ਪੰਜਾਬੀਓ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਹੀ ਪ੍ਰੇਰਨਾ ਲੈ ਲਵੋ

ਪੰਜਾਬੀਆਂ ਦਾ ਵਿਰਸਾ ਧਾਰਮਿਕ ਅਤੇ ਸਦਾਚਾਰਕ ਤੌਰ ਤੇ ਬੜਾ ਅਮੀਰ ਹੈ। ਦੁਨੀਆਂ ਦੇ ਇਤਿਹਾਸ ਵਿਚ ਅਜੇਹੀ ਕੋਈ ਉਦਾਹਰਣ ਨਹੀਂ ਮਿਲਦੀ, ਜਿਸ ਵਿਚ ਸਮੁੱਚੇ ਪਰਿਵਾਰ ਨੇ ਹੀ ਕਿਸੇ ਕੌਮ ਦੀ ਬਿਹਤਰੀ ਲਈ ਕੁਰਬਾਨੀ ਦਿੱਤੀ ਹੋਵੇ। ਸਿੱਖ ਧਰਮ ਦੇ ਵਾਰਿਸਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁਰਖਿਆਂ ਨੇ ਨਿਆਂ, ਜ਼ੁਲਮ ਅਤੇ ਅਤਿਆਚਾਰ ਦੇ ਵਿਰੁਧ ਆਵਾਜ਼ ਹੀ ਬੁਲੰਦ ਨਹੀਂ ਕੀਤੀ ਸਗੋਂ ਇਕ ਰੋਲ ਮਾਡਲ ਬਣਕੇ ਆਪ ਅੱਗੇ ਆ ਗਏ ਅਤੇ ਇਨਸਾਨੀਅਤ ਦੀ ਹਿਫ਼ਾਜਤ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਦਿੱਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੇ ਕਦੀਂ ਕੋਈ ਭੀੜ ਪੈ ਜਾਵੇ ਤਾਂ ਉਹ ਵੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਣ। ਪੰਜਾਬੀ ਖਾਸ ਤੌਰ ਤੇ ਸਿੱਖ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ, ਰਵਾਇਤਾਂ ਤੇ ਪਰੰਪਰਾਵਾਂ ਤੇ ਪਹਿਰਾ ਹੀ ਨਹੀਂ ਦੇ ਸਕੇ ਸਗੋਂ ਉਹ ਉਨ੍ਹਾਂ ਪੂਰਨਿਆਂ ਦੇ ਚਲਣ ਦੀ ਥਾਂ ਉਨ੍ਹਾਂ ਦੀਆਂ ਉਲੰਘਣਾਵਾਂ ਕਰ ਰਹੇ ਹਨ। ਸਿੱਖ ਧਰਮ ਦੀ ਵਿਚਾਰਧਾਰਾ ਠੋਸ ਅਤੇ ਸਮਾਜ ਦੀ ਅਗਵਾਈ ਕਰਨ ਵਾਲੀ ਹੈ ਕਿਉਂਕਿ ਸਿੱਖ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਆਧੁਨਿਕ ਹੈ। ਸਿੱਖ ਗੁਰੂਆਂ ਨੇ ਅਨਿਆਏ, ਜ਼ੁਲਮ, ਜ਼ੋਰ ਜਬਰਦਸਤੀ ਅਤੇ ਜਾਤਪਾਤ ਦੇ ਖ਼ਿਲਾਫ ਆਵਾਜ਼ ਬੁਲੰਦ ਹੀ ਨਹੀਂ ਕੀਤੀ ਸਗੋਂ ਨਿਆਏ ਦਿਵਾਉਣ ਲਈ ਕੌਮ ਨੂੰ ਲਾਮਬੰਦ ਕਰਕੇ ਉਨ੍ਹਾਂ ਦੀ ਅਗਵਾਈ ਕੀਤੀ ਅਤੇ ਆਪਣੀਆਂ ਜ਼ਿੰਦਗੀਆਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਮੈਦਾਨੇ ਜੰਗ ਵਿਚ ਜੂਝ ਪਏ। ਤੱਤੀਆਂ ਤਵੀਆਂ ਤੇ ਬੈਠੇ, ਆਰਿਆਂ ਨਾਲ ਚਿਰਾਏ ਗਏ ਅਤੇ ਚਰਖੜੀਆਂ ਤੇ ਚੜ੍ਹੇ। ਲੱਖਾਂ ਦੁਖ ਤੇ ਤਸੀਹੇ ਝੱਲੇ ਪ੍ਰੰਤੂ ਅੱਜ ਦਿਨ ਸਿੱਖ ਉਨ੍ਹਾਂ ਅਸੂਲਾਂ ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਲਈ ਸਿਆਸਤ ਕਰਦੇ ਹਨ। ਫ਼ਤਿਹਗੜ੍ਹ ਸਾਹਿਬ ਦੇ ਜੋੜ ਮੇਲ ਦਾ ਸਾਰੀਆਂ ਸਿਆਸੀ ਪਾਰਟੀਆਂ ਸਿਆਸੀ ਲਾਹਾ ਲੈਣ ਲਈ ਕਾਨਫਰੰਸਾਂ ਕਰਦੀਆਂ ਹਨ। ਅਜਿਹੇ ਮੌਕਿਆਂ ਤੇ ਤਾਂ ਸਿਰਫ ਸਿੱਖ ਇਤਿਹਾਸ ਦੀ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਦੇ ਕੇ ਸਿੱਖ ਪਰੰਪਰਾਵਾਂ ਤੇ ਚਲਣ ਲਈ ਪ੍ਰੇਰਨਾ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਨੋਜਵਾਨ ਆਪਣੇ ਵਿਰਸੇ ਨੂੰ ਭੁੱਲ ਗਏ ਹਨ। ਉਹ ਤਾਂ ਪੰਜਾਂ ਕਕਾਰਾਂ ਦੀ ਵੀ ਪਰਵਾਹ ਨਹੀਂ ਕਰਦੇ ਜਿਹੜੇ ਉਨ੍ਹਾਂ ਨੂੰ ਦੁਨੀਆਂ ਤੋਂ ਵੱਖਰੀ ਪਛਾਣ ਦਿੰਦੇ ਹਨ। ਸਰਦਾਰ ਦਾ ਖ਼ਿਤਾਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਹੈ। ਅੱਜ ਦਿਨ ਅਸੀਂ ਸਰਦਾਰ ਦੀ ਥਾਂ ਬਾਬੂ ਕਹਾਉਣ ਵਿਚ ਵਿਸ਼ਵਾਸ਼ ਰੱਖਦੇ ਹਾਂ। ਕੁਰਬਾਨੀਆਂ ਨਾਲ ਪ੍ਰਾਪਤ ਕੀਤਾ ਖ਼ਿਤਾਬ ਅਜਾਈਂ ਗੁਆ ਰਹੇ ਹਾਂ। ਨੌਜਵਾਨਾ ਨੇ ਤਾਂ ਭੁੱਲਣਾ ਹੀ ਸੀ ਕਿਉਂਕਿ ਬਜ਼ੁਰਗ ਪੀੜ੍ਹੀ ਰੋਲ ਮਾਡਲ ਨਹੀਂ ਬਣ ਸਕੀ। ਰੱਬ ਦਾ ਵਾਸਤਾ ਹੈ ਪੰਜਾਬੀਓ ਹੋਸ਼ ਤੋਂ ਕੰਮ ਲਵੋ, ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪ੍ਰੰਤੂ ਇਨ੍ਹਾਂ ਰਾਜ ਭਾਗ ਦੇ ਮੌਕਿਆਂ ਤੇ ਸਰਬੱਤ ਦਾ ਭਲਾ ਕਰੋ। ਪੰਗਤ ਤੇ ਸੰਗਤ ਦਾ ਆਨੰਦ ਮਾਣੋ, ਗੁਰੂਆਂ ਦੀਆਂ ਸ਼ਹਾਦਤਾਂ ਨੂੰ ਆਪਣੇ ਜੀਵਨ ਦਾ ਰੋਲ ਮਾਡਲ ਬਣਾਓ। ਸਿਆਸੀ ਤਾਕਤ ਨੂੰ ਲੋਕਾਂ ਦੀ ਬਿਹਤਰੀ ਤੇ ਭਲਾਈ ਲਈ ਵਰਤੋ। ਜ਼ਿਆਦਤੀਆਂ ਜ਼ੋਰ ਜ਼ਬਰਦਸਤੀ ਤੋਂ ਖਹਿੜਾ ਛੁਡਾਓ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਲਿਆਣਕਾਰੀ ਰਾਜ ਦਾ ਸੰਕਲਪ ਦਿੱਤਾ ਸੀ, ਇਸ ਲਈ ਲੋਕਾਂ ਦਾ ਕਲਿਆਣ ਕਰੋ, ਸਿਰਫ ਨਿੱਜੀ ਆਪੋ ਆਪਣਾ ਕਲਿਆਣ ਕਰਨ ਨੂੰ ਤਿਆਗ ਦਿਓ। ਸਾਡੇ ਗੁਰੂ ਤਿਆਗ ਦੀ ਮੂਰਤੀ ਸਨ। ਤਿਆਗ ਦੀ ਭਾਵਨਾ ਪੈਦਾ ਕਰਨ ਦੀ ਹਿੰਮਤ ਕਰੋ। ਧਾਰਮਿਕ ਵਿਚਾਰਧਾਰਾ ਤੇ ਪਹਿਰਾ ਦਿਓ, ਉਸ ਦੀਆਂ ਧਜੀਆਂ ਨਾ ਉਡਾਓ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤੀ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ਸੀ, ਅੱਜ ਇਸਤਰੀ ਦੀ ਇੱਜ਼ਤ ਰੁਲ ਰਹੀ ਹੈ। ਪੰਥਕ ਸਰਕਾਰ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿਚ ਲੜਕੀਆਂ ਦੀਆਂ ਇਜ਼ਤਾਂ ਲੁੱਟੀਆਂ ਜਾ ਰਹੀਆਂ ਹਨ। ਇਸਤਰੀਆਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋਇਆ ਪਿਆ ਹੈ। ਲੁੱਟਾਂ ਖੋਹਾਂ ਆਮ ਹੋ ਗਈਆਂ ਹਨ। ਨਸ਼ਿਆਂ ਦੇ ਦਰਿਆ ਵੱਗ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਜਾ ਸਕੇ। ਆਮ ਲੋਕਾਂ ਦੀ ਜ਼ੁਬਾਨ ਤੋਂ ਕੂੜ੍ਹ ਫਿਰੇ ਪ੍ਰਧਾਨ ਵੇ ਲਾਲੋ ਸੁਣਨ ਨੂੰ ਮਿਲ ਰਿਹਾ ਹੈ ਕਿਉਂਕਿ ਜੋਰੀ ਦਾਨ ਮੰਗਿਆ ਜਾ ਰਿਹਾ ਹੈ। ਡਰਾ ਧਮਕਾ ਕੇ ਪਰਜਾ ਨੂੰ ਲੁੱਟਿਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਦੀ ਪਹਿਲ ਇਸ ਕਰਕੇ ਕੀਤੀ ਸੀ ਕਿ ਸੰਗਤ ਜਦੋਂ ਪੰਗਤ ਵਿਚ ਬੈਠੇਗੀ ਤਾਂ ਜਾਤ ਪਾਤ ਤੇ ਊਚ ਨੀਚ ਦਾ ਸੰਕਲਪ ਖ਼ਤਮ ਹੋ ਜਾਵੇਗਾ ਪ੍ਰੰਤੂ ਅਸੀਂ ਆਪਦੇ ਆਪ ਨੂੰ ਜਾਤਾਂ ਵਿਚ ਵੰਡ ਲਿਆ ਹੈ। ਬਰਾਬਰਤਾ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਹੈ। ਜਾਤ ਪਾਤ ਤੇ ਅਧਾਰਿਤ ਵਿਅਕਤੀ ਵਿਸ਼ੇਸ਼ ਦੇ ਨਾਵਾਂ ਤੇ ਗੁਰਦੁਆਰਾ ਸਾਹਿਬ ਬਣ ਰਹੇ ਹਨ। ਜਾਤ ਗੋਤ ਨੂੰ ਨਾਵਾਂ ਨਾਲ ਜੋੜਕੇ ਆਪਣੇ ਆਪ ਨੂੰ ਵਡਿਆਇਆ ਜਾ ਰਿਹਾ ਹੈ। ਇਹ ਵੰਡੀਆਂ ਕਿਉਂ ਪਾਈਆਂ ਜਾ ਰਹੀਆਂ ਹਨ? ਗੁਰੂ ਗਰੰਥ ਸਾਹਿਬ ਵਿਚ ਸੰਤਾਂ ਮਹਾਤਮਾਵਾਂ ਅਤੇ ਸਾਰੀਆਂ ਜਾਤਾਂ ਦੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਫਿਰ ਅਸੀਂ ਵੰਡੀਆਂ ਕਿਉਂ ਪਾਰ ਰਹੇ ਹਾਂ। ਇਸ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਕਰਨ ਤਾਂ ਤਾਂ ਇਹ ਹੋ ਸਕਦਾ ਹੈ ਕਿ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਮੁੱਖ ਮੰਤਵ ਹੀ ਸਿੱਖੀ ਦਾ ਪ੍ਰਚਾਰ, ਪ੍ਰਸਾਰ ਅਤੇ ਇਸ ਦੇ ਅਸੂਲਾਂ ਤੇ ਪਹਿਰਾ ਦੇਣ ਲਈ ਲੋਕਾਂ ਦੀ ਅਗਵਾਈ ਕਰਨਾ ਹੈ, ਉਹ ਆਪਣੇ ਫਰਜ ਨਿਭਾਉਣ ਵਿਚ ਅਸਫਲ ਰਹੀ ਹੈ। ਉਸਦੇ ਮੁਲਾਜਮ ਅਤੇ ਸ਼ਰੋਮਣੀ ਕਮੇਟੀ ਮੈਂਬਰ ਹੀ ਗ਼ਲਤ ਕੰਮ ਕਰ ਰਹੇ ਹਨ। ਕਈ ਤਾਂ ਨਸ਼ੇ ਵੇਚਦੇ ਹੀ ਪਕੜੇ ਗਏ ਅਤੇ ਆਪਣੀਆਂ ਚੋਣਾਂ ਵਿਚ ਨਸ਼ੇ ਵੰਡ ਕੇ ਚੋਣਾ ਜਿੱਤ ਦੇ ਹਨ। ਉਨ੍ਹਾਂ ਤੋਂ ਸਿੱਖੀ ਦੇ ਪ੍ਰਚਾਰ ਦੀ ਕੀ ਆਸ ਰੱਖੀ ਜਾ ਸਕਦੀ ਹੈ। ਜਿਤਨੀ ਦੇਰ ਸੱਚੇ ਸੁੱਚੇ ਗੁਰਮੁੱਖ ਵਿਅਕਤੀ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਲੜਕੇ ਅਗਵਾਈ ਕਰਨ ਨਹੀਂ ਲਗਦੇ ਉਤਨੀ ਦੇਰ ਸਿੱਖੀ ਦੀਆਂ ਪਰੰਪਰਾਵਾਂ ਦਾ ਘਾਣ ਹੁੰਦਾ ਰਹੇਗਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਰਾਜਨੀਤਕ ਪਾਰਟੀ ਦੇ ਬੈਨਰ ਹੇਠ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਸ ਪਾਰਟੀ ਦਾ ਸ਼ਰੋਮਣੀ ਕਮੇਟੀ ਤੇ ਰਾਜ ਹੁੰਦਾ ਹੈ, ਉਹ ਪਾਰਟੀ ਸ਼ਰੋਮਣੀ ਕਮੇਟੀ ਅਤੇ ਉਸਦੇ ਫੰਡਾਂ ਦਾ ਦੁਰਉਪਯੋਗ ਕਰਨੋ ਹਟ ਨਹੀਂ ਸਕੇਗੀ। ਦੂਜਾ ਕਾਰਨ ਇਹ ਹੈ ਕਿ ਸਿੱਖ ਪੰਥ ਸੱਚੇ ਸੁੱਚੇ ਸਿੱਖ ਨੇਤਾਵਾਂ ਦੀ ਪਛਾਣ ਕਰਨ ਵਿਚ ਅਸਫਲ ਰਿਹਾ ਹੈ। ਤਾਕਤ ਕੁਝ ਗਿਣੇ ਚੁਣੇ ਅਰਥਾਤ ਪਰਿਵਾਰਵਾਦ ਦੇ ਹੱਥਾਂ ਵਿਚ ਦੇ ਦਿੱਤੀ ਜਾਂਦੀ ਹੈ। ਉਹ ਤਾਕਤ ਦੇ ਨਸ਼ੇ ਵਿਚ ਧਰਾਮਿਕ ਅਸੂਲਾਂ ਤੇ ਪਹਿਰਾ ਦੇਣ ਵਿਚ ਨਾਕਾਮਯਾਬ ਹੋਏ ਹਨ। ਇਸ ਵਿਚ ਕਸੂਰ ਸਿੱਖ ਸੰਗਤ ਦਾ ਹੈ ਕਿ ਉਹ ਆਪਦੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਨਹੀਂ ਕਰ ਰਹੀ। ਜੇਕਰ ਕੋਈ ਸਿਆਸਤਦਾਨ ਧਰਮ ਦੀ ਗ਼ਲਤ ਵਰਤੋਂ ਕਰਦਾ ਹੈ ਤਾਂ ਫਿਰ ਸੰਗਤ ਨੂੰ ਦੁਬਾਰਾ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਪਰਜਾਤੰਤਰ ਵਿਚ ਤਾਕਤ ਲੋਕਾਂ ਦੇ ਹੱਥਾਂ ਵਿਚ ਹੁੰਦੀ ਹੈ ਪ੍ਰੰਤੂ ਸਿੱਖ ਸੰਗਤ ਆਪਣੀ ਜ਼ਿੰਮੇਵਾਰੀ ਨੂੰ ਸਮਝ ਹੀ ਨਹੀਂ ਰਹੀ, ਲਾਲਚ ਅਤੇ ਪਦਵੀਆਂ ਲਈ ਵਿਕ ਜਾਂਦੀ ਹੈ।

ਫ਼ਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲ ਹਰ ਸਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਂ ਤੋਂ ਹੀ ਸਪੱਸ਼ਟ ਹੈ ਕਿ ਇਸ ਪਵਿਤਰ ਸਥਾਨ ਤੇ ਮਾਤਾ ਗੁਜਰੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਮੇਲ ਹੋਇਆ ਸੀ। ਇਸੇ ਪਵਿਤਰ ਸਥਾਨ ਤੇ ਉਨ੍ਹਾਂ ਨੇ ਦੇਸ਼ ਅਤੇ ਕੌਮ ਦੀ ਬਿਹਤਰੀ ਲਈ ਸ਼ਹੀਦੀ ਪ੍ਰਾਪਤ ਕੀਤੀ ਸੀ। ਹਰ ਸਾਲ ਸੰਗਤਾਂ ਨੇ ਉਨ੍ਹਾਂ ਮਹਾਨ ਆਤਮਾਵਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਨੇ ਹੁੰਦੇ ਹਨ। ਦੂਰੋਂ ਦੂਰੋਂ ਸੰਗਤਾਂ ਆਪਣੀ ਅਕੀਦਤ ਦੇ ਫੁਲ ਭੇਂਟ ਕਰਨ ਲਈ ਪਹੁੰਚਦੀਆਂ ਹਨ। ਤਿੰਨ ਰੋਜਾ ਇਸ ਜੋੜ ਮੇਲ ਵਿਚ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਉਨ੍ਹਾਂ ਦਾ ਸਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਰੱਖ ਕੇ ਜ਼ਮੀਨ ਲੈਣ ਵਾਲੇ ਦੀਵਾਨ ਟੋਡਰ ਮੱਲ ਅਤੇ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਵਾਲੇ ਮੋਤੀ ਮਹਿਰਾ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਨ੍ਹਾਂ ਪ੍ਰਤੀ ਸ਼ਰਧਾ ਅਰਪਨ ਕੀਤੀ ਜਾਂਦੀ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜਿਹੇ ਮੌਕਿਆਂ ਤੇ ਵੀ ਰਾਜਨੀਤਕ ਪਾਰਟੀਆਂ ਧਾਰਮਿਕ ਦੀਵਾਨਾ ਵਿਚ ਸ਼ਾਮਲ ਹੋਣ ਵਾਲੀ ਸੰਗਤ ਦੀਆਂ ਭਾਵਨਾਵਾਂ ਨੂੰ ਅਣਡਿਠ ਕਰਦੀਆਂ ਉਨ੍ਹਾਂ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਪ੍ਰੇਰਕੇ ਨਜਾਇਜ ਲਾਭ ਉਠਾਉਂਦੀਆਂ ਹਨ। ਬਦਕਿਸਮਤੀ ਦੀ ਗੱਲ ਇਹ ਹੈ ਕਿ ਸਾਡੇ ਧਾਰਮਿਕ ਸੰਗਠਨ ਅਤੇ ਤਖ਼ਤਾਂ ਦੇ ਜੱਥੇਦਾਰ ਵੀ ਚੁੱਪ ਬੈਠੇ ਹਨ। ਹੈਰਾਨੀ ਦੀ ਗੱਲ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ ਅਕਾਲੀ ਦਲ ਦੇ ਨੇਤਾ ਰਾਜਨੀਤਕ ਭਾਸ਼ਣ ਦਿੰਦੇ ਹਨ। ਜਿਹੜੇ ਧਾਰਮਿਕ ਦੀਵਾਨ ਲੱਗਦੇ ਹਨ ਇਹ ਸਿਆਸਤਦਾਨਾਂ ਦੇ ਭਾਸ਼ਣ ਉਨ੍ਹਾਂ ਦੇ ਰਸਤੇ ਵਿਚ ਰੁਕਾਵਟ ਬਣਦੇ ਹਨ। ਧਾਰਮਿਕ ਦੀਵਾਨ ਵੀ ਕਿਸੇ ਯੋਗ ਪ੍ਰਣਾਲੀ ਅਧੀਨ ਇੱਕ ਦੀਵਾਨ ਦਾ ਦੂਜੇ ਦੀਵਾਨ ਤੋਂ ਐਨਾ ਦੂਰ ਹੋਣਾ ਜਰੂਰੀ ਹੋਵੇ ਕਿ ਇਕ ਦੂਜੇ ਦੀਵਾਨ ਵਿਚ ਅਵਾਜ ਰਲਗਡ ਨਾ ਹੋਵੇ। ਸ਼ਰੋਮਣੀ ਕਮੇਟੀ ਅਤੇ ਸਰਕਾਰ ਨੂੰ ਮਿਲਕੇ ਧਾਰਮਿਕ ਮੇਲਿਆਂ ਲਈ ਕੋਈ ਕਾਇਦਾ ਕਾਨੂੰਨ ਬਣਾਉਣਾ ਚਾਹੀਦਾ ਹੈ, ਜਿਸ ਨਾਲ ਅਜਿਹੇ ਸਮਾਗਮਾਂ ਦਾ ਸੰਗਤਾਂ ਨੂੰ ਲਾਭ ਹੋਵੇ। ਰਵਾਇਤ ਦੇ ਤੌਰ ਤੇ ਅਜਿਹੇ ਸਮਾਗਮ ਨਾ ਕੀਤੇ ਜਾਣ। ਜੇਕਰ ਸ਼ਰੋਮਣੀ ਕਮੇਟੀ ਅਤੇ ਸਰਕਾਰ ਕੋਈ ਨਿਯਮ ਨਹੀਂ ਬਣਾਉਂਦੀ ਤਾਂ ਧਾਰਮਿਕ ਸੰਸਥਾਵਾਂ ਨੂੰ ਇੱਕਮੁਠ ਹੋ ਕੇ ਲੋਕ ਲਹਿਰ ਬਣਾਕੇ ਸ਼ਰੋਮਣੀ ਕਮੇਟੀ ਨੂੰ ਮਜ਼ਬੂਰ ਕਰ ਦੇਣਾ ਚਾਹੀਦਾ ਹੈ ਕਿ ਉਹ ਕੋਈ ਸਾਰਥਿਕ ਪ੍ਰੋਗਰਾਮ ਬਣਾਕੇ ਧਾਰਮਿਕ ਮੇਲੇ ਆਯੋਜਤ ਕੀਤੇ ਜਾਣ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>