ਬੀਜੇਪੀ ਨੂੰ ਵਿਦਿਅਕ ਅਦਾਰਿਆਂ ‘ਚ ਸਿਆਸਤ ਮਹਿੰਗੀ ਪਵੇਗੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ 9 ਫਰਵਰੀ 2016 ਨੂੰ ਵਿਦਿਆਰਥੀਆਂ ਦੀ ਜਥੇਬੰਦੀ ਦੇ ਸਮਾਗਮ ਵਿਚ ਹੋਈ ਅਣਹੋਣੀ ਘਟਨਾ ਨਾਲ ਸਮੁੱਚੇ ਦੇਸ਼ ਨੂੰ ਦੁੱਖ ਪਹੁੰਚਿਆ ਹੈ। ਵਿਦਿਆਰਥੀਆਂ ਨੂੰ ਵੀ ਸਿਆਸਤ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਦੁੱਖ ਦੀ ਗਲ ਤਾਂ ਇਹ ਹੈ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਦਿਅਕ ਅਦਾਰਿਆਂ ਵਿਚ ਆਪਣੀਆਂ ਸ਼ਾਖ਼ਾਵਾਂ ਵਿਦਿਆਰਥੀਆਂ ਰਾਹੀਂ ਸਥਾਪਤ ਕਰਕੇ ਨੌਜਵਾਨਾ ਨੂੰ ਆਪਣੇ ਨਾਲ ਜੋੜਨ ਦਾ ਕੰਮ ਕਰ ਰਹੀਆਂ ਹਨ ਜੋ ਕਿ ਵਿਦਿਆਰਥੀਆਂ ਅਤੇ ਦੇਸ਼ ਦੇ ਭਵਿਖ ਲਈ ਖ਼ਤਰੇ ਦੀ ਘੰਟੀ ਹੈ। ਵਿਦਿਆਰਥੀਆਂ ਵਿਚ ਜੋਸ਼ ਅਤੇ ਖ਼ਰੋਸ਼ ਹੁੰਦਾ ਹੈ, ਉਹ ਕਿਸੇ ਵੀ ਘਟਨਾ ਉਪਰ ਬਹੁਤ ਜਲਦੀ ਬਿਨਾ ਸੰਜੀਦਗੀ ਨਾਲ ਸੋਚਿਆਂ ਆਪਣਾ ਪ੍ਰੀਕਰਮ ਦੇ ਦਿੰਦੇ ਹਨ। ਜਲਦੀ ਅਤੇ ਗੁੱਸੇ ਵਿਚ ਕੀਤਾ ਹਰ ਫ਼ੈਸਲਾ ਭਾਵੇਂ ਵਿਦਿਆਰਥੀ ਕਰਨ ਤੇ ਭਾਵੇਂ ਸਿਆਸਤਦਾਨ, ਉਹ ਹਮੇਸ਼ਾ ਹੀ ਘਾਤਕ ਸਾਬਤ ਹੁੰਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਨੇ ਜਦੋਂ ਇਹ ਯੂਨੀਵਰਸਿਟੀ ਸਥਾਪਤ ਕੀਤੀ ਸੀ ਤਾਂ ਉਨ੍ਹਾਂ ਦਾ ਮਕਸਦ ਭਾਰਤ ਦੇ ਹੁਸ਼ਿਆਰ ਅਤੇ ਗ਼ਰੀਬ ਵਿਦਿਆਰਥੀਆਂ ਨੂੰ ਸਸਤੀਆਂ ਦਰਾਂ ਤੇ ਮਿਆਰੀ ਸਿਖਿਆ ਦੇਣਾ ਸੀ। ਉਨ੍ਹਾਂ ਨੇ ਕਦੀਂ ਸੋਚਿਆ ਵੀ ਨਹੀਂ ਹੋਣਾ ਕਿ ਵਿਦਿਆ ਦੇ ਮੰਦਰ ਵਿਚੋਂ ਦੇਸ਼ ਵਿਰੋਧੀ ਨਾਹਰਿਆਂ ਦੀ ਗੂੰਜ ਆ ਸਕਦੀ ਹੈ। ਕੀ ਦੇਸ਼ ਵਿਰੋਧੀ ਬਗ਼ਾਬਤ ਦੇ ਨਾਅਰਿਆਂ ਨੂੰ ਅਜ਼ਾਦੀ ਕਿਹਾ ਜਾ ਸਕਦਾ ਹੈ? ਉਹ ਵੀ ਵਿਦਿਆਰਥੀਆਂ ਵਲੋਂ ਜਿਨ੍ਹਾਂ ਭਵਿਖ ਦੇ ਭਾਰਤ ਦੀ ਵਾਗ ਡੋਰ ਸੰਭਾਲਣੀ ਹੋਵੇ। ਇਹ ਸਮਾਗਮ ਵੀ ਹਰ ਸਾਲ ਯੂਨੀਵਰਸਿਟੀ ਵਿਚ ਹੁੰਦਾ ਸੀ ਹਮੇਸ਼ਾ ਅਜਿਹੇ ਨਾਅਰੇ ਲਗਦੇ ਰਹਿੰਦੇ ਸਨ, ਪ੍ਰੰਤੂ ਦੇਸ਼ ਵਿਰੋਧੀ ਨਹੀਂ, ਇਸ ਵਾਰ ਸਰਕਾਰ ਨੇ ਪਤਾ ਨਹੀਂ ਕਿਉਂ ਕਾਹਲੀ ਵਿਚ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਆਪਣੇ ਲਈ ਮੁਸੀਬਤ ਸਹੇੜ ਲਈ। ਅਸਲ ਵਿਚ ਸਰਕਾਰ ਆਰ.ਐਸ.ਐਸ.ਨੂੰ ਖ਼ੁਸ਼ ਰੱਖਣਾ ਚਾਹੁੰਦੀ ਹੈ ਜਿਸ ਕਰਕੇ ਉਹ ਜਲਦਬਾਜ਼ੀ ਕਰ ਗਈ। ਆਮ ਤੌਰ ਤੇ ਵੇਖਣ ਵਿਚ ਆਇਆ ਹੈ ਜਦੋਂ ਅਜਿਹੇ ਇਕੱਠ ਹੁੰਦੇ ਹਨ ਤਾਂ ਸ਼ਰਾਰਤੀ ਅਨਸਰ ਅਜੇਹੇ ਮੌਕਿਆਂ ਦਾ ਲਾਭ ਉਠਾ ਕੇ ਘੁਸ ਪੈਠ ਕਰਕੇ ਸਮੱਸਿਆ ਖੜ੍ਹੀ ਕਰ ਦਿੰਦੇ ਹਨ। ਇਸ ਯੂਨੀਵਰਸਿਟੀ ਵਿਚ ਵੀ ਇਹੋ ਕੁਝ ਵਾਪਰਿਆ ਲਗਦਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇਸ਼ ਦੀ ਪਹਿਲੇ ਨੰਬਰ ਦੀ ਮਿਆਰੀ ਅਤੇ ਸਸਤੀ ਸਿਖਿਆ ਦੇਣ ਵਾਲੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦੀ ਇਹ ਖ਼ਾਸੀਅਤ ਵੀ ਰਹੀ ਹੈ ਕਿ ਇਸ ਵਿਚ ਪੜ੍ਹੇ ਦੇਸ਼ ਦੇ ਹਰ ਖੇਤਰ ਦੇ ਮਹੱਤਵਪੂਰਨ ਵਿਦਿਆਰਥੀ ਦੇਸ਼ ਦੇ ਸਰਬਉਚ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਰਹੇ ਹਨ। ਦੇਸ਼ ਭਗਤੀ ਵਿਚ ਵੀ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਪੂਰਨ ਦੇਸ਼ ਭਗਤ ਗਿਣੇ ਜਾਂਦੇ ਹਨ ਕਿਉਂਕਿ ਇਥੋਂ ਦੀ ਸਿਖਿਆ ਹੀ ਸਰਬੋਤਮ ਹੈ ਪ੍ਰੰਤੂ ਵਿਦਿਆਰਥੀ ਸਰਕਾਰ ਦੀਆਂ ਨੀਤੀਆਂ ਦੇ ਵਿਰੁਧ ਆਮ ਤੌਰ ਤੇ ਬੋਲਦੇ ਰਹਿੰਦੇ ਹਨ। ਇਸ ਯੂਨੀਵਰਸਿਟੀ ਵਿਚ ਹਮੇਸ਼ਾ ਧਰਮ ਨਿਰਪੱਖ ਤਾਕਤਾਂ ਦਾ ਹੀ ਬੋਲਬਾਲਾ ਰਿਹਾ ਹੈ। ਅਧਿਆਪਕ ਅਤੇ ਵਿਦਿਆਰਥੀ ਯੂਨੀਅਨ ਦੇ ਅਹੁਦਿਆਂ ਤੇ ਵੀ ਹਮੇਸ਼ਾ ਖੱਬੇ ਪੱਖੀਆਂ ਦਾ ਹੀ ਕਬਜ਼ਾ ਰਿਹਾ ਹੈ।

ਵਰਤਮਾਨ ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਕਨ੍ਹਈਆ ਕੁਮਾਰ ਵੀ ਖੱਬੇ ਪੱਖੀ ਵਿਚਾਰਧਾਰਾ ਵਾਲਾ ਵਿਦਿਆਰਥੀ ਹੈ, ਜਿਸ ਕੋਲੋਂ ਦੇਸ਼ ਵਿਰੋਧੀ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਅਸਲ ਵਿਚ ਇਸ ਘਟਨਾਕਰਮ ਵਿਚ ਕਨ੍ਹਈਆ ਕੁਮਾਰ ਨੂੰ ਫਸਾਉਣ ਦਾ ਮੁੱਖ ਕਾਰਨ ਵੀ ਯੂਨੀਵਰਸਿਟੀ ਵਿਚ ਭਗਵਾਂਕਰਨ ਸਥਾਪਤ ਕਰਨਾ ਹੀ ਹੈ। ਕਿਉਂਕਿ ਕਾਹਲੀ ਵਿਚ ਜਿਹੜੀ ਐਫ.ਆਈ.ਆਰ.ਦਰਜ ਦਰਜ ਕੀਤੀ ਗਈ ਹੈ, ਉਹ ਮੌਕੇ ਦਾ ਜਾਇਜਾ ਲੈਣ ਵਾਲੇ ਐਸ.ਐਚ.ਓ ਦੀ ਰਿਪੋਰਟ ਤੇ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਦੇ ਐਮ.ਪੀ.ਮਹੇਸ਼ ਗਿਰੀ ਦੀ ਸ਼ਿਕਾਇਤ ‘ਤੇ ਅਤੇ ਆਰ.ਐਸ.ਐਸ. ਦੇ ਨੇਤਾਵਾਂ ਵਲੋਂ ਦਰਜ ਕਰਵਾਈ ਗਈ ਹੈ। ਸੀ.ਆਈ.ਡੀ.ਵੱਲੋਂ ਦਿੱਤੀ ਗਈ ਰਿਪੋਰਟ ਵਿਚ ਵੀ ਕਨ੍ਹਈਆ ਕੁਮਾਰ ਦੇ ਸਮਾਗਮ ਵਿਚ ਸਿਰਫ ਹਾਜ਼ਰ ਹੋਣ ਦਾ ਜਿਕਰ ਹੈ ਪ੍ਰੰਤੂ ਉਸ ਵੱਲੋਂ ਦੇਸ਼ ਵਿਰੋਧੀ ਬੋਲਣ ਦਾ ਕੋਈ ਜ਼ਿਕਰ ਨਹੀਂ ਅਤੇ ਨਾ ਹੀ ਕਨ੍ਹਈਆ ਕੁਮਾਰ ਨੇ ਕੋਈ ਦੇਸ਼ ਵਿਰੋਧੀ ਗੱਲ ਕੀਤੀ ਹੈ। ਟੀ.ਵੀ.ਦੀਆਂ ਰਿਪੋਰਟਾਂ ਵੀ ਇਹੋ ਦਰਸਾਉਂਦੀਆਂ ਹਨ। ਐਫ.ਆਈ.ਆਰ.ਵੀ ਅਣਪਛਾਤੇ ਵਿਅਕਤੀਆਂ ਦੇ ਵਿਰੁਧ ਹੈ ਫਿਰ ਕਨ੍ਹਈਆ ਕੁਮਾਰ ਵਿਰੁਧ ਦੇਸ਼ ਧਰੋਹ ਦਾ ਸੰਗੀਨ ਧਾਰਾ 124-ਏ ਅਧੀਨ ਮੁਕੱਦਮਾ ਕਿਉਂ ਦਰਜ ਗਿਆ ਹੈ? ਅਜੇ ਤੱਕ ਉਸ ਵਿਰੁਧ ਕੋਈ ਸਬੂਤ ਨਹੀਂ ਹਨ। ਦੇਸ਼ ਦੇ ਗ੍ਰਹਿ ਮੰਤਰੀ ਨੇ ਵੀ ਪਤਾ ਨਹੀਂ ਕਿਉਂ ਜਲਦਬਾਜੀ ਵਿਚ ਕਨ੍ਹਈਆ ਕੁਮਾਰ ਨੂੰ ਬਿਨਾ ਸਬੂਤਾਂ ਦੇ ਦੋਸ਼ੀ ਕਹਿ ਦਿੱਤਾ। ਦੇਸ਼ ਵਿਰੋਧੀ ਨਾਅਰੇਬਾਜ਼ੀ ਕਰਨਾ ਕਦੀਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਇਹ ਪੜਤਾਲ ਕਰਨੀ ਤਾਂ ਜ਼ਰੂਰੀ ਬਣਦੀ ਸੀ ਕਿ ਇਹ ਨਾਅਰੇਬਾਜ਼ੀ ਕਿਸ ਨੇ ਕੀਤੀ ਹੈ? ਇਸ ਤੋਂ ਪਹਿਲਾਂ ਵੀ 1983 ਵਿਚ ਇਕ ਵਾਰ ਜਦੋਂ ਯੂਨੀਅਨ ਦੇ ਪ੍ਰਧਾਨ ਨੂੰ ਯੂਨੀਵਰਸਿਟੀ ਵਿਚੋਂ ਕੱਢ ਦਿੱਤਾ ਸੀ ਤਾਂ ਯੂ.ਪੀ.ਏ.ਸਰਕਾਰ ਨੇ ਜਦੋਂ ਵਿਦਿਆਰਥੀਆਂ ਨੇ ਉਪ ਕੁਲ ਪਤੀ ਨੂੰ ਉਸਦੇ ਘਰ ਵਿਚ ਹੀ ਘੇਰਾ ਪਾ ਲਿਆ ਸੀ ਤਾਂ ਪੁਲਿਸ ਨੇ ਇਰਾਦਾ ਕਤਲ ਦੀ ਸ਼ਾਜਸ਼ ਅਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਸੀ ਜਿਸ ਨੂੰ ਬਾਅਦ ਵਿਚ ਵਾਪਿਸ ਲੈ ਲਿਆ ਸੀ। ਇਹ ਪੁਲਿਸ ਦਾ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਡਰਾਉਣ ਦਾ ਸਾਧਨ ਰਿਹਾ ਹੈ।

ਇਥੇ ਹੀ ਬਸ ਨਹੀਂ ਆਰ.ਐਸ.ਐਸ.ਅਤੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਨੇ ਤਾਂ ਸਰਕਾਰ ਦੀ ਸ਼ਹਿ ਤੇ ਕਾਨੂੰਨ ਹੀ ਆਪਣੇ ਹੱਥਾਂ ਵਿਚ ਲੈ ਲਿਆ ਜਦੋਂ 400 ਪੁਲਿਸ ਮੁਲਾਜ਼ਮਾ ਦੀ ਹਾਜ਼ਰੀ ਵਿਚ ਉਨ੍ਹਾਂ ਪੱਤਰਕਾਰਾਂ ਅਤੇ ਕਨ੍ਹਈਆ ਕੁਮਾਰ ਨੂੰ ਕਚਹਿਰੀ ਵਿਚ ਪੇਸ਼ੀ ਭੁਗਤਣ ਆਏ ਨੂੰ ਕੁਟਾਪਾ ਚਾੜ੍ਹ ਦਿੱਤਾ। ਭਾਰਤੀ ਜਨਤਾ ਪਾਰਟੀ ਦਾ ਵਿਧਾਨਕਾਰ ਓ.ਪੀ.ਸ਼ਰਮਾ ਅਤੇ ਬਿਕਰਮ ਚੌਹਾਨ ਦੀਆਂ ਪੱਤਰਕਾਰਾਂ ਅਤੇ ਕਨ੍ਹਈਆ ਕੁਮਾਰ ਨੂੰ ਕੁਟਣ ਦੀਆਂ ਫੋਟੋਆਂ ਵੀ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋ ਚੁੱਕੀਆਂ ਹਨ ਪ੍ਰੰਤੂ ਬਿਕਰਮ ਚੌਹਾਨ ਅਤੇ ਓ.ਪੀ.ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ ਉਸੇ ਦਿਨ ਪੁਲਿਸ ਨੇ ਆਪ ਹੀ ਜ਼ਮਾਨਤ ਤੇ ਛੱਡ ਦਿੱਤਾ। ਇਥੋਂ ਤੱਕ ਕਿ ਸੁਪਰੀਮ ਕੋਰਟ ਵੱਲੋਂ ਐਨ.ਡੀ.ਜੈ ਪ੍ਰਕਾਸ਼ ਵੱਲੋਂ ਜਨ ਹਿਤ ਵਿਚ ਦਾਇਰ ਕੀਤੇ ਕੇਸ ਤੇ ਹਾਲਾਤ ਦਾ ਜਾਇਜਾ ਲੈਣ ਲਈ 6 ਸੀਨਅਰ ਵਕੀਲਾਂ ਦੀ ਭੇਜੀ ਗਈ ਟੀਮ ਨਾਲ ਵੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਦੁਰਵਿਵਹਾਰ ਕੀਤਾ ਹੈ, ਜਿਨ੍ਹਾਂ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਪੁਲਿਸ ਮੂਕ ਦਰਸ਼ਕ ਬਣੀ ਰਹੀ ਹੈ। ਦਹਿਸ਼ਤ ਦਾ ਮਾਹੌਲ ਬਣਿਆਂ ਹੋਇਆ ਹੈ। ਸੁਪਰੀਮ ਕੋਰਟ ਨੇ ਅਗਲੇ ਹੁਕਮਾ ਤੱਕ ਕਨ੍ਹਈਆ ਕੁਮਾਰ ਦੇ ਮੁਕੱਦਮੇ ਤੇ ਰੋਕ ਲਗਾ ਦਿੱਤੀ ਹੈ। ਕਨ੍ਹਈਆ ਕੁਮਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੇਸ਼ ਭਗਤ ਹੈ ਅਤੇ ਕੋਰਟ ਵਿਚ ਪੂਰਾ ਵਿਸ਼ਵਾਸ਼ ਰੱਖਦਾ ਹੈ। ਜਮਾਨਤ ਤੇ ਆਉਣ ਤੋਂ ਬਾਅਦ ਕਨ੍ਹਈਆ ਕੁਮਾਰ ਨੇ ਕਿਹਾ ਹੈ ਕਿ ਉਹ ਦੇਸ਼ ਦੇ ਵਿਰੁਧ ਨਹੀਂ ਸਗੋਂ ਉਹ ਤਾਂ ਦੇਸ਼ ਦੇ ਅੰਦਰ ਅਜ਼ਾਦੀ ਚਾਹੁੰਦਾ ਹੈ। ਉਸ ਨੇ ਇਹ ਵੀ ਸਾਫ ਕਿਹਾ ਹੈ ਕਿ ਉਹ ਸਿਆਸਤ ਵਿਚ ਨਹੀਂ ਆਉਦਾ ਚਾਹੁੰਦਾ, ਉਹ ਇਕ ਵਿਦਿਆਰਥੀ ਹੀ ਰਹਿਣਾ ਚਾਹੁੰਦਾ ਹੈ। ਇਸ ਯੂਨੀਵਰਸਿਟੀ ਦੀ ਖਾਸੀਅਤ ਹੈ ਕਿ ਇਥੇ ਵਿਦਿਆਰਥੀਆਂ ਨੂੰ ਆਪਣੀ ਗੱਲ ਕਹਿਣ ਦੀ ਅਜ਼ਾਦੀ ਹੈ। ਅਧਿਆਪਕ ਅਤੇ ਵਿਦਿਆਰਥੀ ਹਮੇਸ਼ਾ ਇਕਸੁਰ ਰਹਿੰਦੇ ਹਨ। ਇਸੇ ਕਰਕੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਕਨ੍ਹਈਆ ਕੁਮਾਰ ਦੇ ਕੇਸ ਵਿਚ ਇਕਮੁਠ ਹਨ। ਭਾਵੇਂ ਹੋਰ ਪਾਰਟੀਆਂ ਨਾਲ ਹਮਦਰਦੀ ਰੱਖਣ ਵਾਲੇ ਵਿਦਿਆਰਥੀ ਵੀ ਮੌਜੂਦ ਹਨ ਪ੍ਰੰਤੂ ਇਸ ਘਟਨਾਕਰਮ ਵਿਚ ਸਾਰੇ ਇਕਮਤ ਹਨ। ਦੁੱਖ ਦੀ ਗੱਲ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਵਿਦਿਅਕ ਅਦਾਰਿਆਂ ਦੀ ਖ਼ੁਦਮੁਖ਼ਤਾਰੀ ਦੇ ਮੁੱਦੇ ਤੇ ਸਿਆਸਤ ਕਰ ਰਹੀਆਂ ਹਨ।

ਦੇਸ਼ ਦੀ ਏਕਤਾ ਅਤੇ ਅਖ਼ੰਡਤਾ ਸੰਬੰਧੀ ਸਿਆਸੀ ਪਾਰਟੀਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਆਮ ਲੋਕ ਮਹਿਸੂਸ ਕਰ ਰਹੇ ਹਨ ਕਿ ਪਾਰਟੀ ਜਨਤਾ ਪਾਰਟੀ ਦੀ ਸਰਕਾਰ ਵਿਦਿਅਕ ਅਦਾਰਿਆਂ ਦਾ ਭਗਵਾਂਕਰਨ ਕਰਨ ਜਾ ਰਹੀ ਹੈ। ਯੂਨੀਵਰਸਿਟੀਆਂ ਵਿਚ ਆਰ.ਐਸ.ਐਸ.ਦੇ ਵਿਦਿਅਕ ਮਾਹਿਰਾਂ ਨੂੰ ਉਪ ਕੁਲਪਤੀ ਲਗਾਉਣ ਅਤੇ ਵਿਦਿਆਰਥੀ ਯੂਨੀਅਨਾ ਤੇ ਵੀ ਕਬਜ਼ਾ ਕਰਨ ਦਾ ਉਪਰਾਲਾ ਕਰਕੇ ਹੀ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਅਸਥਿਰਤਾ ਦਾ ਮਾਹੌਲ ਬਣਿਆਂ ਹੋਇਆ ਹੈ। ਸੰਸਾਰ ਦੇ 500 ਤੋਂ ਉਪਰ ਵਿਦਿਅਕ ਮਾਹਿਰਾਂ ਅਤੇ ਨੋਬਲ ਪ੍ਰਾਈਜ਼ ਜੇਤੂਆਂ ਨੇ ਇਸ ਘਟਨਾ ਦੀ ਨਿਖੇਧੀ ਕਰਕੇ ਕਨ੍ਹਈਆ ਕੁਮਾਰ ਦੇ ਹੱਕ ਵਿਚ ਬਿਆਨ ਦਿੱਤਾ ਹੈ। ਅਮਨੈਸਟੀ ਇੰਟਰਨੈਸ਼ਨਲ ਦੇ ਭਾਰਤ ਵਿਚ ਪ੍ਰੋਗਰਾਮਾ ਸੰਬੰਧੀ ਡਾਇਰੈਕਟਰ ਤਾਰਾ ਰਾਓ ਨੇ ਵੀ ਕਨ੍ਹਈਆ ਕੁਮਾਰ ਦੇ ਹੱਕ ਵਿਚ ਵਕਾਲਤ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਵਿਦੇਸ਼ਾਂ ਵਿਚ ਮਨੁਖੀ ਹੱਕਾਂ ਦੀ ਰਾਖੀ ਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਅਸਲੀਅਤ ਇਹ ਹੈ ਕਿ ਭਾਰਤ ਵਿਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਚੰਡੀਗੜ੍ਹ ਵਿਚ ਮਾਰਕਸੀ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਭਾਰਤੀ ਜਨਤਾ ਪਾਰਟੀ ਵਿਚ ਵੀ ਸਰਕਾਰ ਦਾ ਸੁਚੱਜੇ ਢੰਗ ਨਾਲ ਗੰਭੀਰ ਸਮੱਸਿਆ ਨੂੰ ਹੱਲ ਕਰਨ ਵਿਚ ਵਰਤੀ ਗਈ ਅਣਗਹਿਲੀ ਕਰਕੇ ਬਗ਼ਾਬਤੀ ਸੁਰਾਂ ਉਠ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਸ਼ਤਰੂਘਨ ਸਿਨਹਾ ਨੇ ਵੀ ਵਿਦਿਆਰਥੀਆਂ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ਹੈ।

ਜਵਾਹਰ ਲਾਲ ਯੂਨੀਵਰਸਿਟੀ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਦਿਅਰਥੀ ਵਿੰਗ ਏ.ਬੀ.ਵੀ.ਪੀ.ਦੇ ਤਿੰਨ ਅਹੁਦੇਦਾਰਾਂ ਜਿਨ੍ਹਾਂ ਵਿਚ ਸੰਯੁਕਤ ਸਕੱਤਰ ਪ੍ਰਦੀਪ ਨਰਵਾਲ ਅਤੇ ਜੇ.ਐਨ.ਯੂ. ਦੇ ਸਕੂਲ ਆਫ ਸ਼ੋਸ਼ਲ ਸਾਇੰਸਜ਼ ਵਿਚ ਏ.ਬੀ.ਵੀ.ਪੀ. ਇਕਾਈ ਦੇ ਪ੍ਰਧਾਨ ਰਾਹੁਲ ਯਾਦਵ ਅਤੇ ਸਕੱਤਰ ਅੰਕਿਤ ਹੰਸ ਨੇ ਵੀ ਸਾਰੀ ਖੱਬੇ ਪੱਖੀ ਧਿਰ ਨੂੰ ਦੇਸ਼ ਵਿਰੋਧੀ ਆਖਣ ਅਤੇ ਵਿਚਾਰਧਾਰਾ ਨੂੰ ਕੁਚਲਣ ਦੇ ਮੁੱਦੇ ਨਾਲ ਸਰਕਾਰ ਦੇ ਨਜਿਠਣ ਵਿਰੁਧ ਬਗ਼ਾਬਤ ਕਰਕੇ ਵਿਰੋਧ ਵਜੋਂ ਅਸਤੀਫ਼ੇ ਦੇ ਦਿੱਤੇ ਹਨ। ਇਸ ਸਾਰੇ ਘਟਨਾਕਰਮ ਤੋਂ ਬਾਅਦ ਸਰਕਾਰ ਨੂੰ ਸੰਜੀਦਗੀ ਤੋਂ ਕੰਮ ਲੈਂਦਿਆਂ ਵਿਦਿਆਰਥੀਆਂ ਦੇ ਮਸਲੇ ਨਜਿਠਣ ਸਮੇਂ ਹਲੀਮੀ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਥ ਵੇਮੁਲਾ ਦੀ ਆਤਮ ਹੱਤਿਆ ਕਰਕੇ ਵਿਦਿਅਰਥੀ ਵਰਗ ਵਿਚ ਅਸੰਤੁਸ਼ਟਤਾ ਪੈਦਾ ਹੋ ਚੁੱਕੀ ਹੈ। ਸਿਆਸਤਦਾਨਾ ਨੂੰ ਵੀ ਸੰਜਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਰਾਹੁਲ ਗਾਂਧੀ ਨੂੰ ਵੀ ਯੂਨੀਵਰਸਿਟੀ ਵਿਚ ਜਾਣ ਤੋਂ ਅਤੇ ਫ਼ੋਕੀ ਸ਼ਾਹਬਾ ਵਾਹਬਾ ਲੈਣ ਤੋਂ ਗੁਰੇਜ ਕਰਨਾ ਚਾਹੀਦਾ ਸੀ। ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਅਤੇ ਖੱਬੇ ਤੇ ਸੱਜੇ ਪੱਖੀ ਜੋ ਆਪਣੇ ਆਪ ਨੂੰ ਦੇਸ਼ ਭਗਤ ਕਹਾਉਂਦੇ ਹਨ, ਉਹ ਦੇਸ਼ ਵਿਰੋਧੀ ਨਾਅਰੇ ਲਾਉਣ ਵਾਲਿਆਂ ਦੀ ਸਪੋਰਟ ਕਰਕ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ, ਇਹ ਸਮਝ ਤੋਂ ਬਾਹਰ ਹੈ।

ਸਿਆਸਤਦਾਨਾ ਨੂੰ ਸੰਕੋਚ ਤੋਂ ਕੰਮ ਲੈਂਦਿਆਂ ਵਿਦਿਅਕ ਅਦਾਰਿਆਂ ਨੂੰ ਸਿਆਸਤ ਦਾ ਮੈਦਾਨ ਨਹੀਂ ਬਣਾਉਣਾ ਚਾਹੀਦਾ। ਦੁੱਖ ਦੀ ਗੱਲ ਹੈ ਕਿ ਯੂਨੀਵਰਸਿਟੀ ਦੀ ਇਸ ਮੰਦਭਾਗੀ ਘਟਨਾ ਵਿਚ ਪ੍ਰਧਾਨ ਮੰਤਰੀ ਦੀ ਚੁੱਪ ਵੀ ਰੜਕਦੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਹਰ ਨਿੱਕੀ ਸਿਆਸੀ ਗੱਲ ਤੇ ਆਪਣਾ ਪ੍ਰਤੀਕਰਮ ਦਿੰਦੇ ਰਹਿੰਦੇ ਹਨ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਪੁਲਿਸ ਰਾਹੀਂ ਬਿਨਾ ਵਜਾਹ ਹੀ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਪੰਗਾ ਲੈ ਲਿਆ ਹੈ ਕਿਉਂਕਿ ਵਿਦਿਆਰਥੀ ਵਰਗ ਤਾਂ ਪਹਿਲਾਂ ਰੋਹਿਥ ਵੇਮੁਲਾ ਦੀ ਆਤਮ ਹੱਤਿਆ ਤੋਂ ਦੁੱਖੀ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>