ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜ ਪਿਆਰਿਆਂ ਦੀ ਹਮਾਇਤ ਕਰਦਿਆਂ ਕਿਹਾ ਕਿ ਅਕਾਲੀ ਦਲ ਦਿੱਲੀ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ ਅਤੇ ਜਥੇਦਾਰਾਂ ਦੇ ਦਿੱਤੇ ਗਏ ਬਾਈਕਾਟ ਦੇ ਸੱਦੇ ਦੀ ਹਮਾਇਤ ਕਰਦਿਆਂ ਮੰਗ ਕਰਦਾ ਹੈ ਕਿ ਪੰਜ ਪਿਆਰੇ ਬਾਦਲਾਂ ਦੇ ਬਾਈਕਾਟ ਦਾ ਵੀ ਸਿੱਖ ਸੰਗਤਾਂ ਨੂੰ ਸੱਦਾ ਦੇਣ।
ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਹਾਲਤ ਇਸ ਕਦਰ ਨਿੱਘਰ ਗਈ ਹੈ ਕਿ ਸੋਨੇ ਦੀ ਚਿੜੀ ਅਖਵਾਉਦਾ ਪੰਜਾਬ ਨਸ਼ਿਆਂ ਦਾ ਕੇਂਦਰ ਬਣ ਕੇ ਰਹਿ ਗਿਆ ਹੈ ਅਤੇ ਹਰ ਘਰ ਵਿੱਚ ਨਸ਼ੇ ਦਾ ਕੋਹੜ ਦਸਤਕ ਦੇ ਚੁੱਕਾ ਹੈ। ਉਹਨਾਂ ਕਿਹਾ ਕਿ ਪਿਛਲੇ ਨੌ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਵਿੱਚ ਅਰਾਜਕਤਾ ਵਾਲਾ ਮਾਹੌਲ ਰਿਹਾ ਹੈ ਅਤੇ ਜਿਹੜਾ ਵੀ ਵਿਅਕਤੀ ਸਰਕਾਰ ਦੇ ਖਿਲਾਫ ਅਵਾਜ਼ ਬੁਲੰਦ ਕਰਦਾ ਹੈ ਉਸ ਨੂੰ ਝੂਠੇ ਕੇਸ ਦਰਜ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਨੁੰਮਾ ਇਕੱਠ ਦੌਰਾਨ ਨਾ ਤਾਂ ਕਿਸੇ ਕਿਸਮ ਦੀ ਭੜਕਾਹਟ ਪੈਦਾ ਕੀਤੀ ਗਈ ਸੀ ਅਤੇ ਨਾ ਹੀ ਕੋਈ ਦੇਸ਼ ਵਿਰੋਧੀ ਕਾਰਵਾਈ ਕੀਤੀ ਗਈ ਸੀ ਪਰ ਪੰਜਾਬ ਦੀ ਬਾਦਲ ਸਰਕਾਰ ਨੇ ਝੂਠੇ ਕੇਸ ਦਰਜ ਕਰਕੇ ਵਿਰੋਧੀ ਧਿਰ ਨਾਲ ਸਬੰਧਿਤ ਆਗੂਆਂ ਨੂੰ ਜੇਲ੍ਹ ਵਿੱਚ ਸੁੱਟ ਕੇ ਬਾਦਲ ਸਰਕਾਰ ਦੇ ਕੱਫਨ ਵਿੱਚ ਖੁਦ ਹੀ ਕਿੱਲ ਠੋਕ ਲਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਵੱਲੋ ਪੰਜਾਬ ਦੀ ਸਰਹੱਦ ਰਾਹੀ ਪਿਛਲੇ ਛੇ ਮਹੀਨਿਆ ਵਿੱਚ ਦੋ ਵਾਰੀ ਅੱਤਵਾਦੀ ਘੁਸਪੈਠ ਕਰਕੇ ਪੰਜਾਬ ਦਾ ਵੱਡੀ ਪੱਧਰ ਤੇ ਨੁਕਸਾਨ ਕਰਕੇ ਦੇਸ਼ ਦੀ ਪ੍ਰਭਸੱਤਾ ਨੂੰ ਢਾਹ ਲਗਾ ਚੁੱਕੇ ਹਨ ਜਿਸ ਲਈ ਸਿੱਧੇ ਰੂਪ ਵਿੱਚ ਪੰਜਾਬ ਸਰਕਾਰ ਜਿੰਮੇਵਾਰ ਹੈ।
ਉਹਨਾਂ ਕਿਹਾ ਕਿ ਬਾਦਲ ਨੇ ਪਹਿਲਾਂ ਸਿੱਖ ਪੰਥ ਨੂੰ ਰੋਲਿਆ ਤੇ ਹੁਣ ਗ੍ਰੰਥ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਪੰਚ ਪਰਧਾਨੀ ਮਰਿਆਦਾ ਗੁਰੂ ਕਾਲ ਤੋ ਚੱਲੀ ਆ ਰਹੀ ਹੈ ਤੇ ਇਸ ਮਰਿਆਦਾ ਦਾ ਵੀ ਹਨਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਕੋਈ ਵੀ ਉਲੰਘਣਾ ਨਹੀਂ ਕੀਤੀ ਸਗੋਂ ਪਰੰਪਰਾ ਤੇ ਪਹਿਰਾ ਦਿੱਤਾ ਹੈ ਜਦ ਕਿ ਜਥੇਦਾਰਾਂ ਨੇ ਨਾ ਪੇਸ਼ ਹੋ ਕੇ ਪਰੰਪਰਾ ਦਾ ਘਾਣ ਕੀਤਾ ਹੈ। ਉਹਨਾਂ ਕਿਹਾ ਕਿ ਪੰਜ ਪਿਆਰਿਆਂ ਵੱਲੋਂ ਜਥੇਦਾਰਾਂ ਦੇ ਦਿੱਤੇ ਬਾਈਕਾਟ ਦੀ ਉਹ ਹਮਾਇਤ ਕਰਦੇ ਹਨ ਤੇ ਸਮੂਹ ਸਾਧ ਸੰਗਤ ਨੂੰ ਵੀ ਅਪੀਲ ਕਰਦੇ ਹਨ ਕਿ ਪੰਚ ਪ੍ਰਧਾਨੀ ਮਰਿਆਦਾ ਅਨੁਸਾਰ ਇਸ ਫੈਸਲੇ ਤੇ ਪਹਿਰਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਤਖਤਾਂ ਦੇ ਜਥੇਦਾਰਾਂ ਨੂੰ ਲਾਂਭੇ ਕਰਨ ਦਾ ਫੈਸਲਾ ਲੈਣਾ ਚਾਹੀਦਾ ਸੀ ਪਰ ਉਸ ਨੇ ਆਪਣੇ ਆਕਾ ਬਾਦਲਾ ਦੇ ਇਸ਼ਾਰਿਆ ‘ਤੇ ਪੰਜ ਪਿਆਰਿਆ ਨੂੰ ਬਰਖਾਸਤ ਕਰਕੇ ਬੱਜਰ ਗਲਤੀ ਕੀਤੀ ਹੈ ਤੇ ਸਮਾਂ ਆਉਣ ਤੇ ਉਸ ਨੂੰ ਵੀ ਮਰਿਆਦਾ ਦੇ ਕਟਿਹਰੇ ਵਿੱਚ ਖੜਾ ਹੋਣਾ ਪਵੇਗਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਜਥੇਦਾਰਾਂ ਦੇ ਬਾਈਕਾਟ ਦੇ ਫੈਸਲੇ ਦੀ ਹਮਾਇਤ ਕਰਕੇ ਮਰਿਆਦਾ ਦਾ ਪਾਠ ਪੜਾਇਆ ਹੈ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆ ਜਿਹੜਾ ਵੀ ਫੈਸਲਾ ਲੈਣਗੀਆ ਉਸ ਉਪਰ ਅਕਾਲੀ ਦਲ ਦਿੱਲੀ ਪਹਿਰਾ ਦੇਣ ਲਈ ਪਾਬੰਦ ਹੋਵੇਗਾ।