ਨਵੀਂ ਦਿੱਲੀ : ਦਿੱਲੀ ਸਰਕਾਰ ਵੱਲੋਂ ਆਟੋਰਿਕਸ਼ਾ ਨੂੰ ਪਰਮਿਟ ਦੇਣ ਵਿਚ ਸਾਹਮਣੇ ਆਏ ਘੋਟਾਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਗੋਪਾਲ ਰਾਇ ਦਾ ਅਸਤੀਫਾ ਮੰਗਿਆ ਹੈ। ਸਾਬਕਾ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਥਨੀ ਤੇ ਕਰਨੀ ’ਚ ਵੱਡਾ ਭੇਦ ਹੋਣ ਦਾ ਵੀ ਦਾਅਵਾ ਕੀਤਾ ਹੈ।
ਸਿਰਸਾ ਨੇ ਦਸਿਆ ਕਿ 10 ਹਜਾਰ ਆਟੋਰਿਕਸ਼ਾ ਨੂੰ ਦਿੱਲੀ ਸਰਕਾਰ ਵੱਲੋਂ ਪਰਮਿਟ ਦੇਣ ਦਾ ਸੁਪਰੀਮ ਕੋਰਟ ਦੀ ਹਿਦਾਇਤ ਬਾਅਦ ਐਲਾਨ ਕੀਤਾ ਗਿਆ ਸੀ ਜਿਸਤੇ ਅਮਲ ਕਰਦੇ ਹੋਏ ਦਿੱਲੀ ਸਰਕਾਰ ਕੋਲ 13 ਹਜਾਰ ਲੋਕਾਂ ਦੀਆਂ ਅਰਜੀਆਂ ਪਰਮਿਟ ਲੈਣ ਵਾਸਤੇ ਆਈਆਂ ਸਨ। ਜਿਸ ਵਿਚ ਸਰਕਾਰ ਵੱਲੋਂ 932 ਚੋਣਵੀਆਂ ਅਰਜੀਆਂ ਨੂੰ ਪਰਮਿਟ ਦੇਣ ਦੀ ਸਿਫ਼ਾਰਿਸ ਕਰਦੇ ਹੋਏ ਐਲ.ਓ.ਆਈ. ਜਾਰੀ ਕਰ ਦਿੱਤੀ ਗਈ ਸੀ। ਪਰ ਲੋੜਵੰਦ ਅਤੇ ਅਸਲੀ ਦਾਅਵੇਦਾਰਾਂ ਨੂੰ ਦਰਕਿਨਾਰ ਕਰਕੇ ਇਹ ਸਾਰੀਆਂ ਐਲ.ਓ.ਆਈ. ਨਕਲੀ ਪਤੇ ਤੇ ਦਿੱਲੀ ਦੇ ਫਾਈਨੈਂਸਰ ਮਾਫੀਆ ਨੂੰ ਦੇਣ ਦਾ ਸ਼ੋਰ ਪੈਣ ਤੋਂ ਬਾਅਦ ਸਰਕਾਰ ਹੋਸ਼ ਵਿਚ ਆਈ ਹੈ।
ਸਿਰਸਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕਾਰਕੁੰਨਾ ਦੀ ਸ਼ਿਫਾਰਿਸਾਂ ਅਤੇ ਟਾਂ੍ਰਸਪੋਰਟ ਮੰਤਰੀ ਦੀ ਮਿਲੀਭੁਗਤ ਤੋਂ ਬਾਅਦ ਇਹ ਐਲ.ਓ.ਆਈ. ਅਲਾਟ ਹੋਈਆਂ ਸਨ। ਸਿਰਸਾ ਨੇ ਸਵਾਲ ਕੀਤਾ ਕਿ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਦਾ ਕਾਲ ਦੱਸਣ ਵਾਲੇ ਕੇਜਰੀਵਾਲ ਨੇ ਪਰਮਿਟ ਦੇਣ ਲਈ ਦਾਅਵੇਦਾਰਾਂ ਦੀ ਚੋਣ ਪਾਰਦਰਸ਼ੀ ਤਰੀਕੇ ਨਾਲ ਕਰਨ ਵਾਸਤੇ ਰੈਂਡਮ ਸਿਲੈਕਸ਼ਨ ਨਿਯਮ ਦੀ ਬਜਾਏ ਮਰਜ਼ੀ ਨਾਲ ਦਾਅਵੇਦਾਰਾਂ ਦੀ ਚੋਣ ਕਿਸ ਪੈਮਾਨੇ ਨੂੰ ਸਾਹਮਣੇ ਰਖ ਕੇ ਕੀਤੀ ਹੈ ”;
ਸਿਰਸਾ ਨੇ ਕਿਹਾ ਕਿ ਇਕ ਪਾਸੇ ਕੇਜਰੀਵਾਲ ਭ੍ਰਿਸ਼ਟਾਚਾਰ ਦਿੱਲੀ ਵਿਚ ਖਤਮ ਹੋਣ ਦਾ ਦਾਅਵਾ ਕਰਦੇ ਹੋਏ ਵੱਡੇ-ਵੱਡੇ ਬੋਰਡ ਸਰਕਾਰੀ ਖਰਚੇ ਤੇ ਸੜਕਾਂ ਤੇ ਲਗਾਉਂਦੇ ਹਨ ਤੇ ਦੂਜੇ ਪਾਸੇ ਆਮ ਆਦਮੀ ਦੀ ਸਹੁਲਿਅਤ ਅਤੇ ਪਬਲਿਕ ਟ੍ਰਾਂਸਪੋਰਟ ਵਿਚ ਵਾਧਾ ਕਰਨ ਵਾਸਤੇ ਉਤਰਨ ਵਾਲੇ ਆਟੋਰਿਕਸ਼ਾ ਦਾ ਪਰਮਿਟ ਦੇਣ ਵੇਲੇ ਭਾਈ-ਭਤੀਜਾਵਾਦ ਦੇ ਪ੍ਰਭਾਵ ਹੇਠ ਸਾਰੀਆਂ ਲੀਹਾਂ ਨੂੰ ਬੇਸ਼ਰਮੀ ਨਾਲ ਪਾਰ ਕਰਦੇ ਹੋਏ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਹਨ। ਸਿਰਸਾ ਨੇ ਰਾਇ ਦੇ ਅਸਤੀਫ਼ਾ ਨਾ ਦੇਣ ਦੀ ਸੂਰਤ ਵਿਚ ਅਕਾਲੀ ਦਲ ਵੱਲੋਂ ਸੜਕਾਂ ਤੇ ਉਤਰ ਕੇ ਦਿੱਲੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ।
ਸਿਰਸਾ ਨੇ ਕੇਜਰੀਵਾਲ ਤੇ ਦਿੱਲੀ ਦੀ ਜਨਤਾ ਨੂੰ ਝੂਠੇ ਵਾਅਦਿਆਂ ਨਾਲ ਗੰੁਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਟ੍ਰਾਂਸਪੋਰਟ ਮਹਿਕਮੇ ’ਚ ਬਿਨਾਂ ਦਲਾਲਾਂ ਅਤੇ ਰਿਸ਼ਵਤ ਦੇ ਕੋਈ ਕੰਮ ਨਾ ਹੋਣ ਦਾ ਵੀ ਹਵਾਲਾ ਦਿੱਤਾ। ਸਿਰਸਾ ਨੇ ਕੇਜਰੀਵਾਲ ਵੱਲੋਂ ਟ੍ਰਾਂਸਪੋਰਟ ਮਹਿਕਮੇ ਦੇ ਤਿੰਨ ਹੇਠਲੇ ਅਫ਼ਸਰਾਂ ਦੀ ਮੁਅੱਤਲੀ ਨੂੰ ਹਾਸੋਹੀਣਾਂ ਦੱਸਦੇ ਹੋਏ ਕੇਜਰੀਵਾਲ ’ਤੇ ਭ੍ਰਿਸ਼ਟਾਚਾਰੀ ਮੰਤਰੀ ਨੂੰ ਪਨਾਹ ਦੇਣ ਦਾ ਵੀ ਦੋਸ਼ ਲਗਾਇਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਚੰਢੋਕ, ਜਸਬੀਰ ਸਿੰਘ ਜੱਸੀ ਅਤੇ ਅਕਾਲੀ ਆਗੂ ਵਿਕ੍ਰਮ ਸਿੰਘ ਮੌਜ਼ੂਦ ਸਨ।