ਮਨੁੱਖ ਰੋਲ ਰਿਹਾ ਹੈ ਕੁਦਰਤੀ ਨੇਮਤਾਂ ਨੂੰ

ਮਨੁੱਖ ਨੂੰ ਕੁਦਰਤੀ ਨੇ ਕਈ ਅਨਮੋਲ ਨੇਮਤਾਂ ਬਖਸ਼ੀਆਂ ਹਨ ਜਿਵੇਂ ਕਿ ਹਵਾ, ਪਾਣੀ, ਅਕਾਸ਼, ਮਿੱਟੀ ਆਦਿ। ਪਰ ਸਦੀਆਂ ਤੋਂ ਇਨਸਾਨ ਨੇ ਜਿਉਂ ਜਿਉਂ ਤਰੱਕੀ ਕੀਤੀ ਹੈ ਅਤੇ ਕੁਦਰਤ ਦੇ ਨਾਲ ਖਿਲਵਾੜ ਕੀਤਾ ਹੈ ਤਾਂ ਉਸ ਦੇ ਨਤੀਜੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਕੁਦਰਤੀ ਨੇਮਤਾਂ ਨਾਲ ਅੱਜ ਦਾ ਇਨਸਾਨ ਖਿਲਵਾੜ ਕਰ ਰਿਹਾ ਹੈ। ਉਹ ਕੁਦਰਤੀ ਨੇਮਤਾਂ ਦਾ ਮੁੱਲ ਭੁੱਲਦਾ ਜਾ ਰਿਹਾ ਹੈ ਅਤੇ ਰੱਬ ਦੀ ਦੂਆ ਵਾਂਗ ਪਵਿੱਤਰ ਤੇ ਜੀਵਨਦਾਈ  ਇਹਨਾਂ ਨੇਮਤਾਂ ਨੂੰ ਰੋਲਣ ਵਿੱਚ ਮਨੁੱਖ ਨੇ ਕੋਈ ਕੋਰ ਕਸਰ ਬਾਕੀ ਨਾ ਰਹਿਣ ਦਿੱਤੀ। ਮਨੁੱਖ ਦੀ ਅੰਨ੍ਹੇਵਾਹ ਤਰੱਕੀ ਦੀ ਦੌੜ ਕਾਰਣ ਅੱਜ ਮਨੁੱਖ ਹਵਾ, ਪਾਣੀ ਤੇ ਅਕਾਸ਼ ਨੂੰ ਗੰਦਲਾ ਕਰਦਾ ਜਾ ਰਿਹਾ ਹੈ। ਕੀ ਹਵਾ ਕੀ ਪਾਣੀ ਤੇ ਕੀ ਮਿੱਟੀ ਅਤੇ ਕੀ ਅਕਾਸ਼ ਮਨੁੱਖ ਨੇ ਹਰ ਨੇਮਤ ਨੂੰ ਗੰਦਲਾ ਕਰ ਦਿੱਤਾ ਹੈ। ਇਸ ਪ੍ਰਦੂਸ਼ਨ ਦਾ ਸਿੱਧਾ ਅਸਰ ਹੁਣ ਰੋਜਮਰ੍ਹਾ ਦੀ ਜਿੰਦਗੀ ਵਿੱਚ ਦੇਖਣ ਨੂੰ ਮਿਲਣ ਲੱਗ ਪਿਆ ਹੈ ਅਤੇ ਅੱਜ ਦੇ ਮਨੁੱਖ ਦੀ 80 ਫਿਸਦੀ ਬਿਮਾਰੀਆਂ ਦਾ ਕਾਰਣ ਇਹਨਾਂ ਨੇਮਤਾਂ ਵਿੱਚ ਵੱਧ ਰਿਹਾ ਪ੍ਰਦੂਸ਼ਨ ਹੈ। ਮਨੁੱਖ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਉਲਟਾ ਇਸ ਵਾਤਾਵਰਨ ਦਾ ਦੋਹਨ ਹੱਦ ਤੋਂ ਵੱਧ ਕੀਤਾ ਜਾ ਰਿਹਾ ਹੈ। ਲਗਾਤਾਰ ਹੋ ਰਹੀ ਰਸਾਇਨਿਕ ਖਾਦਾਂ ਦੀ ਵਰਤੋਂ ਕਾਰਨ ਹਵਾ, ਪਾਣੀ ਅਤੇ ਮਿੱਟੀ ਦੇ ਜੀਵਨਦਾਈ ਗੁਣਾ ਤੇ ਭਿਆਨਕ ਅਸਰ ਪਿਆ ਹੈ। ਜਿਸ ਕਾਰਨ ਖਾਨ ਪੀਣ ਦੀਆਂ ਵਸਤੂਆਂ ਸੇਹਤ ਨੂੰ ਫਾਇਦੇ ਦੀ ਬਜਾਏ ਨੁਕਸਾਨ ਕਰ ਰਹੀਆਂ ਹਨ। ਇਹਨਾਂ ਨੁਕਸਾਨਾਂ ਨੂੰ ਦੇਖਦੇ ਹੋਏ ਹੀ ਅੱਜ ਫਿਰ ਕੁਦਰਤੀ ਖੇਤੀ ਦੀ ਅਵਾਜ਼ ਉਠ ਰਹੀ ਹੈ ਅਤੇ ਕਈ ਜਗ੍ਹਾਂ ਮੁੜ ਕੁਦਰਤੀ ਤਰੀਕਿਆਂ ਨਾਲ ਖੇਤੀ ਕੀਤੀ ਵੀ ਜਾ ਰਹੀ ਹੈ।

ਮਨੁੱਖ ਵਲੋਂ ਵਧਦੇ ਮਸ਼ੀਨੀਕਰਣ ਨਾਲ ਵਾਤਾਵਰਣ ਤੇ ਕਾਫ਼ੀ ਮਾੜਾ ਅਸਰ ਪਿਆ ਹੈ। ਸਭ ਤੋਂ ਵੱਧ ਅਸਰ ਸੜਕਾਂ ਤੇ ਵੱਧ ਰਹੇ ਟ੍ਰੈਫਿਕ ਨੇ ਪਾਇਆ ਹੈ। ਵੱਧਦੇ ਟ੍ਰੈਫਿਕ ਨਾਲ ਨਾ ਸਿਰਫ ਹਵਾ ਵਿੱਚ ਜਹਰੀਲੀਆਂ  ਗੈਸਾਂ ਦਾ ਵਾਧਾ ਹੋਇਆ ਹੈ ਸਗੋਂ ਵਾਤਾਵਰਣ ਵਿੱਚ ਸ਼ੋਰ ਦਾ ਵੀ ਵਾਧਾ ਹੋਇਆ ਹੈ। ਨਵੇਂ ਨਵੇਂ ਮਾਡਲਾਂ ਦੇ ਨਿਤ ਨਵੇਂ ਵਾਹਨ ਬਜਾਰ ਵਿੱਚ ਆਉਣ ਨਾਲ ਲੋਕਾਂ ਵਿੱਚ ਵੀ ਇਹਨਾਂ ਨੂੰ ਖਰੀਦਣ ਦੀ ਹੋੜ ਲੱਗੀ ਰਹਿੰਦੀ ਹੈ। ਅੱਗੇ ਇੱਕ ਘਰ ਵਿੱਚ ਇੱਕ ਜਾਂ ਦੋ ਵਾਹਨ ਹੁੰਦੇ ਸਨ ਪਰ ਹੁਣ ਹਰ ਜੀਅ ਦਾ ਆਪਣਾ ਵਖਰਾ ਵਾਹਨ ਹੈ। ਨਿੱਕ ਨਿੱਕੇ ਨਿਆਣੇ ਵੀ ਸਾਈਕਲ ਤੇ ਜਾਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ। ਜਿਸ ਨਾਲ ਸੜਕਾਂ ਤੇ ਟ੍ਰੈਫਿਕ ਦੀ ਖੇਚਲ ਲੋੜ ਨਾਲੋਂ ਕੀਤੇ ਵਧੇਰੇ ਵੱਧ ਗਈ ਹੈ। ਇਹਨਾਂ ਵਾਹਨਾਂ ਚੋਂ ਨਿਕਲਦਾ ਜਹਰੀਲਾ ਧੂੰਆ ਪੀ ਪੀ ਕੇ ਮਨੁੱਖ ਨੇ ਆਪਣੇ ਆਪਣੇ ਆਪ ਨੂੰ ਸੌ ਸੌ ਬਿਮਾਰੀਆਂ ਲਾ ਲਈਆਂ ਹਨ। ਜਿਹਨਾਂ ਵਿੱਚ ਚਮੜੀ ਤੇ ਸਾਹ ਦੀ ਬਿਮਾਰੀ ਸਭ੍ਯ ਤੋਂ ਜਿਆਦਾ ਹੈ। ਕੁੱਝ ਲੋਕ ਆਪਣੇ ਵਾਹਨ ਦੀ ਸਰਵਿਸ ਵੀ ਵੇਲੇ ਸਿਰ ਨਹੀਂ ਕਰਵਾਉਂਦੇ ਤਾਂ ਇਹਨਾਂ ਵਿੱਚੋਂ ਜਹਰੀਲੇ ਧੂੰਐ ਦੀ ਮਾਤਰਾ ਕਈ ਗੁਣਾ ਵੱਧ ਜਾਂਦੀ ਹੈ ਅਤੇ ਇਹ ਜਹਰੀਲਾ ਧੂੰਆ ਵਾਤਾਵਰਨ ਨੂੰ ਹੋਰ ਜਹਰੀਲਾ ਬਣਾ ਦਿੰਦਾ ਹੈ। ਇਸੇ ਤਰ੍ਹਾਂ ਫੈਕਟਰੀਆਂ ਦੀਆਂ ਚਿਮਨੀਆਂ ਚੋਂ ਨਿਕਲਦਾ ਜਹਰੀਲਾ ਧੂੰਆਂ ਇਸ ਪ੍ਰਦੂਸ਼ਨ ਵਿੱਚ ਹੋਰ ਵਾਧਾ ਕਰਦਾ ਹੈ। ਰਹੀ ਸਹੀ ਕਸਰ ਕਿਸਾਨ ਪਰਾਲੀ ਸਾੜ ਕੇ ਪੂਰੀ ਕਰ ਦਿੰਦੇ ਹਨ। ਹਵਾ ਵਿੱਚ ਫੈਲਿਆ ਹੋਇਆ ਪ੍ਰਦੂਸ਼ਣ ਅੱਖਾਂ ਅਤੇ ਗਲੇ ਦੀਆਂ ਕਈ ਬਿਮਾਰੀਆਂ ਦਾ ਕਾਰਣ ਬਣਦਾ ਹੈ ਅਤੇ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਕਾਰਣ ਹੋਰ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ। ਸਾਫ ਹਵਾ ਅਤੇ ਪਾਣੀ ਨਾ ਹੋਣ ਕਾਰਨ ਖਾਣ ਪੀਣ ਦੀ ਚੀਜ਼ਾਂ ਵਿੱਚ ਜਹਰੀਲੇ ਤੱਤਾਂ ਦੀ ਮਿਲਾਵਟ ਆਪਣੇ ਆਪ ਧਰਤੀ ਅਤੇ ਹਵਾ ਤੋਂ ਹੋ ਜਾਂਦੀ ਹੈ ਅਤੇ ਇਹੀ ਹਾਨੀਕਾਰਕ ਪਦਾਰਥ ਸ਼ਰੀਰ ਵਿੱਚ ਜਾ ਕੇ ਹੋਰ ਬਿਮਾਰੀਆ ਨੂੰ ਜਨਮ ਦਿੰਦੇ ਹਨ। ਅੱਜ ਦਿੱਲੀ ਵਿੱਚ ਪ੍ਰਦੁਸ਼ਣ ਦਾ ਸਤਰ ਕਾਫੀ ਜਿਆਦਾ ਹੋਣ ਤੋਂ ਬਾਅਦ ਸਰਕਾਰ ਦੀ ਨੀਂਦ ਖੁੱਲੀ ਅਤੇ ਕਈ ਨਿਯਮ ਬਣਾਏ ਪਰ ਉਸ ਦਾ ਫਾਇਦਾ ਆਮ ਲੋਕਾਂ ਨੂੰ ਨਹੀਂ ਹੋ ਰਿਹਾ। ਜਦੋਂਕਿ ਸਰਕਾਰ ਨੂੰ ਪਹਿਲਾਂ ਹੀ ਪ੍ਰਦੁਸ਼ਣ ਨੂੰ ਧਿਆਨ ਵਿੱਚ ਰੱਖ ਕੇ ਸਹੀ ਫੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਤਕਲੀਫ ਵੀ ਨਾ ਹੋਵੇ ਅਤੇ ਪ੍ਰਦੁਸ਼ਨ ਦਾ ਸਤਰ ਵੀ ਨਾ ਵਧੇ।
ਜਿਦਗੀ ਜੀਣ ਲਈ ਸਾਫ ਹਵਾ ਅਤੇ ਸਾਫ ਪਾਣੀ ਸਭ ਤੋਂ ਜਰੂਰੀ ਹੁੰਦਾ ਹੈ ਪਰ ਅੱਜ ਕੁਦਰਤ ਦੇ ਦੋਣੇ ਅਨਮੋਲ ਰਤਨ ਗੰਦਲੇ ਹੋ ਗਏ ਹਨ। ਇਹ ਅਨਮੋਲ ਰਤਨ ਕੁਦਰਤ ਨੇ ਗੰਦਲੇ ਨਹੀਂ ਕੀਤੇ ਸਗੋ ਮਨੁੱਖ ਦੀ ਲਾਲਸਾ ਨੇ ਇਹ ਸਭ ਕੁੱਝ ਗੰਦਲਾ ਕਰ ਦਿੱਤਾ ਹੈ ।

ਸਰਕਾਰ ਵੱਲੋਂ ਲੋਕਾਂ ਨੂੰ ਸਾਫ ਪਾਣੀ ਦੇਣ ਦੇ ਬੇਸ਼ਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਕਰੋੜਾਂ ਅਰਬਾਂ ਰੁਪਏ ਦਾ ਬਜਟ ਵੀ ਸਾਫ ਪਾਣੀ ਅਤੇ ਵਾਤਾਵਰਨ ਬਚਾਉਣ ਲਈ ਰਖਿਆ ਜਾਂਦਾ ਹੈ ਪਰ ਜਿਆਦਾਤਰ ਉਪਰਾਲੇ ਸਰਕਾਰ ਦੇ ਉਪਰਲੇ ਪੱਧਰ ਤੋਂ ਥੱਲੇ ਤੱਕ ਪਹੁੰਚਦੇ ਪਹੁੰਚਦੇ ਕਾਗਜਾਂ ਤੱਕ ਹੀ ਸਿਮਟ ਕੇ ਰਹਿ ਜਾਂਦੇ ਹਨ।

ਨਦੀਆਂ ਜਾ ਤਲਾਬ ਜੋ ਇਨਸਾਨ ਨੂੰ ਜਿੰਦਗੀ ਦਿੰਦੇ ਹਨ, ਇਨਸਾਨ ਉਹਨਾਂ ਨੂੰ ਤਬਾਹ ਕਰਨ ਦੀ ਹੱਦ ਤੱਕ ਪਹੁੰਚ ਗਿਆ ਹੈ। ਨਦੀਆਂ ਜੋਕਿ ਇਨਸਾਨ ਨੂੰ ਜੀਵਨ ਦਿੰਦੀਆਂ ਹਨ, ਇੰਨਸਾਨ ਉਹਨਾਂ ਵਿੱਚ ਫੈਕਟਰੀਆਂ ਦੀ ਜਹਰੀਲੀ ਗੰਦਗੀ, ਘਰੇਲੂ ਗੰਦਗੀ ਤੇ ਹੋਰ ਕਈ ਤਰ੍ਹਾਂ ਦੀ ਗੰਦਗੀ ਬਹਾ ਕੇ ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਨਦੀਆਂ ਵਿੱਚ ਪਲ ਰਹੇ ਜਾਨਵਰਾਂ ਦੇ ਜੀਵਨ ਨਾਲ ਵੀ ਖਿਲਵਾੜ ਕਰਦਾ ਹੈ ।

ਸਰਕਾਰ ਵੱਲੋਂ ਬੇਸ਼ਕ ਫੈਕਟਰੀਆਂ ਲਈ ਜਹਰੀਲਾ ਪਾਣੀ ਨਦੀਆਂ ਵਿੱਚ ਸੁੱਟਣ ਦੀ ਮਨਾਹੀ ਹੈ ਪਰ ਲਾਲ ਫੀਤਾਸ਼ਾਹੀ ਕਾਰਨ ਹਰ ਜਗਹਾ ਜਹਰੀਲਾ ਪਾਣੀ ਨਦੀਆਂ ਵਿੱਚ ਪਾ ਦਿੱਤਾ ਜਾਂਦਾ ਹੈ।

ਆਮ ਲੋਕਾਂ ਨੂੰ ਪਹਿਲਾਂ ਤਾਂ ਪਾਣੀ ਮਿਲਦਾ ਹੀ ਬਹੁਤ ਹੀ ਘੱਟ ਹੈ ਅਤੇ ਜੱਦ ਪਾਣੀ ਮਿਲਦਾ ਹੈ ਉਹ ਪੂਰੀ ਤਰ੍ਹਾ ਸ਼ੁਧ ਨਹੀ ਹੁੰਦਾ। ਇਸ ਲਈ ਆਮ ਲੋਕਾਂ ਨੂੰ ਜੋ ਪਾਣੀ ਮਿਲ ਜਾਵੇ ਉਹੋ ਪੀ ਲੈਦੇ ਹਨ ਜਿਸ ਨਾਲ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਮਾਲਵਾ ਇਲਾਕੇ ਵਿੱਚ ਵੱਧ ਰਹੀ ਦੰਦਾ ਦੀ ਬਿਮਾਰੀ ਹੈ। ਇਸ ੲਿਲਾਕੇ ਦੇ ਪਾਣੀ ਵਿੱਚ ਸ਼ੋਰੇ ਦੀ ਮਾਤਰਾ ਜਿਆਦਾ ਹੋਣ ਕਾਰਣ ਨਿੱਕੇ ਨਿੱਕੇ ਬੱਚੇ ਵੀ ਦੰਦਾਂ ਅਤੇ ਹੱਡੀਆਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਹ ਸ਼ੋਰਾ ਹੀ ਹੈ ਜੋ ਹੱਡੀਆਂ ਨੂੰ ਵੀ ਕਮਜੋਰ ਬਣਾ ਰਿਹਾ ਹੈ।

ਧਰਤੀ ਜੋਕਿ ਸਾਡੀ ਮਾਂ ਸਮਾਨ ਹੈ ਇਸਨੂੰ ਵੀ ਪ੍ਰਦੂਸ਼ਤ ਕਰਣ ਵਿੱਚ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ। ਸਭ ਤੋਂ ਪਹਿਲਾਂ ਤਾਂ ਅੰਧਾ ਧੁੰਧ ਪਾਣੀ ਦੇ ਦੋਹਣ ਨਾਲ ਜਮੀਨ ਵਿੱਚ ਪਾਣੀ ਦਾ ਪੱਧਰ ਬਹੁਤ ਹੇਂਠਾ ਚਲਾ ਗਿਆ ਹੈ ਜਿਸ ਨਾਲ ਇਸਦੀ ਉਪਜਾਉ ਸ਼ਕਤੀ ਘਟੀ ਹੈ। ਮੁਨੱਖ ਨੇ ਧਰਤੀ ਦੇ ਦਰਖਤ ਕੱਟ ਕੇ  ਜਗ੍ਹਾ ਜਗ੍ਹਾ ਤੇ ਪਦੂਸ਼ਣ ਵਿੱਚ ਵਾਧਾ ਕੀਤਾ ਹੈ। ਇੱਕ ਦਰਖਤ ਹੀ ਹਨ ਜੋ ਸਭ ਨੂੰ ਸਾਫ ਹਵਾ ਦਿੰਦੇ ਹਨ ਤੇ ਨਾਲ ਹੀ ਧਰਤੀ ਦੇ ਕਟਾਅ ਨੂੰ ਵੀ ਰੋਕਦੇ ਹਨ। ਪੇੜਾਂ ਦੀ ਲਗਾਤਾਰ ਕਟਾਈ ਨਾਲ ਵੀ ਮਿੱਟੀ ਦੀ  ਉਪਜਾਉ ਤਹਿ ਮੀਂਹ ਦੇ ਪਾਣੀ ਵਿੱਚ ਰੁੜ ਜਾਂਦੀ ਹੈ। ਪਰ ਇਨਸਾਨ ਨੇ ਉਹਨਾਂ ਦਾ ਘਾਣ ਕਰਨ ਵਿੱਚ ਵੀ ਕੋਈ ਕਮੀ ਨਹੀ ਛੱਡੀ। ਰਹੀ ਸਹੀ ਕਸਰ ਲੋਕਾਂ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਕੀਤੀ ਜਾਂਦੀ ਅੰਨੀ ਵਰਤੋਂ ਵੀ ਧਰਤੀ ਦੇ ਪਦੂਸ਼ਣ ਲਈ ਕਾਫੀ ਹੱਦ ਤੱਕ ਜੁੰਮੇਵਾਰ ਹੈ।

ਮਨੁੱਖ ਜਿਸਨੂੰ ਆਪਣੀ ਤਰੱਕੀ  ਸਮਝ ਰਿਹਾ ਹੈ ਹਕੀਕਤ ਵਿੱਚ ਉਹ ਉਸਨੂੰ ਉਸਦੀ ਕੁਦਰਤ ਅਤੇ ਸਿਹਤ ਦੋਹਾਂ ਤੋਂ ਹੀ ਦੂਰ ਕਰ ਰਹੀ ਹੈ। ਜੇਕਰ ਮਨੁੱਖ ਆਪਣੇ ਵਾਤਾਵਰਣ ਨੂੰ ਇੰਝ ਹੀ ਦੂਸ਼ਤ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪ੍ਰਦੂਸ਼ਣ ਦੀ ਮਾਰੀ ਮਨੁੱਖੀ ਦੇਹ ਬਿਮਾਰੀਆਂ ਦਾ ਘਰ ਬਣ ਜਾਵੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>