ਕੈਂਸਰ ਤੋਂ ਬਚਣ ਲਈ ਪੌਸ਼ਟਿਕ ਭੋਜਨ ਖਾਓ

ਰੇਨੂਕਾ ਅਗਰਵਾਲ ਅਤੇ ਸੋਨਿਕਾ ਸ਼ਰਮਾ
ਫੂਡ ਅਤੇ ਨਿਊਟ੍ਰਿਸ਼ਨ ਵਿਭਾਗ

ਕੈਂਸਰ ਇੱਕ ਅਜਿਹੀਆਂ ਬੀਮਾਰੀਆਂ ਦਾ ਸਮੂਹ ਹੈ ਜਿਸ ਵਿੱਚ ਸਰੀਰ ਦੇ ਸੈੱਲਾਂ ਦੀ ਬਣਤਰ ਖ਼ਰਾਬ ਹੋ ਜਾਂਦੀ ਹੈ ਅਤੇ ਇਹ ਖ਼ਰਾਬ ਬਣਤਰ ਵਾਲੇ ਸੈੱਲ ਸਰੀਰ ਵਿੱਚ ਫੈਲਣ ਲੱਗਦੇ ਹਨ । ਭਾਰਤ ਵਿੱਚ ਪੁਰਸ਼ਾਂ ਵਿੱਚ ਸਭ ਤੋਂ ਵੱਧ ਫੇਫੜੇ ਅਤੇ ਮੂੰਹ ਦਾ ਕੈਂਸਰ ਹੁੰਦਾ ਹੈ ਜਦ ਕਿ ਔਰਤਾਂ ਵਿੱਚ ਸਰਵਾਇਕਲ ਅਤੇ ਛਾਤੀ ਦਾ ਕੈਂਸਰ ਜ਼ਿਆਦਾ ਹੁੰਦਾ ਹੈ । ਸਾਲ 2010 ਵਿੱਚ ਭਾਰਤ ਵਿਚ 5,56,400 ਮੌਤਾਂ ਕੈਂਸਰ ਕਾਰਨ ਹੋਈਆਂ, ਜਿਨ੍ਹਾਂ ਵਿੱਚੋਂ 71% (3,95,400) 30-69 ਸਾਲ ਦੀ ਉਮਰ ਦੇ ਸਨ । ਭਾਰਤ ਵਿੱਚ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਹੈ । ਸੰਸਾਰ ਵਿੱਚ ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਮੂੰਹ ਦਾ ਕੈਂਸਰ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ ਅਤੇ ਹਰ ਸਾਲ ਤਕਰੀਬਨ 75,000 ਤੋਂ 80,000  ਨਵੇਂ ਮਰੀਜ਼ ਇਸ ਕੈਂਸਰ ਦੀ ਸੂਚੀ ਵਿੱਚ ਸ਼ਾਮਿਲ ਹੋ ਜਾਂਦੇ ਹਨ। ਪੰਜਾਬ ਦੇ ਮਾਲਵੇ ਇਲਾਕੇ ਵਿੱਚ ਜ਼ਿਆਦਾ ਕੈਂਸਰ ਦੇ ਮਰੀਜ਼ ਪਾਏ ਜਾਂਦੇ ਹਨ । 20-30% ਮਰੀਜ਼ਾਂ ਨੂੰ ਕੈਂਸਰ ਗਲਤ ਖਾਣ ਦੀਆਂ ਆਦਤਾਂ ਅਤੇ ਸੰਭੋਗ ਦੇ ਤਰੀਕੇ ਕਾਰਨ ਹੁੰਦਾ ਹੈ । ਉਂਝ ਕੈਂਸਰ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ ਰਹਿਣ-ਸਹਿਣ ਦਾ ਤਰੀਕਾ, ਵਾਤਾਵਰਨ, ਪਰਿਵਾਰਿਕ ਚਲਣ ਅਤੇ ਤਣਾਓ ।

ਰਹਿਣ-ਸਹਿਣ ਦੇ ਤਰੀਕਿਆਂ ਵਿੱਚ ਖਾਸ ਤੌਰ ਤੇ ਸਿਗਰੇਟ ਪੀਣਾ, ਜ਼ਿਆਦਾ ਫੈਟ ਵਾਲਾ ਭੋਜਨ ਖਾਣਾ, ਫਲਾਂ-ਸਬਜ਼ੀਆਂ ਦਾ ਘੱਟ ਪ੍ਰਯੋਗ, ਕਸਰਤ ਨਾ ਕਰਨਾ, ਸੂਰਜ ਦੀਆਂ ਯੂ.ਵੀ. ਕਿਰਨਾ, ਮੋਟਾਪਾ ਆਦਿ ਸ਼ਾਮਿਲ ਹਨ। ਵਾਤਾਵਰਨ ਵੀ ਕਾਫੀ ਹੱਦ ਤੱਕ ਕੈਂਸਰ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਘਰ ਵਿੱਚ ਧੂੰਆਂ, ਹਵਾ ਦਾ ਪ੍ਰਦੂਸ਼ਨ, ਫੈਕਟਰੀਆਂ ਦਾ ਪ੍ਰਦੂਸ਼ਨ, ਰਸਾਇਣਿਕ ਪਦਾਰਥਾਂ ਨਾਲ ਕੰਮ ਕਰਨਾ ਆਦਿ । ਕੈਂਸਰ ਤੋਂ ਬਚਣ ਲਈ ਸਰੀਰ ਵਿੱਚ ਪੈਦਾ ਹੋਣ ਵਾਲੇ ਕੁੱਝ ਲੱਛਣਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਇਹ ਲੱਛਣ ਹਨ :-

ਗਲਾ ਖ਼ਰਾਬ ਜੋ ਕਿ ਠੀਕ ਹੀ ਨਾ ਹੋਵੇ ।
ਬਿਨ੍ਹਾਂ ਕਾਰਨ ਖ਼ੂਨ ਨਿਕਲਣਾ ਅਤੇ ਡਿਸਚਾਰਜ ਹੋਣਾ ।
ਖਾਣ ਵਿੱਚ ਹਮੇਸ਼ਾ ਮੁਸ਼ਕਲ ਹੋਣਾ ।
ਕਿਸੇ ਵੀ ਦਿਖਣ ਵਾਲੇ ਮੋਹਕੇ ਦਾ ਆਕਾਰ ਬਦਲਣਾ ।
ਖਾਂਸੀ ਠੀਕ ਨਾ ਹੋਣਾ ਅਤੇ ਬਲੈਡਰ ਵਿੱਚ ਤਬਦੀਲੀ
ਸਰੀਰ ਦੇ ਕਿਸੇ ਵੀ ਅੰਗ ਦਾ ਬਿਨ੍ਹਾਂ ਕਾਰਨ ਸੁਜਣਾ

ਕੈਂਸਰ ਤੋਂ ਹੋਣ ਵਾਲੀਆਂ ਮੌਤਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ ਜੇਕਰ ਕੈਂਸਰ ਹੋਣ ਦਾ ਪਤਾ ਅਤੇ ਇਲਾਜ ਸਮੇਂ ਸਿਰ ਹੋ ਸਕੇ । 30% ਤੋਂ ਜ਼ਿਆਦਾ ਕੈਂਸਰ ਕੇਸਾਂ ਨੂੰ ਕੇਵਲ ਕੈਂਸਰ ਪੈਦਾ ਕਰਨ ਵਾਲੇ ਕਾਰਨਾਂ ਨੂੰ ਬਦਲ ਕੇ ਜਾਂ ਉਨ੍ਹਾਂ ਤੋਂ ਬਚਕੇ ਹੀ ਰੋਕਿਆ ਜਾ ਸਕਦਾ ਹੈ । ਰੋਜ਼ਮਰਾਂ ਦੀਆਂ ਭੋਜਨ ਸੰਬੰਧੀ ਆਦਤਾਂ ਵਿੱਚ ਹੀ ਤਬਦੀਲੀ ਕਰਕੇ ਅਸੀਂ ਇਸ ਭਿਆਨਕ ਰੋਗ ਤੋਂ ਬਚ ਸਕਦੇ ਹਾਂ । ਖੋਜ ਤੋਂ ਬਾਅਦ ਇਹ ਪਤਾ ਚੱਲਿਆ ਹੈ ਕਿ ਕੁਦਰਤੀ ਤੌਰ ਤੇ ਪਾਏ ਜਾਣ ਵਾਲੀਆਂ ਖੁਰਾਕੀ ਵਸਤਾਂ ਵਿੱਚ ਕੈਂਸਰ ਨੂੰ ਰੋਕਣ ਦੀ ਬਹੁਤ ਤਾਕਤ ਹੁੰਦੀ ਹੈ। ਇਹਨਾਂ ਖੁਰਾਕੀ ਵਸਤਾਂ ਵਿੱਚ ਕੁਦਰਤੀ ਮਸਾਲੇ ਸਭ ਤੋਂ ਮਹੱਤਵਪੂਰਨ ਹਨ ਜਿਵੇਂ ਕਿ ਮਿਰਚ, ਅਦਰਕ, ਲਸਣ, ਹਲਦੀ, ਇਲਾਈਚੀ, ਮੇਥੇ, ਸੌਂਫ, ਜੀਰਾ, ਧਨੀਆ, ਦਾਲ ਚੀਨੀ, ਅਜਵੈਨ, ਲੌਂਗ, ਜਵੀਤਰੀ ਆਦਿ । ਇਹ ਮਸਾਲੇ ਸਾਡੇ ਪੰਜਾਬੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਵੀ ਹਨ। ਪਰ ਸਾਨੂੰ ਇਹਨਾਂ ਮਸਾਲਿਆਂ ਨੂੰ ਹੋਰ ਜ਼ਿਆਦਾ ਵਰਤਣਾ ਚਾਹੀਦਾ ਹੈ ਤਾਂ ਜੋ ਅਸੀਂ ਕੈਂਸਰ ਵਰਗੀ ਬਿਮਾਰੀ ਤੋਂ ਬਚ ਸਕੀਏ । ਹਰ ਇੱਕ ਮਸਾਲੇ ਦੀ  ਆਪਣੀ ਸੁਗੰਧ ਅਤੇ ਮਹੱਤਤਾ ਹੈ । ਇਹਨਾਂ ਦੀ ਵਰਤੋਂ ਨਾਲ ਸਾਨੂੰ ਘੱਟ ਕੈਲਰੀਜ਼ ਨਾਲ ਜ਼ਿਆਦਾ ਸਵਾਦ ਖਾਣਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਹਨਾਂ ਵਿਚ ਫਾਈਟੋਨੂਟਰੀਏਨਟਜ਼ ਹੁੰਦੇ ਹਨ ਜੋ ਕਿ ਕੈਂਸਰ ਤੋਂ ਬਚਾਉਂਦੇ ਹਨ ।

ਇਹਨਾਂ ਮਸਾਲਿਆਂ ਦੇ ਨਾਲ ਹੀ ਸਾਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਸਾਬਤ ਅਨਾਜ਼, ਦਾਲਾਂ, ਸਬਜ਼ੀਆਂ ਅਤੇ ਫਲ ਸ਼ਾਮਿਲ ਹੋਣ । ਭੋਜਨ ਵਿੱਚ 30% ਤੋਂ ਜ਼ਿਆਦਾ ਫੈਟ ਵੀ ਨਹੀਂ ਹੋਣੀ ਚਾਹੀਦੀ ਅਤੇ ਸੈਚੂਰੇਟਰਡ/ਠੋਸ ਫੈਟ ਜਿਵੇਂ ਕਿ ਮ¤ਖਣ, ਘਿਓ, ਮਲਾਈ ਆਦਿ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ । ਭੋਜਨ ਵਿੱਚ ਸਾਰੀਆਂ ਸਬਜ਼ੀਆਂ ਜਿਵੇਂ ਕਿ ਘੀਆ, ਤੋਰੀ, ਬੰਦ ਗੋਭੀ, ਗੋਭੀ, ਹਰੇ ਪੱਤੇਦਾਰ ਸਬਜ਼ੀਆਂ ਆਦਿ ਜ਼ਿਆਦਾ ਹੋਣੀਆਂ ਚਾਹੀਦੀਆਂ ਹਨ । ਭੋਜਨ ਵਿੱਚ ਖੁਰਾਕੀ ਰੇਸ਼ਾ ਵਧਾਉਣ ਲਈ ਸਾਬਤ ਅਨਾਜ, ਦਾਲਾਂ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ । ਭੋਜਨ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਭੋਜਨ ਪਕਾਉਣ ਦੇ ਵੱਖ-2 ਤਰੀਕੇ ਜਿਵੇਂ ਕਿ ਭੁੰਨਣਾ, ਪੁੰਗਰਾਉਣਾ, ਖਮੀਰੀਕਰਨ, ਉਬਾਲਣਾ, ਭਾਫ ਨਾਲ ਪਕਾਉਣਾ ਆਦਿ ਅਪਣਾਉਣੇ ਚਾਹੀਦੇ ਹਨ ।

ਅੱਜਕਲ ਦੇ ਦੌਰ ਵਿੱਚ ਹਰ ਵਿਅਕਤੀ ਫਾਸਟ ਫੂਡ (ਬਰਗਰ, ਪੀਜ਼ਾ ਆਦਿ) ਖਾਣਾ ਪਸੰਦ ਕਰਦਾ ਹੈ। ਫਾਸਟ ਫੂਡ ਵਿੱਚ ਜ਼ਿਆਦਾ ਮਾਤਰਾ ਵਿੱਚ ਤੇਲ ਅਤੇ ਕੈਲਰੀ ਹੋਣ ਕਾਰਨ ਇਹ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ । ਇਸ ਵਿੱਚ ਕੋਈ ਵੀ ਪੌਸ਼ਟਿਕ ਤੱਤ ਸਹੀ ਮਾਤਰਾ ਵਿੱਚ ਨਹੀਂ ਹੁੰਦਾ । ਫਾਸਟ ਫੂਡ ਜ਼ਿਆਦਾ ਖਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਇਹ ਕੈਂਸਰ ਦਾ ਵੀ ਕਾਰਨ ਬਣ ਸਕਦਾ ਹੈ । ਇਸ ਲਈ ਸਾਨੂੰ ਫਾਸਟ ਫੂਡ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ।

ਕੈਂਸਰ ਨੂੰ ਰੋਕਣ ਲਈ ਖੁਰਾਕ ਸੰਬੰਧੀ ਸੁਝਾਓ :

ਖ਼ੁਰਾਕ ਵਿੱਚ ਬੀਟਾ-ਕੈਰੋਟੀਨ, ਵਿਟਾਮਿਨ ਈ ਅਤੇ ਸੀ ਵਾਲੇ ਭੋਜਨ ਜਿਵੇਂ ਕਿ ਆਂਵਲਾ, ਅਮਰੂਦ, ਆਲੂਬੁਖਾਰਾ, ਸੇਬ, ਅਨਾਰ ਜ਼ਿਆਦਾ ਖਾਣੇ ਚਾਹੀਦੇ ਹਨ । ਇਹ ਤੱਤ ਐਂਟੀਆਕਸੀਡੈਂਟ ਦੇ ਰੂਪ ਵਿੱਚ ਕੰਮ ਕਰਕੇ ਸਾਨੂੰ ਕੈਂਸਰ ਤੋਂ ਬਚਾਉਂਦੇ ਹਨ।

ਸਰਦੀਆਂ ਵਿੱਚ ਪਾਲਕ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ । ਕਿਉਂਕਿ ਇਸ ਵਿੱਚ ਲੀਊਟਨ ਨਾਂ ਦਾ ਇੱਕ ਤੱਤ ਹੁੰਦਾ ਹੈ ਜੋ ਕਿ ਬਰੈਸਟ ਕੈਂਸਰ ਤੋਂ ਬਚਾਉਂਦਾ ਹੈ ।

ਸੋਇਆਬੀਨ ਵਿੱਚ ਆਈਸੋਫਲੇਵੋਨੋਲ ਹੁੰਦਾ ਹੈ ਜੋ ਕੈਂਸਰ ਤੋਂ ਬਚਾਉਂਦਾ ਹੈ ।

ਅਖਰੋਟ ਅਤੇ ਦਾਖਾਂ ਦੀ ਵਰਤੋਂ ਵੀ ਕਾਫੀ ਲਾਭਦਾਇਕ ਹੁੰਦੀ ਹੈ ।

ਲੌਂਗ ਦਾ ਤੇਲ, ਸਰ੍ਹੋਂ ਦਾ ਤੇਲ ਆਦਿ ਵੀ ਭੋਜਨ ਵਿੱਚ ਵਰਤਣਾ ਚਾਹੀਦਾ ਹੈ ।

ਜਵੀ (ਓਟਸ) ਵਿੱਚ ਫੀਨੋਲ ਹੁੰਦੇ ਹਨ ਜੋ ਕਿ ਕੈਂਸਰ ਤੋਂ ਬਚਾਉਂਦੇ ਹਨ ।

ਭੋਜਨ ਵਿੱਚ ਕੁਦਰਤੀ ਮਸਾਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪੌਸ਼ਟਿਕ ਖੁਰਾਕ ਦੇ ਨਾਲ ਹੀ ਸਾਨੂੰ ਰੋਜ਼ਾਨਾ ਕਸਰਤ ਜਿਵੇਂ ਕਿ ਸੈਰ ਕਰਨਾ, ਖੇਡਣਾ, ਨੱਚਣਾ ਆਦਿ ਕਰਨੀ ਚਾਹੀਦੀ ਹੈ ।

ਇਸ ਲਈ ਰੋਜ਼ਾਨਾ ਖ਼ੁਰਾਕ ਅਤੇ ਰਹਿਣ-ਸਹਿਣ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਹੀ ਅਸੀਂ ਇਸ ਭਿਆਨਕ ਰੋਗ ਕੈਂਸਰ ਤੋਂ ਬਚ ਸਕਦੇ ਹਾਂ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>