ਸ਼ਹੀਦਾਂ ਦੇ ਪਵਿੱਤਰ ਖੂਨ ਚੋਂ ਉਪਜੀ ਸ਼੍ਰੋਮਣੀ ਕਮੇਟੀ ਦੀ ਵਿਰੋਧਤਾ ਗਲਤ – ਕਰਮੂੰਵਾਲ

ਅੰਮ੍ਰਿਤਸਰ : ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਥਾਨਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਚੌਥਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮੇਂ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ: ‘ਸੰਭਾਵਨਾਵਾਂ ਤੇ ਸਾਧਨ’ ਵਿਸ਼ੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੀ ਅਰੰਭਤਾ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਹੋਈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਗੁਰਬਚਨ ਸਿੰਘ ਕਰਮੂੰਵਾਲ, ਬੀਬੀ ਕਿਰਨਜੋਤ ਕੌਰ, ਪੰਥ ਪ੍ਰਸਿੱਧ ਵਿਦਵਾਨ ਡਾਕਟਰ ਬਲਵੰਤ ਸਿੰਘ ਢਿੱਲੋਂ, ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ, ਪ੍ਰੋ: ਸਰਬਜੀਤ ਸਿੰਘ, ਸ. ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਪ੍ਰਿੰ. ਬਲਦੇਵ ਸਿੰਘ ਨੇ ਆਪਣੇ ਵੱਡਮੁੱਲੇ ਵੀਚਾਰ ਸ੍ਰੋਤਿਆਂ ਦੀ ਝੋਲੀ ਪਾਏ।

ਸ. ਗੁਰਬਚਨ ਸਿੰਘ ਕਰਮੂੰਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਨੇ ਭਾਵ ਪੂਰਤ ਸ਼ਬਦਾਂ ਰਾਹੀਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸ਼ਹਾਦਤਾਂ ਭਰਿਆ ਹੈ। ਉਨ੍ਹਾਂ ਕਿਹਾ ਕਿ ਅੰਗ੍ਰੇਜ ਹਕੁਮਤ ਦੇ ਸਮੇਂ ਗੁਰਦੁਆਰਿਆਂ ਤੇ ਕਾਬਜ ਮਹੰਤ ਨਰੈਣੂ ਵਲੋਂ ਗੁਰੂ ਘਰਾਂ ‘ਚ ਭੈੜੇ ਕੰਮ ਕਰਕੇ ਸਿੱਖ ਪੰਥ ਵਿਚ ਭਾਰੀ ਵਿਰੋਧ ਸੀ। ਇਸ ਨੂੰ ਰੋਕਣ ਤੇ ਮਰਯਾਦਾ ਦੀ ਬਹਾਲੀ ਲਈ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ‘ਚ ਇਕ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਗਿਆ, ਜਿਸ ਤੇ ਮਹੰਤ ਨਰੈਣੂ ਦੇ ਗੁੰਡਿਆਂ ਵਲੋਂ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ੧੯੨੧ ‘ਚ ਵਾਪਰੇ ਇਸ ਸਾਕੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਉਂਦਿਆਂ ੧੯੨੭ ਵਿਚ ਇਸ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੂੰ ਹੋਂਦ ‘ਚ ਲਿਆਂਦਾ ਜੋ ਉਦੋਂ ਤੋਂ ਹੀ ਨਿਰੰਤਰ ਚਲਿਆ ਆ ਰਿਹਾ ਹੈ ਤੇ ਹੁਣ ਤੀਕ ਬਹੁਤ ਸਾਰੇ ਪ੍ਰਸਿੱਧ ਵਿਦਵਾਨ ਪੰਥ ਦੀ ਝੋਲੀ ਪਾਏ ਹਨ ਜੋ ਦੇਸ਼-ਵਿਦੇਸ਼ਾਂ ‘ਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਸ਼ਹੀਦ ਹੋਏ ਅਨੇਕਾਂ ਸਿੰਘਾਂ ਦੇ ਪਵਿੱਤਰ ਖੂਨ ‘ਚੋਂ ਉਪਜੀ ਸਿੱਖਾਂ ਦੀ ਸੁਪਰੀਮ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਲਗਾਤਾਰ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਪਰ ਕੁਝ ਲੋਕ ਇਸ ਦੀ ਵਿਰੋਧਤਾ ਕਰ ਰਹੇ ਹਨ ਜੋ ਠੀਕ ਨਹੀਂ।

ਪ੍ਰੋ. ਸਰਬਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਸੋਚ ਬਦਲਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦਾ ਸੁਭਾਅ ਬਣ ਗਿਆ ਹੈ ਕਿ ਉਹ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾੜਾ ਕਹਿਣੋਂ ਨਹੀਂ ਥੱਕਦੇ ਪਰ ਜਿੱਥੋ ਤੀਕ ਇਸ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ/ਪ੍ਰਬੰਧਾਂ ਦਾ ਸਵਾਲ ਹੈ ਉਹ ਪਹਿਲੇ ਨੰਬਰ ਤੇ ਹੈ। ਉਨ੍ਹਾਂ ਕਿਹਾ ਕਿ ਆਪਣੇ ਬਾਰੇ ਜੇਕਰ ਪਤਾ ਲਗਾਉਣਾ ਹੋਵੇ ਤਾਂ ਦੂਸਰੇ ਧਰਮਾਂ ਦੇ ਲੋਕਾਂ ਕੋਲੋ ਪੁੱਛਿਆ ਜਾ ਸਕਦਾ ਹੈ। ਜੋ ਉਹ ਕਹਿਣ ਉਸ ‘ਤੇ ਗੌਰ ਹੋਵੇ। ਉਨ੍ਹਾਂ ਕਿਹਾ ਕਿ ਦੂਜੇ ਧਰਮਾਂ ਦੇ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ ਤਾਂ ਉਹ ਇਥੋਂ ਦੇ ਪ੍ਰਬੰਧ ਦੀ ਤਾਰੀਫ ਕਰਦੇ ਨਹੀਂ ਥੱਕਦੇ।

ਇਸ ਸਮੇਂ ਡਾ. ਬਲਵੰਤ ਸਿੰਘ ਢਿੱਲੋਂ ਤੇ ਗਿਆਨੀ ਗਰਬਖਸ਼ ਸਿੰਘ ਗੁਲਸ਼ਨ ਨੇ ਕਿਹਾ ਕਿ ਪ੍ਰਚਾਰਕ ਦੀ ਸੋਚ ਸੁਰਤੰਤਰ ਹੋਵੇ ਤੇ ਉਹ ਗੁਰੂ ਆਸ਼ੇ ਅਨੁਸਾਰ ਹੀ ਗੁਰਮਤਿ ਦਾ ਪ੍ਰਚਾਰ ਕਰੇ। ਉਨ੍ਹਾਂ ਕਿਹਾ ਕਿ ਪ੍ਰਚਾਰਕ ਨੂੰ ਚੂਣੋਤੀ ਮਿਲਦੀ ਹੈ ਮੁਸ਼ਕਲਾਂ ਆਉਂਦੀਆਂ ਹਨ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੇ ਮਿਸ਼ਨ ਵੱਲ ਵਧਣਾ ਹੀ ਮਿਸ਼ਨਰੀ ਦਾ ਫ਼ਰਜ਼ ਹੈ। ਉਨ੍ਹਾਂ ਮਿਸ਼ਨਰੀ ਵਿਦਿਆਰਥੀਆਂ ਨੂੰ ਸੁਨੇਹਾਂ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਬਾਣੀ ਦਾ ਸੰਦੇਸ਼ ਹਰੇਕ ਸਿੱਖ ਦੇ ਘਰ-ਘਰ ਪਹੁੰਚੇ, ਮਿਹਨਤ ਕਰੋ ਤੁਹਾਡੇ ਵਲੋਂ ਕੀਤੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਤੇ ਅਸੀਂ ਆਪਣੇ ਮਿਸ਼ਨ ਵਿਚ ਜਰੂਰ ਕਾਮਯਾਬ ਹੋਵਾਂਗੇ।

ਆਏ ਹੋਏ ਵਿਦਿਵਾਨਾਂ ਦਾ ਸ. ਮਨਜੀਤ ਸਿੰਘ ਸਕੱਤਰ ਨੇ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦੇ ਸਮਾਗਮ ਵਿਚ ਜਥੇ। ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਪਹੁੰਚਣਾ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਪ੍ਰਧਾਨ ਸਾਹਿਬ ਵਲੋਂ ਕੀਤੇ ਐਲਾਨ ਮੁਤਾਬਿਕ ਪ੍ਰਿੰਸੀਪਲ ਗੰਗਾ ਸਿੰਘ ਐਵਾਰਡ ਨਾਲ ਇਸ ਵਾਰ ਪ੍ਰਚਾਰ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਲੋਂ ਸਾਬਕਾ ਮੀਤ ਸਕੱਤਰ ਸ. ਗੁਰਬਚਨ ਸਿੰਘ ਚਾਂਦ, ਭਾਈ ਗੁਰਦੇਵ ਸਿੰਘ ਕੋਟਲੀ ਪ੍ਰਚਾਰਕ ਤੇ ਸ. ਹਰਜਾਪ ਸਿੰਘ ਨੂੰ ਬੀਬੀ ਕਿਰਨਜੋਤ ਕੌਰ, ਗਿਆਨੀ ਅਮਰਜੀਤ ਸਿੰਘ, ਡਾ. ਬਲਵੰਤ ਸਿੰਘ ਢਿੱਲੋਂ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਜਗਜੀਤ ਸਿੰਘ ਮੀਤ ਸਕੱਤਰ, ਪ੍ਰਿੰਸੀਪਲ ਸ. ਬਲਦੇਵ ਸਿੰਘ ਸ਼ਹੀਦ ਮਿਸ਼ਨਰੀ ਕਾਲਜ ਨੇ ਸਾਂਝੇ ਰੂਪ ਵਿਚ ਸਨਮਾਨਤ ਕੀਤਾ। ਮੰਚ ਦੀ ਸੇਵਾ ਪ੍ਰੋ. ਮਨਜੀਤ ਕੌਰ ਤੇ ਭਾਈ ਕੁਲਰਾਜ ਸਿੰਘ ਵਲੋਂ ਨਿਭਾਈ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>