ਪੈਰਿਸ – ਇਸਲਾਮਿਕ ਸਟੇਟ ਸੇ ਅੱਤਵਾਦੀਆਂ ਵੱਲੋਂ ਪੈਰਿਸ ਵਿੱਚ ਕੀਤੇ ਗਏ ਬੰਬ ਧਮਾਕਿਆਂ ਤੋਂ ਬਾਅਦ ਤੈਸ਼ ਵਿੱਚ ਆਏ ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਵਿੱਚ ਇਸਲਾਮਿਕ ਸਟੇਟ ਦਾ ਗੜ੍ਹ ਮੰਨੇ ਜਾਣ ਵਾਲੇ ਰਕਾ ਸ਼ਹਿਰ ਤੇ ਹਵਾਈ ਹਮਲੇ ਕੀਤੇ ਹਨ। ਹਵਾਈ ਸੈਨਾ ਨੇ ਇਸ ਕਾਰਵਾਈ ਦੌਰਾਨ ਆਈਐਸ ਦੇ ਕਈ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਫਰਾਂਸ ਦੇ ਰੱਖਿਆ ਵਿਭਾਗ ਅਨੁਸਾਰ ਦੇਸ਼ ਦੇ 10 ਲੜਾਕੂ ਜਹਾਜ਼ਾਂ ਨੇ ਆਈਐਸ ਦੇ ਟਿਕਾਣਿਆਂ ਤੇ 20 ਦੇ ਕਰੀਬ ਬੰਬ ਸੁੱਟੇ ਹਨ। ਖਾਸ ਕਰਕੇ ਆਈਐਸ ਦੇ ਕਮਾਂਡ ਸੈਂਟਰ, ਇੱਕ ਗੋਲਾ ਬਾਰੂਦ ਦਾ ਡੀਪੂ ਅਤੇ ਦਹਿਸ਼ਤਗਰਦਾਂ ਦਾ ਅੱਡਾ ਵੀ ਸ਼ਾਮਿਲ ਹੈ। ਫਰਾਂਸ ਦੇ ਰਾਸ਼ਟਰਪਤੀ ਓਲਾਂਦ ਨੇ ਸ਼ੁਕਰਵਾਰ ਨੂੰ ਪੈਰਿਸ ਵਿੱਚ ਹੋਏ ਹਮਲਿਆਂ ਨੂੰ ਆਈਐਸ ਵੱਲੋਂ ਯੁੱਧ ਦਾ ਐਲਾਨ ਕਰਨ ਵਾਲਾ ਕਦਮ ਦੱਸਦੇ ਹੋਏ ਇਸਲਾਮਿਕ ਸਟੇਟ ਤੋਂ ਬਦਲਾ ਲੈਣ ਦੀ ਗੱਲ ਕੀਤੀ ਸੀ। ਆਈਐਸ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ, ਜਦੋਂ ਕਿ ਪੂਰੇ ਵਿਸ਼ਵ ਨੇ ਇਨ੍ਹਾਂ ਹਮਲਿਆਂ ਦੀ ਪੁਰਜੋਰ ਨਿੰਦਿਆ ਕੀਤੀ ਹੈ।