ਕਿਸਾਨ ਤੋਂ ਉਗਰਾਹੇ ਟੈਕਸ ਦੀ ਸਹੀ ਵੰਡ ਕਿਉਂ ਨਹੀਂ

ਜਦ ਪੰਜਾਬ ਦੇ ਰਾਜਨੀਤਕ ਸੈਂਟਰ ਸਰਕਾਰ ਤੋਂ ਪੰਜਾਬ ਦੁਆਰਾ ਸੈਂਟਰ ਨੂੰ ਦਿੱਤੇ ਗਏ ਟੈਕਸਾਂ ਦੇ ਵਿੱਚੋਂ 50% ਹਿੱਸੇ ਦੀ ਮੰਗ ਕਰਦੇ ਹਨ ਤਦ ਉਹ ਆਪ ਕਿਊਂ ਭੁੱਲ ਜਾਂਦੇ ਹਨ ਕਿ ਉਹ ਆਪ ਭੀ ਇਹੋ ਕੁੱਝ ਕਰਦੇ ਹਨ। ਪਿੰਡਾਂ ਵਿੱਚ ਖੇਤੀ ਕਰਨ ਵਾਲੇ ਕਿਸਾਨ ਬਹੁਤ ਭਾਰੀ ਟੈਕਸ ਅਦਾ ਕਰਦੇ ਹਨ ਮੰਡੀਕਰਣ ਬੋਰਡ ਨੂੰ। ਪੰਜਾਬ ਦਾ ਕਿਸਾਨ ਆਪਣੇ ਨਫੇ ਉਪਰ ਨਹੀਂ ਬਲਕਿ ਆਪਣੇ ਉਤਪਾਦਨ ਉਪਰ 5% ਮਾਰਕਿਟ ਟੈਕਸ ਅਦਾ ਕਰਦਾ ਹੈ। ਦੇਸ ਵਿੱਚ ਕਿਸੇ ਉਪਰ ਭੀ ਟੈਕਸ ਇਸ ਤਰਾਂ ਨਹੀਂ ਲਿਆ ਜਾਂਦਾ ਜਿਸ ਤਰਾ ਪੰਜਾਬੀ ਕਿਸਾਨ ਤੋਂ ਬੇਵਿਸਵਾਸੀ ਕਰਕੇ ਲਿਆ ਜਾਂਦਾ ਹੈ। ਦੇਸ ਦਾ ਵਪਾਰੀ ਵਰਗ ਆਪਣੀ ਵਸਤੂਆਂ ਨੂੰ ਵੇਚਣ ਤੋਂ ਬਾਅਦ ਟੈਕਸ ਅਦਾ ਕਰਦਾ ਹੈ। ਸਭ ਉਦਯੋਗਿਕ ਘਰਾਣੇ ਆਪਣਾ ਹਿਸਾਬ ਆਪ ਬਣਾਕੇ ਫਿਰ ਉਸ ਉਪਰ ਟੈਕਸ ਅਦਾ ਕਰਦੇ ਹਨ। ਪਰ ਪੰਜਾਬੀ ਕਿਸਾਨ ਦਾ ਟੈਕਸ ਬਿਨਾਂ ਦੱਸੇ ਹੀ ਐਡਵਾਂਸ ਹੀ ਕੱਟ ਲਿਆ ਜਾਂਦਾ ਹੈ ਕਿਉਂ? ਕੀ ਪੰਜਾਬ ਦਾ ਕਿਸਾਨ ਠੱਗ ਚੋਰ ਹੈ ਜਿਸਨੂੰ ਟੈਕਸ ਕੱਟਣ ਵੇਲੇ ਦੱਸਿਆ ਭੀ ਨਹੀਂ ਜਾਂਦਾ । ਬਹੁਤੇ ਕਿਸਾਨ ਵੀਰਾਂ ਨੂੰ ਤਾਂ ਇਹ ਪਤਾ ਭੀ ਨਹੀਂ ਕਿ ਉਹਨਾਂ ਉਪਰ ਕੋਈ ਟੈਕਸ ਭੀ ਲੱਗਿਆ ਹੋਇਆ ਭੀ ਹੈ। ਸਮੁੱਚੇ ਰੂਪ ਵਿੱਚ ਤਾਂ ਕਿਸਾਨ ਦੇ ਉਤਪਾਦਨ ਉਪਰ 14% ਤੱਕ ਦੇ ਲੱਗਭੱਗ ਟੈਕਸ ਕੱਟ ਲਿਆ ਜਾਂਦਾ ਹੈ। ਕਿਸਾਨ ਨੂੰ ਆਪਣੇ ਉਤਪਾਦਨ ਵਿੱਚੌਂ 10% ਭੀ ਮੁਸਕਲ ਨਾਲ ਹੀ ਆਮਦਨ ਹੁੰਦੀ ਹੈ । ਸੋ ਇਸ ਤਰਾਂ ਜੇ ਕਿਸਾਨ ਇੱਕ ਏਕੜ ਵਿੱਚੋਂ 70000 ਦੀ ਫਸਲ ਵੇਚਦਾ ਹੈ ਤਾਂ ਉਸਦਾ ਮੁਨਾਫਾਂ ਮੁਸਕਲ ਨਾਲ 7000 ਰੁਪਏ ਹੁੰਦਾ ਹੈ ਜਦਕਿ ਸਰਕਾਰ ਅਤੇ ਆੜਤੀਆ ਵਰਗ 10000 ਰੁਪਏ ਖੱਟ ਜਾਂਦੇ ਹਨ ਭਲਾ ਕਿਉਂ? ਕੀ ਇਹ ਧੋਖਾ ਨਹੀਂ ਕਿ ਕਿਸਾਨ ਦੀ ਇੱਕ ਏਕੜ ਤੋਂ ਆਮਦਨ 7000 ਅਤੇ ਸਰਕਾਰਾਂ ਅਤੇ ਦੂਸਰੇ ਵਰਗਾਂ ਦੀ ਆਮਦਨ 10000 ਹੈ। ਦੇਸ ਦੇ ਕਿਸੇ ਵੀ ਵਰਗ ਉਪਰ ਟੈਕਸ ਦੀ ਦਰ ਏਨੀ ਨਹੀਂ ਬਣਦੀ । ਧੋਖਿਆਂ ਦੀ ਇਹ ਲੜੀ ਬਹੁਤ ਲੰਮੀ ਬਣਦੀ ਹੈ।

ਆਉ ਸਿਆਣੇ ਪਾਠਕੋ ਵਿਚਾਰ ਕਰੀਏ। ਪੰਜਾਬੀ ਕਿਸਾਨ ਨੂੰ ਬਦਨਾਮ ਵੀ ਕੀਤਾ ਜਾਂਦਾ ਹੈ ਕਿ ਇਸ ਵਰਗ ਉਪਰ ਕੋਈ ਟੈਕਸ ਨਹੀਂ। ਅਸਲ ਮੁੱਦਾ ਪਿੰਡਾਂ ਦੇ ਵਿਕਾਸ ਦੇ ਨਾਂ ਤੇ ਮੰਡੀਕਰਨ ਬੋਰਡ ਵਾਸਤੇ ਕਟਾਏ ਜਾਂਦੇ ਇਸ ਪੰਜ ਪ੍ਰਤੀਸ਼ਤ ਟੈਕਸ ਨੂੰ ਪਿੰਡਾਂ ਵਿੱਚ ਵੀ ਖਰਚਿਆ ਕਿਉਂ ਨਹੀਂ ਜਾਂਦਾ? ਜੇ ਇਹ ਪੈਸਾ ਸਹੀ ਤਰੀਕੇ ਨਾਲ ਖਰਚਿਆ ਜਾਵੇ ਤਦ ਪੰਜਾਬ ਦੇ ਪਿੰਡ ਯੂਰਪੀਅਨ ਮੁਲਕਾਂ ਦੇ ਵਰਗੇ ਬਣ ਜਾਣਗੇ। ਇੱਕ ਪਿੰਡ ਕਿੰਨਾਂ ਟੈਕਸ ਪੇਡੂ ਵਿਕਾਸ ਦੇ ਨਾਂ ਥੱਲੇ ਅਦਾ ਕਰਦਾ ਹੈ ਪਰ ਉਸਨੂੰ ਮਿਲਦਾ ਕੀ ਹੈ? ਕਿਸਾਨ ਦੁਆਰਾ ਵੇਚੀ ਗਈ ਕੁਲ ਫਸਲ ਉਪਰ ਜੋ 5% ਮਾਰਕੀਟ ਫੀਸ ਕੱਟੀ ਜਾਂਦੀ ਹੈ ਦਾ ਅੱਧਾ ਪੇਡੂੰ ਵਿਕਾਸ ਵਾਸਤੇ ਹੁੰਦਾ ਹੈ। ਇੱਕ ਏਕੜ ਵਿੱਚੋਂ ਜੇ 70000 ਰੁਪਏ ਦੀ ਵੱਟਤ ਹੁੰਦੀ ਹੈ ਤਦ ਉਸ ਉਪਰ ਮਾਰਕੀਟ ਫੀਸ 3500 ਰੁਪਏ ਬਣ ਜਾਂਦੀ ਹੈ ਜਿਸ ਵਿੱਚੋਂ 17500 ਰੁਪਏ ਪਿੰਡ ਵਿਕਾਸ ਵਾਸਤੇ ਹੁੰਦੇ ਹਨ। ਜੇ ਕਿਸੇ ਪਿੰਡ ਕੋਲ 1000 ਏਕੜ ਜਮੀਨ ਹੈ ਤਦ ਉਹ 35 ਲੱਖ ਦੀ ਮਾਰਕੀਟ ਫੀਸ ਸਰਕਾਰੀ ਖਾਤੇ ਵਿੱਚ ਦੇ ਦਿੰਦਾ ਹੈ ਜਿਸ ਵਿੱਚੋਂ ਸਾਢੇ ਸਤਾਰਾਂ ਲੱਖ ਰੁਪਏ ਪੇਡੂ ਵਿਕਾਸ ਵਾਸਤੇ ਹੁੰਦੇ ਹਨ। ਵੱਡੀ ਗਿਣਤੀ ਪਿੰਡਾਂ ਦੀ ਜਮੀਨ 5000 ਏਕੜ ਤੋਂ 10000 ਤੱਕ ਹੈ ਜੋ ਕਿ ਦੋ ਤੋਂ ਲੈਕੇ ਤਿੰਨ ਕਰੋੜ ਤੱਕ ਦੀ ਮਾਰਕੀਟ ਫੀਸ ਦਿੰਦੇ ਹਨ। ਉਹਨਾਂ ਨੂੰ ਵਿਕਾਸ ਵਾਸਤੇ  ਡੇਢ ਕਰੋੜ ਤੱਕ ਦਿੱਤਾ ਜਾ ਸਕਦਾ ਹੈ। ਪਰ ਸਾਡੀਆਂ ਸਰਕਾਰਾਂ ਇਸ ਵਿੱਚੋਂ 10% ਵੀ ਮੁਸਕਲ ਨਾਲ ਦਿੰਦੇ ਹਨ ਕਿਉਂ? ਹਲਕਿਆਂ ਦੇ ਵਿਧਾਨਕਾਰ ਲੱਖ ਦੋ ਲੱਖ ਦੀ ਗਰਾਂਟ ਜਾਰੀ ਕਰਕੇ ਭੀ ਇਹ ਜਤਾਉਂਦੇ ਹਨ ਜਿਵੇਂ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੋਵੇ। ਥੋੜੀ 2 ਰਕਮ ਜਾਰੀ ਕਰਨ ਦੇ ਇਵਜ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਗੂ ਬੰਦਿਆਂ ਨਾਲ ਰਖੈਲ਼ਾਂ ਵਾਂਗ ਵਿਵਹਾਰ ਕਰਦੇ ਹਨ । ਸੋ ਜਦ ਪੰਜਾਬ ਸਰਕਾਰ ਸੈਂਟਰ ਸਰਕਾਰ ਤੋਂ 50% ਹਿੱਸਾ ਟੈਕਸਾਂ ਵਿੱਚੋ ਮੰਗਦੀ ਹੈ ਚੰਗੀ ਗੱਲ ਹੈ ਪਰ ਆਪ ਵੀ ਇਸ ਉਪਰ ਅਮਲ ਕਰੇ। ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਪਿੰਡਾਂ ਨੂੰ ਬਣਦਾ ਪੈਸਾ ਜੋ ਮਾਰਕੀਟ ਫੀਸ ਦਾ 50% ਹੈ ਬਿਨਾਂ ਕਿਸੇ ਇਤਰਾਜ ਦੇ ਦੇਣਾ ਸੁਰੂ ਕਰਨਾਂ ਚਾਹੀਦਾ ਹੈ। ਜਿੰਨਾਂ ਸਮਾਂ ਪੰਜਾਬ ਦੇ ਲੋਕ ਅਤੇ ਆਗੂ ਜਾਗਰੂਕ ਨਹੀਂ ਹੋਣਗੇ ਰਾਜਨੀਤਕ ਮਿੰਨਤਾਂ ਤਰਲੇ ਕਰਵਾਉਂਦੇ ਰਹਿਣਗੇ।

4000 ਕਰੋੜ ਤੋਂ ਲੈ ਕੇ 5000 ਕਰੋੜ ਦੀ ਇਕੱਠੀ ਹੋਣ ਵਾਲੀ ਖੇਤੀ ਟੈਕਸ ਵਿੱਚੋਂ ਹੀ 2500 ਕਰੋੜ ਦੇ ਲੱਗਭੱਗ ਬਣਦਾ ਹੈ ਜਿਸ  ਨੂੰ ਜੇ ਔਸਤ ਰੂਪ ਵਿੱਚ ਵੰਡਣਾ ਹੋਵੇ ਤਾਂ ਹਰ ਪਿੰਡ ਨੂੰ ਬੀਹ ਲੱਖ ਤੋਂ ਵੱਧ ਰਕਮ ਹਰ ਸਾਲ ਮਿਲ ਸਕਦੀ ਹੈ। ਕਿਸੇ ਵਿਧਾਨਕਾਰ ਨੂੰ ਸਰਕਾਰ ਮੁਸਕਲ ਨਾਲ 10 ਤੋਂ 20 ਲੱਖ ਤੱਕ ਦਿੰਦੀ ਹੈ ਜਦਕਿ ਮੰਡੀਕਰਣ ਫੀਸ ਦਾ ਹਿੱਸਾ ਬੀਹ ਕਰੋੜ ਦੇ ਲੱਗਭੱਗ ਬਣਦਾ ਹੈ। ਆਪੋਜੀਸਨ ਦੇ ਵਿਧਾਨਕਾਰਾਂ ਨੂੰ ਤਾਂ ਕੁਝ ਵੀ ਵੰਡਣ ਨੂੰ ਨਹੀਂ ਦਿੱਤਾ ਜਾਂਦਾ। ਵਿਧਾਨਕਾਰਾਂ ਨੂੰ ਆਪਣੇ ਹਲਕੇ ਵਿੱਚ ਪੇਡੂ ਵਿਕਾਸ ਅਧੀਨ ਇਕੱਠੀ ਹੋਣ ਵਾਲੀ ਰਕਮ ਪ੍ਰਸਾਸਨ ਨਾਲ ਮਿਲਕੇ ਵੰਡਣ ਦਾ ਅਧਿਕਾਰ ਮੰਗਣਾ ਚਾਹੀਦਾ ਹੈ। ਜੇ ਮੈਂਬਰ ਪਾਰਲੀਮੈਂਟ ਨੂੰ ਦੋ ਕਰੋੜ ਵੰਡਣ ਦਾ ਅਧਿਕਾਰ ਹੈ ਤਦ ਵਿਧਾਨਕਾਰ ਨੂੰ ਕਿਉਂ ਨਹੀਂ? ਆਪਣੇ ਲਈ ਕੁੱਝ ਮੰਗਣ ਵਾਲੇ ਜਿੰਨਾਂ ਚਿਰ ਦੇਣਾ ਨਹੀਂ ਸਿੱਖਦੇ ਕੁੱਝ ਪ੍ਰਾਪਤ ਨਹੀਂ ਕਰ ਸਕਦੇ । ਸੋ ਪੰਜਾਬ ਦੇ ਰਾਜਨੀਤਕੋ ਲੋਕਾਂ ਦੇ ਹੱਕ ਉਹਨਾਂ ਨੂੰ ਦੇਣਾ ਸੁਰੂ ਕਰੋ। ਕਿਰਤੀ ਲੋਕਾਂ ਤੋਂ ਜੇ ਕੋਈ ਟੈਕਸ ਚੋਰੀਉਂ ਕੱਟਦੇ ਹੋ ਘੱਟੋ ਘੱਟ ਉਸਦੀ ਯੋਗ ਵਰਤੋਂ ਕਰਨੀ ਤਾਂ ਸੁਰੂ ਕਰਵਾ ਦੇਵੋ । ਲੋਕਾਂ ਦੁਆਰਾ ,ਲੋਕਾਂ ਲਈ ਬਣੀਆਂ ਸਰਕਾਰਾਂ ਦੇ ਮਾਲਕ ਜਦ ਲੋਕਾਂ ਦਾ ਹੱਕ ਸਹੀ ਤਰੀਕੇ ਨਾਲ ਲੋਕਾਂ ਨੂੰ ਦੇਣ ਲੱਗ ਜਾਣਗੇ ਤਦ ਜਿੱਥੇ ਉਹਨਾਂ ਦੀ ਇੱਜਤ ਵਧੇਗੀ ਉੱਥੇ ਲੋਕਾਂ ਦਾ ਵੀ ਭਲਾ ਹੋਵੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>