ਫਤਿਹਗੜ੍ਹ ਸਾਹਿਬ – ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਭੋਗ ਉਪਰੰਤ ਸਮੁੱਚੇ ਸਿੱਖ ਪੰਥ ਵੱਲੋਂ ਜੋ ਮਤੇ ਰੀਲੀਜ਼ ਕੀਤੇ ਗਏ ਸਨ, ਉਹਨਾਂ ਮਤਿਆਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜੱਦੋ ਜਹਿਦ ਕੀਤੀ ਅਤੇ ਹੁਣ 15 ਨਵੰਬਰ ਨੂੰ ਬਾਦਲ ਦਲ ਦੇ ਲੀਡਰਾਂ, ਐਮਪੀ , ਐਮ. ਐਲ. ਏ. ਅਤੇ ਐਸਜੀਪੀਸੀ ਮੈਂਬਰਾਂ ਦੇ ਘਰਾਂ ਦੇ ਘਿਰਾਓ ਕਰਨ ਦੇ ਦਿੱਤੇ ਸੱਦੇ ਨੂੰ ਕਾਮਯਾਬ ਕਰਨਾ ਹਰ ਸੱਚੇ ਸਿੱਖ ਦਾ ਫਰਜ਼ ਬਣ ਜਾਂਦਾ ਹੈ। ਕਿਉਂ ਕਿ ਬਾਦਲ ਹਕੂਮਤ ਨੇ ਸਰਬੱਤ ਖਾਲਸਾ ਵੱਲੋਂ ਚੁਣੇ ਤਖ਼ਤਾਂ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਕਾਰਜਕਾਰਨੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤਖ਼ਤ ਦਮਦਮਾ ਸਾਹਿਬ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਪੰਥਕ ਲੀਡਰਾਂ ਨੂੰ ਵੱਖ ਵੱਖ ਜੇਲ੍ਹਾਂ ਵਿਚ ਬੰਦ ਕਰਕੇ ਸਿੱਖ ਕੌਮ ਨੂੰ ਜ਼ਲੀਲ ਕਰਨ ਦੇ ਕੋਝੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਜਬਰ ਜੁਲਮ ਅਤੇ ਪੁਲਿਸ ਦੀ ਧੱਕੇਸ਼ਾਹੀ ਦੇ ਖਿਲਾਫ਼ ਅਤੇ ਸਿੰਘ ਸਾਹਿਬਾਨਾਂ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਥੇ ਵੀ ਬਾਦਲ ਦਲ ਦੇ ਆਗੂ ਰੈਲੀ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀਆਂ ਜਨਤਕ ਥਾਵਾਂ ‘ਤੇ ਆਉਣ ਤਾਂ ਇਹਨਾਂ ਦਾ ਕਾਲੀਆਂ ਝੰਡੀਆਂ ਅਤੇ ਨਾਅਰੇ ਮਾਰ ਕੇ ਅਮਨ ਪਸੰਦ ਤਰੀਕੇ ਨਾਲ ਵਿਰੋਧ ਕੀਤਾ ਜਾਵੇ। ਕਿਉਂ ਕਿ ਸਰਬੱਤ ਖਾਲਸਾ ਸੰਮੇਲਨ ਵਿਚ ਵੱਡੀ ਗਿਣਤੀ ਵਿਚ ਸਿੱਖ ਕੌਮ ਨੇ ਸ਼ਮੂਲੀਅਤ ਕਰਕੇ ਬਾਦਲ ਦਲ, ਬੀਜੇਪੀ ਅਤੇ ਕਾਂਗਰਸ ਵਰਗੀਆਂ ਸਿੱਖ ਵਿਰੋਧੀ ਪਾਰਟੀਆਂ ਨੂੰ ਇਹ ਦੱਸ ਦਿੱਤਾ ਹੈ ਕਿ ਸਿੱਖ ਪੰਥ ਹਰ ਜੁਲਮ ਦਾ ਟਾਕਰਾ ਕਰਨ ਲਈ ਹਮੇਸ਼ਾਂ ਤਿਆਰ ਹੈ।
ਸ. ਮਾਨ ਨੇ ਅੱਗੇ ਕਿਹਾ ਕਿ ਬਾਦਲ ਦਲ ਨੇ ਸੈਂਟਰ ਦੀ ਮੋਦੀ ਹਕੂਮਤ ਦੇ ਇਸ਼ਾਰੇ ‘ਤੇ ਸਿੱਖ ਕੌਮ ‘ਤੇ ਜਰਬ ਸ਼ੁਰੂ ਕੀਤਾ ਹੋਇਆ ਹੈ। ਪਰ ਹੁਣ ਮੋਦੀ ਹਕੂਮਤ ਨੂੰ ਬਿਹਾਰ ਦੇ ਨਿਵਾਸੀਆਂ ਨੇ ਹੋਈਆਂ ਚੋਣਾਂ ਵਿਚ ਬੁਰੀ ਤਰ੍ਹਾਂ ਨਕਾਰ ਕੇ ਇਨਸਾਫ ਪਸੰਦ ਹਕੂਮਤ ਬਣਾਉਣ ਵਿਚ ਕਦਮ ਰੱਖੇ ਹਨ। ਮੋਦੀ ਹਕੂਮਤ ਦੀਆਂ ਜਿਆਦਤੀਆਂ ਦੇ ਖਿਲਾਫ਼ ਹੁਣ ਹਰ ਦੇਸ਼ ਨਿਵਾਸੀ ਉੱਠ ਖੜ੍ਹਾ ਹੋਇਆ ਹੈ। ਮੋਦੀ ਦੇ ਇੰਗਲੈਂਡ ਦੌਰੇ ਦੌਰਾਨ ਉਥੇ ਵੱਸਦੇ ਵਿਦੇਸ਼ੀ ਸਿੱਖਾਂ ਅਤੇ ਮੁਸਲਮਾਨਾਂ ਨੇ ਡੱਟ ਕੇ ਕਾਲੀਾਂ ਝੰਡੀਆਂ ਨਾਲ ਰੋਸ ਮੁਜਾਹਰੇ ਕਰਕੇ ਜਮਹੂਰੀਅਤ ਦਾ ਢਿੰਡੋਰਾ ਪਿੱਟਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘੱਟ ਗਿਣਤੀ ਕੌਮਾਂ ਦੇ ਕਾਤਲ ਦਾ ਅਸਲੀ ਚੇਹਰਾ ਨੰਗਾ ਕਰ ਦਿੱਤਾ ਹੈ। ਸ. ਮਾਨ ਨੇ ਕਿਹਾ ਕਿ ਭਾਰਤ ਨੂੰ ਸਿਕਿਉਰਿਟੀ ਕਾਉਂਸਿਲ ਦਾ ਮੈਂਬਰ ਨਾਮਜਦ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ, ਕਿਉਂ ਕਿ ਭਾਰਤ ਨੇ ਅਜੇ ਤੱਕ ਐਨ. ਪੀ. ਟੀ, ਸੀ. ਟੀ. ਬੀ. ਟੀ. ਉਤੇ ਦਸਤਖਤ ਨਹੀਂ ਕੀਤੇ ਹਨ। ਇਸ ਲਈ ਬਰਤਾਨੀਆਂ ਵੱਲੋਂ ਨਿਊਕਲੀਅਰ ਸਮਝੌਤਾ ਭਾਰਤ ਨਾਲ ਕਰਨਾ ਅੰਤਰਰਾਸ਼ਟਰੀ ਕਾਨੂੰਨਾਂ ਦੇ ਵਿਰੁੱਧ ਹੈ। ਉਹਨਾਂ ਅੱਗੇ ਕਿਹਾ ਕਿ ਬਾਦਲ-ਬੀਜੇਪੀ ਹਕੂਮਤ ਦੌਰਾਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਨਿਰੰਤਰ ਬੇਅਦਬੀ ਅੱਜ ਵੀ ਬਾ ਦਸਤੂਰ ਜਾਰੀ ਹੈ, ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਅਸਲ ਦੋਸ਼ੀ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਿਸ ਨਾਲ ਹਰ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਪ੍ਰਾਣੀ ਦਾ ਹਿਰਦਾ ਵਲੂੰਧਰਿਆ ਪਿਆ ਹੈ। ਸਿੱਖ ਕੌਮ ਜੇਕਰ ਅੱਜ ਇਸ ਗੱਲ ਦਾ ਵਿਰੋਧ ਕਰ ਰਹੀ ਹੈ, ਤਾਂ ਇਸ ਸੰਘਰਸ਼ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੀ ਡੱਟ ਕੇ ਸਾਥ ਦੇਣਾ ਚਾਹੀਦਾ ਹੈ। ਕਿਉਂ ਕਿ ਸਿੱਖ ਕੌਮ ਦੀ ਦੁਸ਼ਮਣੀ ਕਿਸੇ ਵੀ ਫਿਰਕੇ ਨਾਲ ਨਹੀਂ ਹੈ। ਉਹ ਤਾਂ ਸਿਰਫ ਇਨਸਾਫ ਚਾਹੁੰਦੀ ਹੈ।
ਸਰਬੱਤ ਖਾਲਸਾ ਵੱਲੋਂ ਲਏ ਗਏ ਅਹਿਮ ਫੈਸਲਿਆਂ ਉਤੇ ਸਮੂਹ ਸਿੱਖ ਸੰਗਤ ਪਹਿਰਾ ਦੇਵੇ : ਮਾਨ
This entry was posted in ਪੰਜਾਬ.