ ਪ੍ਰੋਗਰਾਮ ਰੱਦ ਕਰਨਾ ਪਿਆ।ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਲਾਮ ਅਲੀ ਨੂੰ ਕੋਲਕਤਾ ਤੇ ਦਿੱਲੀ ਵਿਚ ਆਉਣ ਦਾ ਸੱਦਾ ਦਿਤਾ।ਲਖਨਊ ਵਿਖੇ ਇਕ ਪ੍ਰੋਗਰਾਮ ਹੋੲਆ ਵੀ।ਜਦੋਂ ਭਾਰਤ ਸਰਕਾਰ ਗ਼ੁਲਾਮ ਅਲੀ ਨੂੰ ਵੀਜ਼ਾ ਦੇ ਰਹੀ ਹੈ ਤਾ ਸ਼ਿਵ ਸੈਨਾ, ਜੋ ਭਾਜਪਾ ਦੀ ਸੱਭ ਤੋਂ ਪੁਰਾਨੀ ਭਾਈਵਾਲ ਹੈ, ਰੋਕਣ ਵਾਲੀ ਕੌਣ ਹੁੰਦੀ ਹੈ? ਮੁੰਬਈ ਵਿਚ ਹੀ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਦੀ ਪੁਸਤਕ ਦਾ ਵਿਮੋਚਨ ਹੋਣਾ ਸੀ,ਸ਼ਿਵ ਸੈਨਾ ਵਲੋਂ ਇਸ ਨੂੰ ਰੋਕਣ ਲਈ ਧਮਕੀ ਦਿਤੀ ਗਈ,ਪਰ ਪ੍ਰਬੰਧਕਾਂ ਨੇ ਪਰਵਾਹ ਨਾ ਕੀਤੀ। ਇਸ ਉਤੇ ਮੁਖ ਪ੍ਰਬੰਧਕ ਸ੍ਰੀ ਕੁਲਕਰਨੀ ਦੇ ਮੂੰਹ ਉਤੇ ਕਾਲੀ ਸਿਆਹੀ ਪਾ ਦਿਤੀ ਗਈ।ਇਸ ਦੇ ਬਾਵਜੂਦ ਵੀ ਪੁਸਤਕ ਰੀਲੀਜ਼ ਸਮਾਗਮ ਹੋਇਆ।

ਇਨਾਂ ਸਾਰੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆ ਕਈ ਲੇਖਕਾਂ ਨੇ ਸਾਹਿਤ ਅਕਾਦਮੀ ਵਲੋਂ ਮਿਲੇ ਪੁਰਸਕਾਰ ਵਾਪਸ ਕਰਨੇ ਸ਼ੁਰੂ ਕਰ ਦਿਤੇ,  ਸ਼ੁਰੂਆਤ ਨੈਣਤਾਰਾ ਸਹਿਗਲ,ਜੋ ਪੰਡਤ ਨਹਿਰੂ ਦੀ ਭਾਣਜੀ ਹੈ, ਨੇ ਕੀਤੀ।ਫਿਰ ਅਨੇਕਾਂ ਹੋਰਨਾਂ ਸਾਹਿਤਕਾਰਾਂ ਨੇ ਵੀ ਆਪਣੇ ਸਨਮਾਨ ਵਾਪਸ ਕਰਨੇ ਸ਼ੁਰੂ ਕਰ ਦਿਤੇ। ਪੰਜਾਬੀ ਦੇ ਸਾਹਿਤਕਾਰ ਵੀ ਇਸ ਦੇਸ਼ ਵਿਆਪੀ ਮੁਹਿੰਮ ਵਿਚ ਪਿੱਛੇ ਨਹੀਂ ਰਹੇ, ਇਨ੍ਹਾਂ ਵਿਚ ਗੁਰਬਚਨ ਸਿੰਘ ਭੁਲਰ, ਡਾ. ਆਤਮਜੀਤ ਸਿੰਘ,ਪ੍ਰੋ. ਅਜਮੇਰ ਔਲਖ, ਡਾ. ਸੁਰਜੀਤ ਪਾਤਰ, ਦਰਸ਼ਨ ਬੁਟਰ, ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ ਦੇ ਨਾਂਅ ਸ਼ਾਮਿਲ ਹਨ।ਡਾ. ਦਲੀਪ ਕੌਰ ਟਿਵਾਣਾ ਨੇ ਆਪਣਾ ਪਦਮ ਸ੍ਰੀ ਦਾ ਸਨਮਾਨ ਪਾਸ ਕਰ ਦਿਤਾ। ਇਹ ਸਿਲਸਿਲਾ ਜਾਰੀ ਹੈ।

ਇਸ ਉਤੇ ਚਿੰਤਾ ਕਰਨ ਜਾਂ ਸਾਹਿਤਕਾਰਾਂ ਨਾਲ ਗੱਲਬਾਤ ਕਰਨ ਦੀ ਥਾਂ ਭਾਜਪਾ ਨੇਤਾਵਾਂ, ਜਿਨ੍ਹਾਂ ਵਿਚ ਕੀ ਕੇਂਦਰੀ ਮੰਤਰੀ ਵੀ ਹਨ, ਨੇ ਸਟਪਟਾ ਕੇ ਦੋਸ਼ ਲਗਾਇਆ ਹੈ ਕਿ ਇਸ ਵਿਚ ਕਾਂਗਰਸ ਦੀ ਸਾਜ਼ਿਸ਼ ਹੈ। ਇਨ੍ਹਾਂ ਸਾਹਿਤਕਾਰਾਂ ਨੇ ਕਾਂਗਰਸ ਸਰਕਾਰਾਂ ਤੋਂ ਇਹ ਸਨਮਾਨ ਲਏ ਹਨ,ਇਹ ‘ਦਰਬਾਰੀ ਲੇਖਕ’ ਹਨ ਅਤੇ ਭਾਜਪਾ ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਕਰ ਸਕਦੇ,ਇਸ ਲਈ ਸਸਤੀ ਸ਼ੁਹਰਤ ਲਈ ਇਹ ਇਕ “ਕਾਗਜ਼ੀ ਪ੍ਰੋਟੈਸਟ” ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਟੀ.ਵੀ. ਚੈਨਲ ਉਤੇ ਇਸ ਬਾਰੇ ਬਹਿਸ ਚਲ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਦੇਸ਼ ਵਿਚ ਕਈ ਵਾਰੀ ਫਸਾਦ ਹੋਏ ਹਨ,ਨਿਰਦੋਸ਼ ਲੋਕ ਮਾਰੇ ਗਏ ਹਨ,ਉਸ ਸਮੇ ਇਨ੍ਹਾਂ ਸਾਹਿਤਕਾਰਾਂ ਨੇ ਆਪਣੇ ਸਨਮਾਨ ਕਿਓਂ ਨਹੀਂ ਵਾਪਸ ਕੀਤੇ।

ਇਨਾਂ ਸਾਰੀਆਂ ਘਟਨਾਵਾਂ ਉਤੇ ਵੀ ਸ੍ਰੀ ਮੋਦੀ ਖਾਮੋਸ਼ ਰਹੇ ਕਿੁਂਕਿ ਬਿਹਾਰ ਵਿਚ ਬਹੁਗਿਣਤੀ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਹਨ।ਤਿੰਨ ਹਫਤੇ ਬਾਅਦ ਜਦੋਂ ਕੋਲਕਤਾ ਦੇ ਇਕ ਅਖ਼ਬਾਰ ਦੇ ਸੰਪਾਦਕ ਨੇ ਇੰਟਰਵਿਊ ਦੌਰਾਨ ਸ੍ਰੀ ਮੋਦੀ ਤੇ ਇਨ੍ਹਾ ਘਟਨਾਵਾਂ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਸਭਨਾਂ ਦੀ ਨਿੰਦਾ ਕੀਤੀ ਤੇ ਕਿਹਾ ਅਜੇਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆ ਸਨ।ਉਨ੍ਹਾ ਸਾਰੇ ਨੇਤਾਵਾਂ ਨੂੰ ਕਿਹਾ ਕਿ ਮਾਹੌਲ ਨੂੰ ਖਰਾਬ ਨਾ ਕੀਤਾ ਜਾਏ। ਸ੍ਰੀ ਮੋਦੀ ਦੇ ਇਸ ਬਿਆਨ ਤੋਂ ਬਾਅਦ ਵੀ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਠੱਕਰ ਦਾ ਫੁਰਮਾਨ ਹੈ ਕਿ ਮੁਸਲਮਾਨਾਂ ਨੇ ਇਸ ਦੇਸ਼ ਵਿਚ ਰਹਿਣਾ ਹੇ, ਤਾ ਬੀਫ ਖਾਣਾ ਬੰਦ ਕਰਨਾ ਪਏਗਾ।ਅਸਲ ਵਿਚ ਭਾਜਪਾ ਹਿੰਦੂਤੱਵ ਦਾ ਏਜੰਡਾ ਲਾਗੂ ਕਰ ਰਹੀ ਹੈ।ਬੰਗਲਾ ਦੇਸ਼ ਦੀ  ਨਾਮਵਰ ਲੇਖਕਾ ਤਸਲੀਮਾ ਦਾ ਕਹਿਣਾ ਹੈ ਕਿ ਭਾਰਤ ਨੂੰ “ਹਿੰਦੂ ਸਉਦੀ ਅਰਬ” ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਨ੍ਹਾਂ ਸਾਰੇ ਸਾਹਿਤਕਾਰਾਂ ਨੇ ਲੋਕਾਂ ਨੂੰ ਭਾਰਤੀ ਸੰਵਿਧਾਨ ਵਿਚ ਮਿਲੇ ਧਾਰਮਿਕ ਆਜ਼ਾਦੀ, ਫਿਰਕੂ ਸਦਭਾਵਨਾ
ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਰਾਖੀ ਲਈ ਅਤੇ ਭਾਜਪਾ ਸਮੇਤ ਸੰਘ ਪਰਿਵਾਰ ਨਾਲ ਜੁੜੀਆਂ ਜੱਥੇਬੰਦੀਆਂ ਦੇ ਅਜੇਹੀਆ ਫਾਸ਼ੀਵਾਦ ਕਾਰਵਾਈਆਂ ਵਿਰੁਧ ਰੋਸ ਪ੍ਰਗਟ ਕਰਨ ਲਈ ਆਪਣੇ ਸਨਮਾਨ ਵਾਪਸ ਕੀਤੇ ਹਨ, ਅਸੀਂ ਇਨ੍ਹਾਂ ਮਹਾਨ ਸਾਹਿਤਕਾਰਾਂ ਨੂੰ ਸਲਾਮ  ਕਰਦੇ ਹਾਂ।ਹੁਣ ਤਾਂ 150 ਦੇਸ਼ਾਂ ਦੇ ਲੇਖਕਾ ਦੀ ਕੌਮਾਂਤਰੀ ਸੰਸਥਾ ‘ਪੈਨ ਇੰਟਰਨੈਸ਼ਨਲ” ਨੇ ਵੀ ਇਨ੍ਹਾਂ ਸਾਹਿਤਕਾਰਾਂ ਦਾ ਸਮਰਥਨ ਕੀਤਾ ਹੈ।

ਇਹ ਹਕੀਕਤ ਹੈ ਕਿ ਰਾਜ ਕਰ ਰਹੀ ਕੋਈੇ ਵੀ ਪਾਰਟੀ ਆਪਣੀ ਨੁਕਤਾਚੀਨੀ ਬਰਦਾਸ਼ਤ ਨਹੀਂ ਕਰ ਸਕਦੀ।ਸਾਲ 1984 ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰ ਹੋਏ ਫੌਜੀ ਹਮਲੇ ਵਿਰੁਧ ਜਦੋਂ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ, ਡਾ. ਸਾਧੂ ਸਿੰਘ ਹਮਦਰਦ ,ਡਾ. ਗੰਡਾ ਸਿੰਘ, ਭਗਤ ਪੂਰਨ ਸਿੰਘ ਵਰਗਿਆ ਨੇ ਆਪਣੇ ਪਦਮ ਸ੍ਰੀ ਵਰਗੇ ਮਹੱਤਵਪੂਰਨ ਸਨਮਾਨ ਵਾਪਸ ਕੀਤੇ ਤਾ ਕਾਂਗਰਸੀ ਮੰਤਰੀਆਂ ਸਮੇਤ ਲੀਡਰਾਂ ਨੇ ਉਨ੍ਹਾਂ ਦੀ ਬੜੀ ਨੁਕਤਾਚੀਨੀ ਕੀਤੀ ਸੀ ਤੇ ਉਨ੍ਹਾਂ ਨੂੰ ਫਿਰਕਾਪ੍ਰਸਤ, ਦੇਸ਼ ਧਰੋਹੀ ਵਰਗੇ  ਉਪਨਾਮਾਂ ਨਾਮ ਜੋੜਿਆ ਗਿਆ ਸੀ।ਦੇਸ਼ ਤੋਂ ਬਾਹਰ ਜਿਨਾਂ ਨੇ ਭਾਰਤੀ ਦੂਤ ਘਰਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ,ਉਨ੍ਹਾਂ ਦੇ ਨਾਂਅ ਕਾਲੀ ਸੂਚੀ ਵਿਚ ਦਰਜ ਕੀਤੇ ਗਏ ਤੇ ਦੇਸ਼ ਵਿਚ ਆਉਣ ਤੇ ਪਾਬੰਦੀ ਲਗਾ ਦਿਤੀ ਗਈ,ਅਜ 31 ਸਾਲ ਬਾਅਦ ਵੀ ਕਈਆਂ ਨੂੰ ਹੁਣ ਵੀ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲ ਰਿਹਾ। ਭਾਵੇ ਭਾਜਪਾ ਹੋਵੇ ਜਾਂ ਕਾਂਗਰਸ, ਰਾਜ ਕਰਨ ਵੇਲੇ ਇਹ ਹਰ ਵਿਰੋਧੀ ਆਵਾਜ਼ ਨੂਂ ਦਬਾ ਕੇ ਰੱਖਣਾ ਚਾਹੁੰਦੇ ਹਨ।

This entry was posted in ਲੇਖ.

One Response to ਆਪਣੇ ਸਨਮਾਨ ਵਾਪਸ ਕਰਨ ਵਾਲੇ ਸਾਹਿਤਕਾਰਾਂ ਨੂੰ ਸਲਾਮ

  1. Parminder S. Parwana. says:

    KI IS NAL KOEI HAL HO SAKEGA JAA KOEI LINE OF ACTION HAI JIS NAL IS SAB KASE NU THAL PAI SAKEGI JA FIR SIRAF KAGAJ VAPSI HO KE HAH JAWAGI

Leave a Reply to Parminder S. Parwana. Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>