ਮੌਜੂਦਾ ਪੰਥਕ ਸੰਕਟ ਤੇ ਪੰਜਾਬ ਸਰਕਾਰ

ਪੰਜਾਬ ਇਸ ਸਮੇਂ ਇਕ ਬਹੁਤ ਨਾਜ਼ਕ ਦੌਰ ਚੋਂ ਲੰਘ ਰਿਹਾ ਹੈ।ਦਰਅਸਲ, ਸਿੱਖ ਪੰਥ ਇਸ ਸਮੇਂ ਬਹੁਤ ਹੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ।ਪੰਜਾਬ ਤੇ ਮੌਜੂਦਾ ਹਾਲਾਤ ਅਤੇ ਪੰਥਕ ਸੰਕਟ ਬਾਰੇ ਦੇਸ਼ ਵਿਦੇਸ਼ ਵਿਚ ਵੱਸਦੇ ਸਿੱਖ ਅਤੇ ਸੰਮੂਹ ਪੰਜਾਬੀ  ਬੜੇ ਫ਼ਿਕਰਮੰਦ ਹਨ ਅਤੇ ਇਸ ਦਾ ਕੋਈ ਸਨਮਾਨਜਨਕ ਸਮਾਧਾਨ ਚਾਹੁੰਦੇ ਹਨ।

ਭਾਵੇਂ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ‘ਰੇਲ ਰੋਕੋ’ ਪ੍ਰੋਗਰਾਮ ਕਾਰਨ ਪੰਜਾਬ ਦੇ ਹਾਲਾਤ ਪਹਿਲਾਂ ਹੀ ਕੁਝ ਵਿਗੜੇ ਹੋਏ ਸਨ,ਪਰ ਮੌਜੂਦਾ ਸੰਕਟ 24 ਸਤੰਬਰ ਨੂੰ ਉਸ ਸਮੇਂ ਆਇਆ, ਜਦੋਂ ਸਿੰਘ ਸਾਹਿਬਾਨ ਨੇ ਡੇਰਾ ਸੱਚਾ ਸੌਦਾ,ਸਿਰਸਾ ਦੇ ਮੁੱਖੀ ਨੂੰ ਸਾਲ 2007 ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਹਿਣ ਕੇ ਆਪਣੇ ਸ਼ਰਧਾਲੂਆਂ ਨੂੰ ਜਾਮ-ਏ-ਇੰਸਾ ਛਕਾਉਣ ਦਾ ਸਵਾਂਗ ਰਚਿਆ ਸੀ, ਜਿਸ ਲਈ ਉਸ ਸਮੇਂ ਸਿੰਘ ਸਾਹਿਬਾਨ ਨੇ ਉਸ ਦੇ ਧਾਰਮਿਕ ਤੇ ਸਮਾਜਿਕ ਬਾਈਕਾਟ ਦਾ ਆਦੇਸ਼ ਦਿਤਾ ਸੀ, ਨੂੰ ਇਕ ਸਾਧਾਰਣ ਜਿਹੇ ਸਪੱਸ਼ਟੀਕਰਨ ਮਿਲਣ ਤੇ ਮੁਆਫ਼ ਕਰ ਦਿੱਤਾ, ਜਿਸ ਉਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਰੋਹ ਨਾਲ ਭਰ ਗਈਆਂ ਤੇ ਉਠ ਖੜੀਆਂ ਹੋਈਆਂ।ਉਨ੍ਹਾ ਦਾ ਵਿਚਾਰ ਸੀ ਕਿ ਇਹ ਮੁਆਫੀਨਾਮਾ ਨਹੀਂ,ਸਗੋ “ਸੌਦੇਬਾਜ਼ੀ” ਹੈ, ਜੋ ਹਾਕਮ ਅਕਾਲੀ ਦਲ ਦੇ ਪ੍ਰਭਾਵ ਹੇਠ ਜਾਰੀ ਕੀਤਾ ਗਿਆ ਹੈ ਕਿਉੇਂ ਜੋ ਅਕਾਲੀ ਫਰਵਰੀ 2017 ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈ ਕੇ ਫਿਰ ਸੱਤਾ ਵਿਚ ਆਉਣਾ ਚਾਹੁੰਦੇ ਹਨ।ਇਸ ਦੇ ਤਿੱਖੇ ਵਿਰੋਧ ਕਾਰਨ 17 ਅਕਤੂਬਰ ਨੂੰ ਸਿੰਘ ਸਾਹਿਬਾਨ ਨੂੰ ਮੁਆਫ਼ੀਨਾਮੇ ਵਾਲਾ ਹੁਕਮਨਾਮਾ ਵਾਪਸ ਲੈਣਾ ਪਿਆ, ਜੋ ਸਿੱਖ ਇਤਿਹਾਸ ਵਿਚ ਆਪਣੀ ਅਜੇਹੀ ਪਹਿਲੀ ਘਟਨਾ ਹੈ।ਇਸ ਪਿੱਛੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਅਨੇਕ ਘਟਨਾਵਾਂ ਹੋਈਆਂ, ਜਿਸ ਤੇ ਸੰਗਤਾਂ ਨੂੰ ਹੋਰ ਗੁੱਸਾ ਆਉਣਾ ਕੁਦਰਤੀ ਸੀ।ਹਾਲਾਤ ਵਿਗੜਨ ਲਗੇ ਅਤੇ ਵਿਗੜਦੇ ਚਲੇ ਜਾ ਰਹੇ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ  ਪਿਆਰਿਆਂ ਨੇ ਪਹਿਲਾਂ ਸਿੰਘ ਸਾਹਿਬਾਨ ਨੂੰ ਸਪੱਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ, ਪੰਜਾਬ ਬੰਦ ਦਾ ਸੱਦਾ, ਰੋਸ ਧਰਨੇ, ਸ਼੍ਰੋਮਣੀ ਕਮੇਟੀ ਦੇ ਅਨੇਕਾਂ ਮੈਬਰਾਂ ਤੇ ਅਕਾਲੀ ਲੀਡਰਾਂ ਵਲੋਂ ਆਪਣੇ ਅਹੁਦਿਆ ਤੋਂ ਅਸਤੀਫੇ ਅਤੇ ਸਰਬਤ ਖਾਲਸਾ ਸਮਾਗਮ ਉਪਰੋਕਤ ਹਾਲਾਤ ਦੀ ਪ੍ਰਤੀਕਿਰਿਆ ਹਨ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਹਾਲਾਤਾਂ ਦਾ ਸਿਆਸੀ ਲਾਹਾ ਲੈਣ ਦਾ ਯਤਨ ਕਰ ਰਹੀਆਂ ਹਨ, ਜੋ ਠੀਕ ਨਹੀਂ ਹੈ। ਸਭਨਾਂ ਨੂੰ ਹਾਲਾਤ ਸੁਖਾਵੇਂ ਬਣਾਉਣ ਲਈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।

ਮੀਡੀਆ ਵਿਚ ਆਈਆਂ ਖ਼ਬਰਾ ਦਾਂ ਅਧਿਐਨ ਕਰੀਏ, ਤਾ ਹਾਕਮ ਅਕਾਲੀ ਦਲ  ਦੇ ਲੀਡਰਾਂ ਤੋਂ ਬਿਨਾ ਬਾਕੀ ਸਾਰੇ ਅਕਾਲੀ ਧੜੇ ਤੇ ਸਿੱਖ ਜੱਥੇਬੰਦੀਆਂ ਮੁੱਖ ਮੰਤਰੀ ਸ੍ਰੀ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁਖ ਮੰਤਰੀ ਸ੍ਰੀ. ਸੁਖਬੀਰ ਸਿੰਘ ਬਾਦਲ ਨੂੰ ਇਸ ਦਾ ਜ਼ਿਮੇਵਾਰ ਠਹਿਰਾ ਰਹੀਆਂ ਹਨ।ਮੀਡੀਆ ਦੇ ਇਕ ਹਿੱਸੇ ਵਿਚ ਤਾਂ ਇਥੇ ਤਕ ਕਿਹਾ ਗਿਆ ਹੈ ਕਿ ਮੁੰਬਈ ਵਿਖੇ ਇਕ ਫਿਲਮੀ ਅਦਾਕਾਰ ਦੇ ਘਰ ਡੇਰਾ ਸਿਰਸਾ ਮੁੱਖੀ ਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਇਕ ਗੁਪਤ ਮੀਟਿੰਗ ਹੋਈ ਸੀ,ਜਿਸ ਵਿਚ ਇਹ ਕਥਿਤ ਸੌਦੇਬਾਜ਼ੀ ਹੋਈ ਸੀ।ਇਹ ਖ਼ਬਰਾਂ ਸੱਚੀਆਂ ਜਾਪਦੀਆਂ ਹਨ, ਕਿਸੇ ਨੇ ਇਨ੍ਹਾਂ ਦਾ ਖੰਡਨ ਨਹੀਂ ਕੀਤਾ।

ਸ਼੍ਰੋਮਣੀ ਕਮੇਟੀ ਉਤੇ ਵੀ ਲੰਬੇ ਸਮੇਂ ਤੋਂ ਹਾਕਮ ਅਕਾਲੀ ਦਲ ਦਾ ਹੀ ਕਬਜ਼ਾ ਹੈ।ਭਾਵੇਂ ਹਾਕਮ ਅਕਾਲੀ ਦਲ ਦੇ ਲੀਡਰ ਇਸ ਤੋਂ ਇਨਕਾਰ ਕਰਦੇ ਹਨ, ਪਰ ਇਹ ਇੱਕ ਹਕੀਕਤ ਹੈ, ਕੌੜਾ ਸੱਚ ਹੈ ਕਿ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਪਹਿਲਾ ਵੱਡੇ ਬਾਦਲ ਸਾਹਿਬ ਤੇ ਹੁਣ ਦੋਨੋ ਬਾਦਲ ਪਿਓ ਪੁੱਤਰ  ਸ਼੍ਰੋਮਣੀ ਕਮੇਟੀ ਨੂੰ ਰੀਮੋਟ ਕੰਟਰੋਲ ਨਾਲ ਚਲਾ ਰਹੇ ਹਨ, ਉਨ੍ਹਾਂ ਦੀ ਮਰਜ਼ੀ ਤੋਂ ਬਿਨਾ ਸ਼੍ਰੋਮਣੀ ਕਮੇਟੀ ਵਿਚ ਇਕ ਪੱਤਾ ਵੀ ਨਹੀਂ ਹਿਲਦਾ।ਗੁਰਦੁਆਰਾ ਐਕਟ-1925 ਅਨੁਸਾਰ ਤਿੰਨ ਸਿੰਘ ਸਾਹਿਬਾਨ ਤਾਂ ਕਾਨੂੰਨੀ ਤੇ ਤਕਨੀਕੀ ਤੌਰ ‘ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੀ ਹਨ ਅਤੇ ਉਹ ਵੀ ਬਾਦਲ ਪਰਿਵਾਰ ਦੇ ਪ੍ਰਭਾਵ ਹੇਠ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਦੂਜੇ ਸਿੰਘ ਸਾਹਿਬਾਨ ਨੂੰ ਆਪਣੀ ਸੌੜੀ ਰਾਜਨੀਤੀ ਲਈ ਵਰਤ ਰਹੇ ਹਨ।ਕਿਸੇ ਨੂੰ ਜਵਾਬਦੇਹ ਨਹੀਂ ਹਨ।ਹੁਣ 24 ਸਤੰਬਰ ਵਾਲਾ ਮੁਆਫ਼ੀਨਾਮਾ ਉਨ੍ਹਾ ਦੇ ਦਬਾਓ ਅਧੀਨ ਹੀ ਜਾਰੀ ਕੀਤਾ ਗਿਆ ਹੈ।ਜੇਕਰ ਉਸ ਸਮੇਂ  ਜੱਥੇਦਾਰ ਅਕਾਲ ਤਖ਼ਤ ਸਾਹਿਬ ਤੇ ਦੂਜੇ ਸਾਹਿਯੋਗੀ ਜੱਥੇਦਾਰਾਂ ਤੋਂ ਅਸਤੀਫਾ ਲਿਆ ਜਾਂਦਾ, ਘੱਟੋ ਘੱਟ ਮੁਅੱਤਲ ਹੀ ਕੀਤਾ ਜਾਂਦਾ ਤਾਂ ਸ਼ਾਇਦ ਹਾਲਾਤ ਨਹੀਂ ਵਿਗੜਨੇ ਸਨ।ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਗੁਸਾ ਕਾਫੀ ਹੱਦ ਤਕ ਘਟ ਜਾਂਦਾ, ਪਰ ਹਾਕਮ ਅਕਾਲੀ ਦਲ ਦੇ ਸਾਰੇ ਪ੍ਰਮੁੱਖ ਲੀਡਰ ਤਾਂ “ਮੁਆਫੀਨਾਮੇ” ਦੇ ਹੱਕ ਵਿਚ ਬਿਆਨ ਦੇ ਰਹੇ ਸਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ-ਉਚਤਾ ਦਾ ਪਾਠ ਪੜ੍ਹਾ ਰਹੇ ਸਨ, ਜਦੋਂ ਕਿ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਨੂੰ ਉਨ੍ਹਾਂ ਖੁਦ ਖੋਰਾ ਲਵਾਇਆ ਹੈ।

ਆਪਣੇ ਹੀ ‘ਆਨੰਦਪੁਰ ਸਾਹਿਬ’ ਦੇ ਮਤੇ ਅਨੁਸਾਰ  ਅਧਿਕਾਰਾਂ ਦੇ ਵਿਕੇਂਦਰੀਕਰਨ ਦੀ ਵਲਾਕਤ ਕਰਦਾ ਰਿਹਾ ਹੈ, ਇਸ ਦੀ ਪੂਰਤੀ ਲਈ ‘ਧਰਮ ਯੁੱਧ’ ਮੋਰਚਾ ਵੀ ਲਗਾਇਆ ਸੀ। ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ  ਆਜ਼ਾਦ ਤੇ ਖੁਦ ਮੁਖਤਾਰ ਸੰਸਥਾਵਾਂ ਹਨ, ਬਾਦਲ ਪਰਿਵਾਰ ਨੂੰ ਇਨ੍ਹਾਂ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ।

ਵੈਸੇ ਵੀ ਰਾਜ ਕਰ ਰਹੀ ਪਾਰਟੀ ਦਾ ਇਹ ਫਰਜ਼ ਬਣਦਾ ਹੈ ਕਿ ਹਾਲਾਤ ਨੂੰ ਸੁਖਾਵੇ ਬਣਾਉਣ ਲਈ ਹਰ ਸੰਵਿਧਾਨਿਕ ਤੇ ਕਾਨੂੰਨੀ ਕਾਰਵਾਈ ਕਰੇ। ਮੇਰੀ ਨਿੱਜੀ ਰਾਏ ਹੈ ਕਿ ਪੰਜਾਬ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾ ਕੇ ਸੱਭਨਾ ਦੇ ਸਹਿਯੋਗ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਵਿਚ ਅਮਨ ਸ਼ਾਂਤੀ ਬਣਾਏ ਰੱਖਣ ਤੇ ਪੰਜਾਬ ਦੇ ਭਲੇ ਲਈ ਪਾਰਟੀ ਪੱਧਰ ਤੋਂ ਉਪਰ ਉਠ ਕੇ ਸੰਜੀਦਗੀ ਨਾਲ ਸਹਿਯੋਗ ਦੇਣਾ ਵੀ ਚਾਹੀਦਾ ਹੈ। ਹਾਕਮ ਅਕਾਲੀ ਦਲ ਨੂੰ ਸਿੱਖ ਵਿਦਵਾਨਾਂ  ਦੇ ਸਹਿਯੋਗ ਨਾਲ  ਬਾਗ਼ੀ  ਅਕਾਲੀ ਧੜਿਆਂ ਤੇ ਰੋਹ ਵਿਚ ਆਈਆਂ ਸਿੱਖ ਜੱਥੇਬੰਦੀਆਂ ਨਾਲ ਕੋਈ ਆਪਸੀ ਸਦਭਾਵਨਾਂ ਤੇ ਸਨਮਾਨਜਨਕ ਸਾਂਝਾ ਹੱਲ ਲਭਣ ਦਾ ਯਤਨ ਕਰਨਾ ਚਾਹੀਦਾ ਹੈ।ਸਿੰਘ ਸਾਹਿਬਾਨ ਤੋਂ ਤਾਂ ਅਸਤੀਫੇ ਲੈਣੇ ਹੀ ਪੈਣਗੇ, ਜਿਤਨੀ ਦੇਰ ਕੀਤੀ ਜਾਏਗੀ, ਹਾਲਾਤ ਸੁਖਾਵੇਂ ਨਹੀਂ ਹੋਣੇ।ਬਾਦਲ ਪਰਿਵਾਰ ਨੂੰ ਕੰਧ ‘ਤੇ ਲਿਖਿਆ ਪੜ੍ਹਨਾ ਚਾਹੀਦਾ ਹੈ, ਨਹੀਂ ਤਾ ਇਤਿਹਾਸ ਉਨ੍ਹਾਂ ਨੂੰ ਕਦੀ ਮੁਆਫ ਨਹੀਂ ਕਰੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>