ਪੈਰਿਸ,(ਸੁਖਵੀਰ ਸਿੰਘ ਸੰਧੂ) – ਸਰਦੀਆਂ ਵਿੱਚ ਵਿਦੇਸ਼ਾ ਤੋਂ ਗਏ ਪੰਜਾਬੀਆਂ ਦੀ ਤੇ ਵਿਆਹਾਂ ਸ਼ਾਦੀਆ ਦੀ ਭਰਮਾਰ ਹੁੰਦੀ ਹੈ। ਹੋਟਲਾਂ, ਟੈਕਸੀਆਂ ਤੇ ਦੁਕਾਨਦਾਰਾਂ ਦੇ ਦੱਸਣ ਮੁਤਾਬਕ ਇਹ ਮਹੀਨੇ ਉਹਨਾਂ ਦੇ ਕਾਰੋਬਾਰਾਂ ਲਈ ਬਹੁਤ ਹੀ ਲਾਹੇਬੰਦ ਵਾਲੇ ਹੁੰਦੇ ਹਨ।ਸੋਗ ਭੋਗ, ਪਾਠ ਅਤੇ ਵਿਆਹ ਦੇ ਸੱਦੇ ਕਈ ਵਾਰੀ ਦਿਹਾੜੀ ਵਿੱਚ ਤਿੰਨ ਤਿੰਨ ਵੀ ਇੱਕਠੇ ਆ ਜਾਂਦੇ ਹਨ।ਵਿਆਹਾਂ ਦੇ ਸੱਦਿਆਂ ਤੇ ਰੋਜ਼ ਰੋਜ਼ ਮੈਰਿਜ਼ ਪੈਲਸਾਂ ਵਿੱਚ ਜਾਣ ਕਾਰਨ ਵਿਆਹ ਘੱਟ ਤੇ ਸੈਲਫ ਸਰਵਿਸ ਰੈਸਟੋਰੈਂਟ ਵੱਧ ਲਗਦੇ ਹਨ।ਬੱਚੇ ਔਰਤਾਂ ਮਰਦ ਬਜ਼ੁਰਗ ਹੱਥਾਂ ਵਿੱਚ ਪਲੇਟਾਂ ਫੜੀ ਇੱਕ ਦੂਸਰੇ ਦੇ ਮੌਢਿਆਂ ਉਪਰ ਦੀ ਮੱਛੀ ਫੜਣ ਵਾਲਿਆਂ ਵਾਂਗੂ ਡੌਗਿਆਂ ਵਿੱਚ ਕੜ੍ਹਛੀਆਂ ਘਮਾਂਉਦੇ ਆਮ ਨਜ਼ਰ ਆਉਂਦੇ ਹਨ।ਖਾਣ ਪੀਣ ਤੇ ਨਸ਼ੇ ਪੱਤੇ ਤੋਂ ਬਾਅਦ ਲੋਕੀ ਸ਼ਗਨ ਪਾਕੇ ਜਾਣ ਲਈ ਕਾਹਲੇ ਪਏ ਹੋਏ ਹੁੰਦੇ ਹਨ।ਲਾੜਾ ਲਾੜੀ ਵਾਲੀ ਸਟੇਜ਼ ਵੱਲ ਨੂੰ ਬੱਸ ਚੜ੍ਹਣ ਵਾਲਿਆਂ ਵਾਂਗੂ ਧੱਕਮ ਧੱਕਾ ਹੁੰਦਾ ਹੈ।ਇੱਕ ਮੌਕੇ ਉਤੇ ਬੱਚੀ ਦਾ ਪੈਰ ਫੱਟੇ ਵਿੱਚ ਫਸ ਜਾਣ ਕਾਰਨ ਗਿੱਟਾ ਹੀ ਟੁੱਟ ਜਾਣਾ ਸੀ।ਚਾਰ ਸਾਲ ਦੀ ਬੱਚੀ ਚੀਕਾਂ ਮਾਰਦੀ ਥੱਲੇ ਉਤਰੀ।ਕਈ ਲੋਕੀ ਸਟੇਜ਼ ਦੇ ਉਤਰਨ ਵਾਲੇ ਪਾਸੇ ਚੜ੍ਹ ਰਹੇ ਸਨ ਤੇ ਕਈ ਚੜ੍ਹਣ ਵਾਲੇ ਪਾਸੇ ਉਤਰ ਰਹੇ ਸਨ।ਕਈ ਜਿਵੇਂ ਸਿਰ ਉਪਰੋਂ ਬੋਝ ਉਤਾਰ ਕੇ ਚੱਕਵੇਂ ਪੈਰੀ ਬਾਹਰ ਗੇਟ ਵੱਲ ਨੂੰ ਜਾ ਰਹੇ ਹੁੰਦੇ ਹਨ।ਇੰਝ ਲਗਦਾ ਹੈ ਜਿਵੇਂ ਤੁਸੀ ਕਿਸੇ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਾਅਦ ਬਿੱਲ ਅਦਾ ਕਰਕੇ ਬਾਹਰ ਆ ਗਏ ਹੋ।ਪੰਜਾਬੀ ਗਾਣਿਆਂ ਤੇ ਨੱਚ ਰਹੀ ਆਰਕੈਸਟਰਾ ਦੇ ਠੁਮਕਿਆਂ ਨੂੰ ਮੰਡੀਰ ਹੀ ਵੇਖ ਰਹੀ ਹੁੰਦੀ ਹੈ ਪਰ ਗਾਣਿਆਂ ਨੂੰ ਕੋਈ ਨਹੀਂ ਸੁਣਦਾ।ਜਿਆਦਾ ਕਰਕੇ ਲੋਕੀ ਬਾਹਰ ਗਾਰਡਨ ਵਿੱਚ ਬੈਠ ਕੇ ਮਨੋਰੰਜ਼ਨ ਕਰਨ ਨੂੰ ਤਰਜੀਹ ਦਿੰਦੇ ਹਨ।ਲਾੜੇ ਲਾੜੀ ਵਾਲਿਆ ਵਲੋਂ ਸੱਦੇ ਹੋਏ ਮਹਿਮਾਨਾਂ ਵਿੱਚੋਂ ਬਹੁਤਿਆਂ ਨੂੰ ਇੱਕ ਦੂਜੇ ਦੇ ਮਾਪਿਆਂ ਬਾਰੇ ਵੀ ਜਾਣ ਪਹਿਚਾਣ ਵੀ ਨਹੀਂ ਹੁੰਦੀ।ਬਾਕੀ ਰਿਸ਼ਤੇਦਾਰਾਂ ਦੀ ਗੱਲ ਤਾਂ ਕਰਨੀ ਕੀ ਏ।ਪਾਣੀ ਵਾਂਗ ਵਰਤਾਈ ਜਾ ਰਹੀ ਸ਼ਰਾਬ ਮੌਤ ਨੂੰ ਸੱਦਾ ਦੇ ਰਹੀ ਹੈ।ਜਿਸ ਦੀ ਮਿਸਾਲ ਇੱਕ ਵਿਆਹ ਵਿੱਚ ਦੋ ਨੌਜੁਆਨ ਸ਼ਰਾਬ ਵਿੱਚ ਗੁੱਟ ਹੋਏ ਵਾਪਸੀ ਮੌਕੇ ਮੋਟਰ ਸਾਈਕਲ ਅਤੇ ਜੀਪ ਦੀ ਟੱਕਰ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠੇ।ਭਾਵੇਂ ਜਿਆਦਾ ਤਰ ਲੋਕੀ ਕਰਜ਼ੇ ਥੱਲੇ ਦੱਬੇ ਹੋਏ ਹਨ।ਪਰ ਵਿਆਹ ਸ਼ਾਦੀ ਮੌਕੇ ਨੱਕ ਤੇ ਮੱਖੀ ਨਹੀ ਬਹਿਣ ਦਿੰਦੇ।ਜਿਹੜੇ ਵਿਆਹ ਕਿਸੇ ਜਮਾਨੇ ਵਿੱਚ ਦੋ ਅਜ਼ਨਬੀ ਪ੍ਰਵਾਰਾਂ ਦਾ ਅਟੁੱਟ ਮੇਲ ,ਸਯੋਗ,ਇਜ਼ਤ ,ਫਖਰ ਤੇ ਵਡੱਤਣ ਹੋਇਆ ਕਰਦਾ ਸੀ। ਉਹ ਅੱਜ ਸਿਰਫ ਵਿਖਾਵਾ, ਹੋਛਾਪਣ, ਕਰਜ਼ਾਈ ਤੇ ਮਜਬੂਰੀ ਬਣ ਕੇ ਰਹਿ ਗਏ ਹਨ।
ਮੈਰਿਜ਼ ਪੈਲਸ ਵਿੱਚ ਵਿਆਹ ਸੈਲਫ ਸਰਵਿਸ ਰੈਸਟੋਰੈਂਟਾਂ ਤੋਂ ਵੱਧ ਕੁਝ ਵੀ ਨਹੀ ਜਾਪਦੇ!
This entry was posted in ਅੰਤਰਰਾਸ਼ਟਰੀ.