ਅੰਮ੍ਰਿਤਸਰ – ਪੰਜਾਬ ਵਿੱਚ ਨਵੇਂ ਸਾਲ ਦੇ ਸ਼ੁਰੂ ਹੁੰਦੇ ਹੀ ਧਾਰਮਿਕ ਸੰਕਟ ਪੈਦਾ ਹੁੰਦਾ ਵਿਖਾਈ ਦੇ ਰਿਹਾ ਹੈ। ਪੰਜ ਪਿਆਰਿਆਂ ਨੇ ਕਲ੍ਹ ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਦੀ ਚਿਤਾਵਨੀ ਦੇ ਦਿੱਤੀ ਹੈ। ਇਸ ਨਾਲ ਜਿੱਥੇ ਐਸਜੀਪੀਸੀ ਲਈ ਪਰੇਸ਼ਾਨੀ ਖੜੀ ਹੋ ਗਈ ਹੈ, ਉਥੇ ਸਿੱਖ ਕੌਮ ਲਈ ਵੀ ਇਹ ਚਿੰਤਾ ਵਾਲੀ ਗੱਲ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਪਹਿਲੀ ਜਨਵਰੀ ਨੂੰ ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਊਨ੍ਹਾਂ ਦੇ ਅਹੁਦਿਆਂ ਤੋਂ ਨਹੀਂ ਹਟਾਉਂਦੀ ਤਾਂ ਪੰਜ ਪਿਆਰੇ ਗੁਰਮਰਿਆਦਾ ਅਨੁਸਾਰ 2 ਜਨਵਰੀ ਨੂੰ ਸਿੱਖ ਕੌਮ ਦੇ ਨਾਂ ਤੇ ਕੋਈ ਨਵਾਂ ਹੁਕਮਨਾਮਾ ਜਾਰੀ ਕਰ ਸਕਦੇ ਹਨ। ਇਸੇ ਸਬੰਧ ਵਿੱਚ ਐਸਜੀਪੀਸੀ ਨੇ ਪਲਿੀ ਜਨਵਰੀ ਨੂੰ ਅੰਤਰਿੰਗ ਕਮੇਟੀ ਦੀ ਬੈਠਕ ਬੁਲਾਈ ਹੈ। ਪੰਜ ਪਿਆਰਿਆਂ ਨੇ ਐਸਜੀਪੀਸੀ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ 1 ਜਨਵਰੀ ਤੱਕ ਸਾਰੇ ਜੱਥੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਬਰਖਾਸਤ ਕਰ ਦੇਵੇ।
ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਫੂਰਮਾਨ ਦੀ ਨਿੰਦਿਆ ਕਰਦੇ ਹੋਏ ਕਿਹਾ ਹੈ ਕਿ ਪੰਜ ਪਿਆਰੇ ਆਪਣੀ ਮਰਿਆਦਾ ਤੋਂ ਬਾਹਰ ਜਾ ਰਹੇ ਹਨ। ਉਨ੍ਹਾਂ ਦਾ ਕੰਮ ਸਿਰਫ਼ ਅੰਮ੍ਰਿਤਪਾਨ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸਿੱਖ ਸਭਾਵਾਂ, ਦਮਦਮੀ ਟਕਸਾਲ ਅਤੇ ਸਿੱਖ ਸੰਗਠਨਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ।