ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਗੁਰੂ ਰਾਮਦਾਸ ਜੀ ਦੀ ਕੀਰਤ ਵਿੱਚ ਇੱਕ ਸ਼ਬਦ ਉਚਾਰਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੯੬੮ ਤੇ ਇਉਂ ਦਰਜ ਹੈ ‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥’ ਇਹ ਵਿਚਾਰਨ ਯੋਗ ਹੈ ਕਿ ਕਿਹੜੀ ਕਰਾਮਾਤ ਚੌਥੇ ਪਾਤਸ਼ਾਹ ਨੇ ਪੂਰੀ ਕੀਤੀ। ਜਗਤ ਉਧਾਰਣ ਤੇ ਮਨੁੱਖ ਦੀ ਅਧਿਆਤਮਕ ਤਰੱਕੀ ਲਈ ਪ੍ਰਮਾਤਮਾ ਨੇ ‘ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ’ (ਪੰਨਾ ੧੪੦੮)। ਅਕਾਲ ਪੁਰਖ ਦੇ ਆਦੇਸ਼ ‘ਤੇ ਜਿਸ ਧਰਮ ਦੀ ਸਥਾਪਨਾ ਕੀਤੀ ਉਸ ਵਿੱਚ ਕੋਈ ਰੀਤੀ ਰਿਵਾਜ, ਰਸਮਾਂ ਤੇ ਹੋਰ ‘ਕਰਮ ਧਰਮ ਪਾਖੰਡ ਜੋ ਦੀਸੈ ਤਿਨਿ ਜਮੁ ਜਾਗਾਤੀ ਲੂਟੈ’ ਇਨ੍ਹਾਂ ਸਾਰੀਆ ਗੱਲਾਂ ਤੋਂ ਹਟਕੇ ‘ਨਿਰਬਾਨ ਕੀਰਤਨ ਗਾਵਹੁ ਕਰਤੇ ਕਾ ਨਿਮਖੁ ਸਿਮਰਤੁ ਜਿਤੁ ਛੂਟੈ’ ਸਿਧਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਤੁਸੀਂ ਕਿਹੜੀ ਕਰਾਮਾਤ ਕਰਨੀ ਹੈ ਤਾਂ ਉਨ੍ਹਾਂ ਦਾ ਜਵਾਬ ਸੀ ‘ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ’ ਫਿਰ ਉਨ੍ਹਾਂ ਵਿਸਥਾਰ ਸਹਿਤ ਦੱਸਿਆ ਕਿ ਅਕਾਲ ਪੁਰਖ ਦੇ ਆਦੇਸ਼ ਨਾਲ ਜਿਹੜਾ ਧਰਮ ਸਾਜਿਆ ਜਾ ਰਿਹਾ ਹੈ ਇਹ ਦੋ ਸਤੰਭਾਂ ਸ਼ਬਦ ਅਤੇ ਸੰਗਤ ਤੇ ਹੈ, ਕੇਵਲ ਫਲਸਫੇ ਤੱਕ ਹੀ ਸੀਮਿਤ ਨਹੀਂ। ਸ਼ਬਦ ਗੁਰਬਾਣੀ ‘ਤੇ ਇਸ ਧਰਮ ਦਾ ਸਿਧਾਂਤ ਨਿਸ਼ਚਿੱਤ ਹੋਵੇਗਾ ਤੇ ਸਿਧਾਂਤ ਨੂੰ ਕਾਰਜਸ਼ੀਲ ਕਰਨ ਲਈ ਉਸ ‘ਤੇ ਕੇਂਦਰੀ ਜਥੇਬੰਦੀ ਦਾ ਨਿਰਮਾਣ ਹੋਵੇਗਾ ਕਿਉਂਕਿ ‘ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ’ ਇਸ ਤਰਾਂ ਸੰਗਤਾਂ ਕੇਂਦਰ ਨਾਲ ਜੁੜੀਆਂ ਰਹਿੰਦੀਆਂ ਹਨ ਤੇ ਕੇਂਦਰ ਤੋਂ ਕੱਟਕੇ ਬਿਖਰ ਜਾਂਦੀਆਂ ਹਨ, ਪਰ ਇਹ ਗਿਆਨ ਕੇਵਲ ਕਿਤਾਬੀ ਨਾ ਰਹੇ, ਚੁੰਝ ਚਰਚਾ ਹੀ ਨਾ ਰਹੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਜਗ੍ਹਾ ਜਗ੍ਹਾ ਸੰਗਤਾਂ ਕਾਇਮ ਹੋਣਗੀਆਂ, ‘ਘਰਿ ਘਰਿ ਅੰਦਰੁ ਧਰਮੁਸਾਲਿ ਹੋਵੈ ਕੀਰਤਨੁ ਸਦਾ ਵਿਸੋਆ’ ਇਸ ਤਰਾਂ ਬਾਕੀ ਸਾਰੇ ਗੁਰੂ ਸਾਹਿਬਾਨ ਨੇ ਵੀ ਇਸ ਦਾ ਵਿਸਥਾਰ ਕੀਤਾ। ਇਹ ਸੰਗਤਾਂ ਜਗ੍ਹਾ ਜਗ੍ਹਾ ਕਾਇਮ ਸਨ ਇਸ ਲਈ ਕਿ ਇਹ ਸੰਗਤੀ ਤਾਕਤ ਖਿੰਡੀ ਨਾ ਰਹੇ ਇਸ ਨੂੰ ਕੇਂਦਰਿਤ ਕਰਨ ਲਈ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਏਸੇ ਸਮੇਂ ਵਿੱਚ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਹੁਕਮ ਤੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਕੀਤਾ। ਫਿਰ ਸੰਗਤਾਂ ਤੇ ਗੁਰਮਤਿ ਸਿਧਾਂਤ ਦਾ ਸੁਮੇਲ ਕਰਕੇ ਪੂਰਨ ਧਰਮ ਦਾ ਨਿਰੂਪਨ ਕੀਤਾ। ਇਹੀ ਕਰਾਮਾਤਿ ਸੀ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀ।
ਅਜੋਕੇ ਸਮੇਂ ਵਿੱਚ ਵੀ ਸਿੱਖ ਧਰਮ ਨੂੰ ਸਨਾਤਨ ਧਰਮ ਦੀ ਇੱਕ ਸ਼ਾਖ਼ਾ ਜਾਂ ਮੱਧਕਾਲ ਦੀ ਇੱਕ ਸੁਧਾਰਕ ਭਗਤੀ ਲਹਿਰ ਦੱਸਣ ਲਈ ਦੇਸ਼ ਦੀ ਫਿਰਕੂ ਬਹੁਗਿਣਤੀ ਵਲੋਂ ਲਗਾਤਾਰ ਕੁਛੇਸ਼ਟਾ ਜਾਰੀ ਹੈ, ਪਰ ਗੁਰੂ ਰਾਮਦਾਸ ਜੀ ਨੇ ਐਸੀ ਮਰਿਯਾਦਾ ਨਿਯਮਤ ਕਰ ਦਿੱਤੀ ਕਿ ਸਿੱਖੀ ਦੇ ਅਨੂਪਮ ਸਿਧਾਂਤਾਂ ਤੇ ਸੰਮਤੀ ਵਿੱਚ ਦਖਲ ਦੇਣ ਦੀ ਕੋਈ ਸਾਜਿਸ਼ ਸਫਲ ਨਹੀਂ ਹੋਈ। ਸਰਬ ਪ੍ਰਥਮ ਗੁਰੂ ਜੋਤਿ ਦੀ ਏਕਤਾ ਦ੍ਰਿੜ ਕਰਵਾਈ ਭਾਵੇਂ ਗੁਰੂ ਸਰੂਪ ਬਦਲਦਾ ਰਿਹਾ ਪਰ ਜੋਤਿ ਤੇ ਜੁਗਤ ਇੱਕ ਰਹੀ। ਗੁਰੂ ਰਾਮਦਾਸ ਜੀ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਆਤਮਿਕ ਤੌਰ ਤੇ ਸਮੋਏ ਹੋਏ ਹਨ, ‘ਨਾਨਕ ਤੂ ਲਹਣਾ ਤੂਹੈ ਗੁਰੂ ਅਮਰੁ ਤੂ ਵੀਚਾਰਿਆ॥ ਗੁਰ ਡਿਠਾ ਤਾ ਮਨੁ ਸਾਧਾਰਿਆ॥’
ਗੁਰ ਚੇਲਾ, ਚੇਲਾ ਗੁਰੂ ਦਾ ਅਲੌਕਿਕ ਸਿਧਾਂਤ ਤਾਂ ਗੁਰੂ ਨਾਨਕ ਨੇ ਸਥਾਪਤ ਕਰ ਦਿੱਤਾ ਸੀ ਪਰ ਇਸ ਮਾਰਗ ਦੀ ਪ੍ਰੀਤ-ਰੀਤ ਐਸੀ ਬਣੀ ਕਿ ਕੋਈ ਸਤਿਗੁਰੂ ਦੇ ਹੁਕਮ ਤੇ ‘ਜੀਵਤ ਮਰੈ ਮਰੈ ਫੁਨਿ ਜੀਵੈ’ ਦਾ ਸਬਕ ਦ੍ਰਿੜਾ ਕੇ ‘ਮਨਿ ਕੀ ਮਤਿ ਤਿਆਗਿ’, ‘ਗੁਰ ਸੇਵਾ ਤੇ ਭਗਤਿ ਕਮਾਈ’ ਕਰਨ, ‘ਪਹਿਲਾ ਮਰਣੁ ਕਬੂਲਿ’ ਤੇ ‘ਹੁਕਮਿ ਮੰਨਿਐ ਹੋਵੈ ਪਰਵਾਣੁ’ ਦੀ ਪ੍ਰੇਮ ਭਗਤੀ ਵਿੱਚ ਉਤਰੀਨ ਹੋਣ ਵਾਲਾ ਹੀ ਚੇਲੇ ਤੋਂ ਗੁਰੂ ਰੂਪ ਵਿੱਚ ਪਰਣਿਤ ਹੁੰਦਾ ਰਿਹਾ।
ਚੌਥੇ ਪਾਤਿਸ਼ਾਹ ਦਾ ਜਨਮ ਅਨੁਸਾਰ ਨਾਮ ‘ਜੇਠਾ’ ਸੀ। ਬਚਪਨ ਵਿੱਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਤੇ ਬੇ-ਸਰੋ ਸਮਾਨ ਦੀ ਹਾਲਤ ਵਿੱਚ ਅਨਾਥ ਬਾਲਕ ਦੇ ਤੌਰ ਤੇ ਪ੍ਰਵਰਿਸ਼  ਨਾਨਕੇ ਘਰ ਹੋਈ, ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਆਏ ਤਾਂ ਉਨ੍ਹਾਂ ਨੂੰ ਗੁਰ ਭਗਤੀ ਤੇ ਸਾਧ ਸੰਗਤ ਦੀ ਸੇਵਾ ਵਿੱਚ ਇਕਰਸ ਮਗਨ ਵੇਖਿਆ ਤਾਂ ਆਪਣੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਲਈ ਯੋਗ ਵਰ ਉਨਾਂ ਵਿੱਚ ਡਿੱਠਾ। ਵਿਆਹ ਸਮੇਂ ਜਦ ਪ੍ਰਚਲਿੱਤ ਮਰਯਾਦਾ ਅਨੁਸਾਰ ਬੇਟੀ ਦੇ ਪਿਤਾ ਵਜੋਂ ਗੁਰੂ ਅਮਰਦਾਸ ਜੀ ਨੇ ਵਿਆਹ ਸਮੇਂ ਭਾਈ ਜੇਠਾ ਜੀ ਨੂੰ ਉਨ੍ਹਾਂ ਦੀ ਕੋਈ ਮੰਗ ਪੁੱਛੀ ਤਾਂ ਜੋ ਉੱਤਰ ਆਪ ਜੀ ਨੇ ਗੁਰੂ ਪਿਤਾ ਨੂੰ ਦਿੱਤਾ, ਉਸ ਅਵੱਸਥਾ ਦੀ ਭਾਵਨਾਂ ਨੂੰ ਗੁਰਤਾ ਪ੍ਰਾਪਤ ਹੋਣ ਉਪ੍ਰੰਤ ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ਰਾਹੀਂ ਗੁਰੂ ਰਾਮਦਾਸ ਜੀ ਨੇ ਬਖ੍ਹਾਨ ਕੀਤਾ:
ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ॥
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥ (ਪੰਨਾ ੧੦)
‘ਸਾਕ ਨ ਕੋਈ ਰਾਮ ਦਾਸ ਜੇਹਾ’ ਗੁਰ ਪਾਤਿਸ਼ਾਹ ਦੇ ਬਚਨ ਹਨ। ਲੋਕ ਲਾਜ ਦਾ ਤਿਆਗ ਕਰ ਕੇ, ਰਿਸ਼ਤੇ ਦਾ ਮਾਣ ਤਜ ਕੇ ਇਕ ਨਿਰਮਾਣ ਸਿੱਖ ਦੇ ਤੌਰ ਤੇ ਜੋ ਭਗਤ ਸੇਵ ਕਮਾਈ ਭਾਈ ਜੇਠਾ ਜੀ ਕਰ ਰਹੇ ਸਨ, ਗੁਰੂ ਅਮਰਦਾਸ ਜੀ ਉਨ੍ਹਾਂ ਵਿੱਚ ਸੱਚਾ ਤੇ ਸਫ਼ਲ ਸੇਵਕ ਦੇਖ ਰਹੇ ਸੀ ਪਰ ਇਸ ਪ੍ਰੇਮ-ਖੇਡ ਦਾ ਅੰਤਿਮ ਦੌਰ ਅਜੇ ਬਾਕੀ ਸੀ। ਇਸ ਵਿੱਚ ਸੰਸਾਰਕ ਰਿਸ਼ਤੇ ਅਨੁਸਾਰ ਵੱਡੀ ਸਪੁੱਤਰੀ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ ਅਤੇ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦੇ ਪਤੀ ਭਾਈ ਜੇਠਾ ਜੀ ਦੋਵੇਂ ਹੀ ਪ੍ਰੇਮ ਭਗਤੀ ਵਿੱਚ ਲੱਗੇ ਹੋਏ ਸਨ। ਅੰਤਿਮ ਪ੍ਰੀਖਿਆ ਹੁਕਮ ਅਤੇ ਸਿਦਕ ਦੀ ਸੀ। ਇਸ ਅਗੰਮੀ ਖੇਡ ਵਿੱਚ ਗੁਰੂ ਅਮਰਦਾਸ ਜੀ ਨੇ ਦੋਹਾਂ ਨੂੰ ਥੜੇ ਬਨਾਉਣ ਦਾ ਹੁਕਮ ਦਿੱਤਾ। ਪਹਿਲੇ ਦਿਨ ਗੁਰੂ ਪਾਤਿਸ਼ਾਹ ਵਲੋਂ ਆਪਣੀ ਨਾ-ਪਸੰਦਗੀ ਜ਼ਾਹਰ ਕਰਨ ਤੇ ਦੋਹਾਂ ਨੇ ਥੜੇ ਢਾਹ ਦਿੱਤੇ। ਦੂਸਰੇ ਦਿਨ ਫਿਰ ਐਸਾ ਹੀ ਕਿਹਾ ਤਾਂ ਭਾਈ ਰਾਮਾਂ ਜੀ ਨੇ, ‘ਜਿਵੇਂ ਆਪ ਹੁਕਮ ਕਰਦੇ ਹੋ, ਵੈਸਾ ਹੀ ਤਾਂ ਬਣਾਉਂਦੇ ਹਾਂ’ ਕਹਿ ਕੇ ਥੜਾ ਢਾਹ ਦਿੱਤਾ ਪਰ ਭਾਈ ਭਾਈ ਜੇਠਾ ਜੀ ਨੇ ਮੁਆਫੀ ਮੰਗਦਿਆਂ ਹੋਇਆਂ ਅਤਿ ਅਧੀਨਗੀ ਵਿੱਚ ਹੁਕਮ ਦੀ ਪਾਲਣਾ ਕੀਤੀ। ਤੀਸਰੇ ਦਿਨ ਫਿਰ ਜਦ ਗੁਰੂ ਪਾਤਿਸ਼ਾਹ ਨੇ ਇੰਝ ਹੀ ਕੀਤਾ ਤਾਂ ਭਾਈ ਰਾਮਾਂ ਜੀ ਨੇ ਕਿਹਾ ‘ਤੁਹਾਡੀ ਉਮਰ ਵਧੇਰੇ ਹੋਣ ਕਾਰਣ ਤੁਸੀਂ ਆਪਣਾ ਕਿਹਾ ਭੁੱਲ ਜਾਂਦੇ ਹੋ, ਇਸ ਤੋਂ ਚੰਗਾ ਹੋਰ ਕਿਵੇਂ ਬਣ ਜਾਏਗਾ! ਗੁਰੂ ਜੀ ਚੁੱਪ ਕਰਕੇ ਭਾਈ ਜੇਠਾ ਜੀ ਪਾਸ ਗਏ, ਜਦ ਉਨ੍ਹਾਂ ਨੂੰ ਵੀ ਕਿਹਾ ਕਿ ਥੜਾ ਠੀਕ ਨਹੀਂ ਬਣਿਆ ਤਾਂ ਭਾਈ ਜੇਠਾ ਜੀ ਨੇ ਸਿਦਕ ਦੀ ਮੂਰਤ ਬਣ ਜਿਨ੍ਹਾਂ ਸ਼ਬਦਾਂ ਵਿੱਚ ਉੱਤਰ ਦਿੱਤਾ, ਉਹ ਇਤਿਹਾਸ ਨੇ ਸਾਂਭੇ ਹਨ।
“ਮੈਂ ਮਤਿ ਮੰਦ ਅਭਾਗ ਬਿਚਾਰਾ। ਜਾਨਿ ਸਕਿਯੋ ਨਹਿ ਕਹਯੋ ਤੁਮਾਰਾ”।
ਤੇ ਫਿਰ ਕਿਹਾ,  ”ਹੋ ਅਜਾਨ ਨਿੱਤ ਭੁਲਨ ਹਾਰੋ। ਤੁਮ ਕ੍ਰਿਪਾਲ ਨਿਜ ਬਿਰਦ ਸੰਭਾਰੋ।
ਬਾਰ ਬਾਰ ਬਖਸ਼ਤਿ ਹੋ ਮੋਹੀ। ਅਪਰਾਧੀ ਅਰ ਮੂਰਖ ਦੋਹੀ”।
“ਇਮ ਕਹਿ ਗੁਰਿ ਅੰਚਰ ਮਹਿ ਡਾਰਾ ਛਿਮਹੁ ਪ੍ਰਭੂ ਅਪਰਾਧ ਹਮਾਰਾ”।
ਇਸ ਤੇ ਗੁਰੂ ਅਮਰਦਾਸ ਜੀ ਨੇ ਫੁਰਮਾਇਆ:-
“ਇਸ ਕੀ ਸੇਵਾ ਮੋ ਮਨ ਭਾਵਹਿ। ਆਪਾ ਕਰਹੁ ਨ ਕਰਹਿ ਜਨਾਵਹਿ”।
ਇਹ ਥੜੇ ਨਹੀਂ ਸੀ ਬਣਾਏ ਜਾ ਰਹੇ ਤਖ਼ਤ ਤੇ ਬਿਠਾਉਣ ਦੀ ਪ੍ਰੀਖਿਆ ਹੋ ਰਹੀ ਸੀ, ਸੇਵਾ ਪ੍ਰੀਭਾਸ਼ਿਤ ਕੀਤੀ ਜਾ ਰਹੀ ਸੀ। ਸੇਵਾ ਗੁਰੂ ਘਰ ਵਿੱਚ ਉਹ ਹੀ ਪ੍ਰਵਾਨ ਹੈ ਜਿਸ ਵਿੱਚ ‘ਹਊਮੈ’ ‘ਮੈਂ’ ਦੀ ਭਾਵਨਾ ਨਾ ਹੋਵੇ ਅਤੇ ਆਪਾ ਨਾ ਜਨਾਵਹਿ। ਜੇ ਅੱਜ ਗੁਰਦੁਆਰੇ ਦੇ ਪ੍ਰਬੰਧਕਾਂ, ਰਾਗੀਆਂ, ਪ੍ਰਚਾਰਕਾਂ ਅਤੇ ਕੌਮ ਦੇ ਆਗੂਆਂ ਨੂੰ ਗੁਰੂ ਘਰ ਦਾ ਹਊਮੈ ਰਹਿਤ ਸੇਵਾ ਦਾ ਸੰਕਲਪ ਸਮਝ ਆ ਜਾਵੇ ਤਾਂ ਕੌਮ ਦੀਆਂ ਬਹੁਤ ਸਾਰੀਆਂ ਉਲਝਣਾਂ ਆਪੇ ਹੀ ਸੁਲਝ ਜਾਣ। ਇਉਂ ਇਹ ਜੋਤ ਤੇ ਜੁਗਤ ਦਾ ਮਿਲਾਪ ਹੋ ਰਿਹਾ ਸੀ। ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਵਿੱਚ ਸਮਾ ਰਹੇ ਸੀ “ਜੋਤੀ ਜੋਤਿ ਜਗਾਇ ਦੀਪ ਦੀਪਾਇਆ। ਨੀਰੈ ਅੰਦਰਿ ਨੀਰੁ ਮਿਲੈ ਮਿਲਾਇਆ”॥ ਇਉਂ ਜਦ ‘ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੁ’ ਤਾਂ ਫਿਰ ਗੁਰਗੱਦੀ ਬਖ਼ਸ਼ ਦਿੱਤੀ ‘ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥’(ਪੰਨਾ ੧੩੯੯) ਜੋ ਜੋਤ ਨਿਰੰਜਨੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਵਿੱਚ ਪ੍ਰਵੇਸ਼ ਕੀਤੀ ਉਹੀ ਜੋਤ ਕਾਇਆ ਪਲਟ ਕੇ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪ੍ਰਗਟ ਹੋਈ,
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ। ਗੁਰੁ ਡਿਠਾ ਤਾਂ ਮਨੁ ਸਾਧਾਰਿਆ॥ (ਪੰਨਾ ੯੬੮)
ਗੁਰਗੱਦੀ ਤੇ ਬਿਰਾਜਮਾਨ ਹੋ ਆਪਣੀ ਅਰੰਭਕ ਉਮਰ ਦੀ ਲਾਚਾਰਗੀ ਤੇ ਬਿਚਾਰਗੀ ਤੇ ਗੁਰੂ ਦੀ ਅਪਾਰ ਰਹਿਮਤ ਤੇ ਬਖ਼ਸ਼ਿਸ਼ ਦਾ ਆਪ ਇਉਂ ਵਰਨਣ ਕਰਦੇ ਹਨ:-
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ (ਪੰਨਾ ੧੬੭)
ਗੁਰੂ ਸਿੱਖ  ਤੇ ਸਿੱਖ ਗੁਰੂ ਹੈ, ਦਾ ਸਿਧਾਂਤ ਇਉਂ ਫਿਰ ਦ੍ਰਿਸ਼ਟਮਾਨ ਹੋਇਆ ਜਦ ਘੁੰਗਣੀਆਂ ਦੀ ਫੇਰੀ ਲਾਉਣ ਵਾਲੇ ਦੇ ਸਿਰ ਦੀਨ ਦੁਨੀਂ ਦਾ ਛਤਰ ਝੁੱਲਿਆ:  ’ਦੀਨ ਦੁਨੀ ਦਾ ਥੰਮੁ ਹੋਇ ਭਾਰ ਅਥਰਬਣ ਥੰਮਿ ਖਲੋਤਾ’॥
ਗੁਰੂ ਰਾਮਦਾਸ ਜੀ ਦਾ ਜੀਵਨ ਕਿਤਨਾ ਰਾਗਾਤਮਕ ਸੀ ਉਹ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ੧੯ ਰਾਗਾਂ ਵਿੱਚ ਬਾਣੀ ਉਚਾਰੀ, ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਕਿਸੇ ਹੋਰ ਨਵੇਂ ਰਾਗ ਦਾ ਪ੍ਰਯੋਗ ਨਹੀਂ ਕੀਤਾ ਪਰ ਗੁਰੂ ਰਾਮਦਾਸ ਜੀ ਨੇ ੧੧ ਹੋਰ ਰਾਗਾਂ ਦਾ ਵੀ ਪ੍ਰਯੋਗ ਕੀਤਾ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ੩੦ ਰਾਗਾਂ ਵਿੱਚ ਹੈ ਅਖੀਰਲਾ ਇਕੱਤੀਵਾਂ ਰਾਗ ਜੈਜਾਵੰਤੀ ਕੇਵਲ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਹੀ ਵਰਤਿਆ ਹੈ।
ਬਿਚ ਰਾਗਨ ਕੇ ਸ਼ਬਦ ਬਨਾਵਹਿ। ਮਧੁਰ ਮਧੁਰ ਮੁਖ ਤੇ ਪੁਨ ਗਾਵਹਿ॥  (ਸੂਰਜ ਪ੍ਰਕਾਸ਼ ਅਨੁਸਾਰ)
ਪ੍ਰੋ: ਪੂਰਨ ਸਿੰਘ ਜੀ ਦੇ ਸ਼ਬਦਾਂ ਵਿੱਚ ਗੁਰੂ ਜੀ ਦੇ ਬਚਨ ਸਮੁੱਚੀ ਮਨੁੱਖੀ ਆਤਮਾਂ ਨੂੰ ਹਲੂਣ ਪਵਿੱਤਰ ਪੁਨੀਤ ਕਰ ਦਿੰਦੇ ਹਨ। ਗੁਰੂ ਰਾਮਦਾਸ ਜੀ ਦੀ ਸਖ਼ਸ਼ੀਅਤ ਤੇ ਬਾਣੀ ਐਸੀ ਹੈ ਜਿਸ ਦਾ ਬਖ੍ਹਾਨ ਭਾਈ ਸੱਤਾ ਜੀ ਤੇ ਬਲਵੰਡ ਜੀ ਇਉਂ ਕਰ ਰਹੇ ਹਨ : ‘ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥ (ਪੰਨਾ ੯੬੮)
ਭਾਵੇਂ ਗੁਰੂ ਨਾਨਕ ਸਾਹਿਬ ਸ਼ਬਦ ਗੁਰੂ ਦਾ ਸਿਧਾਂਤ ਅਤੇ ਭਾਈ ਗੁਰਦਾਸ ਜੀ ਸਿੱਖੀ ਦੇ ਮਹਿਲ ਦੇ ਦੋ ਥੰਮ ‘ਗੁਰਸੰਗਤ’ ਤੇ ‘ਗੁਰਬਾਣੀ’ ਨੂੰ ਦੱਸ ਚੁੱਕੇ ਸੀ ਪਰ ਗੁਰੂ ਰਾਮਦਾਸ ਜੀ ਨੇ ਕੋਈ ਭੁਲੇਖਾ ਨਾ ਰਹਿਣ ਦਿੱਤਾ, ਗੁਰੂ ਅਗਵਾਈ ਦੀ ਮਨੁੱਖਤਾ ਨੂੰ ਸਦੈਵ ਲੋੜ ਹੈ। ਗੁਰੂ ਸਰੀਰ ਕਰਕੇ ਸਮੇਂ ਤੇ ਕਾਲ ਵਿੱਚ ਹੈ ਸਦੀਵ ਨਹੀਂ ਹੋ ਸਕਦਾ ਪਰ ਸ਼ਬਦ ਗੁਰੂ, ਅਭਿਲਾਸ਼ੀ ਦੇ ਸਦਾ ਅੰਗ ਸੰਗ ਹੈ।
ਗੁਰਸਾਖੀ ਦੇ ਉਜਿਆਰੇ ਵਿੱਚ ਜੇਕਰ ਵੇਖੀਏ ਤਾਂ ਜ਼ਿਕਰ ਆਉਂਦਾ ਹੈ ਕਿ ਧੁਰ ਪੂਰਬ ਢਾਕਾ ਸ਼ਹਿਰ (ਹੁਣ ਬੰਗਲਾ ਦੇਸ਼ ਦੀ ਰਾਜਧਾਨੀ ਜਿਥੇ ਇਤਿਹਾਸਕ ਗੁਰਦੁਆਰੇ ਸਥਾਪਿਤ ਹਨ) ਤੋਂ ਚੱਲ ਕੇ ਸੰਗਤ ਸ੍ਰੀ ਅੰਮ੍ਰਿਤਸਰ ਆਈ। ਕਈ ਮਹੀਨੇ ਗੁਰ ਭਗਤ ਤੇ ਸੇਵ ਕਮਾਈ ਵਿੱਚ ਆਪਣਾ ਜਨਮ ਸਫਲ ਕਰ ਘਰਾਂ ਨੂੰ ਪਰਤਣ ਦੀ ਆਗਿਆ ਲੈਣ ਹਿੱਤ ਗੁਰੂ ਦਰਬਾਰ ਵਿੱਚ ਹਾਜਰ ਹੋਏ ਤਾਂ ਉਸ ਜਥੇ ਦੇ ਆਗੂ ਨੇ ਆਪਣੇ ਮੰਨ ਦੀ ਸ਼ੰਕਾ ਨਵਿਰਤੀ ਲਈ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਤੇਰੇ ਦਰਬਾਰ ਵਿੱਚ ਆ ਕੇ ਨਿੱਤ ਸੁਣਦੇ ਰਹੇ ਹਾਂ ਕਿ ਗੁਰੂ ਦੇ ਦਰਸ਼ਨ ਨਿਤ ਨਿਤ ਕਰੀਏ ਪਰ ਤੁਸੀਂ ਅੰਮ੍ਰਿਤਸਰ ਵਿੱਚ ਸੱਜ ਰਹੇ ਹੋ, ਅਸੀਂ ਹਜ਼ਾਰਾਂ ਮੀਲ ਦੂਰ ਢਾਕੇ ਵਿੱਚ ਰਹਿੰਦੇ ਹਾਂ ਆਪ ਦੇ ਨਿੱਤ ਦਰਸ਼ਨ ਕਿਵੇਂ ਹੋਣ ਤਾਂ ਧੰਨ ਗੁਰੂ ਰਾਮਦਾਸ ਜੀ ਨੇ ਅਟੱਲ, ਅਥਾਹ ਤੇ ਅਤੋਲ ਬਚਨ ਕਰਦਿਆਂ ਹੋਇਆਂ ਫੁਰਮਾਇਆ :
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ  ਨ ਕਰੇ ਵੀਚਾਰੁ॥ (ਪੰਨਾ ੫੯੪)
ਜੇਕਰ ਇਹੀ ਉਪਦੇਸ਼ ਅਸੀਂ ਭੁਲੜ ਲੋਕਾਈ ਨੂੰ ਬਾਰੰਬਾਰ ਸੁਣਾ ਸਕੀਏ ਤਾਂ ਨਕਲੀ ਗੁਰੂਆਂ ਕਥਿੱਤ ਬ੍ਰਹਮ-ਗਿਆਨੀਆਂ ਅਤੇ ਦੇਹਧਾਰੀਆਂ ਦੇ ਫਿਰ ਰਹੇ ਵੱਗ ਤੇ ਡੇਰਿਆਂ ਦੇ ਮੱਕੜਜਾਲ ਤੋਂ ਲੋਕਾਂ ਨੂੰ ਬਚਾ ਸਕਦੇ ਹਾਂ। ਸਤਿਗੁਰੂ ਜੀ ਨੇ ਸਦੀਵੀ ਗੁਰੂ ‘ਗੁਰਬਾਣੀ’ ਦਾ ਇਲਾਹੀ ਹੁਕਮ ਸੁਣਾਇਆ :-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ  ਗੁਰੂ ਨਿਸਤਾਰੇ॥     (ਪੰਨਾ ੯੮੨)
ਗੁਰਬਾਣੀ ਐਸਾ ਗੁਰੂ ਹੈ ਜੋ ਸਦਾ ਅੰਗ ਸੰਗ ਹੈ, ਜੋ ਘਟਦਾ ਵੱਧਦਾ ਨਹੀਂ, ਜਨਮ ਮਰਨ ਤੇ ਜਰਾ ਰੋਗ ਦਾ ਸ਼ਿਕਾਰ ਨਹੀਂ ਹੁੰਦਾ, ਦੁੱਖ ਸੁੱਖ ਨਹੀਂ ਵਿਆਪਦਾ, ਜਲ ਨਹੀਂ ਡੋਬ ਸਕਦਾ, ਅਗਨ ਨਹੀਂ ਜਲਾ ਸਕਦੀ:
ਗੁਰ ਕਾ ਬਚਨੁ ਬਸੈ ਜੀਅ ਨਾਲੇ॥
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥      (ਪੰਨਾ ੬੭੯)
ਸਤਿਗੁਰ ਕੀ ਬਾਣੀ ਆਦਿ ਸਚੁ ਹੈ, ਜੁਗਾਦਿ ਸਚੁ ਹੈ, ਅੱਜ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਤਿ ਹੋਵੇਗੀ :
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥
ਪਰ ਸਤਿਗੁਰੂ ਦੀ ਬਾਣੀ ਅਨੁਸਾਰ ਹੀ ਸਿੱਖ ਨੇ ਜੀਵਨ ਦੀ ਘਾੜਤ ਘੜਨੀਂ ਹੈ :
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ’          (ਪੰਨਾ ੩੦੪)
ਇਸੇ ਗੁਰਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਜੀ ਨੇ ਸੰਪਾਦਨ ਕਰ ਪ੍ਰਕਾਸ਼ ਕੀਤਾ ਜਿਸ ਨੂੰ ਗੁਰੂ ਦਸਮੇਸ਼ ਜੀ ਨੇ ਸਦੀਵੀ ਗੁਰਗੱਦੀ ਬਖ਼ਸ਼ ਦਿੱਤੀ। ਗੁਰੂ ਰਾਮਦਾਸ ਜੀ ਦੀਆਂ ਬਖ਼ਸਿਸ਼ਾਂ ਦਾ ਕੋਈ ਅੰਤ ਪਾਰਾਵਾਰ ਨਹੀਂ। ਸਿੱਖ ਧਰਮ ਨੂੰ ਨਿਆਰੀ ਕੌਮ ਬਨਾਉਣ ਹਿੱਤ ਸ੍ਰੀ ਅੰਮ੍ਰਿਤਸਰ ਦੇ ਰੂਪ ਵਿੱਚ ਨਵਾਂ ਕੇਂਦਰ ਬਖ਼ਸ਼ ਦਿੱਤਾ ਮਹਿਮਾਂ ਪ੍ਰਕਾਸ਼ ਅਨੁਸਾਰ:- “ਗੁਰੂ ਨਾਨਕ ਗੁਰੂ ਅੰਗਦ ਖਾਸ ਅਮਰਦਾਸ ਸ੍ਰੀ ਗੁਰੂ ਰਾਮਦਾਸ,
ਚਾਰੋਂ ਗੁਰ ਕੀ ਮਰਜੀ ਸੰਗਾ, ਪ੍ਰਗਟਾਯੋ ਤੀਰਥ ਇਹ ਚੰਗਾ”
ਐਸੇ ਸਰੋਵਰ ਦੀ ਰਚਨਾ ਕਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਦਾ ਹੁਕਮ ਦੇ ਗੁਰੂ ਪਾਤਿਸ਼ਾਹ ਨੇ ਧਰਮ ਤੇ ਧਰਮ ਅਸਥਾਨਾਂ ਨੂੰ ਜ਼ਾਤ-ਪਾਤ, ਰੂਪ ਰੰਗ, ਮਜ਼ਹਬ ਤੇ ਮਿਲਤ ਤੋਂ ਸੁਤੰਤਰ ਕਰ ਦਿੱਤਾ:
ਸੰਤਹੁ ਰਾਮਦਾਸ ਸਰੋਵਰੁ ਨੀਕਾ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ॥ (ਪੰਨਾ ੧੬੨੩)
ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥
ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥            (ਪੰਨਾ ੬੨੫)
ਅਤੇ ਗੁਰੂ ਜੀ ਕੇ ਦਰਸ਼ਨ ਇਸ਼ਨਾਨ, ਪਾਠ ਅਤੇ ਕੀਰਤਨ ਸਭ ਲਈ ਸਾਂਝਾ ਕਰ ਗੁਰੂ ਨਾਨਕ ਪਾਤਿਸ਼ਾਹ ਦਾ ਹੁਕਮ ਫਲੀਭੂਤ ਕਰ ਦਿੱਤਾ:  ’ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥  (ਪੰਨਾ ੭੪੭)
ਇਸ ਨਾਲ ਸਿੱਖ ਇੱਕ ਸੁਤੰਤਰ ਕੌਮ ਦਾ ਸਿਧਾਂਤ ਪ੍ਰਗਟ ਹੋ ਗਿਆ ਡਾਕਟਰ ਰੈਣਾ ਅਨੁਸਾਰ ਦੋ ਹੀ ਤੱਥ ਕੌਮ ਬਣਾਉਂਦੇ ਹਨ। ਸਾਂਝਾ ਕੌਮੀ ਵਿਰਸਾ ਤੇ ਦੂਜਾ ਇੱਕ ਥਾਵੇਂ ਜੁੜ ਬੈਠਣ ਦਾ ਅੰਤਰੀਵ ਚਾਅ । ਸਿੱਖ ਆਪਣੀ ਇਸ ਮਨੋਕਾਮਨਾਂ ਨੂੰ ਰੋਜ ਅਰਦਾਸ ਵਿੱਚ ‘ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ’ ਦੀ ਬੇਨਤੀ ਦੁਆਰਾ ਪ੍ਰਗਟਾਉਂਦੇ ਹਨ ਅਤੇ ‘ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ’ ਕਹਿ ਕੇ ਪੰਥ ਦੀ ਸਦੀਵੀ ਏਕਤਾ ਪ੍ਰਪੱਕ ਕਰਦੇ ਹਨ। ਇਤਿਹਾਸ ਸਾਖੀ ਹੈ ਕਿ ਵਿਦੇਸ਼ੀ ਹਮਲਾਵਰ ਸ੍ਰੀ ਅੰਮ੍ਰਿਤਸਰ ਨੂੰ ਪੰਥਕ ਸੱਤਾ ਦੇ ਕੇਂਦਰ ਤੇ ਪ੍ਰੇਰਣਾ ਸਰੋਤ ਜਾਣ ਕੇ ਢਾਹੁਣ ਤੇ ਪੂਰਨ ਦਾ ਕੁਕਰਮ ਕਰਦੇ ਰਹੇ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਤੇ ਜੋਤ ਜਗਾਉਣ ਦੀ ਪਬੰਦੀ ਲਗਾ ਦਿੱਤੀ ਪਰ ਕੋਈ ਦਿਨ ਐਸਾ ਨਹੀਂ ਗਿਆ ਜਦ ਜੰਗਲ ਬੀਆਬਾਨਾ ਵਿਚੋਂ ਹਰ ਰੋਜ ਕੋਈ ਸਿੱਖ ਉਠ ਕੇ ਨਹੀਂ ਆਇਆ। ਅੰਮ੍ਰਿਤਸਰ ਵਿੱਚ ਦਰਸ਼ਨ ਇਸ਼ਨਾਨ ਦੀ ਗੁਰੂ ਰਾਮਦਾਸ ਜੀ ਵਲੋਂ ਜਗਾਈ ਜੋਤ ਨੂੰ ਪ੍ਰਜਵਲਿਤ ਰੱਖਣ ਲਈ ਗੁਰੂ ਦੇ ਸਿੱਖ ਖਿੜੇ ਮੱਥੇ ਮੌਤ ਪ੍ਰਵਾਨ ਕਰਦੇ ਰਹੇ। ਅਸੀਂ ਜਦੋਂ ਹੁਣ ਕਾਹਲੀ ਕਾਹਲੀ  ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਕਰਦੇ ਹਾਂ ਸਦੈਵ ਸਾਡੀ ਸਿਮਰਤੀ ਵਿੱਚ ਰਹੇ ਕਿ ਏਥੇ ਲੱਗੀ ਹਰ ਸਿਲ ਦੇ ਥੱਲੇ ਗੁਰੂ ਕੇ ਸਿਖਾਂ ਦੇ ਕਈ ਕਈ ਸੀਸ ਲੱਗੇ ਹਨ।
ਸਿੱਖਾਂ ਦੇ ਕੌਮੀ ਪੰਥਕ ਏਕਤਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸ੍ਰੀ ਅੰਮ੍ਰਿਤਸਰ ਤੇ ਭਾਰਤੀ ਫੌਜਾਂ ਦੇ ੧੯੮੪ ਵਿੱਚ  ਹਮਲੇ ਉਪ੍ਰੰਤ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਵਾਸਤੇ ਸੰਗਤ ਦੀ ਗਿਣਤੀ ਘੱਟਦੀ ਵੇਖ ਇਨ੍ਹਾਂ ਸਤਰਾਂ ਦੇ ਲਿਖਾਰੀ ਤੇ ਸਤਿਗੁਰ ਨੇ ਵਿਸ਼ੇਸ਼ ਬਖ਼ਸ਼ਿਸ਼ ਕਰਕੇ ਸਿੱਖਾਂ ਦੇ ਇਸ ਜਾਨ ਤੋਂ ਪਿਆਰੇ ਪਵਿੱਤਰ ਗੁਰਧਾਂਮ ਦੇ ਦਰਸ਼ਨ ਇਸ਼ਨਾਨ ਦਾ ਪੰਦਰਵਾੜਾ ਮਨਾਉਣ ਦੀ ਸੇਵਾ ਕਰਵਾਈ ਤਾਂ ਜੋ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਸੰਗਤ ਦੀ ‘ਪ੍ਰਭ ਹਰਿਮੰਦਰੁ ਸੋਹਣਾ’ ਤੇ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਨਾਲ ਸਾਂਝ ਹੋਰ ਪਕੇਰੀ ਹੋਵੇ। ਗੁਰੂ ਰਾਮਦਾਸ ਜੀ ਨੇ ਸਿੱਖ ਦੀ ਜੀਵਨ ਕਾਰ ਨਿਯਮਬੱਧ ਕਰ ਦਿੱਤੀ, ਨੇਮ ਤੇ ਪ੍ਰੇਮ ਹੀ ਗੁਰਭਗਤੀ ਦਾ ਰੂਪ ਹੋ ਗਿਆ :
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥ (ਪੰਨਾ ੩੦੫)
ਹਰ ਕਾਰਜ ਤੋਂ ਪਹਿਲਾਂ ਸਤਿਗੁਰ ਪਾਸ ਅਰਦਾਸ ਕਰਨ ਦੀ ਮਰਯਾਦਾ ਬੰਨੀ :
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ (ਪੰਨਾ ੯੧)

ਸਿੱਖ ਲਈ ਗ੍ਰਹਿਸਤ ਧਰਮ ਪ੍ਰਧਾਨ ਹੈ ਇਸ ਲਈ ਸਤਿਗੁਰੂ ਜੀ ਨੇ ਗ੍ਰਹਿਸਤ ਧਰਮ ਪ੍ਰਵੇਸ਼ ਕਰਨ ਵਿੱਚ ਬ੍ਰਾਹਮਣ ਜਾਂ ਪ੍ਰੋਹਤ ਦੀ ਮੁਹਤਾਜਗੀ ਰਹਿਣ ਨਾ ਦਿੱਤੀ। ਕਿਸੇ ਯੱਗ ਹਵਨ ਅਤੇ ਸੰਸਕ੍ਰਿਤ ਦੇ ਮੰਤਰਾਂ ਦਾ ਉਚਾਰਣ (ਜੋ ਕੋਈ ਦਲਿਤ ਜਾਤੀ ਨੂੰ, ਨਾ ਕਰਨ ਤੇ ਨਾ ਸੁਣਨ ਦੀ ਆਗਿਆ ਹੈ) ਕਰਨ ਦੀ ਸ਼ਰਤ ਹੀ ਖ਼ਤਮ ਕਰ ਦਿੱਤੀ ਹੁਣ ਸੂਹੀ ਰਾਗ ਵਿੱਚ ਚਾਰ ਲਾਞਾਂ ਦਾ ਪਾਠ ਤੇ ਕੀਰਤਨ ਕਰਕੇ ਗ੍ਰਹਿਸਤ ਜੀਵਨ ਵਿੱਚ ਪ੍ਰਵੇਸ਼ ਕਰਨ ਦੀ ਮਰਯਾਦਾ ਬੰਨ ਦਿੱਤੀ ਅਤੇ ਇਉਂ ਹੀ ਜਨਮ ਅਤੇ ਮਰਨ ਦੀਆਂ ਰਸਮਾਂ ਨੂੰ ਵੀ ਕਰਮਕਾਂਡੀ ਪ੍ਰੋਹਿਤਾਂ ਤੋਂ ਅਜ਼ਾਦ ਕਰਕੇ ਗੁਰਬਾਣੀ ਦਾ ਪਾਠ ਤੇ ਨਿਰਬਾਨ ਕੀਰਤਨ ਕਰਨ ਦੀ ਗੁਰਸਿੱਖੀ ਰੀਤ ਚਲਾ ਦਿੱਤੀ। ਐਸਾ ਇੰਨਕਲਾਬੀ ਯੋਗਦਾਨ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਸਿਧਾਂਤ ਨੂੰ ਸੰਪੂਰਨ ਕਰਨ, ਪੰਥਕ ਮਰਯਾਦਾ ਅਤੇ ਨਿਆਰੀ ਤੇ ਅਜ਼ਾਦ ਕੌਮੀ ਹਸਤੀ ਦੇ ਨਿਰਮਾਣ ਕਰਨ ਵਿੱਚ ਪਾਇਆ।

ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ॥ (ਪੰਨਾ ੧੩੦੧)

ਮੈਂਬਰ ਤੇ ਸਾਬਕਾ ਚੀਫ ਸੈਕਟਰੀ,ਸ਼੍ਰੋ:ਗੁ:ਪ੍ਰ:ਕਮੇਟੀ, ਸਾਬਕਾ ਮੰਤਰੀ ਪੰਜਾਬ ਸਰਕਾਰ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>