ਪ¤ਤਝੜੀ ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਕਿਵੇਂ ਕਰੀਏ ?

ਜਸਵਿੰਦਰ ਸਿੰਘ ਬਰਾੜ, ਹਰਮਿੰਦਰ ਸਿੰਘ ਅਤੇ ਅਨਿਰੁੱਧ ਠਾਕੁਰ,

ਪੱਤਝੜੀ ਕਿਸਮ ਦੇ ਫ਼ਲਦਾਰ ਬੂਟਿਆਂ ਤੋਂ ਭਰਪੂਰ ਗੁੱਣਵਤਾ ਵਾਲਾ ਚੋਖਾ ਫ਼ਲ ਲੈਣ ਲਈ ਕਾਂਟ-ਛਾਂਟ ਅਤੇ ਸਿਧਾਈ ਕਰਨਾ ਅਤਿ ਜਰੂਰੀ ਹੁੰਦਾ ਹੈ। ਬੂਟਿਆਂ ਨੂੰ ਸਹੀ ਅਤੇ ਮਜਬੂਤ ਅਕਾਰ ਦੇਣ ਨਾਲ ਬੂਟਿਆਂ ਦੇ ਅੰਦਰੂਨੀ ਹਿੱਸਿਆਂ ਤੱਕ ਹਵਾ ਅਤੇ ਰੋਸ਼ਨੀ ਦਾ ਚੰਗਾ ਪ੍ਰਵਾਹ ਹੁੰਦਾ ਹੈ ਜਿਸ ਨਾਲ ਫਲਾਂ ਦੇ ਝਾੜ ਅਤੇ ਗੁੱਣਵਤਾ ਵਿੱਚ ਵਾਧੇ ਦੇ ਨਾਲ-ਨਾਲ ਕੀੜ੍ਹਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਮੱਦਦ ਮਿਲਦੀ ਹੈ। ਪੱਤਝੜੀ ਕਿਸਮ ਦੇ ਫਲਦਾਰ ਪੌਦੇ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ ਆਦਿ ਦੀ ਕਾਂਟ-ਛਾਂਟ ਦਾ ਕੰਮ ਸਰਦੀਆਂ ਵਿੱਚ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਉਹ ਅਜੇ ਨੀਂਦਰ ਅਵਸਥਾ ਵਿੱਚ ਹੋਣ। ਇਹਨਾਂ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਦੀ ਕਾਂਟ-ਛਾਂਟ ਅਤੇ ਸਿਧਾਈ ਦਾ ਕੰਮ ਬਹੁਤ ਹੀ ਤਕਨੀਕੀ ਕੰਮ ਹੈ, ਇਸ ਲਈ ਵਧੇਰੇ ਅਤੇ ਵਧੀਆ ਗੁਣਵੱਤਾ ਵਾਲਾ ਫ਼ਲ ਪ੍ਰਾਪਤ ਕਰਨ ਲਈ ਇਸ ਕੰਮ ਦੀ ਪੂਰੀ ਜਾਣਕਾਰੀ ਹੋਣਾ ਅਤਿ ਜਰੂਰੀ ਹੈ।

ਨਾਸ਼ਪਾਤੀ ਦੀ ਸਿਧਾਈ ਅਤੇ ਕਾਂਟ-ਛਾਂਟ

ਨਾਸ਼ਪਾਤੀ ਦਾ ਮਜਬੂਤ ਟਾਹਣੀ ਵਾਲਾ ਬੂਟਾ ਤਿਆਰ ਕਰਨ ਲਈ ਪੌਦੇ ਦੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਸਿਧਾਈ ਕੀਤੀ ਜਾਂਦੀ ਹੈ। ਜਨਵਰੀ-ਫਰਵਰੀ ਮਹੀਨੇ ਨਵੇਂ ਲਗਾਏ ਪੌਦੇ ਨੂੰ 90 ਸੈਟੀਂਮੀਟਰ ਦੀ ਉਚਾਈ ਤੋਂ ਕੱਟ ਦੇਣਾਂ ਚਾਹੀਦਾ ਹੈ ਅਤੇ ਇਹ ਪੌਦਾ ਫਰਵਰੀ-ਮਾਰਚ ਵਿੱਚ ਫੁੱਟਣ ਲਗੇਗਾ। ਇਸ ਦੇ ਮੁੱਖ ਤਣੇ ਉਪਰ ਜ਼ਮੀਨ ਤੋਂ ਲੈ ਕੇ 45 ਸੈਟੀਂਮੀਟਰ ਦੀ ਉਚਾਈ ਤੱਕ ਕੋਈ ਸ਼ਾਖ ਨਹੀਂ ਰਹਿਣੀ ਚਾਹੀਦੀ। ਦੂਜੇ ਸਾਲ ਦਰਮਿਆਨ ਦੀ ਸਭ ਤੋਂ ਲੰਮੀ ਟਾਹਣੀ ਨੂੰ ਛੱਡ ਦਿੱਤਾ ਜਾਂਦਾ ਹੈ ਪ੍ਰੰਤੂ ਜਿੱਥੇ ਕੱਚਾ ਭਾਗ ਸ਼ੁਰੂ ਹੁੰਦਾ ਹੈ ਉਥੇ ਇਸ ਨੂੰ ਕੱਟ ਦਿੱਤਾ ਜਾਂਦਾ ਹੈ। ਪਾਸੇ ਦੀਆਂ 3-4 ਟਹਿਣੀਆਂ ਨੂੰ ਆਪਸ ਵਿੱਚ 15 ਤੋਂ 20 ਸੈਟੀਂਮੀਟਰ ਦੇ ਫਾਸਲੇ ਤੇ ਜੋ ਵੱਖ-ਵੱਖ ਦਿਸ਼ਾਵਾਂ ਵਿੱਚ ਹੋਣ, ਰੱਖ ਲਈਆਂ ਜਾਂਦੀਆਂ ਹਨ। ਜੇਕਰ ਇਹਨਾਂ ਟਹਿਣੀਆਂ ਨੂੰ ਸੇਬੇ ਨਾਲ ਬੰਨ ਕੇ ਧਰਤੀ ਨਾਲ ਬੰਨ ਦਿੱਤਾ ਜਾਵੇ ਤਾਂ ਇਹਨਾਂ ਟਹਿਣੀਆਂ ਤੇ ਹੋਰ ਸ਼ਾਖਾਵਾਂ ਨਿਕਲਣ ਵਿੱਚ ਮੱਦਦ ਮਿਲਦੀ ਹੈ। ਤੀਸਰੇ ਅਤੇ ਚੌਥੇ ਸਾਲ ਦੀ ਸਿਧਾਈ ਕਰਨ ਸਮੇਂ ਬੂਟੇ ਦੀਆਂ ਟਹਿਣੀਆਂ ਵਿੱਚ ਆਪਸੀ ਤਾਲ-ਮੇਲ ਵਧਾਉਣ ਲਈ ਦੂਸਰੇ ਜਾਂ ਤੀਸਰੇ ਦਰਜੇ ਦੀਆਂ ਟਹਿਣੀਆਂ ਨੂੰ ਸਾਫ ਕੱਟ ਦੇ ਕੇ ਵੱਢ ਦਿੱਤਾ ਜਾਂਦਾ ਹੈ। ਜਿਨ੍ਹਾਂ ਟਹਿਣੀਆਂ ਦੇ ਕੋਣ ਛੋਟੇ ਹੋਣ ਉਨ੍ਹਾਂ ਨੂੰ ਵੀ ਮੁੱਢ ਤੋਂ ਹੀ ਕੱਟ ਦੇਣਾ ਚਾਹੀਦਾ ਹੈ। ਮੁੱਖ ਤਣੇ ਉਪਰ ਆਈਆਂ ਟਹਿਣੀਆਂ ਦੇ ਕੋਣ ਚੌੜੇ ਹੋਣੇ ਚਾਹੀਦੇ ਹਨ। ਤੇਜ ਵੱਧਣ ਵਾਲੇ ਗੁੱਲੇ ਅਤੇ ਤਣੇ ਤੋਂ ਫੁੱਟਣ ਵਾਲੀਆਂ ਟਹਿਣੀਆਂ ਨੂੰ ਕੱਟਦੇ ਰਹਿਣਾ ਚਾਹੀਦਾ ਹੈ। ਇਹਨਾਂ ਸਾਲਾਂ ਵਿੱਚ ਦਰੱਖਤਾਂ ਦੀ ਜ਼ਿਆਦਾ ਕਾਂਟ-ਛਾਂਟ ਨਹੀਂ ਕਰਨੀ ਚਾਹੀਦੀ। ਨਾਸ਼ਪਾਤੀ ਦਾ ਫ਼ਲ ਖੁੰਘਿਆਂ ਉਪਰ ਲੱਗਦਾ ਹੈ ਜੋ ਲਗਾਤਾਰ ਲੱਗਭਗ 8 ਸਾਲ ਤੱਕ ਫ਼ਲ ਦਿੰਦੇ ਹਨ। ਪੁਰਾਣੇ ਅਤੇ ਫ਼ਲ ਦਿੰਦੇ ਬੂਟਿਆਂ ਦੀਆਂ ਸੁੱਕੀਆਂ ਟਾਹਣੀਆਂ ਨੂੰ ਵੀ ਕੱਟ ਕੇ ਵਿਰਲਾ ਕੀਤਾ ਜਾਂਦਾ ਹੈ ਤਾਂ ਜੋ ਉਤੇ ਜ਼ਿਆਦਾ ਫ਼ਲ ਦੇਣ ਵਾਲੀਆਂ ਨਵੀਆਂ ਟਾਹਿਣੀਆਂ ਫੁੱਟ ਪੈਣ।

ਆੜੂ ਦੀ ਸਿਧਾਈ ਅਤੇ ਕਾਂਟ-ਛਾਂਟ

ਆੜੂ ਵਿੱਚ ਸਿਧਾਈ ਅਤੇ ਕਾਂਟ-ਛਾਂਟ ਦਸੰਬਰ-ਜਨਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਜਦੋਂ ਬੂਟੇ ਸਥਿਲ ਅਵਸਥਾ ਵਿੱਚ ਹੁੰਦੇ ਹਨ। ਇਸ ਦੀ ਸਿਧਾਈ  ਸੁਧਰੀ ਹੋਈ ਟੀਸੀ ਵਾਲੇ ਢੰਗ ਨਾਲ ਹੀ ਕੀਤੀ ਜਾਂਦੀ ਹੈ। ਇਸ ਪ੍ਰੀਕ੍ਰਿਆ ਨੂੰ 3-4 ਸਾਲ ਵਿੱਚ ਪੂਰਾ ਕੀਤਾ ਜਾਂਦਾ ਹੈ। ਇਸ ਨਾਲ ਬੂਟੇ ਦੇ ਅਕਾਰ ਨੂੰ ਸੀਮਿਤ ਕਰਨ ਵਿੱਚ ਅਤੇ ਹਰ ਵਰ੍ਹੇ ਫ਼ਲ ਲੱਗਣ ਵਾਲੀਆਂ ਨਵੀਂਆਂ ਟਹਿਣੀਆਂ ਪੈਦਾ ਕਰਨ ਵਿੱਚ ਮੱਦਦ ਮਿਲਦੀ ਹੈ।ਆੜੂ ਦੀ ਸਿਧਾਈ ਲਈ ਇਕ ਸਾਲ ਦੇ ਬੂਟੇ ਨਰਸਰੀ ਤੋਂ ਲਿਆ ਕੇ ਖੇਤ ਵਿੱਚ ਲਾਏ ਜਾਂਦੇ ਹਨ ਅਤੇ ਲਾਉਣ ਤੋਂ ਪਹਿਲਾ 90 ਸੈਂਟੀਮੀਟਰ ਦੀ ਉਚਾਈ ਤੋਂ ਕੱਟ ਦਿਤਾ ਜਾਂਦਾ ਹੈ। ਜੇਕਰ ਬੂਟਿਆਂ ਦੇ ਪਾਸਿਆਂ ਤੇ ਸ਼ਾਖਾਵਾਂ ਹੋਣ ਤਾਂ 1-2 ਅੱਖਾਂ ਰੱਖ ਕੇ ਉਤੋਂ ਕੱਟ ਦੇਣਾ ਚਾਹੀਦਾ ਹੈ। ਮਾਰਚ ਦੇ ਮਹੀਨੇ ਬੂਟਿਆਂ ਦੇ ਤਣਿਆਂ ਤੇ ਕਈ ਸ਼ਾਖਾਵਾਂ ਉਗ ਪੈਂਦੀਆਂ ਹਨ। ਇਹਨਾਂ ਸ਼ਾਖਾਵਾਂ ਨੂੰ ਪੂਰਾ ਸਮਾਂ ਵੱਧ ਜਾਣ ਦੇਣਾ ਚਾਹੀਦਾ ਹੈ। ਜਨਵਰੀ ਦੇ ਮਹੀਨੇ ਜਦੋਂ ਇਹਨਾਂ ਦੇ ਪੱਤੇ ਝੱੜ ਜਾਣ ਤਾਂ ਉਦੋਂ ਬੂਟੇ ਤੇ 4-5 ਨਰੋਈਆਂ ਟਹਿਣੀਆਂ ਜਿਹੜੀਆਂ ਕਿ ਤਣੇ ਤੋਂ ਥੱਲੇ ਉੱਤੇ ਚਾਰ-ਚੁਫੇਰੇ ਹੋਣ ਉਨ੍ਹਾਂ ਨੂੰ ਚੁਣ ਕੇ ਬਾਕੀਆਂ ਨੂੰ ਮੁੱਢੋ 1-2 ਅੱਖਾਂ ਰੱਖ ਕੇ ਕੱਟ ਦੇਣਾ ਚਾਹੀਦਾ ਹੈ।ਸਭ ਤੋਂ ਹੇਠਲੀ ਟਹਿਣੀ ਜ਼ਮੀਨ ਤੋਂ 45 ਸੈਂਟੀਮੀਟਰ ਦੀ ਉਚਾਈ ਤੇ ਰੱਖਣੀ ਚਾਹੀਦੀ ਹੈ। ਜੇਕਰ ਇਸ ਸਮੇਂ ਲੋੜੀਂਦੀਆਂ ਟਹਿਣੀਆਂ ਪ੍ਰਾਪਤ ਨਾ ਹੋਣ ਤਾਂ ਇਹ ਅਗਲੇ ਸਾਲ ਦੇ ਵਾਧੇ ਮਗਰੋਂ ਚੁਣੀਆਂ ਜਾ ਸਕਦੀਆਂ ਹਨ। ਬੂਟੇ ਲਾਉਣ ਤੋਂ ਦੂਜੇ ਸਾਲ ਗਰਮੀ ਅਤੇ ਵਰਖਾ ਰੁੱਤ ਦੇ ਬੂਟੇ ਦੀਆਂ ਚੁਣੀਆਂ ਹੋਈਆਂ ਟਹਿਣੀਆਂ ਅਤੇ ਹੋਰ ਸ਼ਾਖਾਵਾਂ ਤਿਆਰ ਹੁੰਦੀਆਂ ਹਨ। ਬੂਟੇ ਦੀ ਸਿਧੀ ਟਹਿਣੀ (ਲੀਡਰ) ਵੀ ਵੱਧਦੀ ਰਹਿੰਦੀ ਹੈ ਅਤੇ ਇਸ ਤੇ ਹੋਰ ਕਈ ਟਹਿਣੀਆਂ ਨਿਕਲ ਆਂਉਦੀਆਂ ਹਨ। ਇਨ੍ਹਾਂ ਟਹਿਣੀਆਂ ਵਿੱਚੋਂ 3-4 ਟਹਿਣੀਆਂ ਚੁੱਣ ਕੇ ਬਾਕੀਆਂ ਨੂੰ ਮੁੱਢ ਤੋਂ ਹੀ ਕੱਟ ਦੇਣਾ ਚਾਹੀਦਾ ਹੈ। ਇਸ ਸਮੇਂ ਲੀਡਰ ਟਹਿਣੀ ਨੂੰ ਵੀ ਹੇਠਲੀ ਕਿਸੇ ਪਾਸੇ ਦੀ ਟਹਿਣੀ ਦੇ ਨੇੜਿਉ ਰੱਖ ਕੇ ਕੱਟ ਦਿਉ ਤਾਂ ਕਿ ਇਸ ਦਾ ਵਾਧਾ ਰੁੱਕ ਜਾਵੇ। ਇਸ ਤਰੀਕੇ ਨਾਲ ਸਿਧਾਈ ਕੀਤੇ ਬੂਟਿਆਂ ਨੂੰ ਮਜਬੂਤ ਢਾਂਚਾ ਮਿਲਦਾ ਹੈ ਅਤੇ ਲੰਬੇ ਸਮੇਂ ਤੱਕ ਭਰਵਾਂ ਫ਼ਲ ਮਿਲਦਾ ਹੈ। ਆੜੂ ਦੀ ਸਿਧਾਈ ਦੇ ਨਾਲ-ਨਾਲ ਕਾਂਟ-ਛਾਂਟ ਵੀ ਅਤਿ ਜਰੂਰੀ ਹੈ।ਬੂਟਿਆਂ ਤੋਂ ਭਰਪੂਰ ਫਲ ਅਤੇ ਚੰਗੀ ਗੁਣਵੱਤਾ ਵਾਲਾ ਫਲ ਪ੍ਰਾਪਤ ਕਰਨ ਲਈ ਆੜੂ ਉਪਰ ਫਲ ਦੇਣ ਵਾਲੀਆਂ ਅਤੇ ਫਲ ਨਾ ਦੇਣ ਵਾਲੀਆਂ ਟਾਹਣੀਆਂ ਦੀ ਗਿਣਤੀ ਅਤੇ ਲੰਬਾਈ ਨਿਯਮਿਤ ਕਰਨਾ ਬਹੁਤ ਹੀ ਮਹੱਤਵਪੂਰਨ ਕੰਮ ਹੈ। ਆੜੂ ਦਾ ਫਲ ਬੂਟਿਆਂ ਦੀਆਂ ਇੱਕ ਸਾਲ ਪੁਰਾਣੀਆਂ ਟਹਿਣੀਆਂ ਨੂੰ ਲੱਗਦਾ ਹੈ। ਇਸ ਲਈ ਜਿਨ੍ਹਾਂ ਟਹਿਣੀਆਂ ਤੇ ਫ਼ਲ ਲੱਗਣ ਦੀ ਉਮੀਦ ਹੋਵੇ ਉਹਨਾਂ ਦੀ ਕਾਂਟ-ਛਾਂਟ ਕਰਨ ਦੇ ਨਾਲ-ਨਾਲ ਉਹਨਾਂ ਨੂੰ ਵਿਰਲੇ ਵੀ ਕਰਨਾ ਚਾਹੀਦਾ ਹੈ। ਕੁੱਝ ਲੰਮੀਆਂ ਅਤੇ ਫ਼ਲ ਨਾ ਦੇਣ ਵਾਲੀਆਂ ਟਹਿਣੀਆਂ ਨੂੰ ਉਤੋਂ ਕੱਟ ਕੇ ਛੋਟਾ ਕਰ ਦਿਉ ਤਾਂ ਜੋ ਬੂਟਿਆਂ ਦਾ ਵਾਧਾ ਸਹੀ ਹੋਵੇ ਅਤੇ ਵੱਡੇ ਆਕਾਰ ਦੇ ਵਧੇਰੇ ਫਲ ਲੱਗਣ। ਲੰਮੀਆਂ ਅਤੇ ਨੀਵੀਆਂ ਟਹਿਣੀਆਂ ਨੂੰ ਉਤੋਂ ਕੱਟ ਕੇ ਛੋਟਾ ਕਰ ਦਿਉ। ਬਿਮਾਰ, ਟੁੱਟੀਆਂ, ਸੁੱਕੀਆਂ ਅਤੇ ਆਪਸ ਵਿੱਚ ਫਸਦੀਆਂ ਟਹਿਣੀਆਂ ਨੂੰ ਕੱਟ ਦਿਉ। ਜਿਹੜੇ ਟੱਕ 5 ਸੈਂਟੀਮੀਟਰ ਤੋਂ ਮੋਟੇ ਹੁੰਦੇ ਹਨ ਉਨਾਂ ਨੂੰ ਬੋਰਡੋ ਪੇਸਟ (ਨੀਲਾ ਥੋਥਾ 2 ਕਿਲੋ ਅਣਬੁਝਿਆ ਚੂਨਾ 3 ਕਿਲੋ 30 ਲਿਟਰ ਪਾਣੀ) ਅਤੇ ਦੋ ਹਫਤੇ ਬਾਅਦ ਬੋਰਡੋ ਪੇਂਟ (ਨੀਲਾ ਥੋਥਾ 1 ਕਿਲੋ, ਅਤੇ ਅਣਬੂਝਿਆ ਚੂਨਾ 2 ਕਿਲੋ, ਅਲਸੀ ਦਾ ਤੇਲ 3 ਲਿਟਰ) ਦਾ ਲੇਪ ਲਾ ਦਿਉ।

ਅਲੂਚੇ ਦੀ ਸਿਧਾਈ ਅਤੇ ਕਾਂਟ-ਛਾਂਟ

ਅਲੂਚੇ ਦੇ ਬੂਟਿਆਂ ਦੀ ਸਿਧਾਈ ਵੀ ਸੁਧਰੀ ਟੀਸੀ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਇਸ ਦੀ ਸਿਧਾਈ ਦਾ ਕੰਮ ਤਿੰਨ ਸਾਲਾਂ ਵਿੱਚ ਪੂਰਾ ਹੁੰਦਾ ਹੈ। ਪਹਿਲੇ ਸਾਲ ਇੱਕ ਸਾਲ ਦੀ ਉਮਰ ਦੇ ਤਕਰੀਬਨ ਇੱਕ ਮੀਟਰ ਲੰਬੇ ਬੂਟੇ ਜਨਵਰੀ ਦੇ ਮਹੀਨੇ ਜਾਂ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਖੇਤ ਵਿੱਚ ਲਗਾਏ ਜਾਂਦੇ ਹਨ। ਬੂਟੇ ਲਾਉਣ ਤੋਂ ਬਾਅਦ ਇਹਨਾਂ ਦੀ 8-10 ਸੈਂਟੀਮੀਟਰ ਕੱਚੀ ਟੀਸੀ ਕੱਟ ਦਿਉ।ਜੇਕਰ ਤਣੇ ਤੇ ਹੋਰ ਸ਼ਾਖਾਵਾਂ ਵੀ ਉੱਗੀਆਂ ਹੋਣ ਤਾਂ ਉਹਨਾਂ ਤੇ ਛੋਟੇ ਖੁੰਘੇ ਰੱਖ ਕੇ ਉੱਪਰੋਂ ਕੱਟ ਦਿਉ। ਇਸ ਤੋਂ ਬਾਅਦ ਬਹਾਰ ਰੁੱਤ ਆਉਣ ਤੇ ਬੂਟਿਆਂ ਤੇ ਕਾਫੀ ਸ਼ਾਖਾਵਾਂ ਨਿਕਲ ਆੳੁਂਦੀਆਂ ਹਨ। ਇਹਨਾਂ ਸ਼ਾਖਾਵਾਂ ਦਾ ਗਰਮੀ ਅਤੇ ਬਰਸਾਤ ਰੁੱਤ ਵਿੱਚ ਕਾਫੀ ਵਾਧਾ ਹੁੰਦਾ ਹੈ। ਫਿਰ ਦੂਸਰੇ ਸਾਲ ਸਰਦੀ ਰੁੱਤ ਵਿੱਚ ਜਦੋਂ ਇਹ ਬੂਟੇ ਪੱਤੇ ਝਾੜ ਦਿੰਦੇ ਹਨ ਅਤੇ ਨੀਂਦਰ ਅਵਸਥਾ ਵਿੱਚ ਹੁੰਦੇ ਹਨ। ਉਦੋਂ ਤਣੇ ਉੱਤੇ ਚਾਰ ਚੁਫੇਰੇ ਵੱਲ 15-20 ਸੈਂਟੀਮੀਟਰ ਵਿੱਥ ਤੇ ਤਣੇ ਉੱਤੇ ਉਗੀਆਂ 4-5 ਟਹਿਣੀਆਂ ਨੂੰ ਚੁੱਣ ਕੇ ਬਾਕੀ ਟਹਿਣੀਆਂ ਨੂੰ ਮੁੱਢੋਂ ਕੱਟ ਦਿਉ। ਤਣੇ ਦੀ ਸਭ ਤੋਂ ਨੀਵੀਂ ਟਹਿਣੀ 45 ਸੈਂਟੀਮੀਟਰ ਉੱਚੀ ਹੋਣੀ ਚਾਹੀਦੀ ਹੈ।ਇਸ ਤੋਂ ਬਾਅਦ ਬੂਟੇ ਨੂੰ ਵੱਧਣ ਦਿਉ ਬੂਟਿਆਂ ਦੀ ਲੀਡਰ ਟਹਿਣੀ ਅਤੇ ਹੋਰ ਮੁੱਖ ਟਹਿਣੀਆਂ ਤੇ ਨਵੀਆਂ ਟਹਿਣੀਆਂ ਉੱਘਦੀਆਂ ਹਨ। ਇਸ ਤੋਂ ਪਿੱਛੋਂ ਤੀਜੇ ਸਾਲ ਪੱਤਝੜ ਰੁੱਤੇ ਜਦੋਂ ਇਹ ਬੂਟੇ ਸਥਿਲ ਅਵਸਥਾ ਵਿੱਚ ਹੋਣ ਉਸ ਸਮੇਂ ਇਹਨਾਂ ਟਹਿਣੀਆਂ ਵਿੱਚੋਂ ਸਹੀ ਵਿੱਥ ਵਾਲੀਆਂ ਟਹਿਣੀਆਂ ਨੂੰ ਚੁਣ ਲਵੋ ਅਤੇ ਬਾਕੀਆਂ ਨੂੰ ਮੁੱਢੋਂ ਕੱਟ ਦਿਉ। ਇਸ ਸਮੇਂ ਬੂਟੇ ਦੇ ਢਾਂਚੇ ਦਾ ਸਹੀ ਵਿਕਾਸ ਹੋ ਜਾਂਦਾ ਹੈ। ਲੀਡਰ ਟਾਹਣੀ ਨੂੰ ਕਿਸੇ ਵਧੀ ਹੋਈ ਟਹਿਣੀ ਦੇ ਨੇੜੇ ਰੱਖ ਕੇ ਕੱਟ ਦਿਉ। ਇਸ ਤਰ੍ਹਾਂ ਸੁਧਰੀ ਟੀਸੀ ਨਾਲ ਸਿਧਾਈ ਕੀਤਾ ਬੂਟਾ ਪੂਰਾ ਅਤੇ ਗੁਣਵੱਤਾ ਭਰਪੂਰ ਫ਼ਲ ਦਿੰਦਾ ਹੈ।ਅਲੂਚੇ ਨੂੰ ਫ਼ਲ, ਕਿਸਮ ਮੁਤਾਬਿਕ 3-4 ਸਾਲ ਦੀ ਉਮਰ ਵਿੱਚ ਇੱਕ ਸਾਲ ਦੀ ਉਮਰ ਦੀਆਂ ਟਹਿਣੀਆਂ ਅਤੇ ਅਤੇ ਛੋਟੀਆਂ ਖੁੰਘੀਆਂ ਤੇ ਲੱਗਦਾ ਹੈ।ਇਸ ਲਈ ਬੂਟਿਆਂ ਦੀ ਹਰ ਵਰ੍ਹੇ ਹਲਕੀ ਕਾਂਟ-ਛਾਂਟ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਕਰ ਦੇਣੀ ਚਾਹੀਦੀ ਹੈ। ਬੂਟੇ ਦੀ ਛੱਤਰੀ ਅੰਦਰੋਂ ਪਤਲੀਆਂ, ਆਪਸ ਵਿੱਚ ਫਸਦੀਆਂ ਅਤੇ ਸੰਘਣੀਆਂ ਟਹਿਣੀਆਂ ਕੱਟ ਕੇ ਵਿਰਲਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੜ੍ਹਾਂ ਅਤੇ ਤਣੇ ਦੇ ਮੁੱਢੋਂ ਉਗਣ ਵਾਲੀਆਂ ਟਹਿਣੀਆਂ ਨੂੰ ਬਰਾਬਰ ਕੱਟਦੇ ਰਹਿਣਾ ਚਾਹੀਦਾ ਹੈ। ਹਰ 4-5 ਸਾਲਾਂ ਮਗਰੋਂ ਬੂਟਿਆਂ ਦੀ ਭਾਰੀ ਕਾਂਟ-ਛਾਂਟ ਕੀਤੀ ਜਾਂਦੀ ਹੈ, ਜਿਸ ਵਿੱਚ ਲੰਬੀਆਂ ਟਹਿਣੀਆਂ ਨੂੰ ਛੋਟਾ ਕਰਨਾ, ਨੀਵੀਆਂ ਟਹਿਣੀਆਂ ਨੂੰ ਕੱਟਣਾ, ਤਣੇ ਦੇ ਹੇਠਲੇ ਹਿੱਸੇ ਤੇ ਉਗੀਆਂ ਟਹਿਣੀਆਂ ਨੂੰ ਕੱਟਣਾ ਆਦਿ ਕੰਮ ਕੀਤੇ ਜਾਂਦੇ ਹਨ। ਜਿਹੜੇ ਟੱਕ 4-5 ਸੈਟੀਮੀਟਰ ਤੋਂ ਮੋਟੇ ਹੋਣ, ਉਹਨਾਂ ਨੂੰ ਬੋਰਡੋ ਪੇਸਟ ਜਾਂ ਬੋਰਡੋ ਪੇਂਟ ਦਾ ਲੇਪ ਕਰ ਦੇਣਾ ਚਾਹੀਦਾ ਹੈ।

ਉਪਰੋਕਤ ਤਰੀਕੇ ਨਾਲ ਆੜੂ, ਅਲੂਚੇ ਅਤੇ ਨਾਸ਼ਪਾਤੀ ਦੀ ਸਿਧਾਈ ਅਤੇ ਕਾਂਟ-ਛਾਂਟ ਕਰਕੇ ਬਾਗਬਾਨ ਵੀਰ ਵਧੀਆ ਗੁਣਵਤਾ ਵਾਲਾ ਵਧੇਰੇ ਝਾੜ ਪ੍ਰਾਪਤ ਕਰ ਸਕਦੇ ਹਨ ਅਤੇ ਬਾਗ ਦੀ ਸਿਹਤ ਵੀ ਲੰਬੇ ਸਮੇਂ ਤੱਕ ਬਰਕਰਾਰ ਰੱਖ ਸਕਦੇ ਹਨ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>