ਲੁਧਿਆਣਾ : ਅੱਜ ਡੀ.ਜੀ.ਐਸ.ਸੀ. ਦਫ਼ਤਰ ਮੋਹਾਲੀ ਵਿਖੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨੁਮਾਇੰਦਿਆਂ ਦੀ ਨਿਯਮਿਤ ਮੀਟਿੰਗ ਹੋਈ। ਮੀਟਿੰਗ ਵਿਚ ਬੜੇ ਨਿੱਘੇ ਮਾਹੌਲ ਵਿਚ ਗੱਲਬਾਤ ਹੋਈ। ਨੁਮਾਇੰਦਿਆਂ ਵਿਚ ਉ¤ਘੇ ਸ਼ਾਇਰ ਡਾ. ਸੁਰਜੀਤ ਪਾਤਰ ਸਮੇਤ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਜਨਰਲ ਸਕੱਤਰ ਡਾ. ਅਨੂਪ ਸਿੰਘ, ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸ੍ਰੀ ਸੁਰਿੰਦਰ ਰਾਮਪੁਰੀ ਸ਼ਾਮਲ ਸਨ। ਸਰਕਾਰ ਵੱਲੋਂ ਡੀ.ਪੀ.ਆਈ. ਸਕੂਲ ਸੁਰਿੰਦਰ ਸਿੰਘ ਢੋਲ ਅਤੇ ਸਬੰਧਿਤ ਅਧਿਕਾਰੀ ਸ਼ਾਮਲ ਸਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਲਾਇਬ੍ਰੇਰੀ ਐਕਟ ਲਾਗੂ ਕੀਤਾ ਜਾਵੇ। ਡਾ. ਸੁਰਜੀਤ ਪਾਤਰ ਜੀ ਨੇ ਕਰਨਾਟਕਾਂ ਪ੍ਰਾਂਤ ਦੀ ਤਰਜ ’ਤੇ ਪੰਜਾਬ ਵਿਚ ਸੁਝਾਏ ਗਏ ‘‘ਸ਼ਬਦ ਪ੍ਰਕਾਸ਼ ਲਾਇਬ੍ਰੇਰੀ’’ ਐਕਟ ਨੂੰ ਲਾਗੂ ਕਰਨ ’ਤੇ ਸਹਿਮਤੀ ਪ੍ਰਗਟਾਈ ਗਈ। ਮੰਤਰੀ ਜੀ ਨੇ ਸਬੰਧਿਤ ਅਫ਼ਸਰਾਂ ਦੀ ਡਿਊਟੀ ਲਗਾ ਕੇ ਕਿਹਾ ਕਿ ਇਸ ਪਾਸੇ ਜਲਦੀ ਵਧਿਆ ਜਾਵੇ। ਦੂਸਰੀ ਮੰਗ ਆਈ.ਸੀ.ਐਸ.ਈ. ਅਤੇ ਸੀ.ਬੀ.ਐਸ.ਈ. ਨਾਲ ਸਬੰਧਿਤ ਬਹੁਤ ਸਾਰੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਬੋਲਣ ਦੀ ਮਨਾਹੀ ਕਰਕੇ ਬੱਚਿਆਂ ਨੂੰ ਜੁਰਮਾਨਾ ਅਤੇ ਸਜ਼ਾਵਾਂ ਦੇਣ ਦੇ ਵਿਰੋਧ ਵਿਚ ਹੈ। ਇਸ ਸਬੰਧੀ ਡਾ. ਚੀਮਾ ਹੋਰਾਂ ਕਿਹਾ ਕਿ ਅਸੀਂ ਬਕਾਇਦਾ ਜ਼ਿਲ੍ਹਾ ਪੱਧਰ ’ਤੇ ਸਰਵੇ ਕਰਵਾਇਆ ਹੈ। ਸ਼ਕਤੀਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸੌਂਪੀਆਂ ਹਨ। ਕਿਤਾਬਾਂ, ਟਾਈਮ ਟੇਬਲ ਅਤੇ ਪੰਜਾਬੀ ਅਧਿਆਪਕਾਂ ਦੀ ਸਕੂਲਾਂ ਵਿਚ ਮੌਜੂਦਗੀ ਦਾ ਗੰਭੀਰਤਾ ਨਾਲ ਸਰਵੇ ਕੀਤਾ ਗਿਆ ਹੈ। ਚਾਲੀ ਸਕੂਲ ਦੋਸ਼ੀ ਪਾਏ ਗਏ ਹਨ। ਉਨ੍ਹਾਂ ਨੂੰ ਬਕਾਇਦਾ ਮਾਤ ਭਾਸ਼ਾ ਲਾਗੂ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਮੰਤਰੀ ਜੀ ਨੇ ਕਿਹਾ ਕਿ ਮੈਂ ਖ਼ੁਦ ਸਕੂਲਾਂ ਦੀਆਂ ਪ੍ਰੰਬਧਕ ਕਮੇਟੀਆਂ ਨਾਲ ਮੀਟਿੰਗ ਕਰਕੇ ਇਹ ਮਸਲਾ ਉਠਾਵਾਂਗਾ। ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਗੱਲ ਗੰਭੀਰਤਾ ਨਾਲ ਸਮਝਾਉਣ ਦੀ ਲੋੜ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਵਿਰਵੇ ਰੱਖ ਕੇ ਪੰਜਾਬ ਵਿਚ ਸੰਭਾਵਿਤ ਰੁਜ਼ਗਾਰ ਤੋਂ ਵਾਂਝੇ ਰੱਖਣ ਦੀ ਸਾਜ਼ਿਸ਼ ਹੈ। ਇਸ ਪਾਸੇ ਧਿਆਨ ਦੇ ਕੇ ਮੈਂ ਸਕੂਲ ਪ੍ਰਬੰਧਕਾਂ ਨੂੰ ਗੰਭੀਰਤਾ ਨਾਲ ਇਸ ਸਾਜ਼ਿਸ਼ ਤੋਂ ਰੋਕਣਾ ਚਾਹੁੰਦਾ ਹਾਂ। ਮੰਤਰੀ ਜੀ ਨੇ ਸਕੂਲੀ ਪੱਧਰ ਤੱਕ ਸਿੱਖਿਆ ਦਾ ਮਾਧਿਅਮ ਪੰਜਾਬੀ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਪੰਜਾਬੀ ਮਾਤ ਭਾਸ਼ਾ ਦੀਆਂ ਜਥੇਬੰਦੀਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਦਾ ਮਾਧਿਅਮ ਪ੍ਰਾਂਤਕ ਭਾਸ਼ਾਵਾਂ ਵਿਚ ਕਰਨ ਲਈ ਕੇਂਦਰ ਸਰਕਾਰ ’ਤੇ ਜ਼ੋਰ ਪਾਉਣਾ ਚਾਹੀਦਾ ਹੈ। ਸਿੱਖਿਆ ਮੰਤਰੀ ਜੀ ਨੇ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਹੋਰਾਂ ਦੇ ਸੁਝਾਅ ’ਤੇ ਸਕੂਲਾਂ ਵਿਚ ਓਰੀਐਂਟੇਸ਼ਨ ਪ੍ਰੋਗ੍ਰਾਮ ਸ਼ੁਰੂ ਕਰਵਾਉਣ ਦੀ ਸਹਿਮਤੀ ਪ੍ਰਗਟ ਕੀਤੀ।
ਸਮੁੱਚੀ ਮੀਟਿੰਗ ਵਿਚ ਇਹ ਸਹਿਮਤੀ ਸੀ ਕਿ ਦੇਸ਼ ਭਰ ਵਿਚ ਮੰਨੇ ਜਾ ਚੁੱਕੇ ਤਿੰਨ ਭਾਸ਼ਾਈ ਫ਼ਾਰਮੂਲੇ ਨੂੰ ਸਾਰੇ ਸਕੂਲਾਂ ਵਿਚ ਇਕਸਾਰਤਾ ਨਾਲ ਲਾਗੂ ਕਰਕੇ ਹੀ ਮਾਤ ਭਾਸ਼ਾ ਨੂੰ ਹੱਕੀ ਸਥਾਨ ਮਿਲ ਸਕਦਾ ਹੈ। 2008 ਵਿਚ ਪਾਸ ਕੀਤੇ ਗਏ ਭਾਸ਼ਾ ਐਕਟ ਨੂੰ ਵੀ ਗੰਭੀਰਤਾ ਨਾਲ ਲਾਗੂ ਕਰਨ ਦਾ ਵਾਇਦਾ ਨਿਭਾਉਣ ਦਾ ਅਹਿਦ ਕੀਤਾ ਗਿਆ।
ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜੀ ਨੇ 14 ਫ਼ਰਵਰੀ 2016 ਨੂੰ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ, ਲੁਧਿਆਣਾ ਵਿਖੇ ਪਹੁੰਚ ਕੇ ਵਿਸਤ੍ਰਿਤ ਵਿਚਾਰ ਵਟਾਂਦਰਾ ਕਰਨ ਦਾ ਭਰੋਸਾ ਦਿੱਤਾ।