ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ – ਸਾਹਿਬ-ਏ-ਕਮਾਲ, ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਲਖ਼ਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ।ਆਰੰਭਤਾ ਦੀ ਅਰਦਾਸ ਭਾਈ ਹਰਪਾਲ ਸਿੰਘ ਹੈੱਡ ਗੰ੍ਰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਕੀਤੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ।ਉਪਰੰਤ ਸ੍ਰੀ ਜਪੁਜੀ ਸਾਹਿਬ ਦੇ ਜਾਪੁ ਕਰਨ ਉਪਰੰਤ ਸਵੇਰੇ ੯.੦੦ ਵਜੇ ਪੰਜ ਪਿਆਰੇ ਸਾਹਿਬਾਨ ਤੇ ਪੰਜ ਨਿਸ਼ਾਨਚੀ ਸਾਹਿਬਾਨ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ-ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਨਗਰ ਕੀਰਤਨ ਲਈ ਰਵਾਨਾ ਕੀਤਾ।
ਫੁੱਲਾਂ ਨਾਲ ਸਜੀ ਹੋਈ ਸੁਨਹਿਰੀ ਪਾਲਕੀ ਵਾਲੀ ਗੱਡੀ ‘ਚ ਸੁਸ਼ੋਭਿਤ ਧੰਨ-ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਚੌਰ ਸਾਹਿਬ ਦੀ ਸੇਵਾ ਨਿਭਾਈ।ਇਸ ਸਮੇਂ ਧਾਰਮਿਕ ਸ਼ਖਸੀਅਤਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਬਾਬਾ ਹਰਨਾਮ ਸਿੰਘ ਮੁੱਖੀ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ੯੬ ਕਰੋੜੀ, ਬਾਬਾ ਹਰਨੇਕ ਸਿੰਘ ਰਾੜਾ ਸਾਹਿਬ ਵਾਲੇ, ਬਿਧੀ ਚੰਦ ਸੰਪਰਦਾ ਦੇ ਬਾਬਾ ਅਵਤਾਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਤੋਂ ਇਲਾਵਾ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ, ਗੱਤਕਾ ਪਾਰਟੀਆਂ, ਵੱਖ-ਵੱਖ ਸਕੂਲਾਂ/ਕਾਲਜਾਂ ਦੇ ਬੈਂਡ ਅਤੇ ਵੱਡੀ ਗਿਣਤੀ ‘ਚ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਪੈਦਲ ਸੰਗਤਾਂ ਨੇ ਸ਼ਮੂਲੀਅਤ ਕੀਤੀ।ਨਗਰ ਕੀਰਤਨ ਮਾਤਾ ਗੁਜਰੀ ਕਾਲਜ, ਜ਼ਿਲ੍ਹਾ ਕਚਹਿਰੀਆਂ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪੁੱਲਾਂ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਪੁੱਜ ਕੇ ਅਰਦਾਸ ਉਪਰੰਤ ਸੰਪੰਨ ਹੋਇਆ।ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸਜੇ ਦੀਵਾਨ ਵਿੱਚ ਭਾਈ ਪੰਜਾਬ ਸਿੰਘ ਤੇ ਭਾਈ ਰਣਜੀਤ ਸਿੰਘ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਭਾਈ ਗੁਰਜੰਟ ਸਿੰਘ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।ਇਸ ਮੌਕੇ ਅਕਾਲੀ ਜਥਾ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਤੰਤੀ ਸਾਜਾਂ ਰਾਹੀਂ ਸੰਗਤਾਂ ਨੂੰ ਧੁਰ ਕੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਨਗਰ ਕੀਰਤਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸਜਾਏ ਗਏ ਦੀਵਾਨ ‘ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀਆਂ ਵਿਲੱਖਣ ਸ਼ਹਾਦਤਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੇ ਸ਼ਲਾਘਾਯੋਗ ਉਪਰਾਲਿਆਂ ਅੱਗੇ ਸਿਰ ਝੁਕਾਉਂਦੀ ਹੈ।ਉਨ੍ਹਾਂ ਕਿਹਾ ਕਿ ਸਾਡਾ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ ਤਾਂ ਹੀ ਸਫਲਾ ਹੈ ਜੇਕਰ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਂਗੇ।ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਇਤਿਹਾਸ ਸਿੱਖ ਕੌਮ ਲਈ ਇੱਕ ਸੁਨੇਹਾ ਹੈ, ਜਿਸ ਨੂੰ ਮਹਿਸੂਸ ਕਰਨ ਦੀ ਲੋੜ ਹੈ।ਉਨ੍ਹਾਂ ਇਹ ਵੀ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕਰਨ ਸਮੇਂ ਕਿਹਾ ਸੀ ਕਿ ਸਮਾਂ ਆਉਣ ‘ਤੇ ਉਹ ਆਪਣਾ ਸਾਰਾ ਸਰਬੰਸ ਕੌਮ ਦੀ ਖਾਤਰ ਕੁਰਬਾਨ ਕਰ ਦੇਣਗੇ, ਉਨ੍ਹਾਂ ਸਮਾਂ ਆਉਣ ‘ਤੇ ਅਜਿਹਾ ਹੀ ਕੀਤਾ।ਉਨ੍ਹਾਂ ਸਿੱਖ ਕੌਮ ਨੂੰ ਆਪਣਾ ਮੰਥਨ ਕਰਨ ਲਈ ਪ੍ਰੇਰਿਤ ਕਰਦਿਆਂ ਸਵਾਲ ਕੀਤਾ ਕਿ ਜੇਕਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਅਨੇਕਾਂ ਤਸੀਹੇ ਸਹਿ ਕੇ ਵੀ ਧਰਮ ਦੇ ਮਾਰਗ ਤੋਂ ਨਹੀਂ ਸਨ ਡੋਲੇ ਤਾਂ ਫਿਰ ਅੱਜ ਦੀ ਨੌਜਵਾਨੀ ਬਿਨ੍ਹਾਂ ਕਿਸੇ ਡਰ-ਭੈਅ ਦੇ ਹੀ ਕਿਉਂ ਸਿੱਖੀ ਸਰੂਪ ਤਿਆਗ ਰਹੀ ਹੈ?ਉਨ੍ਹਾਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਸਮੁੱਚੇ ਬੱਚੇ-ਬੱਚੇ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਕਦੇ ਵੀ ਦੋ ਟੋਟੇ ਨਹੀਂ ਹੋਣ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ ਨਿੱਕੀਆਂ ਜ਼ਿੰਦਾਂ ਦੇ ਵੱਡੇ ਸਾਕੇ ਹੋਏ ਹਨ ਜਿਸ ਦੇ ਦੋ ਅਹਿਮ ਪੱਖ ਹਨ ਇਕ ਸੱਤ ਤੇ ਨੌ ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਜ਼ਿੰਦਾ ਚਿਣਵਾਂ ਦੇਣਾ ਤੇ ਦੂਸਰਾ ਆਪਣੇ ਜਜ਼ਬੇ ਨੂੰ ਕਾਇਮ ਰੱਖਦਿਆਂ ਧਰਮ ਦੀ ਖਾਤਰ ਜਾਨਾਂ ਵਾਰ ਕੇ ਸੁਨਹਿਰੀ ਇਤਿਹਾਸ ਦੀ ਸਿਰਜਣਾ ਕਰਨੀ।ਉਨ੍ਹਾਂ ਕਿਹਾ ਕਿ ਨਿੱਕੀਆਂ ਜ਼ਿੰਦਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਮੋਹਰੀ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੭੦੮ ਈ. ਵਿੱਚ ਮਾਧੋ ਦਾਸ ਬੈਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਪੰਜਾਬ ਭੇਜਿਆ ਸੀ ਤੇ ੧੭੧੦ ਈ: ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਵਿਖੇ ਵਜ਼ੀਦ ਖਾਨ ਨੂੰ ਕਤਲ ਕਰਕੇ ਨਾ ਸਿਰਫ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ, ਬਲਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੀ ਬਦਲਾ ਲਿਆ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।ਉਨ੍ਹਾਂ ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਤੇ ਸ਼ਰਧਾ ਸਤਿਕਾਰ ਭੇਟ ਕਰਦਿਆਂ ਸਮੂਹ ਸੰਗਤਾਂ ਨੂੰ ਸਿੱਖ ਇਤਿਹਾਸ ਦੇ ਅਮੀਰ ਵਿਰਸੇ ਨਾਲ ਜੁੜਣ ਲਈ ਕਿਹਾ।ਉਨ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਸ਼ਹੀਦੀ ਦਿਹਾੜੇ ਤੇ ਪ੍ਰੇਰਦਿਆਂ ਕਿਹਾ ਕਿ ਜੋ ਬੱਚੇ ਪਤਿਤਪੁਣੇ ਅਤੇ ਨਸ਼ਿਆਂ ਵਿੱਚ ਗ੍ਰਸਤ ਹੋ ਕੇ ਸਿੱਖੀ ਤੋਂ ਮੁੱਖ ਮੌੜ ਚੁੱਕੇ ਹਨ ਉਹ ਛੋਟੀਆਂ ਜਿੰਦਾਂ ਦੀਆਂ ਵੱਡੀਆਂ ਕੁਰਬਾਨੀਆਂ ਤੋਂ ਸਬਕ ਲੈਂਦੇ ਹੋਏ ਜੁਗੋ-ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਕਲਗੀਧਰ ਦਸਮੇਸ਼ ਪਿਤਾ ਵੱਲੋਂ ਬਖਸ਼ੀ ਖੰਡੇ ਬਾਟੇ ਦੀ ਪਾਹੁਲ (ਅੰਮ੍ਰਿਤ) ਛਕ ਕੇ ਗੁਰੂ ਵਾਲੇ ਬਨਣ ਅਤੇ ਖਾਲਸੇ ਦੀ ਅਸਲੀ ਪਹਿਚਾਣ ਕਾਇਮ ਕਰਨ। ਉਨ੍ਹਾਂ ਲੰਗਰ ਲਗਾਉਣ ਵਾਲੀਆਂ, ਜੋੜਿਆਂ ਦੀ ਸੇਵਾ ਕਰਨ ਵਾਲੀਆਂ, ਚਾਹ ਦੀ ਸੇਵਾ ਕਰਨ ਵਾਲੀਆਂ, ਝਾੜੂ ਦੀ ਸੇਵਾ ਕਰਨ ਵਾਲੀਆਂ ਸਮੁੱਚੀਆਂ ਸੰਗਤਾਂ, ਸਭਾ ਸੁਸਾਇਟੀਆਂ ਆਦਿ ਦਾ ਧੰਨਵਾਦ ਕੀਤਾ।ਮੰਚ ਦੀ ਸੇਵਾ ਸ. ਕਰਨੈਲ ਸਿੰਘ ਪੰਜੋਲੀ ਮੈਂਬਰ ਅੰਤ੍ਰਿੰਗ ਕਮੇਟੀ ਨੇ ਨਿਭਾਈ।
ਇਸ ਮੌਕੇ ਸ. ਰਵਿੰਦਰ ਸਿੰਘ ਖਾਲਸਾ, ਬੀਬੀ ਕੁਲਦੀਪ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਸਕੱਤਰ ਸਿੰਘ, ਸ. ਹਰਜੀਤ ਸਿੰਘ ਤੇ ਸ. ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ, ਸ. ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਸ. ਬਲਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਜੋਤੀ ਸਰੂਪ, ਸ. ਰੇਸ਼ਮ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ੍ਰ: ਜਗੀਰ ਸਿੰਘ ਮੈਨੇਜਰ, ਸ. ਰਜਿੰਦਰ ਸਿੰਘ ਐਡੀਸ਼ਨਲ ਮੈਨੇਜਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ, ਸ. ਮਨਪ੍ਰੀਤ ਸਿੰਘ ਐਕਸੀਅਨ, ਸ. ਗੁਰਿੰਦਰ ਸਿੰਘ ਨਿਜੀ ਸਹਾਇਕ, ਭਾਈ ਨਿਰਮਲ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੋਂ ਇਲਾਵਾ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>