ਸਿੱਖਾਂ ਨੂੰ ਟੋਪੀ ਪਾਉਣ ਦੇ ਨਤੀਜੇ ਭੈੜੇ ਹੋਣਗੇ : ਜੀ.ਕੇ.

ਨਵੀਂ ਦਿੱਲੀ : ਤਿਲਕ ਅਤੇ ਜੰਝੂ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲੇ ਸਿੱਖ ਪੰਥ ਦੇ ਨੌਂਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਿਤ ਤਾਰੀਖ 16 ਦਸੰਬਰ ਨੂੰ ਬਦਲਣ ਦੇ ਖਿਲਾਫ ਸਿੱਖ ਦਿੱਲੀ ਦੀਆਂ ਸੜਕਾਂ ਤੇ ਉੱਤਰ ਆਏ ਹਨ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵੱਲੋਂ ਕੌਮੀ ਮੀਡੀਆ ਵਿੱਚ 6 ਨਵੰਬਰ ਨੂੰ ਪ੍ਰਕਾਸ਼ਿਤ ਪਬਲਿਕ ਨੋਟਿਸਾਂ ਵਿੱਚ ਸ਼ਹੀਦੀ ਦਿਹਾੜਾ 24 ਨਵੰਬਰ ਦੱਸਣ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖਮੰਤਰੀ ਨੂੰ 19 ਨਵੰਬਰ ਨੂੰ ਪੱਤਰ ਭੇਜ ਕੇ ਐਤਰਾਜ ਦਰਜ ਕਰਵਾਇਆ ਗਿਆ ਸੀ। ਪਰ ਕਮੇਟੀ ਦਾ ਮੰਨਣਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਅਣਗੌਲਿਆ ਕਰਦੇ ਹੋਏ ਦਿੱਲੀ ਸਰਕਾਰ ਵੱਲੋਂ 24 ਨਵੰਬਰ ਨੂੰ ਸ਼ਹੀਦੀ ਦਿਹਾੜੇ ਦੀ ਆੜ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਕਥਿਤ ਡਰਾਈ ਡੇ ਦੇ ਨਾਮ ਉੱਤੇ ਬੰਦ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਛੋਟਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਜਿਸਦੇ ਵਿਰੋਧ ਵਿੱਚ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਵਿੱਚ ਜਦੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਮੁੱਖਮੰਤਰੀ ਨਿਵਾਸ ਦਾ ਘਿਰਾਉ ਕਰਨ ਲਈ ਚੰਦਗੀ ਰਾਮ ਅਖਾੜੇ ਤੋਂ ਕੂਚ ਕਰਨਾ ਸ਼ੁਰੂ ਕੀਤਾ ਤਾਂ ਦਿੱਲੀ ਪੁਲਿਸ ਵੱਲੋਂ ਵਿਧਾਨਸਭਾ ਤੋਂ ਪਹਿਲੇ ਅੜਿਕੇ ਖੜੇ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਮੁੱਖਮੰਤਰੀ ਨਿਵਾਸ ਜਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹੱਥਾਂ ਵਿੱਚ ਤਖਤੀਆਂ ਫੜੇ ਸਿੱਖ ਕੇਜਰੀਵਾਲ ਹਾਏ-ਹਾਏ ਦੇ ਨਾਹਰੇ ਲਗਾਉਂਦੇ ਹੋਏ ਸਿਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜੀ ਨਾ ਕਰਣ ਦੀ ਕੇਜਰੀਵਾਲ ਨੂੰ ਚਿਤਾਵਨੀ ਦੇ ਰਹੇ ਸਨ। ਗ਼ੁੱਸੇ ਵਿੱਚ ਭਰੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਦੋਵੇਂ ਅੜਿਕਿਆਂ ਨੂੰ ਤੋੜਦੇ ਹੋਏ ਮਹਾਤਮਾ ਗਾਂਧੀ ਮਾਰਗ ਦੇ ਵੱਲ ਵਧਕੇ ਜਦੋਂ ਰਿੰਗ ਰੋਡ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੌਰਿਸ ਨਗਰ ਥਾਣੇ ਲੈ ਜਾਇਆ ਗਿਆ।

ਇਸ ਮੌਕੇ ਤੇ ਪ੍ਰਦਰਸ਼ਨਕਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਨੇ ਜਾਣਬੂਝ ਕੇ ਨਾ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਓ ਲੈ ਕੇ ਸਿੱਖ ਸਿੱਧਾਂਤ ਨੂੰ ਨੀਵਾਂ ਵਿਖਾਉਣ, ਗੁਰੂ ਸਾਹਿਬ ਦੀ ਸ਼ਹੀਦੀ ਦੀ ਛੁਟਕਾਉਣ ਦੀ ਕੋਸ਼ਿਸ਼ ਕਰਕੇ ਸਿੱਖ ਭਾਵਨਾਵਾਂ ਨੂੰ ਢਾਹ ਲਾਈ ਹੈ ਸਗੋਂ ਸੰਸਦ ਵੱਲੋਂ 1971 ਗੁਰਦੁਆਰਾ ਐਕਟ ਦੇ ਅਨੁਸਾਰ ਬਣੀ ਸੰਵਿਧਾਨਿਕ ਚੁਣੀ ਹੋਈ ਸੰਸਥਾ ਦਿੱਲੀ ਕਮੇਟੀ ਨੂੰ ਨਜਰਅੰਦਾਜ ਕੀਤਾ ਹੈ। ਜੀ.ਕੇ. ਨੇ ਕੇਜਰੀਵਾਲ ਸਰਕਾਰ ਤੇ ਟਕਰਾਓ ਦੇ ਰਸਤੇ ਤੇ ਚਲਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ, ਨਗਰ ਨਿਗਮ ਅਤੇ ਵਕਫ ਬੋਰਡ ਤੋਂ ਟਕਰਾਉਣ ਦੇ ਬਾਅਦ ਹੁਣ ਦਿੱਲੀ ਕਮੇਟੀ ਨਾਲ ਟਕਰਾਓ ਲੈ ਰਹੀ ਹੈ । ਜੀ.ਕੇ. ਨੇ ਕੇਜਰੀਵਾਲ ਨੂੰ ਟਕਰਾਓ ਦਾ ਰਸਤਾ ਛੱਡਕੇ ਦਿੱਲੀ ਦੀ ਜਨਤਾ ਨਾਲ ਕੀਤੇ ਗਏ ਵਾਅਦੀਆਂ ਨੂੰ ਪੂਰਾ ਕਰਨ ਲਈ ਕਾਰਜ ਕਰਨ ਦੀ ਸਲਾਹ ਦਿੱਤੀ । ਜੀ.ਕੇ. ਨੇ ਚਿਤਾਵਨੀ ਭਰੇ ਅੰਦਾਜ ਵਿੱਚ ਕਿਹਾ ਕਿ ਕੇਜਰੀਵਾਲ ਦਿੱਲੀ ਦੀ ਜਨਤਾ ਨੂੰ ਤਾਂ ਵਾਅਦੀਆਂ ਦੀ ਟੋਪੀ ਪਾ ਸਕਦੇ ਹਨ ਪਰ ਸਿੱਖਾਂ ਨੂੰ ਟੋਪੀ ਪਾਉਣ ਦੇ ਨਤੀਜੇ ਭੈੜੇ ਹੋਣਗੇ।

ਸਿਰਸਾ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਚਾਰ ਸਿੱਖ ਵਿਧਾਇਕਾਂ ਦੇ ਹੋਣ ਦੇ ਬਾਵਜੂਦ ਕੇਜਰੀਵਾਲ ਵੱਲੋਂ ਸਿੱਖ ਵਿਧਾਇਕਾਂ ਨੂੰ ਨਜਰਅੰਦਾਜ ਕਰਕੇ 1980 ਦੇ ਦਹਾਕੇ ਵਿੱਚ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਓ ਲੈ ਕੇ ਸਿੱਖਾਂ ਨੂੰ ਦੋਫਾੜ ਕਰਨ ਦੀ ਚਲਾਈ ਗਈ ਨੀਤੀ ਉੱਤੇ ਚਲਣ ਦਾ ਵੀ ਇਲਜ਼ਾਮ ਲਗਾਇਆ। ਕੇਜਰੀਵਾਲ ਨੂੰ ਟੋਪੀ ਵਾਲਾ ਨੇਤਾ ਦੱਸਦੇ ਹੋਏ ਸਿਰਸਾ ਨੇ ਸਿੱਖ ਵਿਧਾਇਕਾਂ ਨੂੰ ਟੋਪੀ ਦੇ ਲਾਲਚ ਵਿੱਚ ਆਪਣੀ ਪਗੜ਼ੀ ਨੂੰ ਦਾਅ ਤੇ ਨਾ ਲਗਾਉਣ ਦੀ ਅਪੀਲ ਵੀ ਕੀਤੀ। ਸਿਰਸਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਵਾਲੇ ਅਹਿਮਦਸ਼ਾਹ ਅਬਦਾਲੀ , ਜਕਰਿਆ ਖਾਨ ਅਤੇ ਇੰਦਰਾ ਗਾਂਧੀ ਦਾ ਜੋ ਹਾਲ ਹੋਇਆ ਹੈ, ਕੇਜਰੀਵਾਲ ਨੂੰ ਉਸਨੂੰ ਯਾਦ ਰੱਖਣਾ ਚਾਹੀਦਾ ਹੈ।

ਇਸ ਮੌਕੇ ਤੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਰਵਿੰਦਰ ਸਿੰਘ ਖੁਰਾਨਾ, ਹਰਵਿੰਦਰ ਸਿੰਘ ਕੇ.ਪੀ., ਗੁਰਮੀਤ ਸਿੰਘ ਮੀਤਾ, ਕੈਪਟਨ ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਜਤਿੰਦਰਪਾਲ ਸਿੰਘ ਗੋਲਡੀ, ਰਵਿੰਦਰ ਸਿੰਘ ਲਵਲੀ, ਹਰਜਿੰਦਰ ਸਿੰਘ, ਜੀਤ ਸਿੰਘ, ਕੁਲਦੀਪ ਸਿੰਘ ਸਾਹਨੀ, ਮਨਮੋਹਨ ਸਿੰਘ, ਸਮਰਦੀਪ ਸਿੰਘ ਸੰਨੀ, ਰਵੇਲ ਸਿੰਘ, ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ, ਵਿਕਰਮ ਸਿੰਘ ਆਦਿ ਨੇ ਗ੍ਰਿਫਤਾਰੀ ਦਿੱਤੀ। ਸੈਂਕੜਿਆਂ ਦੀਆਂ ਗਿਣਤੀ ਵਿੱਚ ਮੌਜੂਦ ਸੰਗਤਾਂ ਵੱਲੋਂ ਰੋਸ਼ ਮੁਜਾਹਿਰੇ ਦੇ ਬਾਅਦ ਸੜਕ ਤੇ ਹੀ ਲੰਗਰ ਵੀ ਛੱਕਿਆ ਗਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>