ਆਪਣੇ ਕਿਸੇ ਬਿਖੜੇ ਸਮੇਂ ਦੌਰਾਨ ਖਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਇਕੱਤਰ ਹੋ ਕੇ ਡੂੰਘਾ ਵਿਚਾਰ ਵਟਾਂਦਰਾ ਕਰਕੇ ਅਗਲੀ ਰਣਨੀਤੀ ਬਾਰੇ ਮਤਾ ਪਾਸ ਕਰਦਾ ਰਿਹਾ ਹੈ, ਜਿਸ ਨੂੰ ‘ਗੁਰਮਤਾ’ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ ਅਠਾਰਵੀ ਸਦੀ ਵਿਚ ਉਸ ਸਮੇਂ ਹੋਈ, ਜਦੋਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਸਮੇਂ ਦੇ ਮੁਗ਼ਲ ਹੁਕਮਰਾਨਾਂ ਵਲੋਂ ਜ਼ੁਲਮ ਤਸ਼ੱਦਦ ਦਾ ਇਕ ਦੌਰ ਸ਼ੁਰੂ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਆਪਣੀ ਹੋਂਦ ਬਚਾਉਣ ਲਈ ਉਹ ਜੰਗਲਾਂ, ਛੰਭਾ ਜਾਂ ਪਹਾੜਾਂ ਵਿਚ ਜਾ ਕੇ ਰਹਿਣ ਲਗੇ ਸਨ। ਉਸ ਸਮੇਂ ਵਿਸਾਖੀ ਅਤੇ ਦੀਵਾਲੀ ਦੇ ਅਵਸਰ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਇਕੱਤਰ ਹੋ ਕੇ ਖਾਲਸਾ-ਪੰਥ ਨੂੰ ਦਰਪੇਸ਼ ਉਸ ਸਮੇਂ ਦੇ ਹਾਲਾਤ ਬਾਰੇ ਵਿਚਾਰ ਵਿਰਾਂਦਰਾ ਕਰਕੇ ਅਗਲੀ ਰਣਨੀਤੀ ਬਾਰੇ ਫੈਸਲਾ ਕੇ ਸਰਬ ਸੰਮਤੀ ਨਾਲ ‘ਗੁਰਮਤਾ’ ਪਾਸ ਕਰਦੇ ਸਨ।ਇਸੇ ਦੌਰਾਨ ਸਿੱਖ ਮਿਸਲਾਂ ਹੋਂਦ ਵਿਚ ਆਈਆਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ‘ਸਰਬਤ ਖਾਲਸਾ’ ਸਮਾਗਮ ਹੋਣ ਦੀ ਪ੍ਰਿਤ ਪਿਛੇ ਪੈ ਗਈ।
ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਵਿਚ ‘ਸਰਬਤ ਖਾਲਸਾ’ ਸਮਾਗਮ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਪਰ ਨਾਮਵਰ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਆਪਣੇ ‘ਸਿੱਖ ਪੰਥ ਵਿਸਵ ਕੋਸ਼’ ਵਿਚ ਇਸ ਬਾਰੇ ਚਰਚਾ ਕੀਤੀ ਹੈ।ਉਹ ਲਿਖਦੇ ਹਨ, “ਸਿੱਖ ਇਤਿਹਾਸ ਅਨੁਸਾਰ ਸਰਬਤ ਖਾਲਸਾ ਦੀ ਇਕ ਮਹੱਤਵਪੂਰਨ ਇਕੱਤ੍ਰਤਾ ਸਨ 1723 ਈ. ਵਿਚ ਦੀਵਾਲੀ ਨੂੰ ਹੋਈ ਸੀ, ਜਿਸ ਵਿਚ ਭਾਈ ਮਨੀ ਸਿੰਘ ਨੇ ਤੱਤ ਖਾਲਸਾ ਅਤੇ ਬੰਦੱਈਆਂ ਵਿਚ ਉਠੇ ਖੜੋਤ ਵਿਵਾਦ ਦਾ ਸਮਾਧਾਨ ਕੀਤਾ ਸੀ।‘ਸਰਬਤ ਖਾਲਸਾ’ ਦਾ ਦੂਜਾ ਉਲੇਖਯੋਗ ਇਕੱਠ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਦ ਹੋਇਆ ਜਿਸ ਵਿਚ ਗੁਰਮਤੇ ਦੁਆਰਾ ਤਿੰਨ ਫੈਸਲੇ ਕੀਤੇ ਗਏ। ਇਕ ਸੀ ਮੁਗ਼ਲ ਸਰਕਾਰ ਦੇ ਸੂਹੀਆਂ ਜਾਂ ਖ਼ੁਫ਼ੀਆ ਏਜੰਟਾਂ ਨੂੰ ਖਤਮ ਕਰਨਾ।ਦੂਜਾ ਸੀ ਸਰਕਾਰੀ ਖਜ਼ਾਨਿਆਂ ਨੂੰ ਇੱਧਰ-ਉਧਰ ਲੈ ਜਾਣ ਸਮੇਂ ਲੁੱਟਣਾ ਅਤੇ ਤੀਜਾ ਸੀ ਸਰਕਾਰੀ ਅਸਲ੍ਹਾ-ਖਾਨਿਆ ਤੋਂ ਸ਼ਸ਼ਤ੍ਰਾਂ ਨੂੰ ਲੁਟਣਾ ਅਤੇ ਅਸੱਤਬਲਾਂ ਤੋਂ ਘੋੜਿਆਂ ਨੂੰ ਖਿਸਕਾਉਣਾ।‘ਸਰਬਤ ਖਾਲਸਾ’ ਦੀ ਤੀਜਾ ਜ਼ਿਕਰ ਕਰਨ ਯੋਗ ਇਕਤ੍ਰਤਾ ਸਨ 1733 ਈ. ਵਿਚ ਹੋਈ ਸੀ ਜਿਸ ਵਿਚ ਲਾਹੌਰ ਦੇ ਸੂਬੇ ਵਲੋਂ ਭੇਜੀ ਜਾਗੀਰ ਅਤੇ ਖ਼ਿਲਤ ਪ੍ਰਵਾਨ ਕੀਤੀ ਗਈ ਸੀ।
ਉਹ ਅਗੇ ਲਿਖਦੇ ਹਨ ਕਿ ‘ਸਰਬਤ ਖਾਲਸਾ’ ਦਾ ਅਧਿਕ ਮਹੱਤਵਪੂਰਣ ਇਕੱਠ 1748 ਈ. ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਹੋਇਆ। ਇਸ ਵਿਚ ਸਿਖ ਜੱਥਿਆਂ ਨੂੰ 11(12) ਮਿਸਲਾਂ ਵਿਚ ਵੰਡਿਆ ਗਿਆ। ਇਸ ਤੋਂ ਬਾਦ ਬਾਹਰਲੇ ਹਮਲੇ ਘੱਟਦੇ ਗਏ ਅਤੇ ਸਿਖ ਮਿਸਲਾਂ ਆਪਣੀਆਂ ਜਾਗੀਰਾਂ ਜਾਂ ਰਿਆਸਤਾਂ ਬਣਾ ਕੇ ਉਥੇ ਸਥਾਪਤ ਹੁੰਦੀਆਂ ਗਈਆਂ। ਇਲਾਕਿਆਂ ਦੀ ਖਿੱਚ ਧੂਹ ਨਾਲ ਮਿਸਲਾਂ ਵਿਚ ਪ੍ਰਸਪਰ ਪ੍ਰੇਮ ਦੀ ਥਾਂ ਵੈਰ ਵੱਧਣ ਲਗਾ ਅਤੇ ਸਰਬਤ ਖਾਲਸਾ ਦੀਆਂ ਇਕਤ੍ਰਤਾਵਾਂ ਵਿਚ ਸ਼ਾਮਿਲ ਹੋਣ ਦਾ ਰੁਝਾਣ ਘਟਦਾ ਗਿਆ।ਜਦੋਂ ਕਦੀ ਸਰਬਤ ਖਾਲਸਾ ਦੀ ਬੈਠਕ ਬੁਲਾਈ ਜਾਂਦੀ, ਉਸ ਵਿਚ ਵੀ ਮਿਸਲਾਂ ਦੇ ਸਰਦਾਰ ਜਾਂ ਮਿਸਲਦਾਰ ਜਾਂ ਉਨ੍ਹਾਂ ਦਾ ਪ੍ਰਤੀਨਿਧੀ ਸ਼ਾਮਿਲ ਹੁੰਦੇ।
”
ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਵਿਚਾਰ ਹੈ ਕਿ ਅਠਾਰਵੀ ਸਦੀ ਵਿਚ ਅਾਮ ਤੌਰ ਤੇ ‘ਸਰਬਤ ਖਾਲਸਾ’ ਦਾ ਇਕੱਠ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਵਿਚ ਸਾਲ ਵਿਚ ਕੇਵਲ ਦੋ ਵਾਰੀ ਹੁੰਦਾ ਸੀ।
ਪਰ ਉਨ੍ਹਾਂ ਬਿਖੜੇ ਸਮਿਆਂ ਵਿਚ ਕਈ ਵਾਰੀ ਸਿੰਘਾਂ ਨੇ ਕਿਸੇ ਗੁਪਤ ਥਾਂ ਤੇ ਬੈਠ ਕੇ ਵੀ ‘ਗੁਰਮਤਾ’ ਪਾਸ ਕਰਕੇ ਕੋਈ ਕਾਰਵਾਈ ਕਰਨੀ ਹੁੰਦੀ ਜਿਵੇਂ ਕਿ ਮੱਸੇ ਰੰਗੜ ਦਾ ਸਿਰ ਕਲਮ ਕਰਨ ਦਾ ਗੁਰਮਤਾ ਹਾਲਾਤ ਮੂਜਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਨਾ ਸੰਭਵ ਨਹੀਂ ਸੀ, ਇਹ ‘ਗੁਰਮਤਾ’ ਬੀਕਾਨੇਰ ਵਿਚ ਹੋਇਆ ਅਤੇ ਦੋ ਸਿੰਘਾ- ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਇਹ ਸੇਵਾ ਆਪਣੇ ਜ਼ਿਮੇ ਲਈ। ਹਾਂ, ਜਦੋਂ ਮੁਗ਼ਲ ਹਾਕਮਾਂ ਵਲੋਂ ਕੋਈ ਰੁਕਾਵਟ ਖੜੀ ਕੀਤੀ ਨਾ ਹੁੰਦੀ,ਤਾਂ ਸਰਬਤ ਖਾਲਸਾ ਸਮਾਗਮ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਹੀ ਹੁੰਦਾ।
ਨਾਮਵਰ ਕਾਲਮਨਵੀਸ ਖੁਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਮੁਗ਼ਲ਼ ਸਾਸ਼ਨ ਨੇ ਸਨ 1716 ਤੋਂ ਮਗਰੋਂ ਜਦੋਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਪਾਲਿਸੀ ਬਣਾ ਲਈ ਤਾਂ ਸਿੱਖਾਂ ਕੋਲ ਦੋ ਹੀ ਰਸਤੇ ਸਨ ਜਾਂ ਉਹ ਕੇਸ ਕਟਾ ਕੇ ਸਹਿਜਧਾਰੀਆਂ ਵਿਚ ਲੁਪਤ ਹੋ ਜਾਣ ਜਾਂ ਘਰ ਬਾਰ ਛੱਡ ਕੇ ਦੇਸ਼ ਅਤੇ ਕੌਮ ਲਈ ਖਾਲਸਈ ਰੂਪ ਵਿਚ ਸ਼ਹੀਦ ਹੋ ਜਾਣ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਪੂਰਤੀ ਲਈ ਖਾਲਸਾ ਸਰਕਾਰੀ ਜਬਰ ਵਿਰੁਧ ਜਥੇਬੰਦ ਹੋਣ ਲਗਾ। ਇਸ ਤਰ੍ਹਾਂ ਹੌਲੀ ਹੌਲੀ ਖਾਲਸਾ ਫੌਜ ਤਿਆਰ ਬਣਦੀ ਗਈ ਜਿਸ ਨੇ ਅਗਲੇ 50 ਸਾਲ ਮੁਗ਼ਲਾਂ ਨਾਲ ਤਕੜਾ ਲੋਹਾ ਲਿਆ। ਇਨ੍ਹਾਂ ਜੱਥਿਆਂ ਦੇ ਸੰਮੂਹ ਨੂੰ ‘ਸਰਬਤ ਖਾਲਸਾ” ਦਾ ਨਾਂ ਦਿਤਾ ਗਿਆ ਅਤੇ ਇਨ੍ਹਾਂ ਵਲੋਂ ਸਰਬ ਸੰਮਤੀ ਨਾਲ ਪਾਸ ਕੀਤੇ ਮਤਿਆਂ ਨੂ ‘ਗੁਰਮਤਾ’ ਕਿਹਾ ਜਾਣ ਲਗਾ ਜੋ ਸਮੁਚੇ ਪੰਥ ‘ਤੇ ਲਾਗੂ ਹੁੰਦਾ।
ਅਜੋਕੇ ਸਮੇਂ ਵਿਚ ਬਲਿਊ ਸਟਾਰ ਤੋਂ ਬਾਅਦ ‘ਸਰਬਤ ਖਾਲਸਾ’ ਸਮਾਗਮਾਂ ਦਾ ਇਕ ਦੌਰ ਸ਼ੁਰੂ ਹੋਇਆ ਸੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਹੋਏ ਫੌਜੀ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ, ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਆਸੇ ਪਾਸੇ ਕਈ ਇਮਾਰਤਾਂ ਨੂਂ ਬਹੁਤ ਜ਼ਿਆਦਾ ਨੁਕਸਾਨ ਪੁਜਾ ਸੀ।ਇੰਦਰਾ ਗਾਂਧੀ ਸਰਕਾਰ ਸ੍ਰੀ ਦਰਬਾਰ ਸਾਹਿਬ ਦੇ ਦੁਆਰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਣ ਤੋਂ ਪਹਿਲਾਂ ਇਸ ਦੀ ਲੋੜੀਂਦੀ ਮੁਰੰਮਤ ਕਰਵਾਉਣਾ ਚਾਹੁੰਦੀ ਸੀ।ਇਸ ਲਈ ਸਰਕਾਰ ਨੇ ਕੇਂਦਰੀ ਮੰਤਰੀ ਬੂਟਾ ਸਿੰਘ ਦੀ ਡਿਊਟੀ ਲਗਾਈ। ਉਸ ਨੇ ਪਹਿਲਾ ਕਾਰ ਸੇਵਾ ਲਈ ਬਾਬਾ ਖੜਕ ਸਿੰਘ ਤਕ ਪਹੁੰਚ ਕੀਤੀ, ਬਾਬਾ ਜੀ ਨੇ ਕਿਹਾ ਕਿ ਸੱਭ ਤੋਂ ਪਹਿਲਾ ਫੌਜ ਨੂੰ ਕੰਪਲੈਕਸ ਚੋਂ ਵਾਪਸ ਬੁਲਾਇਆ ਜਾਏ, ਜਿਸ ਲਈ ਉਹ ਨਾ ਮੰਨੇ।ਭਾਵੇਂ ਬੂਟਾ ਸਿੰਘ ਨੂੰ ਸਿੱਖ ਸਿਧਾਤਾਂ, ਮਰਯਾਦਾ ਤੇ ਪਰੰਪਰਾਵਾਂ ਦੀ ਪੂਰੀ ਜਾਣਕਾਰੀ ਸੀ,ਉਸ ਨੇ ਨਿਹੰਗ ਆਗੂ ਬਾਬਾ ਸੰਤਾ ਸਿੰਘ ਨੂ ਇਹ ਕਾਰ ਸੇਵਾ ਸੌਂਪ ਦਿਤੀ। ਸਿੰਘ ਸਾਹਿਬਾਨ ਨੇ ਬਾਬਾ ਸੰਤਾ ਸਿੰਘ ਨੂੰ ਪੰਥ ਚੋਂ ਛੇਕ ਦਿਤਾ।ਸਿੱਖਾਂ ਤੋਂ ਇਸ ਸਰਕਾਰੀ ਕਾਰ ਸੇਵਾ ਦੀ ਮਾਨਤਾ ਦਿਵਾਉਣ ਲਈ ਬੂਟਾ ਸਿੰਘ ਨੇ ‘ਸਰਬਤ ਖਾਲਸਾ’ ਸਮਾਗਮ ਕਰਨ ਦਾ ਪਰਪੰਚ ਰਚਿਆ। ਇਹ ਸਮਾਗਮ 11 ਅਗੱਸਤ 1984 ਨੂੰ ਸਿਟੀ ਸੈਂਟਰ ਤੇ ਬੁਰਜ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਖੁਲ੍ਹੇ ਮੈਦਾਨ ਵਿਚ ਆਯੋਜਿਤ ਕੀਤਾ, ਜਿਸ ਵਿਚ ਕਾਂਗਰਸੀ ਸਿੱਖ ਤੇ ਯੂ.ਪੀ. ਬਿਹਾਰ ਦੇ ਦਿਹਾੜੀਦਾਰ ਮਜ਼ਦੂਰ ਮੰਗਵਾਏ ਗਏ।ਬੂਟਾ ਸਿੰਘ ਖੁਦ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਤਤਕਾਲੀ ਜੱਥੇਦਾਰ ਬਾਬਾ ਮਾਨ ਸਿੰਘ ਨੂੰ ਲੈਕੇ ਆਏ,ਪਰ ਉਹ ਵੀ ਫਤਹਿ ਬੁਲਾ ਕੇ ਬੈਠੇ ਰਹੇ, ਕਈ ਭਾਸ਼ਣ ਨਹੀਂ ਦਿਤਾ।
ਸਿੰਘ ਸਾਹਿਬਾਨ ਨੇ ਫੌਜ ਤੋਂ ਸ੍ਰੀ ਦਰਬਾਰ ਸਾਹਿਬ ਦਾ ਕਬਜ਼ਾ ਲੈਣ ਲਈ ਦੋ ਸਤੰਬਰ 1984 ਨੂੰ ਗੁ. ਬਾਬਾ ਦੀਪ ਸਿੰਘ ਦੇ ਕੰਪਲੈਕਸ ਵਿਚ ‘ਸਰਬ ਸੰਸਾਰ ਸਿੱਖ ਧਰਮ ਸਮੇਲਨ’ ਬੁਲਾਇਆ,ਜਿਸ ਵਿਚ ਤਤਕਾਲੀ ਰਾਸ਼ਟਰਪਤੀ ਗਿ.ਜ਼ੈਲ ਸਿੰਘ ਤੇ ਬੂਟਾ ਸਿੰਘ ਨੂੰ ‘ਤਨਖਾਹੀਆ’ ਘੋਸ਼ਿਤ ਕੀਤਾ ਗਿਆ ਅਤੇ 29 ਸਤੰਬਰ ਤਕ ਸ੍ਰੀ ਦਰਬਾਰ ਸਾਹਿਬ ਦਾ ਕਬਜ਼ਾ ਲੈਣ ਲਈ ਨੋਟਿਸ ਦਿਤਾ ਗਿਆ, ਜੋ 29 ਸਤੰਬਰ ਵਲੇ ਦਿਨ ਮਿਲ ਗਿਆ।
ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜ. ਗੁਰਚਰਨ ਸਿੰਘ ਟੌਹੜਾ ਨੇ ਅਪਰੈਲ 1985 ਵਿਚ ਜੇਲ੍ਹ ਤੋਂ ਰਿਹਾਅ ਹੋ ਕੇ ਐਲਾਨ ਕੀਤਾ ਕਿ ਸਰਕਰੀ ਸੇਵਾ ਨਾਲ ਮੁਰੰਮਤ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾ ਨੂੰ ਪਰਵਾਨ ਨਹੀਂ ਇਹ ਢਾਹ ਕੇ ਇਸ ਦਾ ਨਵਨਿਰਮਾਣ ਕੀਤਾ ਜਾਏਗਾ। ਉਹ ਇਸਦੀ ਕਾਰ ਸੇਵਾ ਬਾਬਾ ਖੜਕ ਸਿੰਘ ਨੂੰ ਦੇਣਾ ਚਾਹੁੰਦੇ ਸਨ, ਪਰ ਖਾੜਕੂਆਂ ਨੇ ਦਬਾਓ ਪਾ ਕੇ ਬਾਬਾ ਠਾਕਰ ਸਿੰਘ (ਦਮਦਮੀ ਟਕਸਾਲ) ਲਈ ਹਥਿਆ ਲਈ। ਖਾੜਕੂ ਜੱਥੇਬੰਦੀਆਂ ਨੇ ਮਿਲ ਕੇ 26 ਜਨਵਰੀ 1986 ਨੂੰ ਸ੍ਰੀ ਅਕਲ ਤਖ਼ਤ ਸਾਹਿਬ ਵਿਖੇ ਸਰਬਤ ਖਾਲਸਾ ਸਮਾਗਮ ਬੁਲਾਇਆ, ਜਿਸ ਵਿਚ ਸ਼੍ਰੋਮਣੀ ਕਮੇਟੀ “ਭੰਗ” ਕਰਨ,ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿ.ਕ੍ਰਿਪਾਲ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿ. ਸਾਹਿਬ ਸਿੰਘ ਨੂੰ ‘ਬਰਖਾਸਤ” ਕਰਕੇ ਨਵੀਆਂ ਨਿਯੁਕਤੀਆਂ ਕਰਨ ਤੇ ਪੰਥਕ ਕਮੇਟੀ ਦੇ ਗਠਨ ਦਾ ਮਤਾ ਪਾਸ ਕੀਤਾ ਗਿਆ। ਇਸ ਦਾ ਮੋੜਵਾਂ ਜਵਾਬ ਦੇਣ ਲਈ ਜੱਥੇਦਾਰ ਅਕਾਲ ਤਖ਼ਤ ਸਾਹਿਬ ਨੇ 16 ਫਰਵਰੀ ਨੂੰ ‘ਸਰਬਤ ਖਾਲਸਾ’ ਸਮਾਗਮ ਬੁਲਾ ਲਿਆ। ਇਸੇ ਦੌਰਾਨ ਖਾੜਕੂਆਂ ਨੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਜਨਰਲ ਸਕੱਤਰ ਜ. ਉੰਕਾਰ ਸਿੰਘ ਮੱਤੇਨੰਗਲ ਦੇ ਪੁੱਤਰ ਸਤਿੰਦਰਪਾਲ ,ਸਾਬਕਾ ਅਕਾਲ਼ੀ ਵਿਧਾਇਕ ਹਰਬੰਸ ਸਿੰਘ ਘੁੰਮਨ ਦੇ ਪੁੱਤਰ ਜਤਿੰਦਰ ਸਿੰਘ ਤੇ ਮੈਂਬਰ ਸ਼੍ਰੋਮਣੀ ਕਮੇਟੀ ਦਲੀਪ ਸਿੰਘ ਦੀ ਹੱਤਿਆ ਕਰ ਦਿਤੀ ਗਈ। ਕਿਸੇ ਹਿੰਸਕ ਟਕਰਾਅ ਦੇ ਡਰੋਂ ਇਹ ਸਰਬਤ ਖਾਲਸਾ ਸਮਾਗਮ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਿਫ਼ਟ ਕੀਤਾ ਗਿਆ ਜਿਸ ਵਿਚ ਖਾੜਕੂਆਂ ਵੱਲੋਂ ਪਾਸ ਕੀਤੇ ਮਤਿਆਂ ਨੂੰ ਰੱਦ ਕੀਤਾ ਗਿਆ।
ਖਾੜਕੂਆਂ ਨੇ ਵਿਸਾਖੀ ਵਾਲੇ ਦਿਨ 13 ਅਪਰੈਲ 1986 ਨੂੰ ਇਕ ਹੋਰ ਸਰਬਤ ਖਾਲਸਾ ਸਮਾਗਮ ਬੁਲਾਇਆ। ਫਿਰ ਅਜਿਹੇ ਕਈ ਸਮਾਗਮਾਂ ਦਾ ਇੱਕ ਸਿਲਸਿਲਾ ਚਲਿਆ।