ਵਾਸ਼ਿੰਗਟਨ – ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਇਲੈਕਸ਼ਨ ਵਿੱਚ ਰਾਸ਼ਟਰਪਤੀ ਉਮੀਦਵਾਰ ਲਈ ਹੋ ਰਹੀਆਂ ਪ੍ਰਾਇਮਰੀ ਚੋਣਾਂ ਵਿੱਚ ਰੀਪਬਲੀਕਨ ਪਾਰਟੀ ਦੇ ਡੋਨਲਡ ਟਰੰਪ ਆਪਣੀ ਹੀ ਪਾਰਟੀ ਦੇ ਟੇਡ ਕਰੂਜ਼ ਤੋਂ ਪਿੱਛੜ ਗਏ ਹਨ। ਹੁਣ ਤੱਕ ਕੀਤੇ ਜਾ ਰਹੇ ਸਰਵਿਆਂ ਵਿੱਚ ਟਰੰਪ ਪਹਿਲੇ ਨੰਬਰ ਤੇ ਚੱਲ ਰਹੇ ਸਨ।
ਇਸ ਚੋਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਅਮਰੀਕਾ ਦੀ ਆਈਓਵਾ ਸਟੇਟ ਤੋਂ ਹੋਈ ਹੈ, ਜੋ ਕਿ ਬਾਅਦ ਵਿੱਚ ਦੂਸਰੇ ਰਾਜਾਂ ਵਿੱਚ ਵੀ ਹੋਵੇਗੀ। ਇਸ ਪ੍ਰਾਇਮਰੀ ਚੋਣ ਦੇ ਲਈ ਲੋਕ ਕਿਸੇ ਦੇ ਘਰ, ਸਕੂਲ, ਚਰਚ ਜਾਂ ਕਿਸੇ ਹੋਰ ਸਥਾਨ ਤੇ ਇੱਕਠੇ ਹੋ ਕੇ ਆਪਣੀ ਪਸੰਦ ਦੇ ਉਮੀਦਵਾਰ ਲਈ ਵੋਟਿੰਗ ਕਰਦੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਸਮਰਥੱਕ ਆਪਣੀ ਪਸੰਦ ਦੇ ਉਮੀਦਵਾਰ ਦੇ ਆਧਾਰ ਤੇ ਗਰੁੱਪਾਂ ਵਿੱਚ ਵੰਡੇ ਜਾਂਦੇ ਹਨ। ਰੀਪਬਲੀਕਨ ਪਾਰਟੀ ਦੀ ਕਾਕਸ ਵਿੱਚ ਤਾਂ ਬੈਲਟ ਪੇਪਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਰੀਪਬਲੀਕਨ ਪਾਰਟੀ ਦੇ ਕਰੂਜ਼ 28 ਫੀਸਦੀ ਵੋਟ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੇ। ਡੋਨਲਡ ਟਰੰਪ ਨੂੰ 24 ਫੀਸਦੀ ਵੋਟ ਮਿਲੇ। ਫਲੋਰਿਡਾ ਦੇ ਸੈਨੇਟਰ ਮਾਰਕੋ ਰੂਬੀਓ 23 ਫੀਸਦੀ ਵੋਟ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੇ। ਪਹਿਲੇ ਸਥਾਨ ਤੇ ਰਹਿਣ ਵਾਲੇ ਟਰੰਪ ਨੂੰ ਇਹ ਵੱਡਾ ਝਟਕਾ ਲਗਾ ਹੈ ਅਤੇ ਇਸ ਦੇ ਨਾਲ ਹੀ ਕਰੂਜ਼ ਦੀ ਰਾਸ਼ਟਰਪਤੀ ਦੇ ਉਮੀਦਵਾਰ ਲਈ ਦਾਅਵੇਦਾਰੀ ਮਜ਼ਬੂਤ ਹੋਈ ਹੈ।
ਡੈਮੋਕ੍ਰੇਟ ਪਾਰਟੀ ਵਿੱਚ ਵੀ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਆਪਣੀ ਵਿਰੋਧੀ ਬਰਨੀ ਸੈਂਡਰਸ ਤੋਂ ਬਹੁਤ ਹੀ ਮਾਮੂਲੀ ਅੰਤਰ ਨਾਲ ਅਗੇ ਰਹੀ। ਹਿਲਰੀ ਕਲਿੰਟਨ ਨੂੰ 49.9 ਫੀਸਦੀ ਵੋਟ ਮਿਲੇ ਅਤੇ ਸੈਂਡਰਸ ਨੂੰ 49.4 ਫੀਸਦੀ ਵੋਟ ਪ੍ਰਾਪਤ ਹੋਏ।