ਫਤਿਹਗੜ੍ਹ ਸਾਹਿਬ: ਅੱਜ ਇਥੇ ਚੁੰਗੀ ਨੰਬਰ 4 ਤੇ ਸ੍ਰੀ ਵਿਸ਼ਵਕਰਮਾ ਸਮਾਜ ਸਭਾ ਫਤਿਹਗੜ੍ਹ ਸਾਹਿਬ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਦਾ ਪੂਜਾ ਦਿਵਸ ਸੈਮੀਨਾਰ ਦੇ ਰੂਪ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਜਿਸ ਵਿੱਚ ਪੰਜਾਬ ’ਚ ਹੋਈਆਂ ਪਿਛਲੇ ਦਿਨੀ ਦੁਖਦਾਈ ਘਟਨਾਵਾਂ ਜਿਸ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਿਸ ਵੱਲੋਂ ਕੀਤੀ ਬੇਇਨਸਾਫ਼ੀ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕਰਦੇ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਕਾਮਨਾ ਕੀਤੀ ਗਈ। ਇਸ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਭਾ ਦੇ ਚੇਅਰਮੈਨ ਮਾਸਟਰ ਹਰਜੀਤ ਸਿੰਘ ਤਰਖਾਣ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ਵਕਰਮਾਂ ਵੰਸ਼ੀਆਂ ਨੂੰ ਬਣਦਾ ਸਨਮਾਨ ਦੇਵੇ ਕਿਉਂ ਕਿ ਸ਼ਿਲਪਕਲਾ ਦੇ ਮਾਲਕ ਭਗਵਾਨ ਵਿਸ਼ਵਕਰਮਾਂ ਜੀ ਦੇ ਵੰਸ਼ ਨੇ ਦੇਸ਼ ਤੇ ਸੂਬੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਅੱਜ ਦਾ ਅਧੁਨਿਕ ਯੁੱਗ ਭਗਵਾਨ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਵਿਸ਼ਵਕਰਮਾ ਵੰਸ਼ੀ ਜੋ ਕਿ ਕਿਰਤੀ ਲੋਕ ਹਨ ਦੇ ਸਦਕਾ ਹੀ ਵੱਡੇ ਉਦਯੋਗ ਅਤੇ ਇਮਾਰਤਾ ਦਾ ਨਿਰਮਾਣ ਹੋ ਰਿਹਾ ਹੈ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ’ਚ ਰੇਤ ਤੇ ਬਜਰੀ ਮਹਿੰਗੇ ਭਾਅ ਵੇਚ ਕੇ ਕਿਰਤੀਆਂ ਹੱਥੋਂ ਰੁਜਗਾਰ ਖੋਹਿਆ ਗਿਆ। ਉਨ੍ਹਾਂ ਕਿਹਾ ਪੰਜਾਬ ’ਚ ਲੱਖਾਂ ਦੇ ਕਰੀਬ ਕਿਰਤੀ, ਮਿਸਤਰੀ, ਮਜ਼ਦੂਰ ਅੱਜ ਵੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕੰਮ ਵਿਹੂਣੇ ਹਨ। ਇਸ ਮੌਕੇ ਗੁਰਮੁੱਖ ਸਿੰਘ ਬਦਰੀਧਾਮ ਸੀਨੀਅਰ ਮੀਤ ਪ੍ਰਧਾਨ, ਮਾਸਟਰ ਲਾਭ ਸਿੰਘ ਜਰਨਲ ਸਕੱਤਰ, ਰਾਜਵੰਤ ਸਿੰਘ ਰੁਪਾਲ ਜਥੇਬੰਦਕ ਸਕੱਤਰ, ਮੇਹਰ ਸਿੰਘ ਮਾਣਕੂੰ ਅਤੇ ਕਰਮ ਸਿੰਘ ਨੇ ਵੱਖ ਵੱਖ ਵਿਸ਼ਿਆ ਤੇ ਭਾਸ਼ਣ ਕਰਦੇ ਹੋਏ ਵਿਸ਼ਵਕਰਮੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾ ਬਾਰੇ ਜਾਣੂੰ ਕਰਾਇਆ ਅਤੇ ਇਸ ਦੇ ਹੱਲ ਲਈ ਉੱਦਮ ਕਰਨ ਲਈ ਕਿਹਾ। ਇਸ ਮੌਕੇ ਰਾਜਵਿੰਦਰ ਸਿੰਘ, ਮਾਸਟਰ ਰਾਮ ਸਿੰਘ ਸਾਨੀਪੁਰ ਵਾਈਸ ਚੇਅਰਮੈਨ, ਕੰਵਲ ਕ੍ਰਿਸ਼ਨ ਸੁਰਜ਼ਨ ਵਿੱਤ ਸਕੱਤਰ, ਜੱਗਾ ਸਿੰਘ ਚਨਾਰਥਲ ਸੀਨੀਅਰ ਮੀਤ ਪ੍ਰਧਾਨ, ਮਿਸਤਰੀ ਗੀਤਾ ਰਾਮ, ਗੁਰਜੰਟ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ ਸੱਲ, ਦਰਸ਼ਨ ਸਿੰਘ ਖੁਲਰ, ਬਬਲੂ ਆਦਿ ਨੇ ਵੀ ਆਪਣੇ ਵਿਚਾਰ ਰੱਖੇ।