ਫਿਰੋਜ਼ਪੁਰ:- ਪੰਜਾਬ ਸਰਕਾਰ ਦੁਆਰਾ ਸਥਾਪਿਤ ਸਰਹੱਦੀ ਖੇਤਰ ਦੀ ਸਥਾਨਿਕ ਤਕਨੀਕੀ ਸਿੱਖਿਆ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈੇਂਪਸ ਵਿੱਚ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਅਗਵਾਈ ਵਿੱਚ ਸੰਸਥਾ ਦੇ ‘ਈਕੋ ਫਰੈਂਡਲੀ ਗਰੁੱਪ’ ਵੱਲੋਂ ‘ਵਾਤਾਵਰਣ ਜਾਗਰੂਕਤਾ’ ਵਿਸ਼ੇ ਤੇ ਇੱਕ-ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ਵਿੱਚ ਵਿਸ਼ਾ ਮਾਹਿਰ ਅਤੇ ਮੁੱਖ ਮਹਿਮਾਨ ਵਜੋਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸ਼ਿਰਕਤ ਕੀਤੀ।ਵਿਸ਼ੇਸ਼ ਮਹਿਮਾਨ ਵਜੋਂ ਖੇਤੀ ਵਿਰਾਸਤ ਮਿਸ਼ਨ ਦੇ ਨਿਰਦੇਸ਼ਕ ਸ੍ਰੀ ਉਮੇਂਦਰ ਦੱਤ ਸ਼ਾਮਿਲ ਹੋਏ।ਸੰਸਥਾ ਦੇ ਮੁਖੀ ਡਾ. ਟੀ ਐਸ ਸਿੱਧੂ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ।ਈਕੋ ਫਰੈਂਡਲੀ ਗਰੁੱਪ ਦੇ ਇੰਚਾਰਜ ਸ੍ਰੀ ਯਸ਼ਪਾਲ ਨੇ ਸੰਤ ਸੀਚੇਵਾਲ ਜੀ ਦੀ ਸ਼ਖਸੀਅਤ ਅਤੇ ਮਨੁੱਖਤਾ ਦੇ ਭਲੇ ਲਈ ਉਹਨਾਂ ਦੁਆਰਾ ਵਾਤਾਵਰਨ ਅਤੇ ਪਾਣੀਆਂ ਨੂੰ ਸ਼ੁੱਧ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ।
ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਆਪਣੇ ਸੰਬੋਧਨ ਵਿੱਚ ਵਿਸ਼ੇ ਤੇ ਆਧਾਰਿਤ ਭਰਪੂੁਰ ਜਾਣਕਾਰੀ ਸੰਸਥਾ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ।ਉਹਨਾਂ ਆਪਣੇ ਨਿੱਜੀ ਤਜਰਬਿਆਂ ਤੇ ਆਧਾਰਿਤ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਪਾਣੀਆਂ ਦੀ ਸਾਂਭ ਸੰਭਾਲ ਨਾਲ ਸੰਬੰਧਿਤ ਬਹੁਮੁੱਲੀ ਜਾਣਕਾਰੀ ਦਿੱਤੀ ਅਤੇ ਆਉਣ ਵਾਲੀਆਂ ਪ੍ਹੀੜੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਪ੍ਰਤੀ ਜਾਗਰੂਕ ਕੀਤਾ।ਉਹਨਾਂ ਦੱਸਿਆ ਕਿ ਪਾਣੀਆਂ ਨੂੰ ਸ਼ੁੱਧ ਕਰਨ ਲਈ ਉਹਨਾਂ ਦੁਆਰਾ ਵਿਕਸਿਤ ਕੀਤੇ ਸੀਚੇਵਾਲ ਮਾਡਲ ਨੂੰ ਭਾਰਤ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਹੈ ਕਿ ਇਸ ਮਾਡਲ ਨੂੰ ਅਪਣਾ ਕੇ ਗੰਗਾ ਨੂੰ ਸਾਫ ਸੁਥਰਾ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਇਸ ਮਾਡਲ ਨਾਲ ਪੂਰੇ ਪੰਜਾਬ ਵਿੱਚ ਬਹੁਤ ਹੀ ਘੱਟ ਲਾਗਤ ਨਾਲ ਸੀਵਰੇਜ ਵਾਟਰ ਟਰੀਟਮੈਂਟ ਪਲਾਂਟ ਲਗਾਏ ਜਾ ਸਕਦੇ ਹਨ।
‘ਖੇਤੀ ਵਿਰਾਸਤ ਮਿਸ਼ਨ’ ਦੇ ਨਿਰਦੇਸ਼ਕ ਸ੍ਰੀ ਉਮੇਂਦਰ ਦੱਤ ਨੇ ਆਪਣੇ ਸੰਬੋਧਨ ਵਿੱਚ ਜੈਵਿਕ ਖੇਤੀ ਵਿਸ਼ੇ ਤੇ ਖੋਜ ਭਰਪੂਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੌਜੂਦਾ ਖੇਤੀ ਪ੍ਰਨਾਲੀ ਕਿਸ ਤਰਾਂ ਮਨੁੱਖਤਾ ਲਈ ਘਾਤਕ ਸਿੱਧ ਹੋ ਰਹੀ ਹੈ ਉਹਨਾਂ ਕਿਹਾ ਕਿ ਅੱਜ ਮਾਂ ਦੇ ਦੁੱਧ ਵਿੱਚ ਵੀ ਡੀਡੀਟੀ ਅਤੇ ਹੋਰ ਜ਼ਹਿਰੀਲੇ ਤੱਤਾਂ ਦੀ ਮਾਤਰਾ ਪਾਈ ਜਾ ਰਹੀ ਹੈ ਅਤੇ ਮਨੁੱਖ ਦੀ ਪ੍ਰਜਨਣ ਸ਼ਕਤੀ ਲਗਾਤਾਰ ਘਟਦੀ ਜਾ ਰਹੀ ਹੈ।ਉਹਨਾਂ ਕਿਹਾ ਕਿ ਫਸਲਾਂ ਤੋਂ ਜ਼ਿਆਦਾ ਝਾੜ ਲੈਣ ਲਈ ਖੇਤਾਂ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਹੋ ਰਹੀ ਵਰਤੋਂ ਨੇ ਪੰਜਾਬ ਨੂੰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ ਅਤੇ ਇਸ ਦਾ ਇੱਕੋ ਇੱਕ ਹੱਲ ਜੈਵਿਕ ਖੇਤੀ ਹੈ ਜਿਸ ਨੂੰ ਸਾਨੂੰ ਅਪਨਾਉਣਾ ਹੀ ਪਵੇਗਾ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਤੰਦਰੁਸਤ ਰਹਿ ਸਕਦੀਆਂ ਹਨ।ਉਹਨਾਂ ਜੈਵਿਕ ਖੇਤੀ ਬਾਰੇ ਪ੍ਰੈਕਟੀਕਲ ਜਾਣਕਾਰੀ ਵੀ ਮੁਹੱਈਆ ਕਰਵਾਈ।
ਸੈਮੀਨਾਰ ਦੇ ਆਖਿਰ ਵਿੱਚ ਸੰਸਥਾ ਦੇ ਐਸੋਸੀਏਟ ਡਾਇਰੈਕਟਰ ਡਾ. ਏ ਕੇ ਤਿਆਗੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸੰਸਥਾ ਵੱਲੋਂ ਮਾਹਿਰ ਮਹਿਮਾਨਾਂ ਨੂੰ ਸਨਮਾਨ ਚ੍ਹਿੰਨ ਭੇਂਟ ਕੀਤੇ ਗਏ।ਇਸ ਮੌਕੇ ਪ੍ਰਿੰਸੀਪਲ ਪੌਲੀਵਿੰਗ ਗਜ਼ਲਪ੍ਰੀਤ ਸਿੰਘ, ਪੀਆਰਓ ਬਲਵਿੰਦਰ ਸਿੰਘ ਮੋਹੀ, ਗੁਰਪ੍ਰੀਤ ਸਿੰਘ ਲੱਖੋਕੇ, ਸਾਰੇ ਵਿਭਾਗੀ ਮੁਖੀ, ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।ਸਟੇਜ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ