ਸਰਬਤ ਖਾਲਸਾ ਤੋਂ ਸਿੱਖਾਂ ਨੇ ਕੀ ਖੱਟਿਆ ਤੇ ਕੀ ਗੁਆਇਆ?

ਪੰਜਾਬੀਆਂ ਨੇ ਸਰਬਤ ਖਾਲਸਾ ਤੋਂ ਕੀ ਖੱਟਿਆ ਅਤੇ ਕੀ ਗੁਆਇਆ ਹੈ? ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਜਦੋਂ ਵੀ ਪੰਜਾਬ ਵਿਚ ਸਿੱਖ ਧਰਮ ਵਿਚ ਕੋਈ ਸੰਕਟ ਆਉਂਦਾ ਹੈ ਤਾਂ ਸਰਬਤ ਖਾਲਸਾ ਬੁਲਾਉਣ ਸੰਬੰਧੀ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਹਨ। ਪੰਜਾਬ ਦੇਸ਼ ਦੀ ਖੜਗਭੁਜਾ ਹੈ। ਇਸਨੇ ਗੁਲਾਮੀ ਦੇ ਮੌਕੇ ਅਤੇ ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਅੰਦਰੂਨੀ ਅਤੇ ਬੈਰੂਨੀ ਤਾਕਤਾਂ ਨਾਲ ਜੰਗਾਂ ਲੜੀਆਂ ਹਨ। ਬਾਬਰ ਦੇ ਹਮਲੇ ਨੂੰ ਤਾਂ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਵੰਗਾਰਿਆ ਸੀ। ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਹਮਲਿਆਂ ਨੂੰ ਪੰਜਾਬੀਆਂ ਨੇ ਆਪਣੀ ਧਰਤੀ ਤੇ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ । ਜਦੋਂ ਚੀਨ ਨੇ ਭਾਰਤ ਤੇ ਹਮਲਾ ਕਰਕੇ ਪੰਚਸ਼ੀਲ ਦੀ ਮੁਹਿੰਮ ਦਾ ਉ¦ਘਣ ਕੀਤਾ ਤਾਂ ਉਦਾਸ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨੇ ਅੰਮ੍ਰਿਤਸਰ ਬੁਲਾ ਕੇ ਪੰਜਾਬੀਆਂ ਨੇ ਹੌਸਲਾ ਹੀ ਨਹੀਂ ਦਿੱਤਾ ਸਗੋਂ ਦੁਸ਼ਮਣਾਂ ਨਾਲ ਲੜਨ ਲਈ ਮਣਾ ਮੂੰਹੀ ਸੋਨਾ ਪੰਜਾਬਣਾਂ ਨੇ ਆਪਣੇ ਗਹਿਣੇ ਲਾਹ ਕੇ ਦਿੱਤਾ । ਕੀ ਅੱਜ ਪੰਜਾਬ ਨੂੰ ਆਪਣੇ ਵਿਰਸੇ ਤੇ ਝਾਤ ਨਹੀਂ ਮਾਰਨੀ ਚਾਹੀਦੀ? ਅੱਜ ਦੇ ਹਾਲਾਤ ਅਤੇ ਸਰਬਤ ਖਾਲਸਾ ਦੇ ਅਜਿਹੇ ਫ਼ੈਸਲਿਆਂ ਲਈ ਕੌਣ ਕੌਣ ਜ਼ਿੰਮੇਵਾਰ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ਼ਾਂਤਮਈ ਧਰਨੇ ਤੇ ਬੈਠੇ 2 ਨਿਰਦੋਸ਼ ਨੌਜਵਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਏ। ਸਰਬਤ ਖਾਲਸਾ ਵਿਚ ਇੱਕ ਸ਼ਬਦ ਵੀ ਉਨ੍ਹਾਂ ਸੰਬੰਧੀ ਨਹੀਂ ਕਿਹਾ ਗਿਆ। ਇਸ ਸਵਾਲ ਤੇ ਵਿਚਾਰ ਕਰਨਾ ਬਣਦਾ ਹੈ। ਸਰਬਤ ਖਾਲਸਾ ਸਿਆਸਤ ਦੀ ਭੇਂਟ ਚੜ੍ਹ ਗਿਆ। ਇਸ ਸਰਬਤ ਖਾਲਸਾ ਵਿਚ ਲੋਕ ਵਰਤਮਾਨ ਸਰਕਾਰ ਦੇ ਵਿਰੋਧ ਕਰਕੇ ਆਏ ਸਨ। ਅਜਿਹੇ ਵਿਸਫੋਟਕ ਹਾਲਾਤ ਲਈ ਅਸੀਂ ਕਿਸੇ ਇੱਕ ਧਿਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਇਸ ਹਾਲਾਤ ਦੇ ਅਸੀਂ ਸਾਰੇ ਪੰਜਾਬੀ ਖਾਸ ਤੌਰ ਤੇ ਸਿੱਖ ਜ਼ਿੰਮੇਵਾਰ ਹਨ। ਸਭ ਤੋਂ ਵੱਧ ਸਿੱਖ ਵਿਦਵਾਨਾ ਦਾ ਕਸੂਰ ਹੈ। ਉਹ ਹਰ ਮੌਕੇ ਆਪਸ ਵਿਚ ਹੀ ਉਲਝਦੇ ਰਹਿੰਦੇ ਹਨ। ਕੌਣ ਵੱਡਾ ਤੇ ਕੌਣ ਛੋਟਾ ਹੈ? ਸਿੱਖ ਜਗਤ ਨੂੰ ਅਗਵਾਈ ਦੇਣ ਵਿਚ ਕੋਤਾਹੀ ਕਰਦੇ ਹਨ। ਪੰਜਾਬ ਨੇ ਕਿਹੜਾ ਸੰਤਾਪ ਨਹੀਂ ਭੋਗਿਆ। ਪੰਜਾਬ ਪੁਲਿਸ, ਕਥਿਤ ਅਤਵਾਦੀਆਂ, ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਭਾਵੇਂ ਕੇਂਦਰ ਵਿਚ ਕਿਸੇ ਪਾਰਟੀ ਦੀ ਸਰਕਾਰ ਹੋਵੇ। ਸਿੱਖਾਂ ਵਿਚ ਖਾਨਾਜੰਗੀ ਚਲਦੀ ਰਹੀ। ਗਰਮ ਖਿਆਲੀ ਨੌਜਵਾਨਾ ਦੇ ਧੜੇ ਆਪਸ ਵਿਚ ਹੀ ਲੜਦੇ ਭਿੜਦੇ ਮਰਦੇ ਮਾਰਦੇ ਰਹੇ, ਪ੍ਰੰਤੂ ਨੁਕਸਾਨ ਕਿਸਦਾ ਹੋਇਆ। ਨਾ ਪੰਜਾਬ ਸਰਕਾਰ, ਨਾ ਕੇਂਦਰ ਸਰਕਾਰ ਦਾ, ਜੇਕਰ ਨੁਕਸਾਨ ਹੋਇਆ ਤਾਂ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦਾ ਹੋਇਆ। ਸਭ ਤੋਂ ਵੱਧ ਨੁਕਸਾਨ ਪੰਜਾਬੀ ਭਾਈਚਾਰੇ ਦਾ ਹੋਇਆ ਜਿਹੜਾ ਭਾਈਚਾਰਾ ਸਦੀਆਂ ਤੋਂ ਇੱਕ ਦੂਜੇ ਪ੍ਰਤੀ ਜਾਨ ਵਾਰਨ ਲਈ ਤਿਆਰ ਹੁੰਦਾ ਸੀ, ਅੱਜ ਉਨ੍ਹਾਂ ਦੇ ਮਨਾਂ ਵਿਚ ਸ਼ੱਕ ਦੀ ਸੂਈ ਘੁੰਮਦੀ ਹੈ। ਭਾਈਚਾਰੇ ਵਿਚ ਅਵਿਸ਼ਵਾਸ਼ ਦੇ ਹਾਲਾਤ ਪੈਦਾ ਹੋ ਗਏ। ਕੀ ਕਦੀਂ ਅਸੀਂ ਆਪਣੀ ਅੰਤਹਕਰਨ ਦੀ ਅਵਾਜ਼ ਸੁਣਨ ਲਈ ਤਿਆਰ ਹੋਵਾਂਗੇ ਵੀ ਜਾਂ ਕਥਿਤ ਗੁਪਤਚਰ ਏਜੰਸੀਆਂ ਦੇ ਝਾਂਸੇ ਵਿਚ ਆ ਕੇ ਭਰਾ ਮਾਰੂ ਖ਼ਾਨਾਜੰਗੀ ਜਾਰੀ ਰੱਖਾਂਗੇ? ਪੰਜਾਬੀਓ ਹੋਸ਼ ਤੋਂ ਕੰਮ ਲਓ। ਭੜਕਾਉਣ ਤੇ ਉਕਸਾਉਣ ਵਾਲਿਆਂ ਦਾ ਕੁਝ ਨਹੀਂ ਵਿਗੜਨਾ ਪ੍ਰੰਤੂ ਤੁਹਾਡਾ ਕੁਝ ਨਹੀਂ ਬਚਣਾ। ਸੋਚੋ ਵਿਚਾਰੋ ਤੇ ਫੈਸਲਾ ਕਰੋ। ਲਾਈਲੱਗ ਨਾ ਬਣੋ, ਸੁਣੇ ਸੁਣਾਏ ਤੇ ਵਿਸ਼ਵਾਸ਼ ਨਾ ਕਰੋ। ਭਾਵਨਾਵਾਂ ਵਿਚ ਬਹਿ ਕੇ ਜੈਕਾਰੇ ਨਾ ਛੱਡ ਦਿਆ ਕਰੋ। ਹਰ ਗੱਲ ਦੀ ਤਹਿ ਤੱਕ ਜਾਇਆ ਕਰੋ। ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ। ਤੁਹਾਡੇ ਵਿਚ ਬੈਠੇ ਗ਼ਦਾਰਾਂ ਤੋਂ ਬਚੋ, ਉਹ ਤੁਹਾਡੇ ਵਿਚ ਘੁਸ ਪੈਠ ਕਰ ਚੁੱਕੇ ਹਨ। ਗੁਰੂ ਗੋਬਿੰਦ ਸਿੰਘ ਨੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਕਿਹਾ ਸੀ। ਭਰਾਵਾਂ ਤੇ ਭਾਈਚਾਰੇ ਦਾ ਕਤਲ ਕਰਨ ਲਈ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਯਾਦ ਕਰੋ, ਜਿਹੜਾ ਮਹਾਰਾਸ਼ਟਰ ਤੋਂ ਚਲਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਗਿਆ। ਗ਼ਦਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਵੀ ਉਂਗਲਾਂ ਉਠਾਉਣ ਦੀ ਕੋਸ਼ਿਸ਼ ਕੀਤੀ ਸੀ। ਸਚਾਈ ਇੱਕ ਦਿਨ ਸਾਹਮਣੇ ਆ ਹੀ ਜਾਂਦੀ ਹੈ। ਪੰਜਾਬ ਵਿਚੋਂ ਉਦੋਂ ਕਿਸੇ ਸਿੰਘ ਨੇ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਦੀ ਕੁਰਬਾਨੀ ਦਾ ਬਦਲਾ ਲੈਣ ਲਈ ਕਿਉਂ ਨਹੀਂ ਹੌਸਲਾ ਕੀਤਾ? ਗੁਰੂ ਤੇ ਤਾਂ ਅਸੀਂ ਆਪਣਾ ਕਬਜਾ ਸਮਝਦੇ ਹਾਂ। ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਸ਼ਲਾਘਾ ਕਰਦੇ ਹਾਂ। ਮਾਤਾ ਗੁਜਰੀ ਨੂੰ ਪ੍ਰਣਾਮ ਕਰਦੇ ਹਾਂ, ਕਿਥੇ ਸੀ ਅਸੀਂ ਜਦੋਂ ਗੁਰੂ ਦੇ ਪਰਿਵਾਰ ਨਾਲ ਅਨਿਆਂ ਹੋ ਰਿਹਾ ਸੀ। ਭਰਾਵੋ ਆਪਣੀ ਲਿਆਕਤ ਤੋਂ ਕੰਮ ਲਵੋ, ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਜਾਂ ਸ਼ਰੋਮਣੀ ਪ੍ਰਬੰਧਕ ਕਮੇਟੀ ਗ਼ਲਤ ਨਹੀਂ ਕਰ ਰਹੀ । ਉਹ ਗ਼ਲਤ ਕਰ ਰਹੇ ਹਨ, ਇਸ ਦੀ ਵੀ ਸਾਡੀ ਜ਼ਿੰਮੇਵਾਰੀ ਹੈ। ਅਸੀਂ ਵੋਟਾਂ ਨਾਲ ਕਿਉਂ ਨਹੀਂ ਬਦਲਾ ਲੈ ਸਕਦੇ। ਗ਼ਲਤ ਕੰਮ ਨੂੰ ਗ਼ਲਤੀ ਕਰਕੇ ਠੀਕ ਕਰਨ ਦੀ ਕੋਸ਼ਿਸ਼ ਕਰਨਾ ਜਾਇਜ ਨਹੀਂ। ਲੋਕਤੰਤਰਿਕ ਢਾਂਚੇ ਵਿਚ ਆਪਣੇ ਵੋਟ ਦਾ ਅਧਿਕਾਰ ਵਰਤੋ। ਅਜਿਹੇ ਮੈਂਬਰ ਕਿਉਂ ਚੁਣਦੇ ਹੋ, ਜਿਹੜੇ ਗੁਰਮੁਖ ਨਹੀਂ ਹਨ ਅਤੇ ਗੁਰਮਤਿ ਅਨੁਸਾਰ ਕੰਮ ਨਹੀਂ ਕਰਦੇ? ਲਾਲਚ, ਪੈਸਾ, ਭੁੱਕੀ ਅਤੇ ਹੋਰ ਅਨੈਤਿਕ ਗੱਲਾਂ ਤੋਂ ਖਹਿੜਾ ਛੁਡਾਕੇ ਸਿਆਣਿਆਂ ਅਤੇ ਇਮਾਨਦਾਰਾਂ ਨੂੰ ਚੁਣੋਂ ਅਤੇ ਫਿਰ ਵੇਖੋ ਕੀ ਨਤੀਜੇ ਨਿਕਲਦੇ ਹਨ। ਖ਼ੁਦਗਰਜ ਲੀਡਰਾਂ ਤੇ ਵਿਸ਼ਵਾਸ ਨਾ ਕਰੋ, ਸਾਰੇ ਤੁਹਾਡੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ। ਤੁਹਾਡੇ ਅਧਿਕਾਰ ਅਸੀਮ ਹਨ, ਤੁਸੀਂ ਉਨ੍ਹਾਂ ਤੇ ਪਹਿਰਾ ਨਹੀਂ ਦਿੰਦੇ , ਚੰਦ ¦ਮਿਆਂ ਦਾ ਆਨੰਦ ਮਾਨਣ ਲਈ ਆਪਣੀ ਹੋਸ਼ ਗੁਆ ਕੇ ਗ਼ਲਤ ਵਿਅਕਤੀਆਂ ਨੂੰ ਚੁਣ ਲੈਂਦੇ ਹੋ। ਹੁਣ ਵਾਰ ਵਾਰ ਕਹਿੰਦੇ ਹੋ ਕਿ ਸਰਕਾਰ ਮਾੜੀ ਹੈ। ਜ਼ਿਆਦਤੀਆਂ ਕਰ ਰਹੀ ਹੈ, ਭਰਿਸ਼ਟਾਚਾਰੀ ਹੈ, ਜ਼ੋਰ ਜਬਰਦਸਤੀ ਕਰਦੀ ਹੈ। ਪਾਰਦਰਸ਼ਤਾ ਨਾਂ ਦੀ ਕੋਈ ਚੀਜ਼ ਨਹੀਂ। ਧਰਮ ਕਰਮ ਦਾ ਡਰ ਨਹੀਂ। ਇਹ ਸਰਕਾਰ ਚੁਣੀ ਤਾਂ ਤੁਸੀਂ ਹੀ ਹੈ, ਤੁਸੀਂ ਮਾੜੇ ਲੋਕਾਂ ਨੂੰ ਕਿਉਂ ਚੁਣਦੇ ਹੋ? ਹਰ ਪੰਜ ਸਾਲ ਬਾਅਦ ਤੁਸੀਂ ਇਨ੍ਹਾਂ ਨੂੰ ਬਦਲ ਸਕਦੇ ਹੋ ਪ੍ਰੰਤੂ ਇਹ ਧਿਆਨ ਰੱਖਿਓ ਕਿ ਫਿਰ ਕੋਈ ਅਜਿਹੇ ਲੋਕ ਨਾ ਚੁਣਨ ਦੀ ਭੁਲ ਕਰ ਲੈਣਾ, ਜਿਹੜੇ ਵਰਤਮਾਨ ਨੇਤਾਵਾਂ ਦੀ ਤਰ੍ਹਾਂ ਗ਼ਲਤ ਕੰਮ ਕਰਨ ਲੱਗ ਜਾਣ, ਕਿਤੇ ਖੂਹ ਵਿਚੋਂ ਨਿਕਲ ਕੇ ਖਾਈ ਵਿਚ ਡਿਗ ਪਵੋ। ਸਿਆਸਤਦਾਨਾ ਵਿਚ ਨਿਘਾਰ ਆ ਗਿਆ ਹੈ। ਇੱਕ ਹੋਰ ਗੱਲ ਪਰਵਾਸੀ ਵੀਰਾਂ ਅਤੇ ਭੈਣਾਂ ਨੂੰ ਕਹਿਣੀ ਚਾਹੁੰਦਾ ਹਾਂ। ਤੁਸੀਂ ਬੜੇ ਸਿਆਣੇ ਹੋ, ਪੰਜਾਬੀਆਂ ਨਾਲੋਂ ਜ਼ਿਆਦਾ ਧਾਰਮਿਕ ਲੱਗਦੇ ਹੋ, ਕਾਨੂੰਨ ਦੇ ਪਾਬੰਦ ਹੋ, ਖ਼ੁਸ਼ਹਾਲ ਹੋ, ਤੁਹਾਡੇ ਕੋਲ ਪੈਸੇ ਵੀ ਹਨ, ਜਿਸ ਵੀ ਦੇਸ਼ ਵਿਚ ਰਹਿੰਦੇ ਹੋ ਉਥੋਂ ਦੇ ਹਰ ਕਾਨੂੰਨ ਅਨੁਸਾਰ ਕੰਮ ਕਰਦੇ ਤੇ ਵਿਚਰਦੇ ਹੋ। ਕਦੀਂ ਵੀ ਕਾਨੂੰਨ ਦੀ ਉ¦ਘਣਾ ਕਰਨ ਦੀ ਹਿੰਮਤ ਨਹੀਂ ਕਰਦੇ। ਗੁਰਮੁਖ ਪਿਆਰਿਓ ਫਿਰ ਪੰਜਾਬ ਵਿਚ ਆਪਣੇ ਭੈਣਾਂ ਭਰਾਵਾਂ ਨੂੰ ਅਜਿਹਾ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹੋ, ਇੰਝ ਨਾ ਕਰੋ। ਏਥੇ ਤੁਹਾਡੇ ਵਰਗਾ ਰਾਜ ਨਹੀਂ, ਇਥੇ ਤੁਹਾਡੇ ਭੈਣਾਂ ਭਰਾਵਾਂ ਤੇ ਸਰਕਾਰੀ ਤੰਤਰ ਦੀਆਂ ਜ਼ਿਆਦਤੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ। ਕ੍ਰਿਪਾ ਕਰਕੇ ਪੰਜਾਬੀਆਂ ਨੂੰ ਪੰਜਾਬ ਵਿਚ ਸ਼ਾਂਤੀ ਤੇ ਸਦਭਾਵਨਾ ਦਾ ਮਾਹੌਲ ਕਾਇਮ ਰੱਖਣ ਦੀ ਪ੍ਰੇਰਨਾ ਕਰੋ, ਸਬਰ ਸੰਤੋਖ ਤੇ ਚਲਣ ਲਈ ਕਹੋ। ਪੰਜਾਬੀ ਤੁਹਾਡੇ ਆਪਣੇ ਸਾਕ ਸੰਬੰਧੀ, ਦੋਸਤ ਮਿੱਤਰ, ਭੈਣ ਭਰਾ ਹਨ, ਆਪਣਿਆਂ ਦਾ ਭਲਾ ਸੋਚਣਾ ਤੁਹਾਡਾ ਫਰਜ ਹੈ। ਤੁਹਾਡੀ ਹੱਲਾਸ਼ੇਰੀ ਨਾਲ ਇਹ ਸ਼ੇਰ ਬਣ ਜਾਂਦੇ ਹਨ। ਸ਼ੇਰ ਬਣਨਾ ਕੋਈ ਗ਼ਲਤ ਗੱਲ ਨਹੀਂ ਪ੍ਰੰਤੂ ਕੰਮ ਗ਼ਲਤ ਨਹੀਂ ਹੋਣਾ ਚਾਹੀਦਾ। ਭਾਵਨਾਵਾਂ ਵਿਚ ਵਹਿਣ ਨਾਲ ਕਈ ਵਾਰ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।

10 ਨਵੰਬਰ 2015 ਨੂੰ ਅੰਮ੍ਰਿਤਸਰ ਦੇ ਚੱਬਾ ਪਿੰਡ ਵਿਚ ਪੰਥਕ ਜਥੇਬੰਦੀਆਂ ਅਤੇ ਕੁਝ ਕੁ ਅਕਾਲੀ ਦਲਾਂ ਨੇ ਰਲਕੇ ਪੰਥਕ ਇਕੱਠ ਕੀਤਾ, ਜਿਸ ਨੂੰ ਸਰਬਤ ਖਾਲਸਾ ਦਾ ਨਾਂ ਦਿੱਤਾ ਗਿਆ। ਆਪਾਂ ਇਸ ਗੱਲ ਵਿਚ ਨਹੀਂ ਪੈਂਦੇ ਕਿ ਇਹ ਪੰਥਕ ਇਕੱਠ ਸੀ ਜਾਂ ਸਰਬਤ ਖਾਲਸਾ। ਅਸਲ ਵਿਚ ਪਿਛੇ ਜਹੇ ਪੰਜਾਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਵਿਰੋਧ ਅਤੇ ਇਨ੍ਹਾਂ ਘਟਨਾਵਾਂ ਦੀਆਂ ਪ੍ਰਤੀਕ੍ਰਿਆਿਵਾਂ ਵਿਰੁਧ ਰੋਸ ਪ੍ਰਗਟ ਕਰਨ ਲਈ ਸਿੱਖਾਂ ਦਾ ਇਕੱਠ ਸੀ। ਅਜਿਹੇ ਇਕੱਠ ਕਰਕੇ ਰੋਸ ਪ੍ਰਗਟ ਕਰਨਾ ਜਾਂ ਵਿਚਾਰ ਵਟਾਂਦਰਾ ਕਰਨਾ ਜਿਸਨੂੰ ਸੰਬਾਦ ਵੀ ਕਿਹਾ ਜਾ ਸਕਦਾ ਚੰਗੀ ਗੱਲ ਹੈ, ਸੰਬਾਦ ਵਿਚੋਂ ਚੰਗੇ ਨਤੀਜੇ ਨਿਕਲ ਸਕਦੇ ਹਨ, ਪ੍ਰੰਤੂ ਪ੍ਰਬੰਧਕਾਂ ਅਤੇ ਲੋਕਾਂ ਦੀ ਭਾਵਨਾ ਅਤੇ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਜਿਵੇਂ ਪਹਿਲਾਂ ਕਿਹਾ ਗਿਆ ਸੀ ਕਿ ਇਸ ਸਰਬਤ ਖਾਲਸਾ ਵਿਚ ਸਿੱਖਾਂ ਦੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦੀ ਪ੍ਰਣਾਲੀ ਬਾਰੇ ਸੰਬਾਦ ਕੀਤਾ ਜਾਵੇਗਾ ਤਾਂ ਜੋ ਜਥੇਦਾਰ ਆਪਣੇ ਅਧਿਕਾਰ ਸਹੀ ਢੰਗ ਨਾਲ ਨਿਰਪੱਖ ਹੋ ਕੇ ਬਿਨਾ ਕਿਸੇ ਦੀ ਦਖ਼ਲਅੰਦਾਜੀ ਦੇ ਵਰਤ ਸਕਣ। ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਮੁੱਖ ਰਾਗੀ, ਕੀਰਤਨੀਏਂ ਜਿਨ੍ਹਾਂ ਵਿਚ ਰਣਜੀਤ ਸਿੰਘ ਢਡਰੀਆਂ ਵਾਲਾ, ਦਲੇਰ ਸਿੰਘ, ਪੰਥਪ੍ਰੀਤ ਸਿੰਘ ਅਤੇ ਪਿੰਦਰਪਾਲ ਸਿੰਘ ਇਸ ਸਰਬਤ ਖਾਲਸਾ ਵਿਚ ਸ਼ਾਮਲ ਹੀ ਨਹੀਂ ਹੋਏ, ਜਿਸ ਤੋਂ ਪੰਥ ਵਿਚ ਫੁੱਟ ਦੇ ਸੰਕੇਤ ਮਿਲ ਗਏ, ਉਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਇਸ ਸਮਾਗਮ ਵਿਚ ਕੀ ਐਲਾਨ ਹੋਣਾ ਹੈ। ਪ੍ਰੰਤੂ ਇਸ ਪਲੇਟਫਾਰਮ ਦੀ ਗ਼ਲਤ ਵਰਤੋਂ ਹੋਣ ਲੱਗ ਪਈ, ਹਰ ਬੁਲਾਰਾ ਸਿਰਫ ਤੇ ਸਿਰਫ ਵੱਖਵਾਦ ਦੀ ਗੱਲ ਕਰਨ ਲੱਗ ਪਿਆ । ਜੇਕਰ ਅਸੀਂ ਭਾਰਤ ਵਿਚ ਰਹਿਣਾ ਹੈ ਤਾਂ ਭਾਰਤ ਦੇ ਨਾਗਰਿਕ ਬਣਕੇ ਰਹਿਣਾ ਚਾਹੀਦਾ ਹੈ। ਭੜਕਾਊ ਅਤੇ ਉਕਸਾਊ ਗੱਲਾਂ ਦਾ ਪ੍ਰਭਾਵ ਆਮ ਸਿੱਖਾਂ ਤੇ ਪੈਂਦਾ ਹੈ ਜਿਨ੍ਹਾਂ ਨੇ ਅਜਿਹੀ ਸਿਆਸਤ ਤੋਂ ਕੁਝ ਵੀ ਲੈਣਾ ਦੇਣਾ ਨਹੀਂ। ਜਿਹੜੇ ਜਥੇਦਾਰ ਬਣਾਏ ਗਏ ਹਨ, ਉਨ੍ਹਾਂ ਦੀ ਕਾਬਲੀਅਤ ਤੇ ਸ਼ੰਕੇ ਐਲਾਨ ਮੌਕੇ ਹੀ ਵਿਰੋਧ ਵੱਜੋਂ ਖੜ੍ਹੇ ਹੋ ਗਏ। ਸਟੇਜ ਤੋਂ ਹੀ ਕੁਝ ਵਿਅਕਤੀਆਂ ਨੇ ਵਿਰੋਧ ਪ੍ਰਗਟ ਕੀਤਾ। ਪੰਜਾਬੀ ਤਾਂ ਪਹਿਲਾਂ ਹੀ ਬਹੁਤ ਸੰਤਾਪ ਹੰਢਾ ਚੁੱਕੇ ਹਨ। ਰੱਬ ਦਾ ਵਾਸਤਾ ਸਿਆਸਤ ਕਰਕੇ ਪੰਜਾਬੀਆਂ ਦੇ ਗਲ ਮਰਿਆ ਸੱਪ ਨਾ ਪਾਓ। ਪਹਿਲਾਂ ਹੀ ਪੰਜਾਬ ਤੋਂ ਬਾਹਰ ਪੰਜਾਬੀਆਂ ਦਾ ਆਉਣਾ ਜਾਣਾ ਸ਼ੱਕੀ ਦੇ ਤੌਰ ਤੇ ਵੇਖਿਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਬਹੁਤ ਸਾਰੇ ਸਾਡੇ ਪਰਵਾਸੀ ਵੀਰ ਪਹਿਲਾਂ ਹੀ ਕਾਲੀ ਸੂਚੀ ਵਿਚ ਦਰਜ ਹੋਣ ਕਰਕੇ ਪੰਜਾਬ ਆ ਨਹੀਂ ਸਕਦੇ। ਅਸੀਂ ਤਾਂ ਉਸ ਸੂਚੀ ਨੂੰ ਖ਼ਤਮ ਕਰਵਾਉਣ ਦੇ ਉਪਰਾਲੇ ਕਰੀਏ, ਹੋਰ ਸੂਚੀ ਨਾ ਬਣਵਾਈਏ। ਨਤੀਜਾ ਕੀ ਨਿਕਲਿਆ? ਦੇਸ਼ ਧਰੋਹੀ ਦੇ ਕੇਸ ਦਰਜ ਹੋ ਗਏ, ਇਨ੍ਹਾਂ ਵਿਚ ਕੁ? ਪਰਵਾਸੀ ਵੀਰ ਵੀ ਸ਼ਾਮਲ ਹਨ। ਸਰਬਤ ਖਾਲਸਾ ਦੇ ਪ੍ਰਬੰਧਕ ਅਤੇ ਨਿਯੁਕਤ ਜਥੇਦਾਰ ਗ੍ਰਿਫ਼ਤਾਰ ਕਰ ਲਏ ਗਏ। ਹੁਣ ਨੌਜਵਾਨ ਗੁਮਰਾਹ ਹੋਣਗੇ। ਵਾਦ ਵਿਵਾਦ ਹੋਵੇਗਾ। ਜਲਸੇ ਮੁਜ਼ਾਹਰੇ, ਧਰਨੇ ਅਤੇ ਬੰਦ ਹੋਣਗੇ, ਪੰਜਾਬ ਦੀ ਆਰਥਿਕਤਾ ਨੂੰ ਢਾਹ ਲਗੇਗੀ। ਕੀ ਖੱਟਾਂਗੇ ਸਮਝ ਤੋਂ ਬਾਹਰ ਹੈ। ਹਵਾਈ ਅੱਡਿਆਂ ਤੇ ਸਿੱਖਾਂ ਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਭਰਾਵੋ ਪੰਜਾਬੀਆਂ ਤੇ ਤਰਸ ਕਰੋ।

ਇਸ ਸਾਰੀ ਪਰੀਚਰਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕਿਸੇ ਗ਼ਲਤੀ ਵਿਚ ਸੋਧ ਕਰਵਾਉਣ ਲਈ ਪਰਜਾਤੰਤਰਿਕ ਢੰਗ ਦੀ ਵਰਤੋਂ ਕਰੀਏ ਅਤੇ ਪੰਜਾਬ ਵਿਚ ਸਦਭਾਵਨਾ ਦਾ ਮਾਹੌਲ ਕਾਇਮ ਰੱਖਣ ਵਿਚ ਆਪੋ ਆਪਣਾ ਯੋਗਦਾਨ ਪਾਈਏ। ਇਸ ਤੋਂ ਇਲਾਵਾ ਚੋਣਾਂ ਦੌਰਾਨ ਲਾਲਚ, ਫਰੇਬ ਤੋਂ ਖਹਿੜਾ ਛੁਡਾ ਕੇ ਗੁਰਮੁਖ ਵਿਅਕਤੀਆਂ ਨੂੰ ਅੱਗੇ ਲਿਆਈਏ ਤਾਂ ਜੋ ਪ੍ਰਸ਼ਾਸ਼ਨ ਵਿਚ ਪਾਰਦਰਸ਼ਤਾ ਲਿਆਕੇ ਸਾਫ ਸੁਥਰਾ ਪ੍ਰਸ਼ਾਸ਼ਨ ਸਥਾਪਤ ਕਰ ਸਕੀਏ। ਸਹੀ ਚੋਣ ਸਾਰੇ ਮਸਲੇ ਹਲ ਕਰਨ ਵਿਚ ਸਹਾਈ ਹੋ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>