ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨਾਂ ਜੇਲ੍ਹਾਂ ਵਿਚ ਮੁਲਾਕਾਤ ਕਰਨ ਤੋਂ ਬਾਦਲ ਦੀ ਜ਼ਾਬਰ ਹਕੂਮਤ ਨਹੀਂ ਰੋਕ ਸਕਦੀ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਨਾਲ ਸੰਬੰਧਤ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਕੌਮ ਅਮਨਮਈ, ਜ਼ਮਹੂਰੀਅਤ ਅਤੇ ਇਨਸਾਨੀ ਕਦਰਾਂ-ਕੀਮਤਾਂ ਦੀ ਕੱਟੜ ਪੈਰੋਕਾਰ ਹੈ ਅਤੇ ਅਸੀਂ ਕਦੀ ਵੀ ਆਪਣੀ ਧਾਰਮਿਕ ਜਾਂ ਸਿਆਸੀ ਸਰਗਰਮੀਆਂ ਕਰਦੇ ਹੋਏ ਕਾਨੂੰਨ ਨੂੰ ਹੱਥ ਵਿਚ ਨਹੀਂ ਲਿਆ ਅਤੇ ਨਾ ਹੀ ਅਜਿਹੀਆਂ ਕਾਰਵਾਈਆਂ ਵਿਚ ਅਸੀਂ ਵਿਸ਼ਵਾਸ ਰੱਖਦੇ ਹਾਂ । ਜਦੋਂ ਜ਼ਾਬਰ ਬਾਦਲ ਹਕੂਮਤ ਦੇ ਜ਼ਬਰ-ਜੁਲਮਾਂ ਦਾ ਅਮਨਮਈ ਢੰਗਾਂ ਨਾਲ ਵਰਤੋਂ ਕਰਦੀ ਹੋਈ ਸਿੱਖ ਕੌਮ 10 ਨਵੰਬਰ 2015 ਦੇ ਚੱਬਾ ਵਿਖੇ ਹੋਏ ਸਰਬੱਤ ਖ਼ਾਲਸੇ ਦਾ ਮਿਸ਼ਨ ਪੁਰ ਅਮਨ ਅਤੇ ਜ਼ਮਹੂਰੀਅਤ ਢੰਗ ਨਾਲ ਨੇਪਰੇ ਚੜ੍ਹ ਗਿਆ ਅਤੇ ਲੱਖਾਂ ਦੀ ਗਿਣਤੀ ਵਿਚ ਪਹੁੰਚੀ ਉਥੇ ਸਿੱਖ ਸੰਗਤ ਦੇ ਕਿਸੇ ਇਕ ਵੀ ਗੁਰਸਿੱਖ ਜਾਂ ਹਾਜ਼ਰੀਨ ਵੱਲੋ ਕੋਈ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਅਮਲ ਨਹੀਂ ਹੋਇਆ, ਫਿਰ ਕੌਮ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਅਤੇ ਸਰਬੱਤ ਖ਼ਾਲਸੇ ਦੇ ਪ੍ਰਬੰਧਕਾਂ ਉਤੇ ਝੂਠੇ ਦੇਸ਼ ਧ੍ਰੋਹੀ, ਬ਼ਗਾਵਤ ਆਦਿ ਦੇ ਕੇਸ ਦਰਜ ਕਰਕੇ, ਗ੍ਰੰਥੀਆਂ ਨੂੰ ਗ੍ਰਿਫ਼ਤਾਰ ਕਰਕੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸੇ ਵਿਚ ਸ਼ਾਮਿਲ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਬੀਤੇ ਕਈ ਦਿਨਾਂ ਤੋਂ ਘਰਾਂ ਜਾਂ ਕਾਰੋਬਾਰਾਂ ਤੋ ਚੁੱਕ ਕੇ ਕੇਸ ਦਰਜ ਕਰਨ ਅਤੇ ਜੇ਼ਲ੍ਹਾਂ ਵਿਚ ਜ਼ਬਰੀ ਭੇਜਣ ਦੇ ਅਮਲ ਹੀ ਇਥੋ ਦੇ ਅਮਨ, ਜ਼ਮਹੂਰੀਅਤ ਅਤੇ ਇਨਸਾਨੀ ਕਦਰਾਂ-ਕੀਮਤਾਂ ਨੂੰ ਡੂੰਘੀ ਸੱਟ ਮਾਰਨ ਵਾਲੇ ਹੋ ਰਹੇ ਹਨ । ਇਸ ਤੋ ਵੀ ਅਗੇਰੇ ਜੋ ਕੌਮ ਦੇ ਤਖ਼ਤਾਂ ਦੇ ਜਥੇਦਾਰਾਂ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਕੌਮ ਦੇ ਪੰਥ ਦਰਦੀ ਜਾਂ ਸਖ਼ਸੀਅਤਾਂ ਜੇ਼ਲ੍ਹਾਂ ਵਿਚ ਜੇ਼ਲ੍ਹ ਮੈਨੂਅਲ ਦੇ ਨਿਯਮਾਂ ਅਨੁਸਾਰ ਮੁਲਾਕਾਤ ਕਰਨ ਦੀ ਚਾਹਨਾਂ ਰੱਖਦੀਆਂ ਹਨ, ਉਹਨਾਂ ਨੂੰ ਸਰਕਾਰ ਦੇ ਜੁਬਾਨੀ ਜ਼ਾਬਰਨ ਹੁਕਮਾਂ ਦੀ ਬਦੌਲਤ ਮੁਲਾਕਾਤਾਂ ਕਰਨ ਤੋ ਜ਼ਬਰੀ ਰੋਕਿਆ ਜਾ ਰਿਹਾ ਹੈ । ਅਜਿਹੇ ਅਮਲ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਨਾ ਹੀ ਬਾਦਲਾਂ ਵੱਲੋਂ ਸਿੱਖ ਕੌਮ ਨੂੰ ਸਬਕ ਸਿਖਾਉਣ ਦੀਆਂ ਦਿੱਤੀਆਂ ਜਾ ਰਹੀਆਂ ਚੁਣੋਤੀਆਂ ਅਤੇ ਗਿੱਦੜ ਭਬਕੀਆਂ ਸਾਨੂੰ ਆਪਣੇ ਹੱਕ-ਹਕੂਕਾਂ ਦੀ ਸਹੀ ਵਰਤੋ ਕਰਨ ਅਤੇ ਅਣਖ਼-ਗੈਰਤ ਨਾਲ ਵਿਚਰਣ ਤੋਂ ਰੋਕ ਸਕਣਗੀਆਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰਨੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜੋ ਹੁਕਮਰਾਨਾਂ ਨੇ ਨਾਭਾ ਜੇਲ੍ਹ ਵਿਚ ਆਪਣੀਆਂ ਤਾਨਾਸ਼ਾਹੀ ਸੋਚ ਅਧੀਨ ਗੈਰ-ਕਾਨੂੰਨੀ ਤਰੀਕੇ ਬੰਦੀ ਬਣਾਏ ਹੋਏ ਹਨ, ਉਹਨਾਂ ਨਾਲ ਮੁਲਾਕਾਤ ਕਰਨ ਸਮੇਂ ਪੁਲਿਸ ਵੱਲੋ ਜ਼ਬਰੀ ਘੇਰ ਕੇ ਸਾਨੂੰ ਜ਼ਲੀਲ ਕਰਨ ਅਤੇ ਸਾਡੇ ਮੁਲਾਕਾਤ ਕਰਨ ਦੇ ਕਾਨੂੰਨੀ ਹੱਕ ਉਤੇ ਡਾਕਾ ਮਾਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਜ਼ਾਬਰ ਬਾਦਲ ਹਕੂਮਤ ਦੇ ਅਜਿਹੇ ਅਮਲਾਂ ਵਿਰੁੱਧ ਨਿਰੰਤਰ ਜੋਰਦਾਰ ਸੰਘਰਸ਼ ਕਰਦੇ ਰਹਿਣ ਦੇ ਇਰਾਦੇ ਨੂੰ ਦੁਹਰਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਵੱਲੋ ਪੰਜਾਬ ਦੇ ਜੇ਼ਲ੍ਹ ਦੇ ਐਡੀਸ਼ਨਲ ਡੀ.ਜੀ.ਪੀ. ਸ੍ਰੀ ਰਾਜਪਾਲ ਮੀਨਾ, ਸ੍ਰੀ ਵਰੁਣ ਰੁੰਜਮ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਨਾਭਾ ਜੇਲ੍ਹ ਦੇ ਸੂਪਰਡੈਂਟ ਸ੍ਰੀ ਰਾਜਨ ਕਪੂਰ ਨਾਲ ਮੇਰੀ ਭਾਈ ਧਿਆਨ ਸਿੰਘ ਮੰਡ ਨਾਲ ਮੁਲਾਕਾਤ ਕਰਨ ਸੰਬੰਧੀ ਟੈਲੀਫੋਨ ਉਤੇ ਹੋਈ ਗੱਲਬਾਤ ਉਪਰੰਤ ਮੁਲਾਕਾਤ ਕਰਨ ਲਈ ਆਨਲਾਈਨ ਲਿਖਤੀ ਬੇਨਤੀ ਸਮੇਂ ਨਾਲ ਭੇਜ ਦਿੱਤੀਆਂ ਗਈਆਂ ਸਨ ਅਤੇ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜੇਲ੍ਹ ਮੈਨੂਅਲ ਅਤੇ ਸ਼ਰਤਾਂ ਦਾ ਪਾਲਣ ਕਰਦੇ ਹੋਏ ਅਸੀਂ ਆਪਣੇ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕਰਾਂਗੇ । ਇਸ ਦੇ ਬਾਵਜੂਦ ਵੀ ਸਾਡੇ ਦਫ਼ਤਰ ਨੂੰ ਅਤੇ ਸਾਨੂੰ ਜੇਲ੍ਹ ਵਿਭਾਗ, ਡਿਪਟੀ ਕਮਿਸ਼ਨਰ ਅਤੇ ਡੀ.ਜੀ.ਪੀ. ਜੇਲ੍ਹ ਵੱਲੋਂ ਕੋਈ ਵੀ ਲਿਖਤੀ ਜੁਆਬ ਨਾ ਆਉਣ ਦਾ ਸਪੱਸਟ ਮਤਲਬ ਹੈ ਕਿ ਜੇਲ੍ਹ ਮੈਨੂਅਲ ਦੀ ਉਲੰਘਣਾਂ ਖੁਦ ਅਫ਼ਸਰਸ਼ਾਹੀ ਕਰ ਰਹੀ ਹੈ ਨਾਂ ਕਿ ਸਿੱਖ ਕੌਮ । ਉਹਨਾਂ ਕਿਹਾ ਕਿ ਜਦੋ ਮੈਨੂੰ ਨਾਭਾ ਜੇਲ੍ਹ ਦੇ ਸਾਹਮਣੇ ਮੇਰੇ ਸਾਥੀਆਂ ਸਮੇਤ ਪੁਲਿਸ ਨੇ ਜ਼ਬਰੀ ਘੇਰ ਕੇ ਜ਼ਲੀਲ ਕੀਤਾ ਜਾ ਰਿਹਾ ਸੀ, ਤਾਂ ਸ. ਇਕਬਾਲ ਸਿੰਘ ਟਿਵਾਣਾ ਜੋ ਸਾਡੀ ਪਾਰਟੀ ਦੇ ਮੁੱਖ ਬੁਲਾਰੇ ਹਨ, ਉਹਨਾਂ ਨੇ ਫੋਨ ਤੇ ਸੂਚਿਤ ਕੀਤਾ ਕਿ ਮੇਰੀ ਜੇਲ੍ਹ ਸੂਪਰਡੈਂਟ ਨਾਭਾ ਸ੍ਰੀ ਰਾਜਨ ਕਪੂਰ ਨਾਲ ਫੋਨ ਤੇ ਹੁਣੇ ਗੱਲ ਹੋਈ ਹੈ ਕਿ ਉਹ ਆਉਣ ਵਾਲੇ ਕੱਲ੍ਹ ਮਿਤੀ 18 ਨਵੰਬਰ ਨੂੰ ਸ. ਮਾਨ ਅਤੇ ਸਾਥੀਆਂ ਦੀ ਮੁਲਾਕਾਤ ਕਰਨ ਦੀ ਲਿਖਤੀ ਇਜ਼ਾਜਤ ਆਨਲਾਈਨ ਭੇਜ ਦੇਣਗੇ । ਜੇਕਰ ਇਸ ਦੇ ਬਾਵਜੂਦ ਵੀ ਸਾਨੂੰ ਮੁਲਾਕਾਤ ਕਰਨ ਤੋ ਟਾਲ-ਮਟੋਲ ਦੀ ਨੀਤੀ ਅਪਣਾਈ ਗਈ, ਤਾਂ ਇਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਪੰਜਾਬ ਦੀ ਬਾਦਲ ਹਕੂਮਤ, ਸੁਖਬੀਰ ਸਿੰਘ ਬਾਦਲ ਅਤੇ ਜੇਲ੍ਹ ਨਾਲ ਸੰਬੰਧਤ ਅਫ਼ਸਰਸ਼ਾਹੀ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਵੇਗੀ । ਅਸੀਂ ਇਹਨਾਂ ਨੂੰ ਸਤਿਕਾਰ ਸਾਹਿਤ ਖ਼ਬਰਦਾਰ ਵੀ ਕਰ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਜੇਕਰ ਅਫ਼ਸਰਸ਼ਾਹੀ ਅਤੇ ਹੁਕਮਰਾਨਾਂ ਨੇ ਸਾਡੇ ਮੌਲਿਕ, ਵਿਧਾਨਿਕ ਅਤੇ ਸਮਾਜਿਕ ਹੱਕਾਂ ਨੂੰ ਡੰਡੇ ਅਤੇ ਗੋਲੀ ਦੇ ਜੋਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਕੌਮ ਆਪਣੀਆਂ ਸਿੱਖੀ ਰਵਾਇਤਾ ਅਨੁਸਾਰ ਇਹਨਾਂ ਦੇ ਜ਼ਬਰ-ਜੁਲਮ ਦਾ ਉਸ ਸਮੇਂ ਤੱਕ ਟਾਕਰਾ ਕਰੇਗੀ, ਜਦੋ ਤੱਕ ਸਾਡੇ ਵਿਧਾਨਿਕ ਅਤੇ ਮੌਲਿਕ ਹੱਕ ਹਕੂਕ ਸਾਨੂੰ ਪ੍ਰਦਾਨ ਨਹੀਂ ਕਰ ਦਿੰਦੇ ਅਤੇ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦੇ ਦਿੰਦੇ । ਸ. ਮਾਨ ਨੇ ਸਿੱਖ ਕੌਮ ਨੂੰ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਇਹਨਾਂ ਨੇ ਸਾਡੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ ਬਾਇੱਜ਼ਤ ਰਿਹਾਅ ਨਾ ਕੀਤਾ ਤਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਦਾਨਿਸ਼ਮੰਦਾਂ ਨਾਲ ਸਲਾਹ-ਮਸ਼ਵਰਾ ਕਰਦੇ ਹੋਏ ਅਗਲੇ ਐਕਸਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ । ਉਹਨਾਂ ਇਹ ਵੀ ਅਪੀਲ ਕੀਤੀ ਕਿ ਜੋ ਕੁਝ ਜਥੇਬੰਦੀਆਂ, ਸੰਗਠਨ ਜਾਂ ਸੰਤ-ਮਹਾਂਪੁਰਖ ਕਿਸੇ ਵੀ ਵਜਹ ਕਾਰਨ “ਸਰਬੱਤ ਖ਼ਾਲਸਾ” ਦੇ ਹੋਏ ਫੈਸਲਿਆ ਵਿਚ ਸਮੂਲੀਅਤ ਨਹੀਂ ਕਰ ਸਕੇ, ਉਹ ਵੀ ਅਗਲੇ ਐਕਸ਼ਨ ਪ੍ਰੋਗਰਾਮ ਵਿਚ ਕੌਮੀ ਮਸਲਿਆ ਉਤੇ ਸੰਜ਼ੀਦਗੀ ਨਾਲ ਸ਼ਮੂਲੀਅਤ ਕਰਨ ਅਤੇ ਇਕ ਪਲੇਟਫਾਰਮ ਤੇ ਜ਼ਮਹੂਰੀਅਤ ਅਤੇ ਅਮਨਮਈ ਚੱਲ ਰਹੇ ਸੰਘਰਸ਼ ਵਿਚ ਅਗਵਾਈ ਕਰਨ । ਅਸੀਂ ਉਹਨਾਂ ਸੱਭਨਾਂ ਦਾ ਬਣਦਾ ਸਤਿਕਾਰ ਹਮੇਸ਼ਾਂ ਕਰਦੇ ਰਹਾਂਗੇ । ਕਿਉਂਕਿ ਬਾਦਲਾਂ ਦੀ ਸਿੱਖ ਕੌਮ ਵਿਚ ਖਾਨਾਜੰਗੀ ਕਰਵਾਉਣ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਅਸੀਂ ਬਿਲਕੁਲ ਵੀ ਸਫ਼ਲ ਨਹੀਂ ਹੋਣ ਦੇਵਾਂਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>