ਨਵੀਂ ਦਿੱਲੀ : ਪੰਜਾਬ ਵਿੱਚ ਅਮਨ-ਭਾਈਚਾਰੇ ਨੂੰ ਖਤਮ ਕਰਨ ਦੀ ਸਾਜਿਸ਼ ਰਚਣ ਦਾ ਇਲਜ਼ਾਮ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਲਗਾਇਆ ਹੈ । ਦਲ ਦੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਸਾਬਕਾ ਨਿਗਮ ਪਾਰਸ਼ਦ ਕੈਪਟਨ ਇੰਦਰਪ੍ਰੀਤ ਸਿੰਘ ਅਤੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਨੇ ਅੱਜ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਹੋਰਨਾਂ ਆਗੂਆਂ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ।
ਸਿਰਸਾ ਨੇ ਕੇਜਰੀਵਾਲ ਤੇ ਕਾਂਗਰਸ ਦੇ ਨਾਲ ਮਿਲਕੇ ਖੂਨ ਦੀ ਹੋਲੀ ਪੰਜਾਬ ’ਚ ਖੇਡਣ ਦਾ ਇਲਜ਼ਾਮ ਲਗਾਉਂਦੇ ਹੋਏ ਵਿਵਾਦਿਤ ਸਰਬਤ ਖਾਲਸਾ ਵਿੱਚ ਪਾਸ ਹੋਏ ਕਥਿਤ ਮੱਤਿਆਂ ਵਿੱਚ ਖਾਲਿਸਤਾਨ ਦਾ ਸਮਰਥਨ ਅਤੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਨਿਯੁਕਤ ਕਰਨਾ ਆਦਿ ਮੱਤਿਆ ਤੇ ਕੇਜਰੀਵਾਲ ਦੀ ਚੁੱਪੀ ਤੇ ਸਵਾਲ ਵੀ ਖੜੇ ਕੀਤੇ। ਸਿਰਸਾ ਨੇ ਕਿਹਾ ਕਿ ਬੀਤੇ ਦਿਨੀਂ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਬਾਅਦ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਪੁਲਿਸ ਦੀ ਗੋਲੀ ਤੋਂ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਮੌਤ ਤੇ ਰਾਜਨੀਤੀ ਕਰਨ ਨੂੰ ਕੇਜਰੀਵਾਲ ਪੰਜਾਬ ਪਹੁੰਚ ਜਾਉਂਦੇ ਹਨ ਪਰ ਨੌਜਵਾਨਾਂ ਦੇ ਅਰਦਾਸ ਸਮਾਗਮ ਵਿੱਚ ਆਪਣੇ ਆਗੂ ਅਤੇ ਪੰਜਾਬ ਵਿੱਚ ਕਥਿਤ ਨਸ਼ਿਆਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਪੋਸਟਰ ਬੁਵਾਏ ਭਗਵੰਤ ਮਾਨ ਵੱਲੋਂ ਸ਼ਰਾਬ ਪੀਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪਹੁੰਚ ਜਾਉਂਣ ਤੇ ਚੁੱਪੀ ਧਾਰਨ ਕਰ ਲੈਂਦੇ ਹਨ।
ਸਿਰਸਾ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਦੀ ਹਰਕੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੈ ”। ਸਿਰਸਾ ਨੇ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਸ਼ਾ ਛਡਾਉਣ ਲਈ ਉਸਨੂੰ ਦਿੱਲੀ ਦੇ ਇੱਕ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਵਾਉਣ ਦਾ ਖੁਲਾਸਾ ਵੀ ਕੀਤਾ। ਸਿਰਸਾ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਤਾਂ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਫੋਨ ਦੀ ਵਾਇਰਲ ਹੋਈ ਗੱਲਬਾਤ ਵਿੱਚ ਪ੍ਰਮਾਣਿਤ ਹੋ ਚੁੱਕੀ ਹੈ ਪਰ ਪਰਦੇ ਦੀ ਆੜ ਵਿੱਚ ਆਪ ਵਿਧਾਇਕ ਜਰਨੈਲ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਵਿਦੇਸ਼ੀ ਧਰਤੀ ਤੇ ਖਾਲਿਸਤਾਨ ਦੀ ਮੁਹਿੰਮ ਦੇ ਸਮਰਥਨ ਵਿੱਚ ਭਾਸ਼ਣ ਦੇਣ ਦੀਆਂ ਵੀਡੀਓ ਯੂ-ਟਿਊਬ ਤੇ ਚਰਚਾ ਵਿੱਚ ਰਹੀ ਹੈ। ਹੁਣ ਫਿਰ ਤੋਂ ਅਮਰੀਕਾ ਵਿੱਚ ਯੂਬਾ ਸਿਟੀ ਪਰੇਡ ਦੇ ਦੌਰਾਨ 2020 ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਹੋਣ ਵਾਲੇ ਰੈਫਰੈਂਡਮ ਦੇ ਸਮਰਥਨ ਵਿੱਚ ਸਥਾਨਕ ਆਪ ਆਗੂਆਂ ਦੇ ਨਾਲ ਸ਼ਾਮਿਲ ਹੋ ਕੇ ਆਏ ਹਨ।
ਸਿਰਸਾ ਨੇ ਕਿਹਾ ਕਿ ਦੇਸ਼ ਤੋਂ ਬਾਹਰ ਜਰਨੈਲ ਸਿੰਘ ਖਾਲਿਸਤਾਨ ਦੀ ਖੁੱਲਕੇ ਹਿਮਾਇਤ ਕਰਦੇ ਹਨ ਪਰ ਦੇਸ਼ ਵਿੱਚ ਵਿਧਾਇਕ ਦੇ ਰੂਪ ਵਿੱਚ ਸਹੁੰ ਲੈ ਕੇ ਸੰਵਿਧਾਨ ਨੂੰ ਅਖੰਡਤ ਰੱਖਣ ਦਾ ਢੌਂਗ ਕਰਦੇ ਹਨ। ਕੇਜਰੀਵਾਲ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਦੀ ਅਪੀਲ ਕਰਦੇ ਹੋਏ ਸਿਰਸਾ ਨੇ ਦਿੱਲੀ ਦੇ 2013 ਵਿਧਾਨਸਭਾ ਚੋਣਾਂ ਦੀ ਤਰਜ਼ ਅਤੇ ਬਿਹਾਰ ’ਚ ਨਿਤਿਸ਼ ਕੁਮਾਰ ਦੀ ਆੜ ’ਚ ਕਾਂਗਰਸ ਨੂੰ ਸਮਰਥਨ ਲੈਣ ਦੇਣ ਦੀ ਕੇਜਰੀਵਾਲ ਦੀ ਨੀਤੀ ਦੇ ਤਹਿਤ ਪੰਜਾਬ ’ਚ 2017 ਦੇ ਵਿਧਾਨਸਭਾ ਚੋਣਾਂ ਤੋਂ ਬਾਅਦ ਆਪ ਅਤੇ ਕਾਂਗਰਸ ਵੱਲੋਂ ਮਿਲ ਕੇ ਸਰਕਾਰ ਬਣਾਉਣ ਦਾ ਮਨਸੂਬਾ ਪਾਲਣ ਦਾ ਵੀ ਦੋਸ਼ ਲਗਾਇਆ ਹੈ।
ਆਪ ਤੋਂ ਸਰਗ੍ਰਮ ਰਾਜਨੀਤੀ ਤੋਂ ਅਸਤੀਫਾ ਦੇਣ ਦੇ ਬਾਵਜੂਦ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੁਆਰਾ 14 ਨਵੰਬਰ ਨੂੰ ਬਠਿੰਡਾ ਵਿੱਚ ਆਪ ਦੇ ਬੈਨਰ ਤਲੇ 1984 ਸਿੱਖ ਕਤਲੇਆਮ ਪੀੜਤਾਂ ਦੇ ਸਮਰਥਨ ਵਿੱਚ ਕੱਢੀ ਗਈ ਸਾਈਕਿਲ ਰੈਲੀ ਦੇ ਔਚਿਤਿਅ ਉੱਤੇ ਸਵਾਲ ਖੜੇ ਕਰਦੇ ਹੋਏ ਕਾਲਕਾ ਨੇ ਫੂਲਕਾ ਨੂੰ ਗੁਮਰਾਹਪੂਰਣ ਵਿਵਹਾਰ ਦਾ ਆਦੀ ਵੀ ਦੱਸਿਆ । ਕਾਲਕਾ ਨੇ ਸਵਾਲ ਕੀਤਾ ਕਿ ਬਠਿੰਡਾ ਵਿੱਚ 1984 ਵਿੱਚ ਕਿਹੜਾ ਕਤਲੇਆਮ ਹੋਇਆ ਸੀ ”;ਕਾਲਕਾ ਨੇ ਕਿਹਾ ਕਿ ਜੇਕਰ ਫੂਲਕਾ ਨੂੰ ਹਕੀਕਤ ’ਚ ਪੀੜਤਾਂ ਨੂੰ ਯਾਦ ਕਰਨਾ ਸੀ ਤਾਂ ਉਨ੍ਹਾਂ ਨੂੰ ਆਪਣੀ ਸਾਈਕਿਲ ਰੈਲੀ ਨੂੰ ਕੱਢਣ ਲਈ ਦਿੱਲੀ, ਕਾਨਪੁਰ, ਬੋਕਾਰੋ ਅਤੇ ਰਾਊਰਕੇਲਾ ਵਿੱਚ ਜਾਣਾ ਚਾਹੀਦਾ ਸੀ ਜਿੱਥੇ ਸਭ ਤੋਂ ਜਿਆਦਾ ਸਿੱਖਾਂ ਦਾ ਕਤਲੇਆਮ ਹੋਇਆ ਸੀ । ਕਾਲਕਾ ਨੇ ਆਮ ਆਦਮੀ ਪਾਰਟੀ ਤੇ ਖਾਲਿਸਤਾਨ ਦੀ ਮੁਹਿੰਮ ਨੂੰ ਅੰਦਰਖਾਤੇ ਸਮਰਥਨ ਦੇਣ ਦੇ ਨਾਲ ਹੀ ਸਿੱਖਾਂ ਦੀ ਸਰਬਉੱਚ ਤਾਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੱਧਾਂਤ ਨੂੰ ਕਮਜੋਰ ਕਰਨ ਲਈ ਵਿਦੇਸ਼ੀ ਫਡਿੰਗ ਰਾਹੀਂ ਦੇਸ਼ ਵਿਰੋਧੀ ਤਾਕਤਾਂ ਨੂੰ ਮਜਬੂਤ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ। ਕਾਲਕਾ ਨੇ ਆਪ ਆਗੂਆਂ ਤੇ ਧਰਮ ਦੇ ਨਾਂ ਤੇ ਪ੍ਰੋਗਰਾਮ ਆਯੋਜਿਤ ਕਰਨ ਦੀ ਆੜ ’ਚ ਆਪਣਾ ਘਰ ਭਰਨ ਦਾ ਵੀ ਦੋਸ਼ ਲਗਾਇਆ।