ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਕਾਉਂਟਸ ਵਿਸ਼ੇ ਦੇ ਅਧਿਆਪਕਾਂ ਦੀ ਕਾਰਜਸ਼ਾਲਾ ਕਾਲਕਾ ਜੀ ਸਕੂਲ ਵਿਖੇ ਲਗਾਈ ਗਈ। ਜਿਸ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਅਕਾਉਂਟਸ ਪੜਾਉਣ ਵਾਲੇ ਅਧਿਆਪਕਾਂ ਨੂੰ ਉਘੇ ਸੀ.ਏ. ਜੀ.ਐਸ ਗਰੈਵਾਲ ਅਤੇ ਅਕਾਉਂਟਸ ਖੇਤਰ ਵਿਚ ਸੀ.ਬੀ.ਐਸ.ਈ. ਦੇ ਸਲੈਬਸ ਅਤੇ ਪੇਪਰ ਡਿਜਾਇਨ ਕਮੇਟੀ ਨਾਲ ਸਰਗਰਮ ਤੌਰ ਤੇ ਜੁੜੇ ਹੋਏ ਆਰ. ਕੇ. ਖੋਸਲਾ ਨੇ ਇਸ ਸਬੰਧ ’ਚ ਨੁਕਤੇ ਸਾਂਝੇ ਕੀਤੇ। ਸਲੈਬਸ ਵਿਚ ਆਏ ਬਦਲਾਵਾਂ, ਪ੍ਰੀਖਿਆ ਦੇ ਪੱਧਰ ’ਚ ਬਦਲਾਵ ਅਤੇ ਅਧਿਆਪਕਾਂ ਦੀ ਜਾਣਕਾਰੀ ’ਚ ਵਾਧਾ ਕਰਨ ਵਾਸਤੇ ਉਕਤ ਕਾਰਜਸ਼ਾਲਾ ਲਗਾਉਣ ਦਾ ਸਕੂਲੀ ਸਿਖਿਆ ਕਾਉਂਸਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਦਾਅਵਾ ਕੀਤਾ।
ਕਾਲਕਾ ਨੇ ਸਾਫ਼ ਕੀਤਾ ਕਿ ਕਮੇਟੀ ਦਾ ਮੁਖ ਟੀਚਾ ਸਕੂਲਾਂ ਵਿਚ ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਹੈ ਇਸ ਕਰਕੇ ਸਮੇਂ-ਸਮੇਂ ਤੇ ਸਕੂਲ ਅਧਿਆਪਕਾਂ ਵਾਸਤੇ ਇਹ ਜਾਣਕਾਰੀ ਭਰਪੂਰ ਕਾਰਜਸ਼ਾਲਾਵਾਂ ਲਗਾਈ ਜਾਂਦੀਆਂ ਹਨ ਤਾਂਕਿ ਸਕੂਲਾਂ ਦਾ ਸੀ.ਬੀ.ਐਸ.ਈ. ਪ੍ਰੀਖਿਆਵਾਂ ਦਾ ਨਤੀਜਾ ਜਿੱਥੇ 100 ਫੀਸਦੀ ਹੋ ਸਕੇ ਉੱਥੇ ਹੀ ਪ੍ਰੀਖਿਆ ਪਾਸ ਕਰਨ ਵਾਲੇ ਬੱਚਿਆਂ ਨੂੰ ਅਗਲੀ ਜਮਾਤਾਂ ’ਚ ਦਾਖਿਲਾ ਮੈਰਿਟ ਦੇ ਆਧਾਰ ਤੇ ਹੋਵੇ। ਇਸ ਕਾਰਜਸ਼ਾਲਾ ’ਚ ਅਕਾਉਂਟਸ ਦੇ ਸਲੈਬਸ, ਪ੍ਰੀਖਿਆ, ਪ੍ਰਸ਼ਨ ਪੱਤਰ, ਨੰਬਰਾਂ ਦੀ ਆਮਦ, ਹਟਾਏ ਗਏ ਉਪ ਵਿਸ਼ੇ, ਸੀ.ਬੀ.ਐਸ.ਈ. ਦੇ ਆਧਾਰ ਤੇ ਵਿਸ਼ੇ ਦੇ ਮੁਖ ਮੁੱਦੇ ਅਤੇ ਵੱਖ-ਵੱਖ ਕਾਨੂੰਨਾਂ ਵਿਚ ਹੋਇਆਂ ਸੋਧਾ ਬਾਰੇ ਵਿਸਤਾਰ ਨਾਲ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ। ਕਾਰਜਸ਼ਾਲਾ ਦੀ ਸਮਾਪਤੀ ਤੇ ਦਿੱਲੀ ਕਮੇਟੀ ਦੇ ਸਿਖਿਆ ਵਿਭਾਗ ਨਾਲ ਪ੍ਰੋਜੈਕਟ ਅਤੇ ਕਾਰਜਸ਼ਾਲਾ ਕਰਾਉਣ ਦਾ ਕਾਰਜ ਦੇਖਣ ਵਾਸਤੇ ਵਿਸ਼ੇਸ਼ ਤੌਰ ਤੇ ਜੁੜੇ ਡੀਨ ਮਨਿੰਦਰ ਕੌਰ ਵੱਲੋਂ ਕਾਰਜਸ਼ਾਲਾ ਨੂੰ ਕਾਮਯਾਬ ਬਣਾਉਣ ਵਾਸਤੇ ਧੰਨਵਾਦ ਕੀਤਾ ਗਿਆ।