ਸਿੱਖ ਕੌਮ ਤੇ ਖ਼ਾਲਸਾ ਪੰਥ ਦੀ ਲੜਾਈ ‘ਵਿਚਰਧਾਰਾ’ (Ideology) ਦੀ ਹੈ : ਮਾਨ

ਫਤਹਿਗੜ੍ਹ ਸਾਹਿਬ – “ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਧਾਰਮਿਕ ਤੇ ਸਿਆਸੀ ਝੋਰਖੇ ਦੇ ਪਲੇਟਫਾਰਮ ‘ਤੇ ਜੋ ਕੁਝ ਸਵਾਰਥੀ ਸੋਚ ਅਧੀਨ ਹੋ ਰਿਹਾ ਹੈ, ਜੇਕਰ ਉਸਦਾ ਨਿਰਪੱਖਤਾ ਨਾਲ ਨਿਰੀਖਣ ਕੀਤਾ ਜਾਵੇ ਅਤੇ ਇਹਨਾਂ ਦੋਵਾਂ ਸੰਜ਼ੀਦਾ ਮੁੱਦਿਆ ਤੇ ਕਾਂਗਰਸ, ਬਾਦਲ-ਬੀਜੇਪੀ ਤੇ ਆਪ ਪਾਰਟੀ ਦੀ ਸਿੱਖ ਕੌਮ ਅਤੇ ਖ਼ਾਲਸਾ ਪੰਥ ਪ੍ਰਤੀ ਅਪਣਾਈ ਜਾ ਰਹੀ ਪਹੁੰਚ ਨੂੰ ਵਾਚਿਆ ਜਾਵੇ ਤਾਂ ਇਕ ਗੱਲ ਸਪੱਸਟ ਰੂਪ ਵਿਚ ਸਾਹਮਣੇ ਆ ਜਾਂਦੀ ਹੈ ਕਿ ਇਹ ਤਿੰਨੋ ਉਪਰੋਕਤ ਸਿਆਸੀ ਜਮਾਤਾਂ ਸਿੱਖ ਕੌਮ ਦੀ ਵਿਚਾਰਧਾਰਾ ਜਿਸ ਨੂੰ ਇਹ ਪੂਰਨ ਕਰਨ ਦੀਆਂ ਸਮਰੱਥਾਂ ਹੀ ਨਹੀਂ ਰੱਖਦੀਆਂ, ਉਸਨੂੰ ਨਜ਼ਰ ਅੰਦਾਜ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਅਜਿਹੇ ਸਵੇਦਨਸ਼ੀਲ ਮੁੱਦਿਆ ਨੂੰ ਸਹੀ ਦਿਸਾ ਵੱਲ ਹੱਲ ਕਰਨ ਦੀ ਬਜਾਇ ਸਿਆਸੀ ਮਕਸਦ ਦੀ ਪ੍ਰਾਪਤੀ ਅਧੀਨ ਆਪੋ-ਆਪਣੇ ਢੰਗ ਨਾਲ ਉਭਾਰਕੇ ਕੇਵਲ ਤੇ ਕੇਵਲ ਆਪੋ-ਆਪਣੇ ਸਿਆਸੀ ਮੁਫਾਦਾ ਦੀ ਪੂਰਤੀ ਲਈ ਇਕ-ਦੂਸਰੇ ਨੂੰ ਤਾਹਨੋ-ਮਿਹਣੀ ਹੋ ਰਹੀਆ ਹਨ । ਜਦੋਕਿ ਸਿੱਖ ਕੌਮ ਤੇ ਖ਼ਾਲਸਾ ਪੰਥ ਦਾ ਜੋ ਵੀ ਸੰਘਰਸ਼ ਚੱਲ ਰਿਹਾ ਹੈ, ਉਹ ਸਿੱਖ ਕੌਮ ਦੀ ਵਿਚਾਰਧਾਰਾ (Ideology) ਨੂੰ ਕੌਮਾਂਤਰੀ ਪੱਧਰ ਤੇ ਸਥਾਪਿਤ ਕਰਨ ਤੇ ਕਾਇਮ ਰੱਖਣ ਲਈ ਹੈ । ਇਹਨਾ ਤਿੰਨਾਂ ਉਪਰੋਕਤ ਜਮਾਤਾਂ ਜੋ ਨਾਗਪੁਰ ਤੋਂ ਆਦੇਸ਼ ਲੈਕੇ ਸਰਗਰਮੀਆਂ ਕਰ ਰਹੀਆਂ ਹਨ ਅਤੇ ਹਿੰਦੂਤਵ ਸੋਚ ਦੀਆਂ ਗੁਲਾਮ ਹਨ, ਉਹਨਾਂ ਦਾ ਇਸ ਵਿਚਾਰਧਾਰਾ ਨਾਲ ਨਾ ਤਾਂ ਕੋਈ ਸਰੋਕਾਰ ਹੈ ਅਤੇ ਨਾ ਹੀ ਸਿੱਖ ਕੌਮ ਨਾਲ ਹੁਣ ਤੱਕ ਵਾਪਰੇ ਦੁਖਾਤ, ਜ਼ਬਰ-ਜੁਲਮ, ਨਸ਼ਲਕੁਸੀ, ਕਤਲੇਆਮ ਲਈ ਇਨਸਾਫ਼ ਦਿਵਾਉਣ ਲਈ ਸੁਹਿਰਦਤਾ ਰੱਖਦੀਆਂ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਵਿਚ ਉਪਰੋਕਤ ਤਿੰਨੇ ਜਮਾਤਾਂ ਵੱਲੋ ਗੈਰ-ਦਲੀਲ ਢੰਗਾਂ ਰਾਹੀ ਕੀਤੀ ਜਾ ਰਹੀ ਸਿਆਸੀ ਗਾਲੀ-ਗਲੋਚ ਦੀ ਬੇਸਿੱਟਾ ਖੇਡ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਤੋਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਤੇ ਬਾਦਲ ਦਲੀਏ, ਹੁਣ ਆਪ ਪਾਰਟੀ ਦੇ ਸ੍ਰੀ ਕੇਜਰੀਵਾਲ ਤੇ ਇਸ ਲਈ ਅਖ਼ਬਾਰਾਂ ਤੇ ਮੀਡੀਏ ਵਿਚ ਹੱਲਾ ਬੋਲ ਰਹੇ ਹਨ, ਉਸ ਵਿਰੁੱਧ ਕਾਲੀਆ ਝੰਡੀਆ ਨਾਲ ਵਿਖਾਵੇ ਕਰ ਰਹੇ ਹਨ ਕਿਉਂਕਿ ਇਹਨਾਂ ਕੋਲ ਪੰਜਾਬੀਆਂ ਤੇ ਸਿੱਖਾਂ ਦੀ ਬਿਹਤਰੀ ਲਈ ਕੋਈ ਵੀ ਵਿਚਾਰਧਾਰਾ ਦਾ ਮੁੱਦਾ ਹੀ ਨਹੀਂ ਰਹਿ ਗਿਆ ਅਤੇ ਗਾਲੀ-ਗਲੋਚ ਤੇ ਗੈਰ-ਦਲੀਲ ਗੱਲਾਂ ਕਰਕੇ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਗੰਧਲਾ ਕਰ ਰਹੇ ਹਨ । ਇਥੇ ਪਹਿਲੇ ਇਹਨਾਂ ਦੋਵਾਂ ਜਮਾਤਾਂ ਨੇ ਕਾਤਲਾਂ, ਡਰੱਗ ਸਮੱਗਲਰਾਂ, ਬਦਮਾਸ਼ਾਂ, ਰਿਸ਼ਵਤਖੋਰਾ, ਧੀਆਂ-ਭੈਣਾਂ ਨਾਲ ਜ਼ਬਰ-ਜਿਨਾਹ ਕਰਨ ਵਾਲੇ ਸਿਆਸੀ ਅਪਰਾਧੀਆ ਨੂੰ ਸਰਪ੍ਰਸਤੀ ਦੇਕੇ ਐਸ.ਓ.ਆਈ. ਦੇ ਗੰਡਿਆਂ ਦਾ ਸੂਬਾ ਬਣਾ ਦਿੱਤਾ ਹੈ । ਹੁਣ ਉਹਨਾਂ ਅਪਰਾਧੀਆ ਅਤੇ ਗਲਤ ਢੰਗਾਂ ਰਾਹੀ ਇਕੱਤਰ ਕੀਤੇ ਗਏ ਧਨ-ਦੌਲਤਾ ਦੇ ਭੰਡਾਰਾਂ ਦੀ ਦੁਰਵਰਤੋ ਕਰਕੇ ਇਥੇ ‘ਜੰਗਲ ਦੇ ਰਾਜ’ ਵਾਲੇ ਨਿਜਾਮ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ । ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਸੈਟਰ ਤੋ ਆਏ 400 ਕਰੋੜ ਰੁਪਏ ਅਤੇ ਥੋੜ੍ਹੇ-ਬਹੁਤੇ ਪੰਜਾਬ ਦੇ ਵਿਕਾਸ ਲਈ ਆਏ ਫੰਡਾ ਨੂੰ ਬਾਦਲ ਹਕੂਮਤ ਡਕਾਰ ਚੁੱਕੀ ਹੈ । ਪੰਜਾਬ ਦੇ ਖਜਾਨੇ ਉਤੇ ਵਾਰੋ-ਵਾਰੀ ਕਾਂਗਰਸ ਅਤੇ ਬਾਦਲ-ਬੀਜੇਪੀ ਵਾਲੇ ਕਬਜੇ ਕਰਕੇ ਆਪੋ-ਆਪਣੀਆ ਜਮੀਨਾਂ-ਜ਼ਾਇਦਾਦਾਂ ਦੇ ਭੰਡਾਰ ਇਕੱਤਰ ਕਰਨ ਵਿਚ ਮਸਰੂਫ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਕਾਂਗਰਸ ਨੇ ਸਿੱਖ ਕੌਮ ਦੀ ਨਸ਼ਲਕੁਸੀ ਤੇ ਕਤਲੇਆਮ ਕੀਤਾ । ਬੀਜੇਪੀ ਤੇ ਆਰ.ਐਸ.ਐਸ. ਨੇ ਇਸ ਕਤਲੇਆਮ ਅਤੇ ਬਲਿਊ ਸਟਾਰ ਦੇ ਫੌਜੀ ਹਮਲੇ ਵਿਚ ਪੂਰੀ ਤਰ੍ਹਾਂ ਭਾਈਵਾਲੀ ਕੀਤੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਬੀਜੇਪੀ ਆਗੂ ਸ੍ਰੀ ਅਡਵਾਨੀ ਨੇ ਆਪਣੀ ਕਿਤਾਬ ਵਿਚ “ਭਸਮਾਸੁਰ” (ਦੈਂਤ) ਗਰਦਾਨਕੇ ਅਤੇ ਆਪ ਪਾਰਟੀ ਦੇ ਕੁਮਾਰ ਵਿਸ਼ਵਾਸ ਵੱਲੋ ਵੀ ਅਜਿਹੇ ਅਪਮਾਨਜ਼ਨਕ ਸ਼ਬਦਾਂ ਨਾਲ ਸੰਤਾਂ ਦੀ ਸਖਸ਼ੀਅਤ ਨੂੰ ਪੁਕਾਰਕੇ, ਇਹ ਸਾਬਤ ਕਰ ਦਿੱਤਾ ਕਿ ਕਾਂਗਰਸ, ਬੀਜੇਪੀ-ਬਾਦਲ ਦਲ ਅਤੇ ਆਪ ਪਾਰਟੀ ਸਭ ਨਾਗਪੁਰ ਤੋ ਹੁਕਮ ਲੈਕੇ ਹਿੰਦੂਤਵ ਸੋਚ ਨੂੰ ਹੀ ਮਜ਼ਬੂਤ ਕਰ ਰਹੀਆ ਹਨ । ਜੇਕਰ ਇਹਨਾਂ ਤਿੰਨੇ ਜਮਾਤਾਂ ਕਾਂਗਰਸ, ਬਾਦਲ ਅਤੇ ਆਪ ਪਾਰਟੀ ਨੂੰ ਨਾਗਪੁਰ ਤੇ ਆਰ.ਐਸ.ਐਸ. ਦੇ “ਸੀਰੀ” ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ । ਕਿਉਂਕਿ ਜਿਵੇ ਸੀਰੀ ਫਸਲ ਨੂੰ ਪਾਣੀ ਲਗਾ ਸਕਦਾ ਹੈ, ਖਾਦ ਪਾ ਸਕਦਾ ਹੈ, ਖੇਤ ਵਾਹ ਸਕਦਾ ਹੈ, ਬਿਜਾਈ ਕਰ ਸਕਦਾ ਹੈ ਜਾਂ ਜਿੰਮੀਦਾਰ ਦੇ ਕਹਿਣ ਤੇ ਹੋਰ ਕੰਮ ਕਰ ਸਕਦਾ ਹੈ ਪਰ ਆਪਣੀ ਮਰਜੀ ਨਾਲ ਨਾ ਤਾਂ ਉਹ ਫਸਲ ਬੀਜ ਸਕਦਾ ਹੈ, ਨਾ ਵੱਢ ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ । ਇਸੇ ਤਰ੍ਹਾਂ ਕਾਂਗਰਸ, ਬੀਜੇਪੀ, ਬਾਦਲ ਦਲ, ਆਪ ਪਾਰਟੀ ਸਭ ਨਾਗਪੁਰ ਦੇ (ਸੀਰੀ) ਹਨ । ਇਹਨਾਂ ਕੋਲ ਪੰਜਾਬੀ ਵਿਰਸੇ ਅਤੇ ਸਿੱਖ ਕੌਮ ਦੀ ਵਿਰਾਸਤ ਨਾਲ ਸੰਬੰਧਤ ਕੋਈ ਵੀ ਵਿਚਾਰਧਾਰਾ (Ideology) ਦੀ ਪੂਰਤੀ ਨਹੀਂ ਹੋ ਸਕਦੀ । ਫਿਰ ਇਹਨਾ ਜਮਾਤਾਂ ਤੋਂ ਅਸੀ ਪੁੱਛਣਾ ਚਾਹਵਾਂਗੇ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜੋ ਸਿੱਖ ਕੌਮ ਦੇ ਹੀਰੋ ਹਨ, ਉਹਨਾਂ ਸੰਬੰਧੀ ਇਹਨਾਂ ਦਾ ਕੀ ਸਟੈਂਡ ਹੈ, ਉਸਦੀ ਸਪੱਸ਼ਟਤਾ ਸਿੱਖ ਕੌਮ ਸਾਹਮਣੇ ਕਰਨ ?

ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆ ਜੋ ਵਿਚਾਰਧਾਰਾ ਦੀ ਲੜਾਈ ਲੜ ਰਹੀਆਂ ਹਨ, ਉਹਨਾਂ ਵੱਲੋ ਚੋਣਾਂ ਲੜਨਾ, ਜਿੱਤਣਾ, ਹਕੂਮਤਾਂ ਬਣਾਉਣੀਆ ਆਪਣੀ ਮਨੁੱਖਤਾ ਪੱਖੀ ਸਰਬਸਾਂਝੀ ਸਿੱਖੀ ਵਿਚਾਰਧਾਰਾ ਅਨੁਸਾਰ ਮੰਜਿ਼ਲ ਵੱਲ ਵੱਧਣ ਦੇ ਪੜਾਅ ਤਾਂ ਹੋ ਸਕਦੇ ਹਨ ਪਰ ਮੰਜਿ਼ਲ ਨਹੀਂ । ਮੰਜਿ਼ਲ ਕੇਵਲ ਵਿਚਾਰਧਾਰਾ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਜਮਹੂਰੀਅਤ ਅਤੇ ਅਮਨਮਈ ਤਰੀਕੇ ਬਾਦਲੀਲ ਗੱਲਬਾਤ ਕਰਦੇ ਹੋਏ ਕੌਮਾਂਤਰੀ ਪੱਧਰ ਤੇ ਵੱਸਣ ਵਾਲੀਆ ਕੌਮਾਂ ਤੇ ਮੁਲਕਾਂ ਨੂੰ ਆਪਣੇ ਨਾਲ ਸਹਿਮਤ ਕਰਦੇ ਹੋਏ ਵਿਚਾਰਧਾਰਾ ਨੂੰ ਮਜ਼ਬੂਤ ਬਣਾਉਣ ਦੀ ਅਤੇ ਅਜਿਹਾ ਸੰਪੂਰਨ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨਾ ਹੈ ਜਿਸ ਵਿਚ ਬੇਰੁਜ਼ਗਾਰੀ, ਨਸ਼ੀਲੀਆਂ ਵਸਤਾਂ ਦੇ ਗੈਰ-ਸਮਾਜਿਕ ਕਾਰੋਬਾਰ ਅਤੇ ਰਿਸ਼ਵਤਖੋਰੀ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ। ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਅੱਜ ਦੋ ਸਮੇਂ ਦੀ ਰੋਟੀ ਨਹੀਂ ਹੈ, ਰੁਜ਼ਗਾਰ ਨਹੀਂ ਹੈ, ਉਹਨਾਂ ਨੂੰ ਅਤੇ ਬੇਜਮੀਨਿਆਂ ਨੂੰ ਜਮੀਨਾਂ ਦੇ ਮਾਲਕ ਬਣਾਕੇ ਆਪੋ-ਆਪਣੇ ਪੈਰਾਂ ਤੇ ਖੜ੍ਹਾ ਕਰਨ ਅਤੇ ਬਰਾਬਰਤਾ ਦੀ ਸੋਚ ਦੇ ਆਧਾਰ ਤੇ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨਾ ਹੈ । ਅਜਿਹੇ ਲਤਾੜੇ, ਮਜ਼ਲੂਮ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਉਹ ਸਹੂਲਤ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹਨਾਂ ਦੇ ਬੱਚੇ ਵਿਦਿਅਕ ਅਤੇ ਰੁਜਗਾਰ ਦੇ ਖੇਤਰ ਵਿਚ ਦੂਸਰਿਆ ਦੇ ਬਰਾਬਰ ਬਿਨ੍ਹਾਂ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਦੇ ਅੱਗੇ ਵੱਧ ਸਕਣ। ਅਜਿਹਾ ਸਾਫ਼-ਸੁਥਰਾ ਇਨਸਾਫ਼ ਪਸੰਦ, ਪਾਰਦਰਸ਼ੀ ਵਾਲਾ ਨਿਜ਼ਾਮ ਕਾਇਮ ਕੀਤਾ ਜਾਵੇਗਾ, ਜਿਸ ਵਿਚ ਕਿਸੇ ਇਕ ਵੀ ਇਨਸਾਨ ਨਾਲ ਨਾ ਤਾਂ ਕੋਈ ਰਤੀਭਰ ਬੇਇਨਸਾਫ਼ੀ ਹੋ ਸਕੇਗੀ ਅਤੇ ਨਾ ਹੀ ਕਿਸੇ ਇਨਸਾਨ ਦੇ ਮਨ-ਆਤਮਾ ਵਿਚ ਕਿਸੇ ਤਰ੍ਹਾਂ ਦੀ ਹੀਣ-ਭਾਵਨਾ ਉਤਪੰਨ ਹੋਣ ਦਿੱਤੀ ਜਾਵੇਗੀ । ਸਭ ਬਰਾਬਰ ਹੋਣਗੇ ਅਤੇ ਹਰ ਇਨਸਾਨ ਨੂੰ ਆਪਣੀ ਇੱਛਾ ਅਨੁਸਾਰ ਧਰਮ ਗ੍ਰਹਿਣ ਕਰਨ ਅਤੇ ਉਸਦੀਆਂ ਰਹੁ-ਰੀਤੀਆ ਨੂੰ ਪੂਰਨ ਕਰਨ ਦੀ ਆਜ਼ਾਦੀ ਹੋਵੇਗੀ, ਕਿਸੇ ਵੀ ਕੌਮ ਜਾਂ ਧਰਮ ਉਤੇ ਅਜੋਕੇ ਸਮੇਂ ਦੀ ਤਰ੍ਹਾਂ ਕੋਈ ਫੈਸਲਾ ਠੋਸਿਆ ਨਹੀਂ ਜਾਵੇਗਾ । ਅਜਿਹਾ ਸਟੇਟ ਹੋਵੇਗਾ, ਜਿਥੇ ਹਰ ਧਰਮ ਅਤੇ ਕੌਮ ਦੀ ਫੁੱਲਾਂ ਰੂਪੀ ਖੁਸ਼ਬੂ ਇਕ ਗੁਲਦਸਤੇ ਵਿਚ ਸੱਭ ਨੂੰ ਮਹਿਕ ਬਿਖੇਰੇਗੀ, ਅਮਨ-ਚੈਨ ਦੀ ਅਤੇ ਜਮਹੂਰੀਅਤ ਦੀ ਬੰਸਰੀ ਵੱਜੇਗੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>