ਸ਼ੰਕਾ-ਨਵਿਰਤੀ (ਭਾਗ-7)

? ਘਰ ਵਾਲੇ ਨਲਕੇ ਵਿੱਚੋਂ ਨਿਕਲਦਾ ਪਾਣੀ ਸਿਹਤ ਲਈ ਠੀਕ ਹੈ ਜਾਂ ਨਹੀਂ। ਇਸ ਨੂੰ ਕਿੱਥੋਂ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਅਸ਼ੁੱਧੀਆਂ ਹੋਣ ਤਾਂ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ ਹਨ?

* ਘਰ ਵਿਚਲੇ ਨਲਕੇ ਅਜਿਹੀਆਂ ਥਾਵਾਂ ‘ਤੇ ਲੱਗੇ ਹੁੰਦੇ ਹਨ, ਜਿੱਥੇ ਧਰਤੀ ਵਿਚਲਾ ਗੰਦ-ਮੰਦ ਵੀ ਧਰਤੀ ਵਿੱਚ ਰਚ ਕੇ ਹੇਠਾਂ ਚਲਿਆ ਜਾਂਦਾ ਹੈ। ਕਈ ਵਾਰੀ ਨਲਕੇ ਧਰਤੀ ਵਿਚਲੇ ਪਾਣੀ ਦੀ ਅਜਿਹੀ ਡੂੰਘਾਈ ਤੇ ਲਾਏ ਹੁੰਦੇ ਹਨ, ਜਿੱਥੋਂ ਦਾ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ ਨਲਕਿਆਂ ਦਾ ਪਾਣੀ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਜ਼ਰੂਰ ਟੈਸਟ ਕਰਵਾ ਲੈਣਾ ਚਾਹੀਦਾ ਹੈ। ਪਾਣੀ ਨੂੰ ਟੈਸਟ ਕਰਵਾਉਣ ਵਾਲੀਆਂ ਲੈਬੋਟਰੀਆਂ ਦਾ ਪਤਾ ਪੰਜਾਬ ਵਿਚਲੀਆਂ ਪਾਣੀਆਂ ਦੀਆਂ ਟੈਂਕੀਆਂ ਨਾਲ ਸੰਬੰਧਤ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਲਿਆ ਜਾ ਸਕਦਾ ਹੈ।

? ਧਰਤੀ ਹੇਠਾਂ ਪਾਣੀ ਦਾ ਪੱਧਰ ਦਿਨ-ਬ-ਦਿਨ ਹੇਠਾਂ ਡਿੱਗ ਰਿਹਾ ਹੈ। ਇਸਦਾ ਆਉਣ ਵਾਲੇ ਸਮੇਂ ਵਿਚ ਮਨੁੱਖੀ ਜੀਵਨ ਉੱਤੇ ਕੀ ਤੇ ਕਿਹੋ ਜਿਹੇ ਪ੍ਰਭਾਵ ਪੈ ਸਕਦੇ ਹਨ? ਦੱਸਣ ਦੀ ਕਿਰਪਾ ਕਰਨੀ।

* ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਿਸਾਨ ਵੱਧ ਤੋਂ ਵੱਧ ਖੇਤਰਾਂ ਵਿਚ ਜੀਰੀ ਉਗਾਉਣ ਲਈ, ਪਾਣੀ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਸ ਲਈ ਧਰਤੀ ਵਿਚਲੇ ਪਾਣੀ ਦਾ ਲੇਬਲ ਹੇਠਾਂ ਜਾ ਰਿਹਾ ਹੈ। ਇਕ ਸਮਾਂ ਅਜਿਹਾ ਜ਼ਰੂਰ ਆਵੇਗਾ ਜਦੋਂ ਸਾਡੇ ਮੌਜੂਦਾ ਇੰਜਣ ਤੇ ਮੋਟਰਾਂ ਖਾਸ ਡੂੰਘਾਈ ਤੋਂ ਪਾਣੀ ਚੁੱਕਣੋਂ  ਅਸਮਰਥ ਹੋਣਗੀਆਂ। ਇਸ ਲਈ ਉਹਨਾਂ ਹਾਲਤਾਂ ਵਿਚ ਪੰਜਾਬ ਦੀ ਹਰਿਆਲੀ ਤੇ ਖੁਸ਼ਹਾਲੀ, ਮੰਦਹਾਲੀ ਵਿਚ ਬਦਲ ਜਾਵੇਗੀ।

? ਅੱਖ ਉੱਪਰ ਉਂਗਲ ਰੱਖ ਕੇ ਦਬਾਉਣ ਨਾਲ ਸਾਨੂੰ ਚੀਜ਼ਾਂ ਇਕ ਤੋਂ ਦੋ ਕਿਉਂ ਦਿਖਾਈ ਦਿੰਦੀਆਂ ਹਨ।?

* ਅੱਖ ਉੱਪਰ ਉਂਗਲ ਦਬਾਉਣ ਨਾਲ ਸਾਡੀ ਇਕ ਅੱਖ ਦੀ ਫੋਕਸ ਦੂਰੀ ਦੂਜੀ ਅੱਖ ਨਾਲੋਂ ਬਦਲ ਜਾਂਦੀ ਹੈ। ਇਸ ਲਈ ਸਾਡੀਆਂ ਦੋਵੇਂ ਅੱਖਾਂ ਨੂੰ ਉਹ ਇੱਕੋ ਹੀ ਚੀਜ਼ ਦੋ ਦਿਖਾਈ ਦੇਣ ਲੱਗ ਜਾਂਦੀ ਹੈ।

? ਮਨੁੱਖ ਨੂੰ ਜਿਉਂਦਾ ਰੱਖਣ ਵਾਲੀ ਕੀ ਚੀਜ਼ ਹੈ, ਜਿਹੜੀ ਮੌਤ ਤੋਂ ਬਾਅਦ ਉਸ ਵਿੱਚ ਨਹੀਂ ਹੁੰਦੀ?

* ਮਨੁੱਖ ਸਰੀਰ ਦੀਆਂ ਵੱਖ-ਵੱਖ ਅੰਗ ਪ੍ਰਣਾਲੀਆਂ ਦੇ ਆਪਸੀ ਤਾਲਮੇਲ ਨਾਲ ਹੀ ਜਿਉਂਦਾ ਰਹਿ ਸਕਦਾ ਹੈ। ਮਰਨ ਤੋਂ ਬਾਅਦ ਇਹ ਤਾਲ ਮੇਲ ਖਤਮ ਹੋ ਜਾਂਦਾ ਹੈ। ਸਰੀਰ ਵਿੱਚ ਇਸ ਤਾਲ ਮੇਲ ਦਾ ਅੰਤ ਹੀ ਮੌਤ ਦਾ ਕਾਰਨ ਹੁੰਦਾ ਹੈ।

? ਨਹਾਉਣ ਤੋਂ ਬਾਅਦ ਅਸੀਂ ਫਰੈਸ਼ (ਤਾਜ਼ਾ) ਕਿਉਂ ਮਹਿਸੂਸ ਕਰਦੇ ਹਾਂ।

* ਨਹਾਉਣ ਤੋਂ ਬਾਅਦ ਥੋੜ੍ਹਾ-ਬਹੁਤ ਪਾਣੀ ਸਾਡੇ ਸਰੀਰ ਉੱਪਰ ਰਹਿ ਜਾਂਦਾ ਹੈ, ਜਿਸਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਇਸ ਨਾਲ ਠੰਢ ਪੈਦਾ ਹੁੰਦੀ ਹੈ। ਇਸ ਦਾ ਕਾਰਨ ਸਰੀਰ ਉੱਪਰੋਂ ਉੱਤਰ ਚੁੱਕੇ ਬੇਲੋੜੇ ਪਦਾਰਥ ਬੈਕਟੀਰੀਆ ਆਦਿ ਹੁੰਦੇ ਹਨ। ਥੋੜ੍ਹਾ-ਬਹੁਤ ਅਸਰ ਨਹਾਉਣ ਸਮੇਂ ਇਸਤੇਮਾਲ ਕੀਤੇ ਗਏ ਸਾਬਣਾਂ, ਸ਼ੈਪੂਆਂ ਅਤੇ ਤੇਲਾਂ ਕਰਕੇ ਵੀ ਹੁੰਦਾ ਹੈ।

? ਅੱਜ ਕੱਲ੍ਹ ਕਈ ਡਾਕਟਰ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਅਜਿਹੀ ਦੇਸੀ ਦਵਾਈ ਹੈ। ਜੋ ਸ਼ਰਾਬੀ ਨੂੰ ਬਿਨਾਂ ਦੱਸੇ, ਸਬਜ਼ੀ, ਦਾਲ ਵਿੱਚ ਦੇਣ ਨਾਲ ਸ਼ਰਾਬੀ 7 ਦਿਨਾਂ ਵਿੱਚ ਸ਼ਰਾਬ ਛੱਡ ਦੇਵੇਗਾ। ਕੀ ਅਜਿਹਾ ਸੰਭਵ ਹੈ?

* ਕੁਝ ਅਜਿਹੀਆਂ ਦਵਾਈਆਂ ਪ੍ਰਚਲਿਤ ਹਨ ਜਿਹੜੀਆਂ ਸਬਜ਼ੀ ਜਾਂ ਦਾਲ ਵਿੱਚ ਮਿਲਾ ਕੇ ਦਿੱਤੇ ਜਾਣ ਨਾਲ ਸ਼ਰਾਬ ਜਾਂ ਹੋਰ ਨਸ਼ਿਆਂ ਪ੍ਰਤੀ ਰੁਚੀ ਘਟ ਜਾਂਦੀ ਹੈ।

? ਮਨੁੱਖ ਦੇ ਹੱਥਾਂ ਅਤੇ ਪੈਰਾਂ ਦੇ ਸੌਂ ਜਾਣ ਦਾ ਮੁੱਖ ਕਾਰਨ ਕੀ ਹੈ ਅਤੇ ਹੱਥ ਅਤੇ ਪੈਰ ਕੰਡਿਆਲੇ-ਕੰਡਿਆਲੇ ਕਿਉਂ ਲੱਗਦੇ ਹਨ।

* ਹੱਥ-ਪੈਰ ਸੌ ਜਾਣ ਦਾ ਕਾਰਨ ਵੀ ਮਨੁੱਖੀ ਤੰਤੂ-ਪ੍ਰਣਾਲੀ ਹੁੰਦੀ ਹੈ। ਕਈ ਵਾਰੀ ਦਿਮਾਗ ਨੂੰ ਸੁਨੇਹਾ ਭੇਜਣ ਵਾਲਾ ਤੇ ਲਿਆਉਣ ਵਾਲੇ ਪ੍ਰਬੰਧ ਵਕਤੀ ਤੌਰ ‘ਤੇ ਖਰਾਬ ਹੋ ਜਾਂਦਾ ਹੈ। ਜਦੋਂ ਦਿਮਾਗ ਨਾਲ ਸੰਪਰਕ ਜੁੜਨਾ ਸ਼ੁਰੂ ਹੁੰਦਾ ਹੈ ਤਾਂ ਕਈ ਵਾਰੀ ਕੰਡੇ ਦੇ ਚੁਭਣ ਵਰਗੇ ਅਨੁਭਵ ਸ਼ੁਰੂ ਹੋ ਜਾਂਦੇ ਹਨ।

? ਜਦ ਮੱਛਰ ਦੰਦੀ ਵੱਢਦਾ ਹੈ ਤਾਂ ਸਾਡੇ ਦੁਖ ਕਿਉਂ ਲੱਗਦਾ ਹੈ।

* ਮੱਛਰ ਜਦੋਂ ਦੰਦੀ ਵੱਢਦਾ ਹੈ ਤਾਂ ਸਾਡੇ ਸਰੀਰ ਦੇ ਸੈੱਲ ਜ਼ਖਮੀ ਹੁੰਦੇ ਹਨ ਜਿਸਦੀ ਸੂਚਨਾ ਸਾਡੇ ਦਿਮਾਗ ਨੂੰ ਜਾਂਦੀ ਹੈ, ਇਸ ਲਈ ਸਾਨੂੰ ਦੁੱਖ ਮਹਿਸੂਸ ਹੁੰਦਾ ਹੈ।

? ਕੋਈ ਖੱਟੀ ਚੀਜ਼ ਖਾਣ ਨਾਲ ਦੰਦ ਖੱਟੇ ਕਿਉਂ ਹੋ ਜਾਂਦੇ ਹਨ।

* ਖੱਟੀ ਚੀਜ਼ ਦਾ ਅਸਰ ਦੰਦਾਂ ਤੇ ਨਹੀਂ ਹੁੰਦਾ ਸਗੋਂ ਉਹਨਾਂ ਸੈੱਲਾਂ ਅਤੇ ਤੰਤੂਆਂ ਤੇ ਹੁੰਦਾ ਹੈ। ਜਿਹੜੇ ਦੰਦਾਂ ਨਾਲ ਜੁੜੇ ਹੁੰਦੇ ਹਨ

? ਮਨੁੱਖ ਦੇ ਸਿਰ ਦੇ ਵਾਲ ਝੜਨ ਦਾ ਮੁੱਖ ਕਾਰਨ ਕੀ ਹੈ। ਕੀ ਇਹ ਵਧਾਏ ਵੀ ਜਾ ਸਕਦੇ ਹਨ।

* ਮਨੁੱਖ ਦੇ ਵਾਲ ਝੜਨ ਦਾ ਮੁੱਖ ਕਾਰਨ ਪ੍ਰੋਟੀਨ ਦੇ ਸੈੱਲਾਂ ਵਿੱਚ ਕਮੀ ਜਾਂ ਖਰਾਬੀ ਹੁੰਦੀ ਹੈ। ਕਈ ਹਾਲਤਾਂ ਵਿੱਚ ਵਾਲ ਦੁਬਾਰਾ ਵੀ ਵਧਾਏ ਜਾ ਸਕਦੇ ਹਨ।

? ਬਿਜਲੀ ਦੇ ਖੰਭੇ ਨਾਲ ਜਾ ਰਹੀ ਬਿਜਲੀ ਦੀ ਤਾਰ ਉੱਤੇ ਜੇਕਰ ਇੱਕ ਪੰਛੀ ਬੈਠ ਜਾਵੇ ਤਾਂ ਉਸਨੂੰ ਕਰੰਟ ਨਹੀਂ ਲੱਗਦਾ, ਪ੍ਰੰਤੂ ਜੇਕਰ ਮਨੁੱਖ ਉਸ ਤਾਰ ਨੂੰ ਛੂਹ ਲਵੇ ਤਾਂ ਕਰੰਟ ਲੱਗਦਾ ਹੈ, ਅਜਿਹਾ ਕਿਉਂ।

* ਕਰੰਟ ਲੱਗਣ ਲਈ ਇਹ ਜ਼ਰੂਰੀ ਹੈ ਕਿ ਜਾਂ ਤਾਂ ਵਿਅਕਤੀ ਦਾ ਸੰਪਰਕ ਧਰਤੀ ਨਾਲ ਹੋ ਜਾਵੇ ਜਾਂ ਦੋਵੇਂ ਤਾਰਾਂ ਨਾਲ। ਪੰਛੀ ਕਿਉਂਕਿ ਇਕੋ ਹੀ ਤਾਰ ‘ਤੇ ਬੈਠੇ ਹਨ, ਇਸ ਲਈ ਉਨ੍ਹਾਂ ਨੂੰ ਕਰੰਟ ਨਹੀਂ ਲੱਗਦਾ।

? ਕੀ ਜੁੜਵੇਂ ਬੱਚਿਆਂ ਦੇ ਗੁਣ ਇਕੋ ਜਿਹੇ ਹੁੰਦੇ ਹਨ।

* ਜੇ ਜੁੜਵੇਂ ਬੱਚਿਆਂ ਦਾ ਵਿਕਾਸ ਇੱਕ ਹੀ ਵਿਕਸਿਤ ਆਂਡੇ ਦੇ ਦੋ ਭਾਗਾਂ ਵਿਚ ਟੁੱਟਣ ਕਾਰਨ ਹੋਇਆ ਹੈ ਤਾਂ ਇਹ ਦੋਵੇਂ ਬੱਚੇ ਦੋਵੇਂ ਲੜਕੀਆਂ ਜਾਂ ਦੋਵੇਂ ਲੜਕੇ ਹੋਣਗੇ ਅਤੇ ਇਨ੍ਹਾਂ ਦੇ ਗੁਣ ਵੀ ਇਕੋ ਜਿਹੇ ਹੀ ਹੋਣੇ ਚਾਹੀਦੇ ਹਨ ਪਰ ਜੇ ਇਨ੍ਹਾਂ ਦਾ ਵਿਕਾਸ ਅਲੱਗ-ਅਲੱਗ ਅੰਡਿਆਂ ਤੋਂ ਹੋਇਆ ਹੈ ਤਾਂ ਇਨ੍ਹਾਂ ਦੇ ਗੁਣ ਵੱਖ-ਵੱਖ ਵੀ ਹੋ ਸਕਦੇ ਹਨ।

? ਕਿਸੇ ਕਿਤਾਬ ਨੂੰ ਜਦੋਂ ਅਸੀਂ ਅੱਖਾਂ ਦੇ ਨੇੜੇ ਲਿਜਾ ਕੇ ਦੇਖਦੇ ਹਾਂ ਤਾਂ ਸਾਨੂੰ ਧੁੰਦਲਾ ਦਿਖਾਈ ਕਿਉਂ ਦਿੰਦਾ ਹੈ।

* ਕੋਈ ਕਿਤਾਬ ਸਾਨੂੰ ਉਸ ਸਮੇਂ ਤੱਕ ਹੀ ਦਿਖਾਈ ਦਿੰਦੀ ਹੈ ਜਦੋਂ ਤੱਕ ਉਸ ਦਾ ਪ੍ਰਤੀਬਿੰਬ ਸਾਡੇ ਰੈਟੀਨਾ ਤੇ ਠੀਕ ਬਣਦਾ ਹੈ। ਜਦੋਂ ਕਿਸੇ ਬੁੱਕ ਨੂੰ ਬਹੁਤ ਜ਼ਿਆਦਾ ਨੇੜੇ ਲਿਆਉਂਦੇ ਹਾਂ ਤਾਂ ਉਸ ਦਾ ਪ੍ਰਤੀਬਿੰਬ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਵਸਤੂ ਸਾਨੂੰ ਧੁੰਦਲੀ ਦਿਖਾਈ ਦੇਣਾ ਸ਼ੁਰੂ ਹੋ ਜਾਂਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>