ਫ਼ਤਹਿਗੜ੍ਹ ਸਾਹਿਬ – “10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ-ਤਰਨਤਾਰਨ ਰੋਡ) ਵਿਖੇ ਸਿੱਖ ਕੌਮ ਵੱਲੋਂ ਹੋਏ ਸਰਬੱਤ ਖ਼ਾਲਸਾ ਵਿਚ ਆਪਣੀ ਇੱਛਾ ਅਤੇ ਆਪੋ-ਆਪਣੇ ਸਾਧਨਾਂ ਨਾਲ ਪਹੁੰਚਣ ਵਾਲੇ ਗੁਰਸਿੱਖਾਂ ਨੂੰ ਰੋਕਣ ਲਈ ਪੰਜਾਬ ਦੀ ਬਾਦਲ ਹਕੂਮਤ ਵੱਲੋਂ ਹਰ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗਾਂ ਦੀ ਵਰਤੋਂ ਕਰਦੇ ਹੋਏ ਦਹਿਸ਼ਤ ਪਾਉਣ ਦੀ ਸੋਚ ਅਧੀਨ ਕੇਵਲ ਸਮੁੱਚੇ ਪੰਜਾਬ ਦੇ ਜਿ਼ਲ੍ਹਿਆਂ ਵਿਚ ਪੁਲਿਸ ਨਾਕੇ ਹੀ ਨਹੀਂ ਲਗਾਏ ਗਏ, ਬਲਕਿ ਅੰਮ੍ਰਿਤਸਰ ਜਿ਼ਲ੍ਹੇ ਨੂੰ ਪੁਲਿਸ ਛਾਉਣੀ ਵਿਚ ਬਦਲਕੇ, ਪੰਜਾਬ ਦੇ ਸਮੁੱਚੇ ਡੀ.ਟੀ.ਓਜ਼ ਨੂੰ ਜੁਬਾਨੀ ਹਦਾਇਤਾ ਵੀ ਕੀਤੀਆਂ ਗਈਆਂ ਸਨ ਕਿ ਕਿਸੇ ਵੀ ਪ੍ਰਾਈਵੇਟ ਵਹੀਕਲਜ਼ ਨੂੰ ਅੰਮ੍ਰਿਤਸਰ ਜਾਣ ਦਾ ਪਰਮਿਟ ਨਾ ਦਿੱਤਾ ਜਾਵੇ । ਇਸ ਤੋ ਇਲਾਵਾ ਟੀ.ਵੀ. ਚੈਨਲਾਂ, ਰੇਡੀਓ ਅਤੇ ਅਖ਼ਬਾਰਾਂ ਵਿਚ ਸਰਬੱਤ ਖ਼ਾਲਸੇ ਦੇ ਰੱਦ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਬਾਵਜੂਦ ਵੀ ਕੋਈ 5-6 ਲੱਖ ਦੇ ਕਰੀਬ ਸਿੱਖਾਂ, ਪੰਜਾਬੀਆਂ, ਮੁਸਲਮਾਨਾਂ, ਹਿੰਦੂਆਂ ਦੇ ਪਹੁੰਚ ਜਾਣ ਦੇ ਅਮਲ ਸਪੱਸਟ ਕਰਦੇ ਹਨ ਕਿ ਸਿੱਖ ਕੌਮ ਅਤੇ ਪੰਜਾਬੀਆਂ ਨੇ ਬਾਦਲਾਂ ਦੇ ਤਾਨਾਸ਼ਾਹੀ ਧਾਰਮਿਕ ਨਿਜ਼ਾਮ ਨੂੰ ਤਾਂ ਪੂਰਨ ਰੂਪ ਵਿਚ ਰੱਦ ਕਰ ਹੀ ਦਿੱਤਾ ਹੈ, ਬਲਕਿ ਸਿਆਸੀ ਨਿਜਾਮ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ । ਤਾਂ ਹੁਣ ਇਹਨਾਂ ਨੇ ਪੰਜਾਬ ਦੇ ਰਾਗੀਆਂ, ਢਾਡੀਆਂ ਅਤੇ ਗ੍ਰੰਥੀਆਂ ਨੂੰ ਗੈਰ-ਕਾਨੂੰਨੀ ਤਰੀਕੇ ਗ੍ਰਿਫ਼ਤਾਰ ਕਰਕੇ ਜ਼ਬਰ-ਜੁਲਮ ਕਰਨਾ ਸੁਰੂ ਕਰ ਦਿੱਤਾ ਹੈ। ਜੋ ਹੁਣ ਬਾਦਲ ਦਲੀਏ, ਢੀਡਸਾਂ, ਭੂੰਦੜ, ਦਲਜੀਤ ਚੀਮਾਂ, ਬਡੂੰਗਰ, ਰੱਖੜਾ ਆਦਿ ਆਗੂ ਇਹ ਰੌਲਾ ਪਾ ਰਹੇ ਹਨ ਕਿ ਸਰਬੱਤ ਖ਼ਾਲਸਾ ਦਾ ਇਕੱਠ ਕਾਂਗਰਸੀਆਂ, ਆਪ ਪਾਰਟੀ, ਬੀ.ਐਸ.ਪੀ, ਪੀਪਲਜ਼ ਪਾਰਟੀ ਅਤੇ ਪੰਜਾਬ ਦੇ ਹੋਰ ਸਿਆਸੀ ਦਲਾਂ ਦਾ ਇਕੱਠ ਸੀ ਅਤੇ ਉੱਥੇ ਪਾਸ ਹੋਣ ਵਾਲੇ ਕੌਮੀ ਮਤਿਆਂ ਵਿਚ ਕੌਮਾਂਤਰੀ ਸੰਗਠਨ ਆਈ.ਐਸ.ਆਈ. ਨੇ ਭੂਮਿਕਾ ਨਿਭਾਈ ਹੈ ਤਾਂ ਅਸੀਂ ਇਹਨਾਂ ਤੋ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਪੰਜਾਬ ਸੂਬੇ ਦੀਆਂ ਸਭ ਸਿਆਸੀ ਪਾਰਟੀਆਂ ਨਾਲ ਸੰਬੰਧਤ ਅਤੇ ਕੌਮਾਂਤਰੀ ਪੱਧਰ ਤੇ ਵਿਚਰਣ ਵਾਲੇ ਸਿੱਖਾਂ ਅਤੇ ਸਿਆਸੀ ਜਮਾਤਾਂ ਨੇ ਸਰਬੱਤ ਖ਼ਾਲਸੇ ਵਿਚ ਆਪ ਮੁਹਾਰੇ ਸਮੂਲੀਅਤ ਕਰਕੇ ਬਾਦਲ ਦੇ ਸਿਆਸੀ ਅਤੇ ਧਾਰਮਿਕ ਦੋਸ਼ ਪੂਰਨ ਨਿਜ਼ਾਮ ਨੂੰ ਰੱਦ ਕਰ ਦਿੱਤਾ ਹੈ, ਫਿਰ ਉਹ ਪੰਜਾਬੀਆਂ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਦਾ ਦਾਅਵਾ ਕਿਸ ਦਲੀਲ ਅਧੀਨ ਕਰ ਰਹੇ ਹਨ ? ਜਿਥੋ ਤੱਕ ਆਈ.ਐਸ.ਆਈ. ਦਾ ਸਵਾਲ ਹੈ ਜੋ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਪ੍ਰਚਾਰ ਸੁਰੂ ਕੀਤਾ ਗਿਆ ਹੈ, ਜੇਕਰ ਇਸ ਨੂੰ ਮੰਨ ਵੀ ਲਿਆ ਜਾਵੇ ਤਾਂ ਸੈਟਰ ਅਤੇ ਪੰਜਾਬ ਦਾ ਖੂਫ਼ੀਆਂ ਤੰਤਰ ਤਾਂ ਪੂਰਨ ਰੂਪ ਵਿਚ ਫੇਲ੍ਹ ਹੋ ਚੁੱਕਾ ਹੈ । ਫਿਰ ਬਾਦਲ ਹਕੂਮਤ ਨੂੰ ਪੰਜਾਬੀਆਂ ਅਤੇ ਸਿੱਖਾਂ ਉਤੇ ਜ਼ਬਰੀ ਰਾਜ ਕਰਨ ਦਾ ਕੀ ਹੱਕ ਰਹਿ ਗਿਆ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਹਕੂਮਤ ਅਤੇ ਬਾਦਲ ਦਲੀਆਂ ਵੱਲੋਂ ਗੈਰ-ਦਲੀਲ ਤਰੀਕੇ ਸਭ ਘਟੀਆਂ ਹੱਥਕੰਡਿਆਂ ਦੀ ਵਰਤੋਂ ਕਰਦੇ ਹੋਏ “ਸਰਬੱਤ ਖ਼ਾਲਸਾ” ਦੇ ਹੋਏ ਫੈਸਲਿਆਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ 23 ਨਵੰਬਰ ਨੂੰ ਬਾਦਲਾਂ ਦੇ ਹੋਣ ਜਾ ਰਹੇ ਇਕੱਠ ਵਿਚ ਸਿੱਖ ਵਿਰੋਧੀ ਨਿਰੰਕਾਰੀਆਂ, ਨੂਰਮਹਿਲੀਆਂ ਅਤੇ ਸਿਰਸੇ ਵਾਲਿਆਂ ਆਦਿ ਦਾ ਹਜ਼ੂਮ ਇਕੱਠਾ ਕਰਨ ਦੇ ਕੀਤੇ ਜਾ ਰਹੇ ਵਿਸਫੋਟਕ ਵਾਲੇ ਹਾਲਾਤ ਬਣਾਉਣ ਦੇ ਅਮਲਾਂ ਦੀ ਪੁਰਜੋ਼ਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਬਾਦਲ ਹਕੂਮਤ ਸਭ ਘਟੀਆਂ ਹੱਥਕੰਡੇ ਵਰਤਕੇ ਵੀ “ਸਰਬੱਤ ਖ਼ਾਲਸਾ” ਦੇ 5 ਲੱਖ ਦੇ ਹੋਏ ਇਕੱਠ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋ ਸਕੀ ਅਤੇ ਕੌਮਾਂਤਰੀ ਪੱਧਰ ਤੇ ਹਿੰਦ-ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਦੀ ਵੱਡੀ ਬਹੁਗਿਣਤੀ ਨੇ ਸਰਬੱਤ ਖ਼ਾਲਸੇ ਵਿਚ ਹੋਏ 13 ਕੌਮੀ ਮਤਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਹੁਣ ਸਰਬੱਤ ਖ਼ਾਲਸੇ ਵੱਲੋਂ ਨਿਯੁਕਤ ਕੀਤੇ ਗਏ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਅਤੇ ਪ੍ਰਬੰਧਕਾਂ ਉਤੇ ਬਿਨ੍ਹਾਂ ਕਿਸੇ ਵਜਹ ਦੇ ਦੇਸ਼ ਧ੍ਰੋਹੀ, ਬ਼ਗਾਵਤ ਆਦਿ ਦੇ ਝੂਠੇ ਕੇਸ ਪਾ ਕੇ ਜੇ਼ਲ੍ਹਾਂ ਵਿਚ ਡੱਕ ਦਿੱਤਾ ਹੈ । ਜੋ ਸਰਬੱਤ ਖ਼ਾਲਸੇ ਵਿਰੁੱਧ ਪ੍ਰਚਾਰ ਕਰਨ ਲਈ 23 ਨਵੰਬਰ ਨੂੰ ਬਾਦਲ ਦਲੀਏ ਸਿੱਖ ਵਿਰੋਧੀ ਡੇਰੇਦਾਰਾਂ, ਨਿਰੰਕਾਰੀਆਂ, ਨੂਰਮਹਿਲੀਆਂ ਅਤੇ ਸਿਰਸੇ ਵਾਲਿਆਂ ਤੋਂ ਸਹਿਯੋਗ ਲੈਕੇ ਉਹਨਾਂ ਦੇ ਬੰਦਿਆਂ ਨੂੰ ਬੁਲਾਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਸਿੱਖ ਕੌਮ ਉਹਨਾਂ ਦੇ ਨਾਲ ਹੈ, ਉਸ ਮੰਦਭਾਵਨਾ ਭਰੇ ਮਿਸਨ ਵਿਚ ਉਹ ਇਸ ਕਰਕੇ ਕਾਮਯਾਬ ਨਹੀਂ ਹੋਣਗੇ ਕਿਉਂਕਿ ਕੋਈ ਵੀ ਜਾਗਦੀ ਜ਼ਮੀਰ ਵਾਲਾ ਸਿੱਖ ਇਹਨਾਂ ਦੇ ਇਕੱਠ ਵਿਚ ਭਾਗ ਨਹੀਂ ਲਵੇਗਾ ਅਤੇ ਇਹ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਗੱਲ ਨੂੰ ਹੁਣ ਕਿਸੇ ਵੀ ਸਟੇਜ਼ ਤੇ ਸਾਬਤ ਨਹੀਂ ਕਰ ਸਕਣਗੇ । ਕਿਉਂਕਿ ਸਿੱਖ ਕੌਮ ਇਹਨਾਂ ਨੂੰ ਪੂਰਨ ਰੂਪ ਵਿਚ ਲੱਖਾਂ ਦੇ ਇਕੱਠ ਵਿਚ ਰੱਦ ਕਰ ਚੁੱਕੀ ਹੈ । ਜੇਕਰ ਸਰਕਾਰੀ ਰੁਕਾਵਟਾਂ ਨਾ ਲਾਈਆਂ ਜਾਂਦੀਆਂ ਤਾਂ ਸਰਬੱਤ ਖ਼ਾਲਸੇ ਦਾ ਇਕੱਠ 10-12 ਲੱਖ ਤੋ ਵੀ ਉਪਰ ਪਹੁੰਚ ਜਾਣਾ ਸੀ । ਉਹਨਾਂ ਕਿਹਾ ਦੂਸਰਾ ਇਹ ਬਾਦਲ ਦਲੀਆਂ ਦਾ ਹੋਣ ਜਾ ਰਿਹਾ ਇਕੱਠ ਸਿੱਖ ਕੌਮ ਵਿਚ ਖਾਨਾਜੰਗੀ ਕਰਵਾਉਣ ਦੀ ਸਾਜਿ਼ਸ ਦਾ ਹਿੱਸਾ ਹੈ । ਜਦੋਕਿ ਸਿੱਖ ਕੌਮ ਇਹਨਾਂ ਦੇ ਮਨਸੂਬਿਆਂ ਨੂੰ ਜਾਣ ਚੁੱਕੀ ਹੈ ਅਤੇ ਇਹਨਾਂ ਤੋ ਨਿਜਾਤ ਪਾਉਣ ਲਈ ਤੱਤਪਰ ਹੈ ਅਤੇ ਪੰਜਾਬ ਦਾ ਹਰ ਵਰਗ ਬਾਦਲ ਦੇ ਜ਼ਬਰ-ਜੁਲਮਾਂ ਅਤੇ ਬੇਇਨਸਾਫ਼ੀਆਂ ਵਿਰੁੱਧ ਸੜਕਾਂ ਤੇ ਆਉਣ ਲਈ ਤੱਤਪਰ ਹੋਇਆ ਬੈਠਾ ਹੈ ।
ਉਹਨਾਂ ਕਿਹਾ ਕਿ ਜਦੋ ਬਾਦਲ ਦਲ ਦੀ ਭਾਈਵਾਲ ਜਮਾਤ ਬੀਜੇਪੀ ਅਤੇ ਆਰ.ਐਸ.ਐਸ. ਦੇ ਬੁਲਾਰੇ ਸ. ਬਾਦਲ ਤੇ ਬਾਦਲ ਪਰਿਵਾਰ ਨੂੰ “ਸਰਬੱਤ ਖ਼ਾਲਸੇ” ਦੇ ਗੰਭੀਰ ਮੁੱਦੇ ਉਤੇ ਪੰਜਾਬ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਸੰਬੰਧੀ ਪੰਥਕ ਜਥੇਬੰਦੀਆਂ ਨਾਲ ਆਪਸੀ ਸਹਿਚਾਰ (ਟੇਬਲ-ਟਾਕ) ਰਾਹੀ ਗੱਲਬਾਤ ਕਰਨ ਅਤੇ ਮਸਲਿਆਂ ਨੂੰ ਹੱਲ ਕਰਨ ਦੀ ਸਲਾਹ ਦੇ ਰਹੇ ਹਨ, ਉਸ ਸਮੇਂ ਵੀ ਦੋਵੇ ਬਾਦਲ ਗੋਲੀ, ਬੰਦੂਕ ਅਤੇ ਦਹਿਸਤਗਰਦੀ ਪੈਦਾ ਕਰਨ ਦਾ ਸਹਾਰਾ ਲੈਕੇ ਸਿੱਖ ਕੌਮ ਅਤੇ ਸਰਬੱਤ ਖ਼ਾਲਸੇ ਦੇ ਰਾਹੀ ਨਿਯੁਕਤ ਹੋਏ ਜਥੇਦਾਰ ਸਾਹਿਬਾਨ ਉਤੇ ਜ਼ਲਾਲਤ ਅਤੇ ਸ਼ਰਮਨਾਕ ਢੰਗ ਨਾਲ ਜ਼ਬਰ-ਜੁਲਮ ਕਰਨ ਦੇ ਅਮਲ ਕਰ ਰਹੇ ਹਨ ਤਾਂ ਸਿੱਖ ਕੌਮ ਤੇ ਪੰਥਕ ਜਥੇਬੰਦੀਆਂ ਇਸ ਜ਼ਬਰ-ਜੁਲਮ ਨੂੰ ਬਿਲਕੁਲ ਵੀ ਸਹਿਣ ਨਹੀਂ ਕਰਨਗੀਆਂ । ਆਉਣ ਵਾਲੇ ਸਮੇਂ ਵਿਚ ਸਮੁੱਚੀਆਂ ਪੰਥਕ ਜਥੇਬੰਦੀਆਂ ਨਾਲ ਸਲਾਹ ਮਸਵਰਾ ਕਰਕੇ ਬੰਦੀ ਜਥੇਦਾਰ ਸਾਹਿਬਾਨ ਅਤੇ ਹੋਰਨਾਂ ਨੂੰ ਰਿਹਾਅ ਕਰਵਾਉਣ ਲਈ ਸਿੱਖ ਕੌਮ ਵੱਡਾ ਐਕਸ਼ਨ ਕਰਨ ਲਈ ਮਜ਼ਬੂਰ ਹੋਵੇਗੀ । ਉਹਨਾਂ ਕਿਹਾ ਜਦੋ ਸਿੱਖ ਕੌਮ ਨੂੰ ਮੁਗਲ, ਅਫ਼ਗਾਨ, ਅੰਗਰੇਜ਼ ਅਤੇ ਮਰਹੂਮ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੀਆਂ ਜ਼ਾਬਰ ਹਕੂਮਤਾਂ ਜ਼ਬਰੀ ਨਹੀਂ ਦਬਾਅ ਸਕੇ ਤਾਂ ਦੋਵੇ ਬਾਦਲ ਤੇ ਉਹਨਾਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੀ ਦੂਰਅੰਦੇਸ਼ੀ ਤੋ ਸੱਖਣੀ, ਤਾਕਤ ਦੇ ਨਸ਼ੇ ਵਿਚ ਚੂਰ ਹੋਈ ਦੂਜੀ ਕਤਾਰ ਦੀ ਬਾਦਲ ਦੀ ਲੀਡਰਸਿ਼ਪ ਆਪਣੇ ਮਨਸੂਬਿਆਂ ਵਿਚ ਕਤਈ ਕਾਮਯਾਬ ਨਹੀਂ ਹੋ ਸਕੇਗੀ । ਇਸ ਲਈ ਬਿਹਤਰ ਹੋਵੇਗਾ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਅਤੇ ਸਿੱਖਾਂ ਨੂੰ ਉਹ ਫੌਰੀ ਬਾਇੱਜ਼ਤ ਰਿਹਾਅ ਕਰ ਦੇਣ ਅਤੇ ਮਾਹੌਲ ਨੂੰ ਵਿਸਫੋਟਕ ਹੋਣ ਤੋ ਬਚਾਉਣ । ਜਾਂ ਫਿਰ ਸਿੱਖ ਕੌਮ ਦੇ ਵੱਡੇ ਰੋਹ ਅਤੇ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ।
ਸ. ਮਾਨ ਨੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਰਬੱਤ ਖ਼ਾਲਸੇ ਵਿਚ ਯੋਗਦਾਨ ਪਾਉਣ ਵਾਲੇ ਕੌਮ ਦੇ ਪੰਥ ਦਰਦੀਆਂ ਤੇ ਸਿੱਖਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਿਥੇ ਉਹ ਪੰਜਾਬ ਵਿਚ ਤੇ ਸਿੱਖ ਕੌਮ ਵਿਚ ਖਾਨਾਜੰਗੀ ਕਰਵਾਉਣ ਦੇ ਮਨਸੂਬੇ ਬਣਾਉਣ ਵਾਲੀ ਬਾਦਲ ਹਕੂਮਤ ਤੋਂ ਸੁਚੇਤ ਰਹਿਣ, ਉਥੇ ਉਹ ਇਹਨਾਂ ਦੇ ਇਖ਼ਲਾਕ ਅਤੇ ਧਰਮੀ ਕਦਰਾਂ-ਕੀਮਤਾਂ ਤੋਂ ਗਿਰ ਚੁੱਕੇ ਵਜ਼ੀਰਾਂ, ਐਮ.ਐਲ.ਏਜ਼ ਅਤੇ ਹੋਰ ਅਹੁਦੇਦਾਰਾਂ ਦਾ ਜਨਤਕ ਇਕੱਠਾਂ ਵਿਚ ਪਹੁੰਚਣ ਤੇ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਬਾਦਲੀਲ ਢੰਗ ਨਾਲ ਘਿਰਾਓ ਅਤੇ ਵਿਰੋਧ ਕਰਨਾ ਉਦੋ ਤੱਕ ਜਾਰੀ ਰੱਖਣ, ਜਦੋ ਤੱਕ ਸਰਬੱਤ ਖ਼ਾਲਸੇ ਦੇ ਫੈਸਲਿਆਂ ਅਨੁਸਾਰ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ, ਹੋਰਨਾਂ ਸਿੱਖਾਂ ਨੂੰ ਬਾਇੱਜ਼ਤ ਰਿਹਾਅ ਨਹੀਂ ਕਰ ਦਿੰਦੇ । ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਸਰਬੱਤ ਖ਼ਾਲਸੇ ਵਿਚ ਸਮੂਲੀਅਤ ਕਰਨ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਦਾ ਕਿਸੇ ਵੀ ਕੌਮ, ਧਰਮ, ਫਿਰਕੇ, ਨਸ਼ਲ ਆਦਿ ਨਾਲ ਕੋਈ ਰਤੀਭਰ ਵੀ ਵੈਰ-ਵਿਰੋਧ ਜਾਂ ਦੁਸ਼ਮਣੀ ਨਹੀਂ ਹੈ । ਅਸੀਂ ਤਾਂ “ਸਰਬੱਤ ਦੇ ਭਲੇ” ਦੇ ਮਨੁੱਖਤਾ ਪੱਖੀ ਮਿਸ਼ਨ ਦੇ ਅਧੀਨ ਇਨਸਾਨੀ ਕਦਰਾਂ-ਕੀਮਤਾਂ ਉਤੇ ਪਹਿਰਾ ਦਿੰਦੇ ਹੋਏ ਜ਼ਮਹੂਰੀਅਤ ਅਸੂਲਾਂ ਰਾਹੀ ਸੰਘਰਸ਼ ਕਰ ਰਹੇ ਹਾਂ । ਜੇਕਰ ਹਕੂਮਤਾਂ ਇਸ ਸੰਘਰਸ਼ ਨੂੰ ਕਿਸੇ ਤਰੀਕੇ ਬਦਨਾਮ ਕਰਨ ਦੀਆਂ ਸਾਜਿ਼ਸਾਂ ਰਚਦੀਆਂ ਹਨ ਜਾਂ ਫਿਰ ਵੱਖ-ਵੱਖ ਕੌਮਾਂ ਤੇ ਧਰਮਾਂ ਵਿਚ ਨਫ਼ਰਤ ਪੈਦਾ ਕਰਨ ਅਤੇ ਦੰਗੇ-ਫਸਾਦ ਕਰਵਾਕੇ ਲੋਕਾਂ ਦਾ ਧਿਆਨ ਅਸਲ ਮੁੱਦਿਆ ਅਤੇ ਮੁਸ਼ਕਿਲਾਂ ਤੋ ਹਟਾਉਣਾ ਚਾਹੁੰਦੀਆਂ ਹਨ ਤਾਂ ਪੰਜਾਬ ਸੂਬੇ ਅਤੇ ਬਾਹਰਲੇ ਮੁਲਕਾਂ ਵਿਚ ਵਿਚਰਣ ਵਾਲੀਆਂ ਸਮੁੱਚੀਆਂ ਕੌਮਾਂ ਤੇ ਧਰਮਾਂ ਦੇ ਨਿਵਾਸੀ ਇਹਨਾਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਉਤੇ ਬਾਜ ਨਜ਼ਰ ਰੱਖਦੇ ਹੋਏ ਖੁਦ ਹੀ ਬਾਦਲੀਲ ਢੰਗ ਨਾਲ ਜੁਆਬ ਦੇਣ ਅਤੇ ਸਿੱਖ ਕੌਮ ਦੀਆਂ ਮਹਾਨ ਰਵਾਇਤਾਂ, ਅਸੂਲਾਂ, ਮਰਿਯਾਦਾਵਾਂ ਨੂੰ ਕਾਇਮ ਰੱਖਣ ਵਿਚ ਭੂਮਿਕਾ ਨਿਭਾਉਣ ।