ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੰਦਿਆਂ ਅੱਜ ਸਮੂਹ ਵਿਗਿਆਨੀਆਂ ਨੂੰ ਪਾਲ ਆਡੀਟੋਰੀਅਮ ਵਿਖੇ ਸੰਬੋਧਨ ਕੀਤਾ । ਇਸ ਮੌਕੇ ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਗਿਆਨੀ ਅਤੇ ਕਰਮਚਾਰੀ ਵੀ ਸ਼ਾਮਲ ਸਨ । ਇਸ ਮੌਕੇ ਡਾ. ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਵਰ੍ਹੇ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਖੋਜ ਸਿਖਿਆ ਅਤੇ ਪਸਾਰ ਦੇ ਖੇਤਰ ਵਿੱਚ ਅਨੇਕਾਂ ਮੱਲ੍ਹਾਂ ਮਾਰੀਆਂ ਹਨ ਅਤੇ ਇਸ ਯੂਨੀਵਰਸਿਟੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੂਬ ਸਲਾਹਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਪ੍ਰਸੰਸਾ ਦੇ ਪਿੱਛੇ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਦੀ ਕੰਮ ਪ੍ਰਤੀ ਸਮਰਪਣ ਭਾਵਨਾ ਪ੍ਰਮੁੱਖ ਹੈ । ਉਨ੍ਹਾਂ ਪਿਛਲੇ ਵਰ੍ਹੇ ਦੌਰਾਨ ਉਪਲਬਧੀਆਂ ਤੇ ਸਾਰਿਆਂ ਨੂੰ ਵਧਾਈ ਦਿਤੀ ਅਤੇ ਧੰਨਵਾਦ ਕੀਤਾ ਕਿ ਉਸਾਰੂ ਕਾਰਜਾਂ ਵਿੱਚ ਉਨ੍ਹਾਂ ਸਾਰਿਆਂ ਨੇ ਆਪਣਾ ਸਾਰਥਕ ਯੋਗਦਾਨ ਪਾਇਆ ਹੈ ।
ਖੋਜ ਪ੍ਰਾਪਤੀਆਂ ਬਾਰੇ ਉਨ੍ਹਾਂ ਜਿਕਰ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵਿੱਚ 45 ਖੋਜ ਪ੍ਰਾਜੈਕਟ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ 9 ਨੂੰ ਕੌਮਾਂਤਰੀ ਪੱਧਰ ਤੇ ਸਲਾਹਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਦੋ ਖੋਜ ਕੇਂਦਰਾਂ ਨੂੰ ਕੌਮਾਂਤਰੀ ਪੱਧਰ ਤੇ ਪਿਛਲੇ ਸਾਲ ਐਕਸੀਲੈਂਸ ਐਵਾਰਡ ਪ੍ਰਾਪਤ ਹੋਇਆ । ਫ਼ਸਲਾਂ ਦੀਆਂ ਕਿਸਮਾਂ ਬਾਰੇ ਜਿਕਰ ਕਰਦਿਆਂ ਉਨ੍ਹਾਂ ਦਸਿਆ ਕਿ 39 ਫ਼ਸਲਾਂ ਦੀਆਂ 75 ਕਿਸਮਾਂ ਪਿਛਲੇ ਸਾਲ ਜਾਰੀ ਕੀਤੀਆਂ ਗਈਆਂ ਅਤੇ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਝੋਨੇ ਦੀਆਂ ਕਿਸਮਾਂ ਅਤੇ ਗੰਨੇ ਦੀਆਂ ਕਿਸਮਾਂ ਬਹੁਤ ਪ੍ਰਭਾਵਸ਼ਾਲੀ ਨਤੀਜੇ ਵੇਖਣ ਨੂੰ ਮਿਲੇ ਹਨ । ਮੱਕੀ ਬਾਰੇ ਜਿਕਰ ਕਰਦਿਆਂ ਦੱਸਿਆ ਕਿ ਮਹਾਂਰਾਸ਼ਟਰਾ ਸੀਡ ਕਾਰਪੋਰੇਸ਼ਨ ਦੇ ਸਹਿਯੋਗ ਨਾਲ 100 ਏਕੜ ਦੇ ਵਿੱਚ ਮੱਕੀ ਦਾ ਬੀਜ ਤਿਆਰ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਪਿਛਲੇ ਸਾਲ ਨਰਮੇ ਸੰਬੰਧੀ ਖੋਜ ਕਾਰਜਾਂ ਦੇ ਲਈ ਗੁਜਰਾਤ ਸੀਡ ਕਾਰਪੋਰੇਸ਼ਨ ਦੇ ਨਾਲ ਇਕਰਾਰਨਾਮਾ ਸਹੀਬੱਧ ਕੀਤਾ ਗਿਆ । ਉਨ੍ਹਾਂ ਜਾਣਕਾਰੀ ਵਧਾਉਂਦਿਆਂ ਦੱਸਿਆ ਕਿ ਪਿਛਲੇ ਸਾਲ ਰਿਕਾਰਡ ਸਬਜ਼ੀਆਂ ਦੀਆਂ 11 ਕਿਸਮਾਂ ਜਾਰੀ ਕੀਤੀਆਂ ਗਈਆਂ । ਸਾਲ 2010-11 ਵਿੱਚ ਜਿੱਥੇ ਨਰਸਰੀ ਪੈਦਾਵਾਰ ਦੀ ਗਿਣਤੀ 1.5 ਲੱਖ ਸੀ, ਵਧ ਕੇ 5 ਲਖ ਤੱਕ ਪਹੁੰਚ ਚੁੱਕੀ ਹੈ। ਵਿਦਿਅਕ ਪ੍ਰੋਗਰਾਮਾਂ ਬਾਰੇ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਵੱਲੋਂ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਨਮਾਨ ਹਾਸਲ ਕੀਤੇ ਗਏ ਹਨ । ਉਨ੍ਹਾਂ ਇਸ ਮੌਕੇ ਕਿਹਾ ਕਿ ਪਸਾਰ ਦੇ ਖੇਤਰ ਵਿੱਚ ਫਾਰਮ ਸਲਾਹਕਾਰ ਕੇਂਦਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਪਸਾਰ ਨੂੰ ਹੋਰ ਮਜਬੂਤ ਕਰਨ ਲਈ ਯੂਨੀਵਰਸਿਟੀ ਵੱਲੋਂ ਸੋਸ਼ਲ ਮੀਡੀਆ ਤੇ ਯੂ-ਟਿਊਬ, ਫੇਸ ਬੁੱਕ ਅਤੇ ਟਵਿਟਰ ਤੇ ਅਕਾਊਂਟ ਸਥਾਪਤ ਕੀਤੇ ਗਏ ਹਨ ਜਿੱਥੇ ਤਾਜ਼ਾ ਖੇਤੀਬਾੜੀ ਸੰਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇਗੀ ।
ਇਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵਲੋਂ ਸੇਵਾ ਮੁਕਤ ਹੋਏ ਵਿਗਿਆਨੀਆਂ ਨੂੰ ਵੀ ਸਨਮਾਨਤ ਕੀਤਾ ਗਿਆ । ਮੰਚ ਦੀ ਕਾਰਵਾਈ ਐਸੋਸੀਏਸ਼ਨ ਦੇ ਸਕੱਤਰ ਡਾ. ਦਰਸ਼ਨ ਕੁਮਾਰ ਸ਼ਰਮਾ ਨੇ ਕੀਤੀ ਜਦਕਿ ਧੰਨਵਾਦ ਦੇ ਸ਼ਬਦ ਪ੍ਰਧਾਨ ਡਾ. ਕਮਲਦੀਪ ਸਿੰਘ ਸਾਂਘਾ ਨੇ ਕਹੇ ।