ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਦਿੱਲੀ ਮਾਡਲ ਲਾਗੂ ਕਰਨ ਦੇ ਕੀਤੇ ਗਏ ਦਾਅਵੇ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਚੁਟਕੀ ਲੈਂਦੇ ਹੋਏ ਹਵਾ ਕੱਢਣ ਦੀ ਕੋਸ਼ਿਸ਼ ਕੀਤੀ । ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਵੱਲੋਂ ਕਲਾ, ਸਾਹਿਤ ਅਤੇ ਸਭਿਆਚਾਰ ਨੂੰ ਸੰਭਾਲਣ ਲਈ ਕੀਤੇ ਗਏ ਜਤਨਾਂ ਦੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਪੰਜਾਬੀ ਸਭਿਆਚਾਰ ਨੂੰ ਖ਼ਤਮ ਕਰਨ ਲਈ ਕੀਤੇ ਗਏ ਕਾਰਜਾਂ ਨਾਲ ਤੁਲਣਾ ਕਰਦੇ ਹੋਏ ਸਵਾਲ ਵੀ ਖੜੇ ਕੀਤੇ ।
ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਇਤਹਾਸ, ਪੰਜਾਬੀ ਸਾਹਿਤ ਅਤੇ ਕਲਾ ਨੂੰ ਸੰਭਾਲਣ ਲਈ ਲਗਭਗ 800 ਕਰੋੜ ਰੁਪਏ ਸਰਕਾਰੀ ਖਜਾਨੇ ਤੋਂ ਖਰਚ ਕਰਨ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਦਿੱਲੀ ਸਰਕਾਰ ਵੱਲੋਂ ਪੰਜਾਬੀ ਅਕਾਦਮੀ ਦਾ ਸਾਲਾਨਾ ਬਜਟ 18 ਕਰੋੜ ਤੋਂ ਘਟਾ ਕੇ 12 ਕਰੋੜ ਕਰਨ ਨੂੰ ਅਕਾਦਮੀ ਨੂੰ ਹਾਸ਼ਿਏ ਤੇ ਸੁੱਟੇ ਜਾਉਣ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਬੀਤੇ ਦਿਨੀਂ ਪੰਜਾਬੀ ਅਕਾਦਮੀ ਵੱਲੋਂ ਤਾਲਕਟੋਰਾ ਗਾਰਡਨ ਵਿੱਚ ਗੁਰਬਾਣੀ ਸੰਗੀਤ ਸਮਾਗਮ ਦੇ ਨਾਮ ਤੇ ਕਰਵਾਏ ਗਏ ਪ੍ਰੋਗਰਾਮ ਵਿੱਚ ਉਸਤਾਦ ਨੀਲੇ ਖਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਫਰੀਦ ਜੀ ਦੇ ਸ਼ਲੋਕਾਂ ਦਾ ਗਾਇਨ ਕਰਦੇ ਹੋਏ ਗਲਤ ਗੁਰੁੂਬਾਣੀ ਦੇ ਉਚਾਰਣ ਰਾਹੀਂ ਸਿੱਖ ਰਹਿਤ ਮਰਿਆਦਾ ਦੇ ਉਲਟ ਕੱਵਾਲੀ ਦੀ ਤਰ੍ਹਾਂ ਤਾਲੀ ਵਜਾਉਣ ਅਤੇ ਇੱਕ ਰਾਗੀ ਜਥੇ ਵੱਲੋਂ ਫਿਲਮੀ ਧੁਨ ਤੇ ਗੁਰੂਬਾਣੀ ਗਾਇਨ ਨੂੰ ਜੀ.ਕੇ. ਨੇ ਸਿੱਖ ਧਰਮ ਤੇ ਹਮਲਾ ਕਰਾਰ ਦਿੱਤਾ। ਦਿੱਲੀ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਬਜਾਏ ਅਕਾਦਮੀ ਵੱਲੋਂ ਅਧਿਆਪਕਾਂ ਦੀ ਗਿਣਤੀ ਘਟਾਉਣ ਦਾ ਵੀ ਜੀ.ਕੇ. ਨੇ ਖੁਲਾਸਾ ਕੀਤਾ।
ਜੀ.ਕੇ. ਨੇ ਦੱਸਿਆ ਕਿ ਅਕਾਦਮੀ ਕੇ ਸਾਬਕਾ ਸਕੱਤਰ ਡਾ. ਰਵੇਲ ਸਿੰਘ ਦੇ 29 ਜਨਵਰੀ 2014 ਤੋਂ ਅਹੁੱਦਾ ਛੱਡਣ ਦੇ ਬਾਅਦ ਤੋਂ ਬਿਨਾਂ ਸਕੱਤਰ ਦੇ ਚੱਲ ਰਹੀ ਅਕਾਦਮੀ ਦਾ ਕੰਮਕਾਰਜ ਪ੍ਰਭਾਵਿਤ ਹੋਣ ਦੇ ਕਾਰਨ ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਦੀ ਗਿਣਤੀ 728 ਤੋਂ ਘੱਟ ਕੇ 640 ਹੋ ਗਈ ਹੈ। ਪੰਜਾਬੀ ਪੜਾਉਣ ਵਾਲੇ ਕਥਿਤ ਅਧਿਆਪਕਾਂ ਨੂੰ ਮਿਲਣ ਵਾਲੀ ਮਾਸਿਕ ਤਨਖਾਹ 4500 ਰੁਪਏ ਤੋਂ ਵਧਾ ਕੇ 8 ਹਜਾਰ ਕਰਨ ਦਾ ਮਤਾ ਬੀਤੇ ਲੰਬੇਂ ਸਮੇਂ ਤੋਂ ਅਕਾਦਮੀ ਵੱਲੋਂ ਪਾਸ ਕਰਨ ਦੇ ਬਾਵਜੂਦ ਅਧਿਆਪਕਾਂ ਦਾ ਮਾਲੀ ਸ਼ੋਸ਼ਣ ਦਿੱਲੀ ਸਰਕਾਰ ਵੱਲੋਂ ਕਰਨ ਦਾ ਵੀ ਜੀ.ਕੇ. ਨੇ ਦੋਸ਼ ਲਗਾਇਆ। ਅਕਾਦਮੀ ਦੀ ਮੈਗਜੀਨ ਸਮਦਰਸ਼ੀ ਅਤੇ ਅਕਾਦਮੀ ਵੱਲੋਂ ਵੰਡੇ ਜਾਣ ਵਾਲੇ ਭੇਟਾ ਰਹਿਤ ਸਾਹਿਤ ਨੂੰ ਬੰਦ ਕਰਨ ’ਤੇ ਵੀ ਜੀ.ਕੇ. ਨੇ ਸਵਾਲ ਪੁੱਛੇ।
ਅਕਾਦਮੀ ਦੀ ਨਵੀਂ ਬਣਾਈ ਗਈ ਗਵਰਨਿੰਗ ਬਾਡੀ ਵਿਚ ਕਲਾ ਅਤੇ ਸਾਹਿਤ ਜਗਤ ਦੇ ਲੋਕਾਂ ਨੂੰ ਨਜਰਅੰਦਾਜ ਕਰਕੇ ਆਪ ਪਾਰਟੀ ਦੇ ਕਾਰਕੂਨਾਂ ਦੀ ਕੇਜਰੀਵਾਲ ਵੱਲੋਂ ਕੀਤੀ ਗਈ ਨਿਯੁਕਤੀ ਨੂੰ ਜੀ.ਕੇ. ਨੇ ਭਾਸ਼ਾ ’ਤੇ ਵੱਡਾ ਹਮਲਾ ਕਰਾਰ ਦਿੱਤਾ । ਜੀ.ਕੇ. ਨੇ ਦੱਸਿਆ ਕਿ ਉਕਤ ਅਕਾਦਮੀ ਦੀ ਗਵਰਨਿੰਗ ਬਾਡੀ ਵਿੱਚ ਪਹਿਲਾਂ ਵੱਡੇ ਸਾਹਿਤਕਾਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਸੀ ਜਿਸ ਵਿੱਚ ਪ੍ਰਮੁੱਖ ਅੰਮ੍ਰਿਤਾ ਪ੍ਰੀਤਮ, ਹਰਭਜਨ ਸਿੰਘ, ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ, ਅਜੀਤ ਕੌਰ, ਪ੍ਰਭਜੋਤ ਕੌਰ, ਐਸ. ਐਸ. ਨੂਰ ਅਤੇ ਸਿੰਘ ਬੰਧੂ ਹਨ । ਮੌਜੂਦਾ ਗਵਰਨਿੰਗ ਬਾਡੀ ਵਿੱਚ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਟੀਚਰ ਐਸੋਸਿਏਸ਼ਨ ਦੇ ਮੁਖੀਆਂ ਨੂੰ ਸ਼ਾਮਿਲ ਨਾ ਕੀਤੇ ਜਾਣ ਤੇ ਵੀ ਜੀ. ਕੇ. ਨੇ ਨਾਰਾਜਗੀ ਜਤਾਈ ।
ਜੀ.ਕੇ. ਨੇ ਤਿਲਕ ਨਗਰ ਤੋਂ ਆਪ ਵਿਧਾਇਕ ਜਰਨੈਲ ਸਿੰਘ ਨੂੰ ਵਾਈਸ ਚੇਅਰਮੈਨ ਬਣਾਉਣ ਦੇ ਪਿੱਛੇ ਵਿਧਾਇਕ ਦੀ ਯੋਗਤਾ ਅਤੇ ਕੇਜਰੀਵਾਲ ਦੇ ਵਿਵੇਕ ਉੱਤੇ ਉਂਗਲ ਵੀ ਚੁੱਕੀ । ਜੀ.ਕੇ. ਨੇ ਅਕਾਦਮੀ ਦੇ ਸਾਬਕਾ ਵਾਈਸ ਚੇਅਰਮੈਨ ਡਾ. ਮਹੀਪ ਸਿੰਘ, ਡਾ. ਹਰਮੀਤ ਸਿੰਘ ਅਤੇ ਰਾਜਕੁਮਾਰੀ ਅਨਿਤਾ ਸਿੰਘ ਦੀ ਕਾਬਲਿਅਤ ਦੇ ਮੁਕਾਬਲੇ ਜਰਨੈਲ ਦੀ ਕਲਾ-ਸਾਹਿਤ ਅਤੇ ਸਭਿਆਚਾਰ ਦੇ ਵਿਸ਼ੇ ਵਿੱਚ ਜਾਣਕਾਰੀ ’ਤੇ ਵਿਅੰਗ ਵੀ ਕੱਸਿਆ । ਜੀ.ਕੇ. ਨੇ ਕਿਹਾ ਕਿ ਇੱਕ ਸਮੇਂ ਦਿੱਲੀ ਦੀ ਪੰਜਾਬੀ ਅਕਾਦਮੀ ਕੌਮਾਂਤਰੀ ਪੱਧਰੀ ਅਕਾਦਮੀ ਮੰਨੀ ਜਾਂਦੀ ਸੀ ਜਿਸਨੂੰ ਹੁਣ ਕੇਜਰੀਵਾਲ ਸਰਕਾਰ ਨੇ ਤਿਲਕ ਨਗਰ ਵਿਧਾਨਸਭਾ ਦੀ ਅਕਾਦਮੀ ਬਣਾ ਦਿੱਤਾ ਹੈ।
ਅਕਾਦਮੀ ਦੇ ਮੋਤੀਯਾ ਖਾਨ ਵਿਖੇ ਦੇ ਦਫਤਰ ਜਿਸਦਾ ਕਿਰਾਇਆ ਢਾਈ ਲੱਖ ਰੁਪਏ ਸਾਲਾਨਾ ਸੀ ਨੂੰ ਦਿੱਲੀ ਹਾਟ, ਜਨਕਪੁਰੀ ਵਿਖੇ 15 ਲੱਖ ਰੁਪਏ ਸਾਲਾਨਾ ਦੇ ਦਫਤਰ ਵਿੱਚ ਲੈ ਜਾਣ ਦੇ ਪਾਸ ਕੀਤੇ ਗਏ ਮੱਤੇ ਦੀ ਨੀਅਤ ਤੇ ਵੀ ਜੀ.ਕੇ ਨੇ ਤਿੱਖੇ ਸ਼ਬਦੀ ਹਮਲੇ ਕੀਤੇ। ਜੀ.ਕੇ. ਨੇ ਸੜਕ ਤੋਂ ਲੈ ਕੇ ਅਦਾਲਤ ਤੱਕ ਅਕਾਲੀ ਦਲ ਵੱਲੋਂ ਇਸ ਮਸਲੇ ਤੇ ਲੜਾਈ ਲੜਨ ਦਾ ਐਲਾਨ ਕੀਤਾ। ਅਕਾਦਮੀ ਵੱਲੋਂ ਬੀਤੇ 3 ਸਾਲਾਂ ਦੇ ਸਾਹਿਤ ਸਨਮਾਨ ਘੋਸ਼ਿਤ ਹੋਣ ਦੇ ਬਾਵਜੂਦ ਸਨਮਾਨ ਨਾ ਵੰਡੇ ਜਾਣ ਨੂੰ ਜੀ.ਕੇ. ਨੇ ਸਾਹਿਤਅਕਾਰਾਂ ਦਾ ਅਪਮਾਨ ਦੱਸਿਆ।
ਜੀ.ਕੇ. ਨੇ ਵਿਵਾਦਿਤ ਲੇਖਕ ਗੁਰਚਰਣ ਸਿੰਘ ਜਿਉਣਵਾਲਾ ਦੀ ਕਿਤਾਬ ਜਿਸ ਵਿੱਚ ਪੰਥ ਪ੍ਰਮਾਣਿਤ ਬਾਣੀਆਂ ਤੇ ਸਿੱਖ ਵਿਰੋਧੀ ਟਿੱਪਣੀਆਂ ਕਰਨ ਦਾ ਦੋਸ਼ ਹੈ, ਦੀ ਘੁੰਡ ਚੁਕਾਈ ਆਪ ਦੇ 2 ਵਿਧਾਇਕਾਂ ਜਰਨੈਲ ਸਿੰਘ ਰਾਜੌਰੀ ਗਾਰਡਨ ਅਤੇ ਜਰਨੈਲ ਸਿੰਘ ਤਿਲਕ ਨਗਰ ਵੱਲੋਂ ਕਰਨ ਨੂੰ ਸਿੱਖ ਧਰਮ ਦੇ ਵਿਚਾਰਧਾਰਾ ’ਤੇ ਹਮਲਾ ਦੱਸਿਆ । ਜੀ.ਕੇ. ਨੇ ਕਿਹਾ ਕਿ ਹੁਣ ਤੱਕ ਤਾਂ ਆਪ ਆਗੂ ਲਗਾਤਾਰ ਸਿੱਖ ਧਰਮ ਦੇ ਸਿੱਧਾਂਤਾਂ ’ਤੇ ਹਮਲਾ ਕਰ ਰਹੇ ਸਨ ਪਰ ਹੁਣ ਉਨ੍ਹਾਂ ਨੇ ਭਾਸ਼ਾ, ਕਲਾ ਅਤੇ ਸਾਹਿਤ ਨੂੰ ਵੀ ਤਹਸ-ਨਹਸ ਕਰਨ ਦਾ ਫੈਸਲਾ ਲੈ ਲਿਆ ਹੈ।
ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਪੰਜਾਬ ਦੇ ਵਸਨੀਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕਰਦੇ ਹੋਏ ਦਿੱਲੀ ਸਰਕਾਰ ਵੱਲੋਂ ਗੁਰਬਾਣੀ ਦੀ ਹੋਈ ਬੇਅਦਬੀ ਅਤੇ ਰਹਿਤ ਮਰਿਆਦਾ ਨਾਲ ਖਿਲਵਾੜ ਦੇ ਖਿਲਾਫ ਅਕਾਲੀ ਦਲ ਵੱਲੋਂ ਅਕਾਦਮੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਦੇ ਖਿਲਾਫ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਭੇਜਣ ਦਾ ਵੀ ਐਲਾਨ ਕੀਤਾ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਗੁਰਬਾਣੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਆਪ ਵਿਧਾਇਕਾਂ ਵੱਲੋਂ ਪਨਾਹ ਦੇਣ ਨੂੰ ਸਿੱਖ ਕੌਮ ਨੂੰ ਦੋਫਾੜ ਕਰਨ ਦੀ ਸਾਜਿਸ਼ ਦੱਸਿਆ । ਅਕਾਦਮੀ ਦਾ ਬਜਟ ਘੱਟ ਕਰਕੇ ਵਿਧਾਇਕਾਂ ਦੇ ਤਨਖਾਹ ਵਿੱਚ ਕੀਤੇ ਗਏ ਵਾਧੇ ਦੀ ਵੀ ਰਾਣਾ ਨੇ ਨਿਖੇਧੀ ਕੀਤੀ ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਬਚਨ ਸਿੰਘ ਚੀਮਾ, ਗੁਰਮੀਤ ਸਿੰਘ ਲੁਬਾਣਾ, ਹਰਦੇਵ ਸਿੰਘ ਧਨੋਵਾ, ਦਰਸ਼ਨ ਸਿੰਘ, ਜਤਿੰਦਰਪਾਲ ਸਿੰਘ ਗੋਲਡੀ, ਅਕਾਲੀ ਆਗੂ ਵਿਕਰਮ ਸਿੰਘ, ਜਸਵਿੰਦਰ ਸਿੰਘ ਜੌਲੀ, ਅਮਰਜੀਤ ਸਿੰਘ ਤਿਹਾੜ ਅਤੇ ਅਕਾਲੀ ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।