ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਨੂੰ ਸੈਟਰ ਦੀ ਹਿੰਦੂਤਵ ਹਕੂਮਤ ਵੱਲੋਂ “ਡਿਸਟਰਬ ਏਰੀਆ” ਜਾਰੀ ਰੱਖਣ ਪਿੱਛੇ ਹਿੰਦੂਤਵ ਹੁਕਮਰਾਨਾਂ ਦੇ ਆਪਣੇ ਸਿਆਸੀ ਸੌੜ੍ਹੇ ਹਿੱਤ ਕੰਮ ਕਰਦੇ ਹਨ । ਤਾਂ ਕਿ ਇਥੋ ਦੇ ਨਿਵਾਸੀਆਂ ਵਿਚ ਦਹਿਸ਼ਤ ਦੀ ਬਨਾਵਟੀ ਗੱਲ ਚੱਲਦੀ ਰੱਖਕੇ ਬਹੁਗਿਣਤੀ ਹਿੰਦੂ ਕੌਮ ਅਤੇ ਵੋਟਰਾਂ ਨੂੰ ਇਹ ਹੁਕਮਰਾਨ ਆਪਣੇ ਹੱਕ ਵਿਚ ਭੁਗਤਾਅ ਸਕਣ ਅਤੇ ਪੰਜਾਬ ਸੂਬੇ ਨੂੰ ਸੈਟਰ ਤੋ ਮਿਲਣ ਵਾਲੇ ਵਿਕਾਸ ਅਤੇ ਤਰੱਕੀ ਦੇ ਕੋਟੇ ਦੇ ਫੰਡਾਂ ਨੂੰ ਰੋਕ ਕੇ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆਂ ਦੀ ਚਹੁਤਰਫੀ ਬਿਹਤਰੀ ਹੋਣ ਤੋ ਰੋਕੀ ਜਾ ਸਕੇ । ਅਜਿਹੇ ਅਮਲਾਂ ਪਿੱਛੇ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਕੌਮ ਅਤੇ ਪੰਜਾਬ ਸੂਬੇ ਪ੍ਰਤੀ ਮੰਦਭਾਵਨਾ ਪ੍ਰਤੱਖ ਨਜ਼ਰ ਆ ਰਹੀ ਹੈ । ਜਦੋਕਿ ਪੰਜਾਬ ਸੂਬੇ ਦੀ ਜਨਤਾ ਵੱਲੋ ਇਥੇ ਕੋਈ ਵੀ ਗੈਰ-ਕਾਨੂੰਨੀ ਅਮਲ ਨਹੀਂ ਹੋ ਰਿਹਾ । ਬਲਕਿ ਪੰਜਾਬ ਸੂਬੇ ਦੇ ਨਿਵਾਸੀ, ਜਿੰਮੀਦਾਰ, ਵਪਾਰੀ, ਮਜ਼ਦੂਰ, ਵਿਦਿਆਰਥੀ, ਮੁਲਾਜ਼ਮ ਆਦਿ ਹਰ ਵਰਗ ਇਥੇ ਸਦਾ ਲਈ ਅਮਨ-ਚੈਨ ਅਤੇ ਜ਼ਮਹੂਰੀਅਤ ਦਾ ਬੋਲਬਾਲਾ ਚਾਹੁੰਦੇ ਹਨ । ਪਰ ਜਿਨ੍ਹਾਂ ਨਸ਼ੀਲੀਆਂ ਵਸਤਾਂ ਅਤੇ ਹਥਿਆਰਾਂ ਦੇ ਸਮੱਗਲਰਾਂ ਦੇ ਸੰਬੰਧ ਸਿਆਸਤਦਾਨਾਂ ਅਤੇ ਰਿਸ਼ਵਤਖੋਰ ਅਫ਼ਸਰਾਂ ਨਾਲ ਹਨ, ਉਹ ਹੀ ਇਥੇ ਅਪਰਾਧਿਕ ਕਾਰਵਾਈਆਂ ਨੂੰ ਬੁੜਾਵਾ ਦੇ ਰਹੇ ਹਨ । ਜੇ ਕਿਸੇ ਸਥਾਨ ਤੇ ਏਅਰਬੇਸ ਪਠਾਨਕੋਟ ਵਰਗੀ ਘਟਨਾ ਵਾਪਰੀ ਹੈ ਤਾਂ ਇਸ ਵਿਚ ਪੰਜਾਬ ਦੇ ਨਿਵਾਸੀਆਂ ਦਾ ਕੋਈ ਵੀ ਰਤੀਭਰ ਵੀ ਦੋਸ਼ ਨਹੀਂ, ਬਲਕਿ ਅਪਰਾਧਿਕ ਕਾਰਵਾਈਆ ਵਿਚ ਸ਼ਾਮਿਲ ਤਿੰਨ ਵਰਗ ਸਮੱਗਲਰ, ਸਿਆਸਤਦਾਨ ਅਤੇ ਰਿਸ਼ਵਤਖੋਰ ਅਫ਼ਸਰਸ਼ਾਹੀ ਜਿੰਮੇਵਾਰ ਹਨ । ਇਸ ਲਈ ਪੰਜਾਬ ਸੂਬੇ ਨੂੰ ਡਿਸਟਰਬ ਏਰੀਆ ਰੱਖਕੇ ਪੰਜਾਬ ਸੂਬੇ ਅਤੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਤਸੱਦਦ, ਜੁਲਮ ਕਰਨਾ, ਸਰਕਾਰੀ ਦਹਿਸ਼ਤਗਰਦੀ ਨੂੰ ਫੈਲਾਉਣਾ ਅਤੇ ਪੰਜਾਬ ਸੂਬੇ ਦੇ ਸਭ ਤਰੱਕੀ ਅਤੇ ਵਿਕਾਸ ਦੇ ਕੰਮਾਂ ਨੂੰ ਇਸ ਦਹਿਸ਼ਤ ਦੇ ਬਨਾਉਟੀ ਸਾਏ ਹੇਠ ਰੋਕਣਾ ਸਰਾਸਰ ਵਿਧਾਨਿਕ ਅਤੇ ਸਮਾਜਿਕ ਬੇਇਨਸਾਫ਼ੀ ਹੈ। ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਹਕੂਮਤ ਵਿਚ ਸ਼ਾਮਿਲ ਗ੍ਰਹਿ ਵਿਭਾਗ ਦੇ ਸਟੇਟ ਵਜ਼ੀਰ ਸ੍ਰੀ ਕਿਰਨ ਰੀਜੂ ਵੱਲੋ ਪੰਜਾਬ ਸੂਬੇ ਨੂੰ ਡਿਸਟਰਬ ਏਰੀਆ ਜਾਰੀ ਰੱਖਣ ਦੇ ਪ੍ਰਗਟਾਏ ਜ਼ਮਹੂਰੀਅਤ ਵਿਰੋਧੀ ਵਿਚਾਰਾਂ ਦਾ ਜੋਰਦਾਰ ਸ਼ਬਦਾਂ ਵਿਚ ਖੰਡਨ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਬਾਹਰੀ ਹਮਲੇ ਜਾਂ ਸਰਹੱਦੀ ਸੂਬਿਆਂ ਵਿਚ ਹੋਣ ਵਾਲੀਆਂ ਸਰਕਾਰੀ ਸਾਜਿ਼ਸਾਂ ਅਧੀਨ ਅਪਰਾਧਿਕ ਕਾਰਵਾਈਆ ਹੋ ਰਹੀਆਂ ਹਨ, ਜਿਨ੍ਹਾਂ ਨੂੰ ਇਹ ਆਧਾਰ ਬਣਾਕੇ ਪੰਜਾਬ ਸੂਬੇ ਨੂੰ ਡਿਸਟਰਬ ਏਰੀਆ ਜਾਰੀ ਰੱਖਣਾ ਚਾਹੁੰਦੇ ਹਨ, ਉਸ ਲਈ ਹਿੰਦੂਤਵ ਹੁਕਮਰਾਨਾਂ ਦੀਆਂ ਇਥੋ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਅਮਲਾਂ ਅਤੇ ਸਾਜਿ਼ਸਾਂ ਹੀ ਜਿੰਮੇਵਾਰ ਹਨ ਅਤੇ ਇਹ ਸਭ ਕੁਝ ਸਮੱਗਲਰ, ਅਪਰਾਧਿਕ ਕਾਰਵਾਈਆ ਵਿਚ ਸਿਆਸਤਦਾਨ ਅਤੇ ਰਿਸ਼ਵਤਖੋਰੀ ਅਫ਼ਸਰਸ਼ਾਹੀ ਆਪਣੇ ਧਨ-ਦੌਲਤਾ ਦੇ ਭੰਡਾਰਾਂ ਅਤੇ ਗਲਤ ਢੰਗਾਂ ਰਾਹੀ ਜਾਇਦਾਦਾਂ ਬਣਾਉਣ ਦੀ ਸੋਚ ਅਧੀਨ ਅਜਿਹਾ ਮਾਹੌਲ ਬਣਾ ਰਹੇ ਹਨ । ਡਿਸਟਰਬ ਏਰੀਆ ਜਾਰੀ ਰੱਖਕੇ ਪੰਜਾਬ ਸੂਬੇ ਅਤੇ ਪੰਜਾਬ ਨਿਵਾਸੀਆਂ ਦੇ ਜਾਨ-ਮਾਲ ਅਤੇ ਉਹਨਾਂ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਨਾਲ ਖਿਲਵਾੜ ਕਰ ਰਹੇ ਹਨ । ਜਿਸ ਨੂੰ ਸਿੱਖ ਕੌਮ ਅਤੇ ਪੰਜਾਬੀ ਬਰਦਾਸਤ ਨਹੀਂ ਕਰਨਗੇ ।