ਬਾਦਲ ਵੱਲੋ ਸਿੱਖਾਂ ਵਿਰੁੱਧ ਦਰਜ ਕੀਤੇ ਦੇਸ਼ ਧਰੋਹੀ ਦੇ ਮੁਕੱਦਮੇ ਬਰਦਾਸ਼ਤ ਨਹੀ ਕੀਤੇ ਜਾਣਗੇ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕਤੱਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਸਿੱਖਾਂ ਵਿਰੁੱਧ ਦੇਸ਼ ਧਰੋਹੀ ਦੇ ਦਰਜ ਕੀਤੇ ਜਾ ਰਹੇ ਮੁਕਦੱਮਿਆਂ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਸਿੱਖ ਕਦੇ ਵੀ ਦੇਸ਼ ਧਰੋਹੀ ਨਹੀਂ ਹੋ ਸਕਦਾ ਪਰ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਨ ਲਈ ਸਿੱਖ ਗੁਰੂ ਸਾਹਿਬ ਨੇ ਜਿਥੇ ਪੰਥ ਨੂੰ ਜ਼ਬਰ ਦਾ ਟਾਕਰਾ ਸਬਰ ਨਾਲ ਕਰਨਾ ਸਿਖਾਇਆ ਉਥੇ ਜ਼ੁਲਮ ਦੀ ਇੰਤਹਾ ਹੋ ਜਾਣ’ ਤੇ ਸ਼ਮਸ਼ੀਰ ਦੀ ਵਰਤੋਂ ਕਰਨ ਦਾ ਵੀ ਪਾਠ ਪੜਾਇਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਨਾ ਭਰਾਵਾਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਹੋਂਦ ਵਿੱਚ ਆਈ ਤਾਂ ਸਿੱਖਾਂ ਦਾ ਕਤਲੇਆਮ ਹੀ ਹੁੰਦਾ ਰਿਹਾ ਹੈ ਅਤੇ ਸਿੱਖਾਂ ਵਿਰੁੱਧ  ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਵੀ ਸੁੱਟਿਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਸੰਗਤਾਂ ਕੋਲੋ ਹੱਥ ਜੋੜ ਕੇ ਮੁਆਫੀ ਮੰਗਣ ਦਾ ਡਰਾਮਾ ਇਹ ਕਹਿ ਕੇ ਕਰ ਰਹੇ ਹਨ ਕਿ ਜੇਕਰ ਉਹਨਾਂ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਉਹ ਮੁਆਫੀ ਮੰਗਦੇ ਹਨ ਜਦ ਕਿ ਦੂਸਰੇ ਪਾਸੇ ਉਹਨਾਂ ਦੇ ਫਰਜ਼ੰਦ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਇਹ ਧਮਕੀਆਂ ਦੇ ਰਿਹਾ ਹੈ ਕਿ ਉਹਨਾਂ ਦੇ ਕਿਸੇ ਵੀ ਵਰਕਰ ਜਾਂ ਆਗੂ ਦਾ ਘਿਰਾਉ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਉਹਨਾਂ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਰਹੇ ਹਨ ਕਿ ਜੇ ਉਹਨਾਂ ਕੋਲੋ ਕੋਈ ਗਲਤੀ ਹੋਈ ਤਾਂ ਉਹ ਮੁਆਫੀ ਮੰਗਦੇ ਹਨ ਵੀ ਹਾਸੋਹੀਣੀ ਮੁਆਫੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦਾ ਮਜ਼ਾਕ ਉਡਾਉਣ ਵਾਲਾ ਡਰਾਮਾ ਹੈ ਕਿਉਂਕਿ ਕਰੀਬ ਪੰਜ ਮਹੀਨੇ ਤੋਂ ਵੀ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਚੋਰੀ ਹੋਏ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਨੂੰ ਅੱਜ ਤੱਕ ਸਰਕਾਰ ਲੱਭ ਨਹੀਂ ਸਕੀ ਜਦ ਕਿ ਚੋਰਾਂ ਨੇ ਇਲਾਕੇ ਵਿੱਚ ਪੋਸਟਰ ਵੀ ਲਗਾ ਦਿੱਤੇ ਸਨ ਕਿ ਉਹਨਾਂ ਨੇ ਸਿੱਖਾਂ ਦਾ ਗੁਰੂ ਚੋਰੀ ਕੀਤਾ ਹੈ। ਉਹਨਾਂ ਕਿਹਾ ਕਿ ਚੋਰੀ ਹੋਇਆ ਸਰੂਪ ਲੱਭਣ ਦੀ ਬਜਾਏ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ ਗਏ ਜਿਸ ਦੇ ਰੋਸ ਵਜੋ ਸ਼ਾਂਤਮਈ ਧਰਨਾ ਦੇ ਰਹੇ ਗੁਰੂ ਘਰ ਦੇ ਪ੍ਰਚਾਰਕਾਂ ਤੇ ਸੰਗਤਾਂ ‘ਤੇ ਬਾਦਲਾਂ ਦੇ ਇਸ਼ਾਰਿਆਂ ‘ਤੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਦੋਸ਼ੀ ਪੁਲੀਸ ਵਾਲਿਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਸਗੋਂ ਸੰਗਤਾਂ ਨਾਲ ਇੱਕ ਹੋਰ ਧਰੋਹ ਕਮਾਉਦਿਆਂ ਮੁਕੱਦਮਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ। ਇਥੇ ਹੀ ਬੱਸ ਨਹੀਂ ਸਿੱਤਮਜਰੀਫੀ ਇਥੋਂ ਤੱਕ ਪੁੱਜ ਚੁੱਕੀ ਹੈ ਕਿ ਗੁਰੂ ਸਾਹਿਬ ਦੇ ਚੋਰੀ ਹੋਏ ਸਰੂਪ ਨੂੰ ਲੱਭਣ ਲਈ ਅਤੇ ਅੰਗ ਪਾੜ ਕੇ ਖਿਲਾਰਨ ਵਾਲਿਆਂ ਦੀ ਜਾਂਚ ਤਾਂ ਸੀ.ਬੀ.ਆਈ ਨੂੰਦਿੱਤੀ ਗਈ ਹੈ ਪਰ ਦੋ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਪੁਲੀਸ ਵਾਲਿਆਂ ਦੀ ਜਾਂਚ ਦੀ ਜਿੰਮੇਵਾਰੀ ਸੀ.ਬੀ.ਆਈ ਨੂੰ ਨਹੀਂ ਸੌਂਪੀ ਗਈ ਜਿਥੋਂ ਬਾਦਲਾਂ ਦਾ ਮੱਕਾਰ ਚਿਹਰਾ ਸਾਹਮਣੇ ਆਉਣਾ ਹੈ।

ਉਹਨਾਂ ਕਿਹਾ ਕਿ ਸਰਬੱਤ ਖਾਲਸਾ ਦੇ ਨਾਮ ਤੇ ਸ਼ਹੀਦ ਬਾਬਾ ਨੌਧ ਸਿੰਘ ਦੀ ਰਣਤੱਤੇ ਦੀ ਭੂਮੀ ਤੇ ਕੀਤੇ ਗਏ ਪੰਥਕ ਇਕੱਠ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋਈ ਸੰਗਤ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਬਾਦਲ ਰਾਜ ਵਿੱਚ ਹੋਈਆਂ ਵਧੀਕੀਆਂ ਤੋਂ ਕਿੰਨੇ ਦੁੱਖੀ ਹਨ ਤੇ ਉਹ ਬਦਲਾਉ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਿਸ ਦੇਸ਼ ਦਾ ਰਾਜਾ ਕੱਪਟੀ ਤੇ ਕਮੀਨਾ ਹੋਵੇਗਾ ਉਸ ਦਾ ਰਾਜ ਬਹੁਤੀ ਦੇਰ ਨਹੀਂ ਚੱਲ ਸਕਦਾ। ਉਹਨਾਂ ਕਿਹਾ ਕਿ ਸੂਬੇ ਵਿੱਚ ਜਨਤਾ ਜਨਾਰਦਨ ਨੂੰ ਇਨਸਾਫ ਮਿਲਣਾ ਤਾਂ ਦੂਰ ਰਿਹਾ ਸਗੋਂ ਭਾਰਤੀ ਸੰਵਿਧਾਨ ਅਨੁਸਾਰ ਮਿਲੇ ਮੌਲਿਕ ਅਧਿਕਾਰਾਂ ਅਨੁਸਾਰ ਹਾਕਮ ਧਿਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਅਵਾਜ਼ ਬੁਲੰਦ ਕਰਨ ਵਾਲਿਆਂ ਦੇ ਖਿਲਾਫ ਦੇਸ਼ ਧਰੋਹੀ ਤੇ ਹੋਰ ਕਈ ਪ੍ਰਕਾਰ ਦੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਇਸ ਵੇਲੇ ਬਾਦਲਾਂ ਦਾ ਲੱਕੜਬੱਗਾ ਬਣ ਕੇ ਕੰਮ ਕਰ ਰਿਹਾ ਹੈ ਤੇ ਧਰਮ ਪ੍ਰਚਾਰ ਕਰਨ ਦੀ ਬਜਾਏ ਬਾਦਲਾਂ ਦੀ ਪੁਸ਼ਤਪਨਾਹੀ ਕਰਕੇ ਗੁਰੂ ਦੀ ਗੋਲਕ ਦੀ ਵਰਤੋਂ ਧਰਮ ਪ੍ਰਚਾਰ ਦੀ ਬਜਾਏ  ਬਾਦਲਾਂ ਦੀਆਂ ਸਿਆਸੀ ਰੈਲੀਆਂ ‘ਤੇ ਖਰਚ ਕਰਕੇ ਦੁਰਵਰਤੋਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦਿੱਲੀ ਵਿੱਚ ਬੈਠੇ ਬਾਦਲਾਂ ਦੇ ਪਾਲਤੂ ਧਰਮ ਦੀ ਬਜਾਏ ਅਧਰਮ ਦਾ ਪ੍ਰਚਾਰ ਕਰਕੇ ਅਜਿਹੇ ਵਿਅਕਤੀਆਂ ਦੀ ਪੁਸ਼ਤਪਨਾਹੀ ਕਰ ਰਹੇ ਹਨ ਜਿਹੜੇ ਚਰਿੱਤਰਹੀਣ ਦੇ ਦੋਸ਼ਾਂ ਨੂੰ ਲੈ ਕੇ ਸੰਗਤਾਂ ਦੀ ਕਚਿਹਰੀ ਵਿੱਚ ਨੰਗੇ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਸਗੋਂ ਤਖਤਾਂ ਦੇ ਜਥੇਦਾਰਾਂ ਦਾ ਕੰਮ ਵੀ ਇਹ ਹੁਣ ਆਪਣੇ ਗ੍ਰੰਥੀਆਂ ਕੋਲੋਂ ਕਰਵਾ ਕੇ ਉਸ ਵਿਅਕਤੀ ਨੂੰ ਮੁਆਫੀ ਦਿਵਾ ਰਹੇ ਹਨ ਜਦ ਕਿ ਅਜਿਹੀ ਬੱਜਰ ਗਲਤੀ ਕਰਨ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਤਨਖਾਹ ਲਗਵਾਉਣੀ ਪੈਦੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸਾਰਾ ਸਿੱਖ ਪੰਥ ਗਮ ਵਿੱਚ ਡੁੱਬਾ ਹੋਇਆ ਹੈ ਤੇ ਸਿੱਖਾਂ ਨੇ ਦੀਵਾਲੀ ਨਹੀਂ ਮਨਾਈ ਦੂਸਰੇ ਪਾਸੇ ਬਾਦਲਾਂ ਦੇ ਦਿੱਲੀ ਕਮੇਟੀ ਤੇ ਕਾਬਜ ਮਨਜੀਤ ਸਿੰਘ  ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਦਮਦਮੀ ਟਕਸਾਲ ਦੇ ਲੋਕਾਂ ਵੱਲੋਂ ਨਕਾਰੇ ਹੋਏ ਮੁੱਖੀ ਹਰਨਾਮ ਸਿੰਘ ਧੁੰਮਾਂ ਨਾਲ ਮਿਲ ਕੇ ਗੁਰੂਦੁਆਰਾ ਬੰਗਲਾ ਸਾਹਿਬ ਨੂੰ ਸੋਨੇ ਦੇ ਦਰਵਾਜ਼ੇ ਚੜਾ ਕੇ ਖੁਸ਼ੀਆਂ ਮਨਾ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਨੂੰ ਸਿੱਖਾਂ ਦੀ ਸੱਭ ਤੋਂ ਵੱਡੀ ਦੁਸ਼ਮਣ ਜਮਾਤ ਆਰ.ਐਸ.ਐਸ ਦਾ ਪਹਿਲੀ ਕਤਾਰ ਦਾ ਆਗੂ ਤੇ ਦੇਸ਼ ਦਾ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਸਿੱਖਾਂ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ  ਵਿੱਚ ਬੰਦ ਕਰਨ ਦੇ ਬਦਲੇ ਨੈਲਸ਼ਨ ਮੰਡੇਲਾ ਦਾ ਅਵਾਰਡ ਦੇ ਕੇ ਨਾਇਕ ਦੱਸ ਸਕਦਾ ਹੈ ਪਰ ਸਿੱਖ ਪੰਥ ਲਈ ਬਾਦਲ ਨੈਲਸ਼ਨ ਮੰਡੇਲਾ ਦੇ ਪੈਰਾਂ ਵਰਗਾ ਵੀ ਨਾ ਹੋ ਕੇ ਇੱਕ ਔਰੰਗਜੇਬ ਤੇ ਜ਼ਕਰੀਆ ਖਾਂ ਤੇ ਮੀਰ ਮਨੂੰ ਵਰਗਾ ਖਲਨਾਇਕ ਹੈ । ਉਹਨਾਂ ਕਿਹਾ ਕਿ ਕਿੰਨੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ (ਬਾਦਲ) ਅਕਾਲੀ ਦਲ ਦੇ ਮੁੱਢਲੇ ਅਸੂਲਾਂ ਨੂੰ ਤਿਲਾਂਜਲੀ ਦੇ ਚੁੱਕਾ ਹੈ ਤੇ ਇਸ ਨੂੰ ਹੁਣ ਅਕਾਲੀ ਦਲ ਕਹਿਣਾ ਉੱਚਿਤ ਨਹੀ ਹੋਵੇਗਾ। ਉਹਨਾਂ ਕਿਹਾ ਕਿ ਸਿੱਖ ਪੰਥ ਹੁਣ ਬਾਦਲ ਦਲੀਆਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕਾ ਹੈ ਤੇ ਹੁਣ ਇਹਨਾਂ ਦੀ ਹਰ ਵਧੀਕੀ ਦਾ ਸਾਹਮਣਾ ਕਰਨ ਲਈ ਕਮਰਕੱਸੇ ਕਰ ਬੈਠਾ ਹੈ ਤੇ ਜਲਦੀ ਹੀ ਬਾਦਲ ਸਰਕਾਰ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ ਜਾਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>