ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਦੇ ਮੌਕੇ ਗੜ੍ਹੀ ਗੁਰਦਾਸ ਨੰਗਲ ਤੋਂ ਸਜਾਏ ਜਾਉਣ ਵਾਲੇ ਨਗਰ ਕੀਰਤਨ ਦੇ ਪ੍ਰੋਗਰਾਮ ਬਾਰੇ ਅੱਜ ਦਿੱਲੀ ਕਮੇਟੀ ਦੇ ਅਹੁੱਦੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਵਿਚਾਲੇ ਬੈਠਕ ਹੋਈ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਦੀ ਅਗਵਾਹੀ ਹੇਠ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਹੋਈ ਇਸ ਬੈਠਕ ’ਚ ਨਗਰ ਕੀਰਤਨ ਜੂਨ ਮਹੀਨੇ ਵਿਚ ਸਜਾਉਣ ’ਤੇ ਸਹਿਮਤੀ ਬਣ ਗਈ ਹੈ।
ਇਥੇ ਇਹ ਦੱਸ ਦੇਈਏ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਫੌਜਾਂ ਵੱਲੋਂ ਗੜ੍ਹੀ ਗੁਰਦਾਸ ਨੰਗਲ (ਗੁਰਦਾਸਪੁਰ) ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਦੇ ਲਾਲ ਕਿੱਲੇ ਤੱਕ ਲਿਆਂਦਾ ਗਿਆ ਸੀ। ਜਿੱਥੇ ਕੁਝ ਦਿਨ ਬਾਬਾ ਜੀ ਨੂੰ ਰੱਖਣ ਉਪਰੰਤ ਮਹਿਰੌਲੀ ਵਿੱਖੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।ਦਿੱਲੀ ਕਮੇਟੀ ਵਲੋਂ ਇਸੇ ਇਤਿਹਾਸਕ ਤੱਥ ਨੂੰ ਆਧਾਰ ਬਣਾਉਂਦੇ ਹੋਏ ਗੜ੍ਹੀ ਗੁਰਦਾਸ ਨੰਗਲ ਤੋਂ ਬਾਬਾ ਜੀ ਦੇ ਸ਼ਹੀਦੀ ਅਸਥਾਨ ਮਹਿਰੌਲੀ ਤਕ ਦੇ ‘‘ਬੰਦੀ ਮਾਰਗ’’ ਤੇ ਨਗਰ ਕੀਰਤਨ ਸਜਾਉਣ ਦਾ ਕਮੇਟੀ ਦੇ ਅੰਤ੍ਰਿਗ ਬੋਰਡ ਵਿਚ ਬੀਤੇ ਦਿਨੀਂ ਮੱਤਾ ਪਾਸ ਕੀਤਾ ਗਿਆ ਸੀ।
ਅੱਜ ਦੀ ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਸਤਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਕਮੇਟੀ ਵਲੋਂ 19 ਜੂਨ 2016 ਨੂੰ ਉਕਤ ਨਗਰ ਕੀਰਤਨ ਸਜਾਉਣ ਦੀ ਤਜ਼ਵੀਜ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਹੈ।ਪੱਪੂ ਨੇ ਨਗਰ ਕੀਰਤਨ ਦੇ ਰੂਟ ਅਤੇ ਤਾਰੀਖ ਦਾ ਐਲਾਨ ਛੇਤੀ ਹੀ ਕਰਨ ਦਾ ਦਾਅਵਾ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ. ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਜਗਜੀਤ ਸਿੰਘ ਜੱਗੀ, ਅਧਿਕਾਰੀ ਵਿਰੇਂਦਰ ਸਿੰਘ ਠਸੂਰ, ਬਲਬੀਰ ਸਿੰਘ, ਛੋਟਾ ਸਿੰਘ ਤੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਸਮਾਣਾ ਮੌਜੂਦ ਸਨ।