ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਇੱਕ ਨਿਊਜ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਗਰ ਭਾਰਤ ਨੇ ਪਾਕਿਸਤਾਨ ਨੂੰ ਧਮਕੀਆਂ ਦੇਣੀਆਂ ਬੰਦ ਨਾਂ ਕੀਤੀਆਂ ਤਾਂ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਸਮਾ ਟੀਵੀ ਨੂੰ ਇੰਟਰਵਿਯੂ ਦਿੰਦੇ ਹੋਏ ਮੁਸ਼ਰੱਫ਼ ਨੇ ਕਿਹਾ, ‘ ਭਾਰਤ ਜੋ ਧਮਕੀਆਂ ਸਾਨੂੰ ਦੇ ਰਿਹਾ ਹੈ, ਉਹ ਸਾਨੂੰ ਇੱਥੇ ਦੁੱਖ ਪਹੁੰਚਾ ਰਹੀ ਹੈ, ਉਥੇ ਅਸੀਂ ਇਸ ਦਾ ਕਰਾਰਾ ਜਵਾਬ ਦੇਵਾਂਗੇ। ਅਸੀਂ ਕੇਵਲ ਇੱਕ ਛੋਟਾ ਦੇਸ਼ ਨਹੀਂ ਹਾਂ, ਅਸੀਂ ਵੀ ਜਵਾਬ ਦੇ ਸਕਦੇ ਹਾਂ, ਜਿਸ ਨੂੰ ਤੁਸੀਂ (ਭਾਰਤ) ਯਾਦ ਰਖੋਗੇਂ।
ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕਿ ਭਾਰਤ ਨੇ ਪਾਕਿਸਤਾਨ ਤੇ ਪਠਾਨਕੋਟ ਤੇ ਹੋਏ ਹਮਲੇ ਦੀ ਜਾਂਚ ਕਰਵਾਏ ਜਾਣ ਸਬੰਧੀ ਦਬਾਅ ਬਣਾਇਆ ਹੋਇਆ ਹੈ। ਭਾਰਤ ਨੇ ਸ਼ਰਤ ਰੱਖੀ ਹੈ ਕਿ ਜਦੋਂ ਤੱਕ ਪਾਕਿਸਤਾਨ ਇਹ ਹਮਲਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਨਹੀਂ ਕਰਦਾ ਓਨੀ ਦੇਰ ਤੱਕ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਵਾਰਤਾ ਅੱਗੇ ਨਹੀਂ ਵਧਾਈ ਜਾਵੇਗੀ। ਪਾਕਿਸਤਾਨ ਸਰਕਾਰ ਨੇ ਜੈਸ਼-ਏ-ਮੁਹੰਮਦ ਦੇ ਕਈ ਟਿਕਾਣਿਆਂ ਤੇ ਛਾਪੇ ਮਾਰ ਕੇ ਉਸ ਦੇ ਕੁਝ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ। ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਵੀ ਸਾਥੀਆਂ ਸਮੇਤ ਹਿਰਾਸਤ ਵਿੱਚ ਲਿਆ ਹੋਇਆ ਹੈ।