ਭਾਰਤ ਵਿੱਚ ਸੋਇਆਬੀਨ ਦੀ ਗਾਥਾ : ਇਕ ਅਣਗੌਲੀ ਕ੍ਰਾਂਤੀ

ਬੀ ਐਸ ਢਿੱਲੋਂ ਅਤੇ ਬੀ ਐਸ ਗਿੱਲ

ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ (ਸੀ ਆਈ ਐਮ ਐਮ ਵਾਈ ਟੀ, ਮੈਕਸੀਕੋ) ਤੋਂ ਲਿਆਂਦੇ ਕਣਕ ਦੇ ਜ਼ਰਮਪਲਾਜ਼ਮ ਅਤੇ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ (ਪੀ ਵੀ 18, ਕਲਿਆਣ ਸੋਨਾ, ਸੋਨਾਲੀਕਾ) ਦੇ ਆਉਣ ਨਾਲ ਸਾਡੇ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਮੁੱਢ ਬੱਝਿਆ, ਜਿਸ ਨੂੰ ਅੰਤਰਰਾਸ਼ਟਰੀ ਝੋਨਾ ਖੋਜ ਅਦਾਰੇ (ਆਈ ਆਰ ਆਰ ਆਈ, ਫਿਲਪਾਈਨਜ਼) ਤੋਂ ਅਯਾਤ ਕੀਤੇ ਝੋਨੇ ਦੇ ਜ਼ਰਮਪਲਾਜ਼ਮ ਅਤੇ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ (ਆਈ ਆਰ 8, ਜਯਾ) ਨਾਲ ਬਲ ਮਿਲਿਆ । ਦੇਸ਼ ਵਿੱਚ ਹਰੀ ਕ੍ਰਾਂਤੀ ਦੇ ਆਉਣ ਨਾਲ ਨਿਸ਼ਚੈ ਹੀ ਅਸੀਂ ਸਮੂਹ ਭਾਰਤ ਵਾਸੀਆਂ ਨੇ ਮਾਣ ਮਹਿਸੂਸ ਕੀਤਾ ਅਤੇ ਸਾਡੇ ਵਿਗਿਆਨੀਆਂ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਹਰੀ ਕ੍ਰਾਂਤੀ ਨੂੰ ਸੰਭਵ ਬਣਾਇਆ, ਨੇ ਵੀ ਖੂਬ ਨਾਮਣਾ ਖੱਟਿਆ । ਲੇਕਿਨ ਸਾਡੇ ਦੇਸ਼ ਦੀ ਖੇਤੀਬਾੜੀ ਨੂੰ ਇਨਕਲਾਬ ਦੇ ਰਸਤੇ ਤੇ ਤੋਰਨ ਵਿੱਚ ਕੁਝ ਹੋਰ ਫ਼ਸਲਾਂ ਦੀ ਵੀ ਅਹਿਮ ਭੂਮਿਕਾ ਹੈ ਜਿਨ੍ਹਾਂ ਨਾਲ ਸਮੁੱਚੇ ਭਾਰਤ ਦੀ ਖੇਤੀਬਾੜੀ ਉਤੇ ਕਣਕ-ਝੋਨੇ ਵਰਗਾ ਹੀ ਪ੍ਰਭਾਵ ਪਿਆ । ਭਾਰਤ ਵਿੱਚ ਜਿਨ੍ਹਾਂ ਦੋ ਪ੍ਰਮੁੱਖ ਫ਼ਸਲਾਂ ਦੀਆਂ ਉਦਾਹਰਨਾਂ ਸਾਡੇ ਸਨਮੁੱਖ ਹਨ ਉਨ੍ਹਾਂ ਵਿੱਚ ਕਮਾਦ ਅਤੇ ਸੋਇਆਬੀਨ ਨੂੰ ਸ਼ਾਮਲ ਕਰਨਾ ਬਣਦਾ ਹੈ । ਲੇਕਿਨ ਹਰੀ ਕ੍ਰਾਂਤੀ ਦੀ ਤਰ੍ਹਾਂ ਨਾ ਤਾਂ ਇਨਕਲਾਬ ਲਿਆਉਣ ਵਾਲੀਆਂ ਇਨ੍ਹਾਂ ਫ਼ਸਲਾਂ ਦੀ ਸ਼ਲਾਘਾ ਹੋਈ ਅਤੇ ਨਾ ਹੀ ਉਹ ਵਿਗਿਆਨੀ ਜਿਨ੍ਹਾਂ ਨੇ ਇਨ੍ਹਾਂ ਦੀਆਂ ਕਿਸਮਾਂ ਪੈਦਾ ਕੀਤੀਆਂ, ਨੂੰ ਕੋਈ ਨਾਮਣਾ ਮਿਲਿਆ । ਇਸਦਾ ਸ਼ਾਇਦ ਇਕ ਕਾਰਨ ਇਹ ਹੈ ਕਿ ਸਾਨੂੰ ਆਪਣੀਆਂ ਪ੍ਰਾਪਤੀਆਂ ਤੇ ਮਾਣ ਉਸ ਵੇਲੇ ਮਹਿਸੂਸ ਹੋਇਆ, ਜਦੋਂ ਸਾਨੂੰ ਹੋਰਾਂ ਨੇ ਇਸ ਬਾਰੇ ਸੁਚੇਤ ਕੀਤਾ । ਹਰੀ ਕ੍ਰਾਂਤੀ ਦਾ ਮੁੱਢ ਦਰਅਸਲ ਭਾਰਤ ਤੋਂ ਬਾਹਰ ਪਹਿਲਾਂ ਹੀ ਬੱਝਿਆ ਹੋਇਆ ਸੀ ਅਤੇ ਇਸ ਨੂੰ ਇਹ ਨਾਂ ਵੀ ਵਿਲੀਅਮ ਗੌਡ ਨਾਂ ਦੇ ਇਕ ਅਮਰੀਕਨ ਨੇ 1968 ਵਿੱਚ ਦਿੱਤਾ ।

ਸੋਇਆਬੀਨ ਦੀ ਕਾਸ਼ਤ ਛੋਟੇ ਪੱਧਰ ਤੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੂਰਬੀ ਬੰਗਾਲ, ਖਾਸੀ ਹਿਲਜ਼, ਨਾਗਾ ਹਿੱਲਜ਼ ਅਤੇ ਮੱਧ ਪ੍ਰਦੇਸ਼ ਵਿੱਚ ਕੀਤੀ ਜਾਂਦੀ ਸੀ ਲੇਕਿਨ 1970 ਤੱਕ ਇਸ ਫ਼ਸਲ ਦੀ ਵਪਾਰਕ ਪੱਧਰ ਤੇ ਕਾਸ਼ਤ ਨਹੀਂ ਕੀਤੀ ਜਾਂਦੀ ਸੀ । ਭਾਰਤ ਵਿ¤ਚ ਉਗਾਈ ਜਾਂਦੀ ਸੋਇਆਬੀਨ ਦੀ ਕਿਸਮ ਕਾਲੇ ਬੀਜਾਂ ਵਾਲੀ, ਘੱਟ ਝਾੜ ਦੇਣ ਵਾਲੀ ਅਤੇ ਪੱਛੜ ਕੇ ਪੱਕਣ ਵਾਲੀ ਸੀ । ਕਾਲੇ ਬੀਜਾਂ ਵਾਲੀ ਸੋਇਆਬੀਨ ਦੀ ਕਿਸਮ ਤੇਲ ਕੱਢਣ ਵਾਸਤੇ ਉਚਿਤ ਨਹੀਂ ਹੈ ਜਦੋਂ ਕਿ ਵਿਸ਼ਵ ਭਰ ਵਿੱਚ ਵਪਾਰਕ ਪੱਧਰ ਤੇ ਕਾਸ਼ਤ ਕੀਤੀ ਜਾਂਦੀ ਸੋਇਆਬੀਨ ਪੀਲੇ ਬੀਜਾਂ ਵਾਲੀ ਹੈ । 1970 ਉਪਰੰਤ ਸੋਇਆਬੀਨ ਦੀ ਕਾਸ਼ਤ ਅਧੀਨ ਆਉਂਦੇ ਰਕਬੇ ਅਤੇ ਉਤਪਾਦਨ ਵਿੱਚ ਅਥਾਹ ਵਾਧਾ ਹੋਇਆ । ਸਾਲ 1970-71 ਵਿੱਚ ਇਹ ਰਕਬਾ 30,000 ਹੈਕਟੇਅਰ ਸੀ ਜੋ ਕਿ ਸਾਲ 2014-15 ਤੱਕ ਵੱਧ ਕੇ 109 ਲੱਖ ਹੈਕਟੇਅਰ ਹੋ ਗਿਆ ਅਤੇ ਇਸ ਤਰ੍ਹਾਂ ਕਣਕ, ਝੋਨੇ ਅਤੇ ਨਰਮੇ ਤੋਂ ਬਾਅਦ ਸੋਇਆਬੀਨ ਚੌਥੀ ਪ੍ਰਮੁੱਖ ਫ਼ਸਲ ਵਜੋਂ ਉਭਰ ਕੇ ਸਾਹਮਣੇ ਆਈ । ਪਿੱਛਲੇ 44 ਸਾਲਾਂ ਦੌਰਾਨ ਸੋਇਆਬੀਨ ਦੀ ਕਾਸ਼ਤ ਹੇਠਲੇ ਰਕਬੇ ਅਤੇ ਉਤਪਾਦਨ ਵਿੱਚ ਕ੍ਰਮਵਾਰ 14.3% ਅਤੇ 15.9% ਦਾ ਸਲਾਨਾ ਵਾਧਾ ਦੇਖਣ ਨੂੰ ਮਿਲਿਆ । ਦੂਜੇ ਪਾਸੇ ਸਾਲ 1961-2014 ਦੌਰਾਨ ਦੇਸ਼ ਭਰ ਵਿੱਚ ਕਣਕ ਦੀ ਕਾਸ਼ਤ ਹੇਠਲੇ ਰਕਬੇ ਵਿੱਚ ਸਲਾਨਾ 1.1% ਅਤੇ ਉਤਪਾਦਨ ਵਿਚ 3.4% ਦਾ ਵਾਧਾ ਹੋਇਆ ਅਤੇ ਇਸੇ ਤਰ੍ਹਾਂ ਝੋਨੇ ਦੀ ਫ਼ਸਲ ਵਿੱਚ ਇਹ ਵਾਧਾ ਕ੍ਰਮਵਾਰ 0.4% ਅਤੇ 2.3% ਹੈ ।

ਹਰੀ ਕ੍ਰਾਂਤੀ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਉਪਰ ਪਿਆ । ਇਸ ਰਾਜ ਵਿੱਚ ਸਾਲ 1965-1985 ਦੌਰਾਨ ਝੋਨੇ ਦੀ ਕਾਸ਼ਤ ਅਧੀਨ ਰਕਬਾ 6.0 ਗੁਣਾ ਅਤੇ ਉਤਪਾਦਨ 19.0 ਗੁਣਾ ਵਧਿਆ । ਇਸੇ ਸਮੇਂ (1965-1985) ਦੌਰਾਨ ਕਣਕ ਦੀ ਕਾਸ਼ਤ ਅਧੀਨ ਰਕਬੇ ਵਿੱਚ 2.0 ਗੁਣਾ ਅਤੇ ਉਤਪਾਦਨ ਵਿ¤ਚ 5.7 ਗੁਣਾ ਵਾਧਾ ਹੋਇਆ । ਲੇਕਿਨ ਇਸਦੇ ਮੁਕਾਬਲਤਨ ਮੱਧ ਪ੍ਰਦੇਸ਼ ਜਿਸਨੂੰ ਸੋਇਆਬੀਨ ਕ੍ਰਾਂਤੀ ਦਾ ਧੁਰਾ ਮੰਨਿਆ ਜਾਂਦਾ ਹੈ, ਵਿੱਚ ਸਾਲ 1970 ਤੋਂ 1980 ਦੌਰਾਨ ਸੋਇਆਬੀਨ ਦੀ ਕਾਸ਼ਤ ਅਧੀਨ ਰਕਬੇ ਵਿੱਚ 60 ਗੁਣਾ ਵਾਧਾ ਵੇਖਣ ਨੂੰ ਮਿਲਿਆ, ਜਿਸ ਸਦਕਾ ਮੱਧ  ਪ੍ਰਦੇਸ਼ ਭਾਰਤ ਦੇ ਸੋਇਆ ਰਾਜ ਵਜੋਂ ਉਭਰ ਕੇ ਸਾਹਮਣੇ ਆਇਆ । ਕੀ ਅਸੀਂ ਇਸ ਨੂੰ ਭਾਰਤ ਦੀ ਖੇਤੀਬਾੜੀ ਦੇ ਇਤਿਹਾਸ ਦਾ ਇਕ ਨਿਵੇਕਲਾ ਨਿਸ਼ਾਨ ਚਿੰਨ ਨਹੀਂ ਕਹਾਂਗੇ ?

ਭਾਰਤ ਵਿੱਚ ਸੋਇਆਬੀਨ ਦੀ ਇਹ ਕ੍ਰਾਂਤੀ ਪ੍ਰਤਿਬੱਧ ਵਿਅਕਤੀਆਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਨੀਤੀਗਤ ਫੈਸਲਿਆਂ ਦੇ ਸਾਂਝੇ ਅਤੇ ਜੱਥੇਬੰਦਕ ਯਤਨਾ ਸਦਕਾ ਹੀ ਸੰਭਵ ਹੋ ਸਕੀ । ਸਾਲ 1960ਵਿਆਂ ਦੇ ਅਖੀਰ ਵਿੱਚ ਜਦੋਂ ਭਾਰਤ ਵਿੱਚ ਖਾਣ ਵਾਲੇ ਤੇਲ ਦੀ ਬਹੁਤ ਘਾਟ ਸੀ ਤਾਂ ਭਾਰਤ ਸਰਕਾਰ ਨੇ ਸੋਇਆਬੀਨ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਲਿਆ । ਅਮਰੀਕਾ ਤੋਂ ਸੋਇਆਬੀਨ ਦੀਆਂ ਚਾਰ ਕਿਸਮਾਂ, ਬਰੈਗ, ਕਲਾਰਕ, ਲੀ ਅਤੇ ਹਾਰਡੀ ਨੂੰ ਲਿਆਂਦਾ ਗਿਆ ਅਤੇ ਪੰਤਨਗਰ ਅਤੇ ਜਬਲਪੁਰ ਵਿਖੇ ਇਨ੍ਹਾਂ ਕਿਸਮਾਂ ਨੂੰ ਪਰਖਿਆ ਗਿਆ । ਸੋਇਆਬੀਨ ਦੀਆਂ ਇਨ੍ਹਾਂ ਕਿਸਮਾਂ ਵਿਚੋਂ ਬਰੈਗ ਵਧੀਆ ਸਾਬਤ ਹੋਈ ਅਤੇ ਇਸ ਦੀ ਕਾਸ਼ਤ ਦੀ ਸਿਫ਼ਾਰਸ਼ ਕੀਤੀ ਗਈ । ਅਮਰੀਕਾ ਤੋਂ ਬਰੈਗ ਕਿਸਮ ਦਾ ਬੀਜ ਕਾਫੀ ਮਾਤਰਾ ਵਿੱਚ ਲਿਆਂਦਾ ਗਿਆ ਅਤੇ ਜੀ ਬੀ ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਤਕਨਾਲੌਜੀ (ਜਿਸ ਨੂੰ ਉਸ ਸਮੇਂ ਯੂ ਪੀ ਐਗਰੀਕਲਚਰ ਯੂਨੀਵਰਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਵੱਲੋਂ 1969 ਵਿੱਚ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਵੰਡਿਆ ਗਿਆ । ਸ਼ੁਰੂਆਤੀ ਦੌਰ ਵਿੱਚ ਉਤਰਾਖੰਡ ਵਿੱਚ ਹੋਏ ਵਾਧੇ ਉਪਰੰਤ ਸੋਇਆਬੀਨ ਉਮੀਦ ਮੁਤਾਬਕ ਪ੍ਰਭਾਵ ਨਾ ਪਾ ਸਕੀ । ਲੇਕਿਨ ਬਾਅਦ ਦੇ ਸਾਲਾਂ ਵਿੱਚ ਸਰਕਾਰ ਵੱਲੋਂ ਭਾਰਤ ਵਿੱਚ ਸੋਇਆਬੀਨ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਲਏ ਗਏ ਨੀਤੀਗਤ ਫੈਸਲਿਆਂ ਕਰਕੇ ਮੱਧ ਪ੍ਰਦੇਸ਼ ਵਿੱਚ ਸੋਇਆਬੀਨ ਨੂੰ ਵੱਡਾ ਹੁਲਾਰਾ ਮਿਲਿਆ । ਡਾ.ਜੀ ਐਸ ਕਾਲਕਟ ਜੋ ਕਿ ਸਾਲ 1973-78 ਦੌਰਾਨ ਖੇਤੀਬਾੜੀ ਉਤਪਾਦਨ ਕਮਿਸ਼ਨਰ, ਭਾਰਤ ਸਰਕਾਰ ਵਜੋਂ ਸੇਵਾ ਨਿਭਾਅ ਰਹੇ ਸਨ, ਨੇ ਇਸ ਕ੍ਰਾਂਤੀ ਨੂੰ ਲਿਆਉਣ ਵਿੱਚ ਅਹਿਮ ਯੋਗਦਾਨ ਪਾਇਆ । ਉਨ੍ਹਾਂ ਦੇ ਕਾਰਜਕਾਲ ਦੌਰਾਨ ਸੋਇਆਬੀਨ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਨੂੰ ਉਤਮ ਕਿਸਮ ਦੇ ਬੀਜ, ਰਾਈਜੋਬੀਅਮ ਕਲਚਰ ਅਤੇ ਕੀਟਨਾਸ਼ਕ ਮੁਹੱਈਆ ਕਰਨ ਲਈ ਵਿਕਾਸਮਈ ਨੀਤੀ ਨਿਰਧਾਰਤ ਕੀਤੀ ਗਈ, ਜਿਸਨੂੰ ਭਾਰਤ ਸਰਕਾਰ ਦਾ ਵੀ ਸਮਰਥਨ ਸੀ । ਇਸ ਸਕੀਮ ਦੇ ਤਹਿਤ ਸਾਰੀਆਂ ਲਾਗਤਾਂ ਉਤੇ 25 ਪ੍ਰਤੀਸ਼ਤ ਦੀ ਸਬਸਿਡੀ ਦਿੱਤੀ ਗਈ । ਇਸ ਫ਼ਸਲ ਦੀ ਹਰਮਨ ਪਿਆਰਤਾ ਵਧਾਉਣ ਲਈ ਕਿਸਾਨਾਂ ਦੇ ਖੇਤਾਂ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ । ਦੂਜਾ ਵੱਡਾ ਫੈਸਲਾ ਜੋ ਇਸ ਸਮੇਂ ਲਿਆ ਗਿਆ, ਉਹ ਸੀ ਸੋਇਆਬੀਨ ਦਾ ਘੱਟੋ ਘੋਟ ਸਮਰਥਨ ਮੁੱਲ ਨਿਸ਼ਚਤ ਕਰਨਾ ਅਤੇ ਉਸ ਮੁੱਲ ਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਸੋਇਆਬੀਨ ਦੀ ਖਰੀਦ ਕਰਨਾ । ਇਸ ਉਪਰੰਤ ਸਾਲ 1977 ਵਿੱਚ ਸੋਇਆਬੀਨ ਦੇ ਮੰਡੀਕਰਣ ਦਾ ਕਾਰਜ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ (ਐਨ ਏ ਐਫ ਈ ਡੀ) ਨੂੰ ਸੌਂਪ ਦਿੱਤਾ ਗਿਆ । ਟਰਾਪੀਕਲ (ਤਪਤ ਖੰਡੀ) ਹਾਲਤਾਂ ਅਧੀਨ ਸੋਇਆਬੀਨ ਦੇ ਬੀਜ ਦੀ ਪੁੰਗਰਨ ਸਮਰੱਥਾ ਘੱਟ ਸੀ ਜਿਸ ਕਰਕੇ ਸਰਕਾਰ ਨੇ ਕੋਲਡ ਸਟੋਰੇਜ਼ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਤਾਂ ਜੋ ਬੀਜ ਦੀ ਉਗਣ ਸ਼ਕਤੀ ਬਣੀ ਰਹਿ ਸਕੇ । ਸਰਕਾਰ ਵੱਲੋਂ ਇਨ੍ਹਾਂ ਪਹਿਲਕਦਮੀਆਂ ਸਦਕਾ ਦੇਸ਼ ਭਰ ਵਿੱਚ ਸੋਇਆਬੀਨ ਦੀ ਕਾਸ਼ਤ ਅਧੀਨ ਰਕਬੇ ਵਿੱਚ ਵਾਧਾ ਹੋਣ ਲੱਗਾ । ਇਸ ਸਮੇਂ ਦੌਰਾਨ ਅਮਰੀਕਾ ਤੋਂ ਲਿਆਂਦੀ ਪੀਲੀ ਸੋਇਆਬੀਨ ਦੇ ਕਾਸ਼ਤ ਅਧੀਨ ਰਕਬੇ ਵਿੱਚ ਰਾਸ਼ਟਰੀ ਪੱਧਰ ਤੇ ਵਾਧਾ ਹੋਇਆ ਲੇਕਿਨ ਮੱਧ ਪ੍ਰਦੇਸ਼ ਵਿੱਚ ਕਾਲੇ ਰੰਗ ਦੀ ਸੋਇਆਬੀਨ ਅਧੀਨ ਰਕਬਾ ਵੱਧ ਰਿਹਾ ਸੀ ਅਤੇ ਕਾਲੇ ਦਾਣਿਆਂ ਵਾਲੀ ਸੋਇਆਬੀਨ ਦਾ ਹਿੱਸਾ ਸਾਲ 1971 ਵਿੱਚ 35 ਪ੍ਰਤੀਸ਼ਤ ਤੋਂ ਵੱਧ ਕੇ ਸਾਲ 1976 ਵਿੱਚ 90 ਪ੍ਰਤੀਸ਼ਤ ਹੋ ਗਿਆ । ਲੇਕਿਨ ਕਾਲੇ ਰੰਗ ਦੀ ਸੋਇਆਬੀਨ ਤੇਲ ਕੱਢਣ ਵਾਸਤੇ ਉਚਿਤ ਨਾ ਹੋਣ ਕਰਕੇ ਸਰਕਾਰ ਨੇ ਪੀਲੇ ਰੰਗ ਦੀ ਸੋਇਆਬੀਨ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਲਿਆ ਅਤੇ ਕਾਲੇ ਰੰਗ ਦੀ ਸੋਇਆਬੀਨ ਨਾਲੋਂ ਇਸ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵੀ 10 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ । ਜਿਸ ਦੇ ਨਤੀਜੇ ਵਜੋਂ ਕਿਸਾਨਾਂ ਦਾ ਰੁਝਾਨ ਪੀਲੀ ਸੋਇਆਬੀਨ ਵੱਲ ਵੱਧ ਗਿਆ । ਪੀਲੇ ਰੰਗ ਦੀ ਸੋਇਆਬੀਨ ਦੀ ਕਿਸਮ ਪੰਜਾਬ ਸੋਇਆਬੀਨ ਨੰਬਰ 1 ਨੂੰ ਉਤਰੀ ਪਹਾੜੀ ਅਤੇ ਉਤਰੀ ਮੈਦਾਨੀ ਇਲਾਕਿਆਂ ਲਈ ਸਾਲ 1958 ਵਿੱਚ ਸਿਫ਼ਾਰਸ਼ ਕੀਤਾ ਗਿਆ ਸੀ ਅਤੇ ਸਾਲ 1972 ਵਿੱਚ ਇਸ ਨੂੰ ਪੀ ਏ ਯੂ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਪੈਕੇਜ਼ ਆਫ਼ ਪ੍ਰੈਕਟਸਿਸ (ਫ਼ਸਲਾਂ ਦੀਆਂ ਸਿਫ਼ਾਰਸ਼ਾਂ) ਵਿੱਚ ਵੀ ਸ਼ਾਮਲ ਕੀਤਾ ਗਿਆ । ਡਾ. ਕਾਲਕਟ ਨੇ ਇਸ ਕਿਸਮ ਨੂੰ ਮੱਧ ਪ੍ਰਦੇਸ਼ ਵਿੱਚ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਸਾਲ 1975 ਵਿੱਚ ਇਹ ਕਿਸਮ ਮੱਧ ਪ੍ਰਦੇਸ਼ ਵਿੱਚ ਸਿਫ਼ਾਰਸ਼ ਕਰ ਦਿੱਤੀ ਗਈ । ਇਹ ਕਿਸਮ ਕੇਂਦਰੀ ਭਾਰਤ ਵਿੱਚ ਸੋਇਆਬੀਨ ਦੀ ਪ੍ਰਮੁੱਖ ਕਿਸਮ ਵਜੋਂ ਉਭਰੀ ਅਤੇ ਇਸ ਕਿਸਮ ਦੇ ਬੀਜ ਦਾ ਉਤਪਾਦਨ ਸਾਲ 1999 ਤੱਕ ਚੱਲਦਾ ਰਿਹਾ । ਸੋ, ਮੱਧ ਪ੍ਰਦੇਸ਼ ਵਿੱਚ ਪੰਜਾਬ ਸੋਇਆਬੀਨ ਨੰਬਰ 1 ਨੂੰ ਸਿਫ਼ਾਰਸ਼ ਕਰਨਾ ਅਤੇ ਕਾਲੇ ਰੰਗ ਦੀ ਸੋਇਆਬੀਨ ਨਾਲੋਂ ਪੀਲੇ ਰੰਗ ਦੀ ਸੋਇਆਬੀਨ ਦਾ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਵਰਗੀਆਂ ਪਹਿਲ ਕਦਮੀਆਂ ਸਦਕਾ ਪੀਲੇ ਰੰਗ ਦੀ ਸੋਇਆਬੀਨ ਨੂੰ ਵੱਡੀ ਪੱਧਰ ਤੇ ਕਾਸ਼ਤ ਕੀਤਾ ਜਾਣ ਲੱਗਾ ਅਤੇ ਮੌਜੂਦਾ ਸਮੇਂ ਸਾਰੇ ਮੱਧ ਪ੍ਰਦੇਸ਼ ਵਿਚ ਪੀਲੀ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਰਹੀ ਹੈ ।

ਡਾ. ਕਾਲਕਟ ਜਿਨ੍ਹਾਂ ਨੇ ਖੇਤੀਬਾੜੀ ਉਤਪਾਦਨ ਕਮਿਸ਼ਨਰ ਵਜੋਂ ਮੱਧ ਪ੍ਰਦੇਸ਼ ਵਿੱਚ ਸੋਇਆਬੀਨ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ, ਮੌਜੂਦਾ ਸਮੇਂ ਪੰਜਾਬ ਰਾਜ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਵਜੋਂ ਪੰਜਾਬ ਵਿੱਚ ਵੀ ਇਸ ਕ੍ਰਾਂਤੀ ਨੂੰ ਲਿਆਉਣ ਲਈ ਅਣਥਕ ਯਤਨ ਕਰ ਰਹੇ ਹਨ ਤਾਂ ਜੋ ਪੰਜਾਬ ਦੀ ਖੇਤੀਬਾੜੀ ਵਿੱਚ ਵੰਨ-ਸੁਵੰਨਤਾ ਨੂੰ ਲਿਆਂਦਾ ਜਾ ਸਕੇ ਅਤੇ ਦੇਸ਼ ਦੀਆਂ ਖਾਣ ਵਾਲੇ ਤੇਲ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>