ਬਰੈਂਪਟਨ – ਕੈਨੇਡਾ ਭਰ ਦੇ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਐਡੋਵੋਕੇਟ ਹਰਵਿੰਦਰ ਸਿੰਘ ਫੂਲਕਾ ਦੇ ਕੈਨੇਡਾ ਦੇ ਸਾਰੇ ਪ੍ਰੋਗ੍ਰਾਮਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੇ ਦਿੱਤੇ।
ਹੰਸਰਾ ਨੇ ਕਿਹਾ ਕਿ ਹਰਵਿੰਦਰ ਸਿੰਘ ਫੂਲਕਾ ਇੱਕ ਰਾਜਨੀਤਕ ਵਜੋਂ ਵਿਚਰ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਿਹਾ ਹੈ। ਇਸ ਪਾਰਟੀ ਦਾ ਆਗੂ ਪੰਜਾਬ ਵਿੱਚ ਨਿਰੰਕਾਰੀ ਭਵਨ ਵਿੱਚ ਜਾ ਕੇ ਉਨ੍ਹਾਂ ਦੇ ਭਵਨ ਵੱਡੇ ਕਰਨ ਦੀ ਤਮੰਨਾ ਜ਼ਾਹਿਰ ਕਰ ਚੁੱਕਾ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਰਾਜ ਸਤਾ ਵਿੱਚ ਆ ਕੇ ਆਮ ਆਦਮੀ ਪਾਰਟੀ ਸਿੱਖਾਂ ਦਾ ਮੱਕੂ ਠੱਪੇਗੀ।
ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਕੈਨੇਡਾ ਦੀ ਫੇਰੀ ਤੇ ਆਏ ਹੋਏ ਹਨ। ਉਨ੍ਹਾਂ ਦੀ ਆਮਦ ਤੇ ਆਮ ਆਦਮੀ ਪਾਰਟੀ ਨੇ ਜੁੜੇ ਲੋਕ ਪੱਬਾਂ ਭਾਰ ਸਨ ਕਿ ਫੂਲਕਾ ਕੈਨੇਡਾ ਦੇ ਲੋਕਾਂ ਨੂੰ ਇਲਾਹੀ ਸੁਨੇਹਾ ਦੇਣ ਆ ਰਹੇ ਹਨ।
ਹਰਵਿੰਦਰ ਸਿੰਘ ਫੂਲਕਾ ਦੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਲੋਕਾਂ ਦੇ ਮਨਾਂ ਅੰਦਰ ਕਾਫੀ ਸਤਿਕਾਰ ਹੈ ਜਿਸ ਸਦਕਾ ਲੋਕਾਂ ਵਿੱਚ ਉਨ੍ਹਾਂ ਨੂੰ ਸੁਣਨ ਦੀ ਉਤਸੁਕਤਾ ਵੀ ਨਜ਼ਰ ਆ ਰਹੀ ਸੀ। ਰਾਜਨੀਤਕ ਪੱਖ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਵਲੋਂ ਫੂਲਕਾ ਦੀ ਫੇਰੀ ਬਾਰੇ ਕੋਈ ਪ੍ਰਤੀਕਰਮ ਨਾ ਦੇਣ ਦਾ ਫੈਸਲਾ ਕੀਤਾ ਸੀ ਕਿਉਂਕਿ ਇਹ ਕਿਹਾ ਗਿਆ ਸੀ ਕਿ ਹਰਵਿੰਦਰ ਸਿੰਘ ਫੂਲਕਾ ਜਾਤੀ ਫੇਰੀ ਤੇ ਆ ਰਹੇ ਹਨ ਅਤੇ ਉਹ 1984 ਦੇ ਵਿਕਟਮਜ਼ ਬਾਰੇ ਅੱਪਡੇਟ ਦੇਣਗੇ।
ਦਰਅਸਲ, ਉਨ੍ਹਾਂ ਦੀ ਫੇਰੀ ਦਾ ਲੁੱਕਵਾਂ ਏਜੰਡਾ “ਆਮ ਆਦਮੀ ਪਾਰਟੀ” ਨੂੰ ਪ੍ਰਮੋਟ ਕਰਨਾ ਸੀ। ਅਗਰ ਅਜਿਹਾ ਵੀ ਸੀ ਤਾਂ ਇਸਦਾ ਐਲਾਨ ਕਰਨਾ ਜਰੂਰੀ ਸੀ, ਕਿਉਂਕਿ ਜਿਹੜੀ ਪਾਰਟੀ ਲੋਕਾਂ ਦਾ ਸਹਿਯੋਗ ਲੈ ਕੇ ਹਾਕਮ ਬਣਨ ਦੀ ਇੱਛਾ ਰੱਖਦੀ ਹੈ ਉਹ ਲੋਕਾਂ ਨੂੰ ਭੁਲੇਖਿਆ ਵਿੱਚ ਨਹੀਂ ਪਾ ਸਕਦੀ।
ਆਮ ਆਦਮੀ ਪਾਰਟੀ ਦੇ ਟਰਾਂਟੋ ਵਾਲੇ ਆਗੂ ਪੱਗੋ ਲੱਥੀ ਹੋ ਰਹੇ ਹਨ ਜਿਸ ਕਰਕੇ ਟਰਾਂਟੋ ਦਾ ਸਮਾਗਮ “ਬਿਮਾਰੀ ਦਾ ਬਹਾਨਾ” ਲਾ ਕੇ ਰੱਦ ਕੀਤਾ ਗਿਆ। ਕੀ ਇਹ ਪਾਰਟੀ ਦੇ ਆਗੂ ਸਤਾ ਤੇ ਬੈਠ ਕੇ ਅਜਿਹੇ ਨਿੱਕੇ ਨਿੱਕੇ ਮਸਲੇ ਨਜਿੱਠਣ ਲਈ ਝੂਠ ਦਾ ਸਹਾਰਾ ਲੈਣਗੇ? ਇਸ ਤੋਂ ਅੱਗੇ ਫੂਲਕਾ ਨੇ ਭਾਰਤੀ ਅਖਬਾਰ ਵਿੱਚ ਬਿਆਨ ਦੇ ਕੇ ਆਪਣੇ ਬੀਬੇ ਬਿੰਬ ਨੂੰ ਉਸ ਵੇਲੇ ਠੇਸ ਪਹੁੰਚਾ ਲਈ ਜਦੋਂ ਕਿਹਾ ਕਿ ਖਾਲਿਸਤਾਨੀ ਰੈਡੀਕਲ ਗਰੁੱਪ ਮੇਰੀ ਕੈਨੇਡਾ ਫੇਰੀ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਹਰਵਿੰਦਰ ਸਿੰਘ ਫੂਲਕਾ ਦੇ ਮੇਜ਼ਬਾਨ ਖੁਦ ਟੀਵੀ ਤੇ ਆ ਕੇ ਫੂਲਕਾ ਦੀ ਖੁੰਭ ਠੱਪ ਚੁੱਕੇ ਹਨ। ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਫੂਲਕਾ ਦਾ ਕੈਨੇਡਾ ਆ ਕੇ ਇਹ ਗੱਲ ਕਹਿਣਾ ਕਿ ਮੈਨੂੰ ਇੰਡੀਅਨ ਹੋਣ ਤੇ ਮਾਣ ਹੈ, ਖਾਲਿਸਤਾਨ ਦੀ ਆਜ਼ਾਦੀ ਲਈ ਸ਼ਹੀਦ ਹੋਏ ਹਜ਼ਾਰਾਂ ਸਿੰਘ ਸਿੰਘਣੀਆਂ ਦੀ ਤੌਹੀਨ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਕੈਨੇਡਾ ਦੀ ਸਿੱਖ ਸੰਗਤ, ਸਿੱਖ ਕੌਮ ਦੀ ਅਜ਼ਮਤ ਨੂੰ ਬਚਾਉਣ ਵਾਲਿਆਂ ਵਿੱਚੋਂ ਹੈ, ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਇਨ੍ਹਾਂ ਨੂੰ ਮੂੰਹ ਨਾ ਲਾਇਆ ਜਾਵੇ।