ਸ਼ਿਲਾਂਗ – ਭਾਰਤ ਦੇ ਪੂਰਬ-ਉਤਰ ਰਾਜ ਮਣੀਪੁਰ, ਬੰਗਲਾ ਦੇਸ਼, ਮਿਆਂਮਾਰ ਅਤੇ ਭੂਟਾਨ ਦੇ ਕੁਝ ਭਾਗਾਂ ਵਿੱਚ ਸੋਮਵਾਰ ਸਵੇਰ ਦੇ ਸਮੇਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਨੇ ਹੁਣ ਤੱਕ 6 ਲੋਕਾਂ ਦੀ ਜਾਨ ਲੈ ਲਈ ਹੈ ਅਤੇ 100 ਦੇ ਕਰੀਬ ਲੋਕ ਜਖਮੀ ਹੋਏ ਹਨ। ਇਸ ਕੁਦਰਤੀ ਆਫ਼ਤ ਵਿੱਚ ਜਖਮੀਆਂ ਦੀ ਸੰਖਿਆ ਹੋਰ ਵੱਧ ਸਕਦੀ ਹੈ। ਮਣੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਭੂਚਾਲ ਨਾਲ ਬਹੁਤ ਨੁਕਸਾਨ ਹੋਇਆ ਹੈ। ਇਸ ਸ਼ਹਿਰ ਵਿੱਚ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਸੋਮਵਾਰ ਤੜਕੇ 4 ਵਜਕੇ 37 ਮਿੰਟ ਤੇ ਆਏ ਇਸ ਭੂਚਾਲ ਦੀ ਤੀਬਰਤਾ ਰੀਐਕਟਰ ਪੈਮਾਨੇ ਤੇ 6.7 ਮਾਪੀ ਗਈ ਹੈ ਅਤੇ ਇਸ ਦਾ ਕੇਂਦਰ ਮਣੀਪੁਰ ਦਾ ਤਾਮੇਂਗਲੋਂਗ ਜਿਲ੍ਹਾ ਹੈ। ਮਣੀਪੁਰ ਤੋਂ ਇਲਾਵਾ ਆਸਾਮ, ਮੇਘਾਲਿਆ,ਤ੍ਰਿਪੁਰਾ, ਮਿਜੋਰਾਮ, ਅਰੁਣਾਚਲ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਸਮੇਤ ਹੋਰ ਵੀ ਕੁਝ ਰਾਜਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਦੇ ਝਟਕੇ ਕੋਲਕਾਤਾ ਤੱਕ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਜਮੀਨ ਤੇ 17 ਕਿਲੋਮੀਟਰ ਦੀ ਗਹਿਰਾਈ ਤੱਕ ਆਇਆ ਹੈ ਜਿਸ ਕਰਕੇ ਨੁਕਸਾਨ ਵੱਧ ਹੋਣ ਦੀ ਸੰਭਾਵਨਾ ਹੈ। ਰਾਹਤ ਟੀਮਾਂ ਭੂਚਾਲ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਆਪਣੇ ਕੰਮ ਵਿੱਚ ਜੁਟ ਗਈਆਂ ਹਨ। ਪੀੜਤਾਂ ਦੀ ਮੱਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।