1984 ਦੇ ਦੁਖਾਂਤ ਬਾਰੇ ਸਾਹਿਤ ਦੀ ਘਾਟ

ਕਰਨਾਟਕ ਤੇ ਮਹਾਰਾਸ਼ਟਰ ਵਿਚ ਦੋ ਲੇਖਕਾਂ ਦੀ ਕੱਟਰਵਾਦੀਆਂ ਵਲੋਂ ਹੱਤਿਆ ਤੇ ਦਾਦਰੀ ਵਿਚ ਇਕ ਮੁਸਲਮਾਨ ਦੀ ਕੁੱਟ ਕੁੱਟ ਕੇ ਮਾਰਨ ਦੀ ਦੁੱਖਦਾਈ ਘਟਨਾ ਅਤੇ ਵੱਧ ਰਹੀ ਅਸਹਿਣਸ਼ੀਲਤਾ ਦੇ ਰੋਸ ਵਿਚ ਸਾਹਿਤਕਾਰਾਂ ਵਲੋਂ ਸਾਹਿਤ ਅਕਾਡਮੀ ਨੂੰ ਆਪਣੇ ਸਨਮਾਨ ਵਾਪਸ ਕਰਨ ਦਾ ਇਕ ਸਿਲਸਿਲਾ ਚਲਿਆ।ਇਸ ਦੇਸ਼ ਵਿਆਪੀ ਰੋਸ ਵਿਚ ਫਿਰ ਫਿਲਮੀ ਜਗਤ ਦੀਆਂ ਕਈ ਪ੍ਰਮੁਖ ਹਸਤੀਆਂ ਵੀ ਸ਼ਾਮਿਲ ਹੋ ਗਈਆਂ ਅਤੇ ਇਸ ਉਪਰੰਤ ਇਤਿਹਾਸਕਾਰ ਤੇ ਵਗਿਆਨੀ ਵੀ ਆਪਣੇ ਸਨਮਾਨ ਮੋੜਨ ਲਗੇ। ਰਾਸ਼ਟ੍ਰਪਤੀ ਸ੍ਰੀ ਪ੍ਰਣਬ ਮੁਕਰਜੀ ਨੇ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਦੇਸ਼ ਵਿਚ ਵੱਧ ਰਹੀ ਅਸਹਿਣਸ਼ੀਲਤਾ ਤੇ ਤਿੰਨ ਵਾਰੀ ਚਿੰਤਾ ਪ੍ਰਗਟਾਈ।

ਉਨ੍ਹਾਂ ਕਿਹਾ ਕਿ ਭਾਰਤ ਭਿੰਨ ਭਿੰਨ ਧਰਮਾਂ,ਭਾਸ਼ਾਵਾਂ ਤੇ ਸਭਿਅਤਾਵਾ ਵਾਲਾ ਦੇਸ਼ ਹੈ।ਸਦੀਆਂ ਤੋਂ  ਸਾਰੇ ਲੋਕ ਰਲ ਮਿਲ ਕੇ ਇਕ ਸਾਂਝੇ ਭਾਈਚਾਰੇ ਵਾਂਗ ਰਹਿੰਦੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਹਰ ਕੀਮਤ ਤੇ ਦੇਸ਼ ਦੀ ਇਸ ਵਿਵਿਦਤਾ ਦੀ ਰੱਖਿਆ ਕਰਨੀ ਚਾਹੀਦੀ ਹੈ।

ਉਪਰੋਕਤ ਸਾਰੇ ਸਾਹਿਤਕਾਰਾਂ,ਫਿਲਮੀ ਜਗਤ ਨਾਲ ਜੁੜੇ ਕਲਾਕਾਰਾਂ, ਇਤਿਹਾਸਕਾਰਾਂ ਤੇ ਵਗਿਆਨਕਾਂ ਨੇ ਦੇਸ਼ ਦੀ ਇਕ ਦੁੱਖਦੀ ਰੱਗ ਤੇ ਹੱਥ ਰਖਿਆ ਅਤੇ ਸਹੀ ਕਦਮ ਉਠਾਇਆ ਹੈ,ਜਿਸ ਦੀ ਅਮਨ ਪਸੰਦ ਲੋਕਾਂ ਨੇ ਸ਼ਲਾਘਾ ਕੀਤੀ ਹੈ ਅਤੇ ਲੇਖਕਾਂ ਦੀ ਅੰਤਰ-ਰਾਸ਼ਟ੍ਰੀ ਸੰਸਥਾ ‘ਪੈਨ ਇੰਟਨੈਸ਼ਨਲ” ਨੇ ਪ੍ਰੋੜਤਾ ਕੀਤੀ ਹੈ।ਦੇਸ਼ ਦੇ ਰਾਸ਼ਟ੍ਰਪਤੀ ਨੇ ਵੀ ਚਿੰਤਾ ਪ੍ਰਗਟਾਈ ਹੈ। ਪਰ ਇਹ ਵੀ ਇਕ ਹਕੀਕਤ ਹੈ ਕਿ ਕਿਸੇ ਵੀ ਸਾਹਿਤਕਾਰ ਜਾਂ ਬੁਧੀਜੀਵੀ ਨੇ ਨਵੰਬਰ 1984 ਵਿਚ ਸਿੱਖਾਂ ਦੇ ਕਤਲੇਆਮ ਬਾਰੇ ਨਾ ਆਵਾਜ਼ ਉਠਾਈ, ਨਾ ਰੋਸ ਪਰਗਟ ਕੀਤਾ ਤੇ ਨਾ ਹੀ ਕੋਈ ਸਾਹਿਤ ਰੱਚਿਆ।

ਕਿਹਾ ਜਾਂਦਾ ਹੈ ਕਿ ਸਾਹਿਤਕਾਰਾਂ ਵਲੋਂ ਰਚਿਆ ਸਾਹਿਤ ਸਮਕਾਲੀ ਸਮਾਜ ਦੀ ਜ਼ਿੰਦਗੀ ਦਾ ਸ਼ੀਸ਼ਾ ਹੁੰਦਾ ਹੈ।ਸਾਹਿਤਕਾਰ  ਸਮਕਾਲੀ ਸਮਾਜ ਵਿਚ ਜੋ ਕੁਝ ਦੇਖਦਾ ਹੈ, ਵਿਸ਼ੇਸ਼ ਕਰ ਸੰਵਦੇਨਸ਼ੀਲ ਘਟਨਾਵਾਂ ਨੂੰ ਆਪਣੀਆਂ ਰਚਨਾਵਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਪੇਸ਼ ਕਰਦਾ ਹੈ। ਬਾਹਰੋਂ ਆਏ ਸੈਲਾਨੀ ਵੀ ਆਪਣੇ ਸਫ਼ਰਨਾਮਿਆਂ ਵਿਚ ਦੇਖੇ ਗਏ ਇਲਾਕਿਆ ਦੇ ਜਨ ਜੀਵਨ ਬਾਰੇ ਬਹੁਤ ਜਾਣਕਾਰੀ ਦੇ ਦਿੰਦੇ ਹਨ। ਇਹ ਲਿਖਤਾਂ ਤੋਂ ਉਸ ਸਮੇਂ ਦੇ ਸਮਾਜ ਬਾਰੇ  ਪਤਾ ਲਗ ਜਾਂਦਾ ਹੈ, ਇਹ ਅਕਸਰ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਹਨ।

ਪੇਸ਼ਾਵਰ ਪੱਤਰਕਾਰ ਵੀ ਆਪਣੀਆ ਰੀਪੋਰਟਾਂ ਵਿਚ ਹਰ ਰੋਜ਼ ਵਾਪਰ ਰਹੀਆਂ ਰਾਜਨੀਤਕ, ਧਾਰਮਿਕ, ਸਮਾਜਿਕ, ਸਭਿਆਚਾਰਕ, ਵਿਦਿਅਕ, ਆਰਥਿਕ ਆਦਿ ਖੇਤਰਾਂ ਬਾਰੇ ਸਰਗਰਮੀਆਂ ਦੀ ਰੀਪੋਰਟਿੰਗ ਕਰਦੇ ਹਨ।ਸਾਡੇ ਇਤਿਹਾਸ ਦੀ ਸੰਭਾਲ ਵਿਚ ਲੇਖਕਾਂ ਦੀਆਂ ਰਚਨਾਵਾਂ, ਸਫ਼ਰਨਾਮਿਆਂ, ਸਵੈ-ਜੀਵਨੀਆਂ ਤੇ ਪੱਤਰਕਾਰਾਂ ਦੀਆਂ  ਭੇਜੀਆਂ ਖ਼ਬਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਅਤੇ ਉਸ ਸਮੇਂ ਦੇ ਸਮਾਜ ਬਾਰੇ ਆਪਣੀ ਬਾਣੀ ਵਿਚ ਬਹੁਤ ਸੁਹਣੇ ਢੰਗ ਨਾਲ ਜ਼ਿਕਰ ਕੀਤਾ ਹੈ।

ਅਗਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਚੰਦਰੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ। ਇਸ  ਬਾਰੇ ਹਿੰਦੁਸਤਾਨ ਤੇ ਪਾਕਿਸਤਾਨ ਵਿਚ ਜਿਥੇ ਵਿਦਵਾਨਾਂ, ਇਤਿਹਾਸਕਾਰਾਂ ਤੇ ਪੱਤਰਕਾਰਾਂ ਨੇ ਅੰਗਰੇਜ਼ੀ, ਉਰਦੂ, ਹਿੰਦੀ ਤੇ ਪੰਜਾਬੀ ਵਿਚ ਬਹੁਤ ਕੁਝ ਲਿਖਿਆ ਹੈ, ਉਥੇ ਦੋਨੋ ਦੇਸ਼ਾਂ ਦੇ ਸਾਹਿਤਕਾਰਾਂ ਨੇ ਵੀ ਕਾਲਜੇ ਨੂੰ ਧੂਹ ਪਾ ਲੈਣ ਵਾਲਾ ਸਾਹਿਤ ਰਚਿਆ ਹੈ, ਜੋ ਉਨ੍ਹਾਂ ਕਾਲੇ ਦਿਨਾਂ ਦੀ ਤਸਵੀਰ ਪੇਸ਼ ਕਰਦਾ ਹੈ।

ਪੰਜਾਬ ਵਿਚ ਸਾਲ 1978 ਦੀ ਵਿਸਾਖੀ ਪਿਛੋਂ ਲਗਭਗ ਦੋ ਦਹਾਕੇ ਬਹੁਤ ਹੀ ਹਿਰਦੇਵੇਦਕ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਕਾਰਨ ਸੰਮੂਹ ਪੰਜਾਬੀਆਂ ਨੇ ਆਪਣੇ ਪਿੰਡੇ ‘ਤੇ ਇਕ ਸੰਤਾਪ ਹੰਢਾਇਆ ਹੈ। ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੇਤ ਹੋਇਆ ਫੌਜੀ ਹਮਲਾ ਵਿਸ਼ਵ ਭਰ ਦੇ ਸਿੱਖਾਂ ਲਈ ਵੀਹਵੀਂ ਸਦੀ ਵਿਚ ਸਭ ਤੋਂ ਵੱਡਾ ਦੁਖਾਂਤ ਹੈ। ਨਵੰਬਰ 84 ‘ਚ ਸਿੱਖਾਂ ਦੇ ਕਤਲੇਆਮ ਨੇ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰਸ਼ਾਹ ਦੇ ਹਮਲੇ ਤੇ ਕਤਲੇਆਮ ਅਤੇ ਉਸ ਸਮੇਂ ਵਾਪਰੇ ਛੋਟੇ ਤੇ ਵੱਡੇ ਘਲੂਘਾਰਿਆਂ ਦੀ ਯਾਦ ਤਾਜ਼ਾ ਕਰਵਾ ਦਿਤੀ।ਇਹ ਸਾਰੀਆਂ ਘਟਨਾਵਾਂ ਆਜ਼ਾਦ ਭਾਰਤ ਦੇ ਇਤਿਹਾਸ ਦਾ ਇਕ ਕਾਲਾ ਅਧਿਆਏ ਹਨ। ਇਹ ਅਫਸੋਸ ਦੀ ਗਲ ਹੈ ਕਿ ਸਾਹਿਤਕਾਰਾਂ ਵਲੋਂ ਇਨ੍ਹਾਂ ਕਾਲੇ ਦਿਨਾਂ ਬਾਰੇ ਬਹੁਤ ਘਟ ਸਾਹਿਤ ਰਚਿਆ ਗਿਆ ਹੈ।ਫੌਜੀ ਹਮਲੇ ਬਾਰੇ ਤਾਂ ਪੰਜਾਬੀ ਤੇ ਅੰਗਰੇਜ਼ੀ ਦੇ ਕਈ ਲੇਖਕਾਂ ਤੇ ਪੱਤਰਕਾਰਾਂ ਨੇ ਸਾਹਿਤ ਰਚਿਆ ਹੈ, ਫੌਜੀ ਹਮਲੇ ਦੇ ਰੋਸ ਵਜੋਂ ਪ੍ਰਸਿੱਧ ਕਾਲਮਨਵੀਸ ਖੁਸ਼ਵੰਤ ਸਿੰਘ, ਸੰਪਾਦਕ ਡਾ.ਸਾਧੂ ਸਿੰਘ ਹਮਦਰਦ, ਨਾਮਵਰ ਇਤਿਹਾਸਕਾਰ ਡਾ. ਗੰਡਾ ਸਿੰਘ ਤੇ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਨੇ ਆਪਣੇ ਪਦਮ ਸ੍ਰੀ ਵਰਗੇ ਸਨਮਾਨ ਸਰਕਾਰ ਨੂੰ ਵਾਪਸ ਕੀਤੇ ਸਨ। ਸ੍ਰੀ ਖੁਸ਼ਵੰਤ ਸਿੰਘ ਦੀ ਕਾਂਗਰਸੀ ਲੀਡਰਾਂ ਤੇ ਮੰਤਰੀਆਂ ਵਲੋਂ ਉਸੇ ਤਰ੍ਹਾਂ ਕਰੜੀ ਨੁਕਤਾਚੀਨੀ ਹੋਈ ਸੀ, ਜਿਸ ਤਰ੍ਹਾਂ ਅੱਜ ਕਲ ਭਾਜਪਾ ਨੇਤਾ ਤੇ ਅਰੁਨ  ਜੇਤਲੀ ਸਮੇਤ ਕਈ ਮੰਤਰੀ ਕਰ ਰਹੇ ਹਨ।

ਪਰ ਨਵੰਬਰ 84 ਦੇ ਕਤਲੇਆਮ ਬਾਰੇ ਸਾਹਿਤ ਨਾਂ-ਮਾਤਰ ਹੀ ਮਿਲਦਾ ਹੈ। ਦਿੱਲੀ ਸਥਿਤ  ਕਈ ਪੇਸ਼ਾਵਰ ਪੱਤਰਕਾਰਾਂ ਨੇ ਬੜੀ ਦਲੇਰੀ ਨਾਲ ਇਨ੍ਹਾਂ ਘਟਨਾਵਾਂ ਤੇ ਉਨ੍ਹਾਂ ਦੇ ਪਿਛੋਕੜ ਬਾਰੇ ਖ਼ਬਰਾਂ ਤੇ ਵਿਸ਼ੇਸ਼ ਰੀਪੋਰਟਾਂ ਤਿਆਰ ਕਰਕੇ ਆਪਣੇ ਅਖ਼ਬਾਰਾਂ ਨੂੰ ਭੇਜੀਆਂ, ਜੋ ਹੁਣ ਇੋਿਤਹਾਸ ਦਾ ਹਿੱਸਾ ਬਣ ਚੁਕੀਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ  ਅੰਗਰੇਜ਼ੀ ਤੇ ਹਿੰਦੀ ਸਮੇਤ ਲਗਭਗ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸਾਹਿਤਕਾਰ ਰਹਿੰਦੇ ਹਨ, ਇਨ੍ਹਾਂ ਦਿਲ ਹਿਲਾਊ ਘਟਨਾਵਾਂ ਬਾਰੇ ਪਤਾ ਨਹੀਂ ਕਿਉਂ ਖਾਮੋਸ਼ ਰਹੇ ਅਤੇ ਸ਼ੰਵੇਦਨਹੀਣ  ਹੋਏ। ਨਵੰਬਰ 84 ਦੇ ਕਤਲੇਆਮ ਬਾਰੇ ਵੀ ਬਹੁਤ ਥੋੜੇ ਪੱਤਰਕਾਰਾਂ ਨੇ ਸਾਰੀਆਂ ਘਟਨਾਵਾਂ ਬਾਰੇ ਨਿਰਪੱਖ ਤੇ ਖੋਜ ਭਰਪੂਰ ਰੀਪੋਰਟਾਂ ਤਿਆਰ ਕੀਤੀਆਂ ਸਨ।

ਭਾਵੇਂ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲੇ,  ਫੌਜ ਵਲੋਂ ਸਿੱਖਾਂ ਨਾਲ  ਕੀਤੀਆਂ ਗਈਆਂ ਜ਼ਿਆਦਤੀਆਂ ਤੇ ਜ਼ੁਲਮ ਤਸੱਦਦ ਬਾਰੇ ਸੱਚਾਈ ਦਬਾਉਣ ਲਈ ਪੰਜਾਬ ਵਿਚ ਕਰਫਿਊ ਸਮੇਤ  ਅਨੇਕਾਂ ਪਾਬੰਦੀਆਂ ਲਗਾਈਆਂ ਗਈਆਂ ਅਤੇ ਪ੍ਰੈਸ ਉਤੇ ਸੈਂਸਰਸ਼ਿਪ ਲਗਾ ਦਿਤੀ ਗਈ ਸੀ, ਫਿਰ ਵੀ ਇਸ ਬਾਰੇ ਬਹੁਤ ਕੁਝ ਲਿਖਿਆ ਜਾ ਚੁਕਾ ਹੈ। ਅੰਗਰੇਜ਼ੀ ਤੇ ਪੰਜਾਬੀ ਵਿਚ ਬਹੁਤ ਕਿਤਾਬਾਂ ਛਪ ਚੁਕੀਆਂ ਹਨ। ਹਰ ਪੁਸਤਕ ਨੇ ਇਸ ਦੁਖਾਂਤ ਦਾ ਕੋਈ ਨਾ ਕੋਈ ਪਹਿਲੂ ਉਜਾਗਰ ਕੀਤਾ ਹੈ, ਪਰ ਹਾਲੇ ਵੀ ਬਹੁਤ ਕੁਝ ਸਾਹਮਣੇ ਨਹੀਂ ਆਇਆ।ਬਹੁਤ ਕੁਝ ਛੁਪਾਇਆ ਗਿਆ ਹੈ।

ਸੱਭ ਤੋਂ ਮੁੱਖ ਮੁੱਦਾ ਤਾਂ ਇਹ ਹੈ ਕਿ ਸਾਲ 1984 ਦੀਆਂ ਹਿਰਦੇਵੇਦਕ ਘਟਨਾਵਾਂ ਦੇਖ ਕੇ ਦੇਸ਼ ਦੇ ਸਾਹਿਤਕਾਰ ਤੇ ਬੁਧੀਜੀਵੀ ਵਰਗ ਖਾਮੋਸ਼ ਕਿਉਂ ਰਿਹਾ? ਕੀ ਉਨ੍ਹਾਂ ਦੀ ਜ਼ੰਮੀਰ ਮਰ ਗਈ ਸੀ  ਜਾਂ ਕੀ ਉਨ੍ਹਾਂ ਉਤੇ ਸੱਚਾਈ ਛੁਪਾਉਣ ਲਈ ਸਰਕਾਰ ਦਾ ਕੋਈ ਦਬਾਓ ਸੀ। ਇਤਿਹਾਸ ਇਸ ਦਾ ਜਵਾਬ ਮੰਗਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>