ਮੇਰਾ ਕਸੂਰ ਕੀ ਸੀ?

ਮੈਂ ਅੱਜ ਛਪ ਚੁੱਕੀਆਂ ਅਸਲ ਘਟਨਾਵਾਂ ਦੀਆਂ ਖ਼ਬਰਾਂ ਵਿਚਲੀਆਂ ਨਾਇਕਾਵਾਂ ਦਾ ਸਵਾਲ ਸਭ ਦੇ ਸਾਹਮਣੇ ਰੱਖ ਰਹੀ ਹਾਂ।

1. ਮੈਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਰਹਿੰਦੀ ਸੀ। ਮੇਰੀ ਉਮਰ 12 ਸਾਲ ਦੀ ਸੀ। ਮੇਰਾ ਪਿਓ ਮਜ਼ਦੂਰੀ ਕਰਦਾ ਸੀ ਤੇ ਬੜਾ ਔਖਾ ਸਾਡੇ ਟੱਬਰ ਦਾ ਢਿੱਡ ਭਰਦਾ ਸੀ। ਉਸ ਦਿਨ ਵੀ ਮੈਂ ਘਰ ਵਿਚ ਇਕੱਲੀ ਸੀ ਕਿਉਂਕਿ ਮਾਪੇ ਰੋਜ਼ ਵਾਂਗ ਮਜ਼ਦੂਰੀ ਕਰਨ ਗਏ ਸੀ। ਮੇਰੇ ਪਿਓ ਤੋਂ ਵੀ ਵੱਡੀ ਉਮਰ ਦਾ ਸਾਡੇ ਘਰੋਂ ਬਾਹਰ ਸਮੋਸਿਆਂ ਦੀ ਰੇਹੜੀ ਲਾਉਂਦਾ ਬੰਦਾ ਮੈਨੂੰ ਇਕੱਲੀ ਨੂੰ ਵੇਖ ਕੇ ਘਰ ਵਿਚ ਵੜ ਗਿਆ। ਮੇਰਾ ਮੂੰਹ ਘੁੱਟ ਕੇ ਬੰਨ੍ਹ ਕੇ ਮੇਰਾ ਉਹ ਹਸ਼ਰ ਕੀਤਾ ਕਿ ਮੈਂ ਪੀੜ੍ਹ ਨਾਲ ਕੁਰਲਾ ਉ¤ਠੀ। ਮੈਨੂੰ ਡਰਾਇਆ ਧਮਕਾਇਆ ਗਿਆ ਕਿ ਜੇ ਮੈਂ ਮੂੰਹ ਖੋਲ੍ਹਿਆ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ ਤੇ ਸਾਰੇ ਮੁਹੱਲੇ ਵਿਚ ਬਦਨਾਮ ਕੀਤਾ ਜਾਵੇਗਾ। ਸਾਰੀ ਰਾਤ ਪੀੜ ਨਾਲ ਮੈਂ ਸੌਂ ਨਹੀਂ ਸਕੀ। ਅਗਲੇ ਦਿਨ ਫਿਰ ਮੈਨੂੰ ਜਿਨਸੀ ਸੰਬੰਧਾਂ ਲਈ ਧੱਕੋਜ਼ੋਰੀ ਉਸ ਬੰਦੇ ਨੇ ਮਧੋਲਿਆ। ਅੱਠ ਦਿਨ ਲਗਾਤਾਰ ਮੈਨੂੰ ਉਸ ਨੇ ਹਰ ਤਰ੍ਹਾਂ ਜ਼ਲੀਲ ਕੀਤਾ ਤੇ ਅਖ਼ੀਰ ਮੈਂ ਕੁਰਲਾ ਉੱਠੀ। ਅੱਠਵੇਂ ਦਿਨ ਮੈਂ ਆਪਣਾ ਪੂਰਾ ਜ਼ੋਰ ਲਾ ਕੇ ਚੀਕਣ ਦੀ ਕੋਸ਼ਿਸ਼ ਕੀਤੀ ਕਿ ਮੈਂ ਹੋਰ ਜ਼ੁਲਮ ਨਹੀਂ ਸਹਿਣਾ ਤੇ ਆਪਣੇ ਮਾਪਿਆਂ ਨੂੰ ਸਭ ਕੁੱਝ ਦਸ ਦੇਣਾ ਹੈ। ਉਸਨੇ ਇਹ ਸੁਣਦੇ ਸਾਰ ਮਿੱਟੀ ਦਾ ਤੇਲ ਚੁੱਕ ਕੇ ਮੇਰੇ ਉ¤ਤੇ ਉਲਟਾ ਦਿੱਤਾ ਤੇ ਅੱਗ ਲਾ ਦਿੱਤੀ। ਮੇਰੀਆਂ ਚੀਕਾਂ ਸੁਣ ਕੇ ਮੇਰੀ ਛੋਟੀ ਭੈਣ ਨੇ ਭੱਜ ਕੇ ਮੇਰੇ ਪਿਤਾ ਨੂੰ ਸਭ ਦੱਸਿਆ। ਜਦੋਂ ਤਕ ਉਹ ਮੇਰੇ ਕੋਲ ਪਹੁੰਚਦੇ, ਮੈਂ ਪੂਰੀ ਤਰ੍ਹਾਂ ਸੜ੍ਹ ਚੁੱਕੀ ਸੀ। ਮੈਨੂੰ ਝਟਪਟ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮੇਰੀ ਹਾਲਤ ਵੇਖਦਿਆਂ ਅੱਗੋਂ ਪੀ.ਜੀ.ਆਈ. ਭੇਜ ਦਿੱਤਾ। ਉ¤ਥੇ ਮੇਰਾ ਆਖ਼ਰੀ ਸਾਹ ਵੇਖਦਿਆਂ ਉਨ੍ਹਾਂ ਦਾਖ਼ਲ ਹੀ ਨਹੀਂ ਕੀਤਾ ਤੇ ਵਾਪਸ ਘਰ ਭੇਜ ਦਿੱਤਾ। ਘਰ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਸਾਹਾਂ ਦੀ ਲੜੀ ਟੁੱਟ ਗਈ। ਮੈਂ ਵਾਪਸ ਆਪਣੇ ਘਰ ਅੰਦਰ ਲਾਸ਼ ਬਣ ਕੇ ਹੀ ਵੜੀ। ਮੈਨੂੰ ਮਾਰਨ ਵਾਲੇ ਨੂੰ ਫੜਨ ਲਈ ਪੁਲਿਸ ਤਿਆਰ ਨਹੀਂ ਸੀ। ਮੇਰੀ ਮਾਂ, ਮੇਰੇ ਪਿਓ, ਮੇਰੀ ਭੈਣ ਤੇ ਆਂਢੀਆਂ-ਗੁਆਂਢੀਆਂ ਵੱਲੋਂ ਦਿੱਲੀ ਵੱਲ ਜਾਂਦਾ ਕੌਮੀ ਮਾਰਗ ਜਾਮ ਕਰਨ ਬਾਅਦ ਹੀ ਪੁਲਿਸ ਨੇ ਮੁਲਾਜ਼ਮ ਨੂੰ ਗਿਰਫ਼ਤਾਰ ਕਰਨ ਦਾ ਭਰੋਸਾ ਦਿੱਤਾ।

ਮੇਰਾ ਕਸੂਰ ਕੀ ਸੀ?

2. ਮੈਂ ਬਹੁਤ ਮਜ਼ੇ ਨਾਲ ਇਕ-ਇਕ ਸੈੱਲ ਵਾਂਗ ਵਧ ਰਹੀ ਸੀ। ਮਾਂ ਦੇ ਢਿੱਡ ਅੰਦਰਲਾ ਨਿੱਘ ਕਿੰਨਾ ਵਧੀਆ ਹੁੰਦਾ ਹੈ। ਫੇਰ ਇਕ ਦਿਨ ਸਾਡਾ ਪਿਆਰਾ ਕੁੱਤਾ ਮਰ ਗਿਆ ਤਾਂ ਮੇਰੇ ਪਾਪਾ ਨੇ ਉਸਨੂੰ ਖੱਡਾ ਪੁੱਟ ਕੇ ਧਰਤੀ ਵਿਚ ਦੱਬ ਦਿੱਤਾ। ਉਸ ਤੋਂ ਦੋ ਕੁ ਹਫ਼ਤੇ ਬਾਅਦ ਹੀ ਮੈਨੂੰ ਮਾਂ ਦੇ ਢਿੱਡ ਵਿੱਚੋਂ ਚਾਕੂਆਂ ਨਾਲ ਕੱਟ ਕੇ ਟੋਟੇ-ਟੋਟੇ ਕਰ ਕੇ ਬਾਹਰ ਕੱਢ ਦਿੱਤਾ ਗਿਆ। ਫੇਰ ਕਲੀਨਿਕ ਦੀ ਬੀਬੀ ਨੇ ਮੇਰੇ ਬਚੇ ਹੋਏ ਸਾਹਾਂ ਸਮੇਤ ਲਹੂ ਲੁਹਾਨ ਹੋਈ ਨੂੰ ਕੂੜੇ ਦੀ ਬਾਲਟੀ ਵਿਚ ਸੁੱਟ ਦਿੱਤਾ। ਮੇਰੀ ਮਾਂ ਨੇ ਇਕ ਵਾਰ ਵੀ ਮੈਨੂੰ ਨਹੀਂ ਸਹਿਲਾਇਆ। ਮੇਰੇ ਪਾਪਾ ਨੇ ਇਕ ਵਾਰ ਵੀ ਮੇਰੇ ਸਰੀਰ ਵਿੱਚੋਂ ਰਿਸਦੇ ਲਹੂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੁੱਤਿਆਂ ਨੇ ਵੀ ਨੋਚਿਆ। ਕੀੜਿਆਂ ਨੇ ਵੀ ਚੱਬਿਆ। ਮੇਰੀ ਚੀਕ ਕਿਸੇ ਨੇ ਨਹੀਂ ਸੁਣੀ। ਕੀ ਮੈਂ ਕੁੱਤੇ ਤੋਂ ਵੀ ਮਾੜੀ ਸੀ? ਉਸਨੂੰ ਘਰ ਦੇ ਅੰਦਰ ਹੀ ਦੱਬਿਆ ਤੇ ਮੈਨੂੰ ਕਟ ਵੱਢ ਕੇ ਕਾਵਾਂ, ਕੁੱਤਿਆਂ ਕੋਲੋਂ ਚਬਵਾਇਆ ਗਿਆ!

ਮੇਰਾ ਕਸੂਰ ਕੀ ਸੀ?

3.     ਮੈਨੂੰ 12 ਵਰ੍ਹਿਆਂ ਦੀ ਅਸਟ੍ਰੇਲੀਆ ਹੀ ਜੰਮੀ ਪਲੀ ਨੂੰ ਉ¤ਥੋਂ ਧੱਕੇ ਨਾਲ ਭਾਰਤ ਵਿਖਾਉਣ ਲਈ ਲਿਆਇਆ ਗਿਆ। ਮੇਰੇ ਮੰਮੀ ਤੇ ਭੂਆ ਨੂੰ ਪਤਾ ਨਹੀਂ ਕਿਉਂ ਭਾਰਤ ਏਨਾ ਪਸੰਦ ਸੀ। ਮੇਰੇ ਪਿਤਾ ਨੇ ਵੀ ਪੂਰਾ ਹਫ਼ਤਾ ਲਾ ਕੇ ਮੈਨੂੰ ਮਨਾਇਆ ਕਿ ਮੈਂ ਇਕ ਵਾਰ ਜ਼ਰੂਰ ਉਨ੍ਹਾਂ ਦੀ ਜਨਮ ਵਾਲੀ ਧਰਤੀ ਉੱਤੇ ਪੈਰ ਪਾਵਾਂ। ਉਨ੍ਹਾਂ ਕਿਹਾ ਕਿ ਸਿਰਫ਼ ਇਕ ਵਾਰ ਜਾਣ ਨਾਲ ਵੀ ਜਿਹੜੀਆਂ ਮੋਹ ਦੀਆਂ ਤੰਦਾਂ ਜੁੜ ਜਾਣੀਆਂ ਹਨ, ਉਸ ਦਾ ਇਹਸਾਸ ਜ਼ਰੂਰ ਕਰਨਾ ਚਾਹੀਦਾ ਹੈ।

ਮੈਂ ਹੈਰਾਨ ਸੀ ਕਿ ਅਸਟ੍ਰੇਲੀਆ ਦੀ ਜੰਮਪਲ ਹੋਣ ਸਦਕਾ ਭਲਾ ਮੈਂ ਭਾਰਤ ਵਰਗੇ ਦੇਸ ਨਾਲ ਕਿਸ ਤਰ੍ਹਾਂ ਦੀ ਪੱਕੀ ਪੀਡੀ ਸਾਂਝ ਗੰਢ ਸਕਦੀ ਹਾਂ? ਕਿੰਨੀਆਂ ਹੀ ਯਾਦਾਂ ਸੁਣਦਿਆਂ ਅਖ਼ੀਰ ਸਾਡਾ ਜਹਾਜ਼ ਭਾਰਤ ਉਤਰ ਗਿਆ। ਵਾਰ-ਵਾਰ ਮੇਰੀ ਮਾਂ ਤੇ ਭੂਆ ‘ਮਿੱਟੀ ਦੀ ਸੁਗੰਧ’ ਦੀ ਗੱਲ ਕਰ ਰਹੀਆਂ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਭਲਾ ਕਿਸ ਤਰ੍ਹਾਂ ਦੀ ਖੁਸ਼ਬੂ ਹੋਵੇਗੀ ਭਾਰਤ ਦੀ ਧਰਤੀ ਦੀ, ਜਿਹੜੀ ਮੇਰੇ ਟੱਬਰ ਨੂੰ ਅਸਟ੍ਰੇਲੀਆ ਵਿਚ ਵੀ ਨਹੀਂ ਭੁੱਲੀ।

ਆਪਣਿਆਂ ਦੀਆਂ ਘੁੱਟ ਕੇ ਪਾਈਆਂ ਜੱਫ਼ੀਆਂ, ਪਿਆਰ-ਦੁਲਾਰ, ਗੋਦੀ ਵਿਚ ਚੁੱਕਣਾ, ਨਵੇਂ ਕੱਪੜੇ ਤੇ ਖ਼ੌਰੇ ਕਿੰਨਾ ਕੁੱਝ ਹੋਰ ਦੱਸਦਿਆਂ ਮੇਰੀ ਮਾਂ ਤੇ ਭੂਆ ਦਾਅਵੇ ਕਰ ਰਹੀਆਂ ਸਨ ਕਿ ਮੇਰੀ ਫਰਵਰੀ 2016 ਦੀ ਭਾਰਤ ਫੇਰੀ ਜ਼ਿੰਦਗੀ ਭਰ ਦੀ ਯਾਦ ਬਣ ਕੇ ਰਹਿ ਜਾਣ ਵਾਲੀ ਹੈ।

ਦਿੱਲੀਓਂ ਟੈਕਸੀ ਕਰ ਕੇ ਪੰਜਾਬ ਵੱਲ ਆਉਂਦਿਆਂ ਮੈਨੂੰ ਭੀੜ ਤੇ ਮਿੱਟੀ ਘੱਟਾ ਹੀ ਦਿਸ ਰਹੇ ਸਨ। ਰਾਤ ਪੈ ਗਈ ਸੀ। ਮੈਨੂੰ ਤਾਂ ਦਿੱਲੀ ਦੇ ਅੰਦਰੋਂ ਨਿਕਲਦੇ-ਨਿਕਲਦੇ ਹੀ ਲੱਗੇ ਸਵਾ ਕੁ ਘੰਟੇ ’ਚ ਨੀਂਦਰ ਆ ਗਈ। ਸੁਫ਼ਨਿਆਂ ਵਿਚ ਪੰਜਾਬ ਦਾ ਮਾਹੌਲ ਸਿਰਜ ਰਹੀ ਸੀ ਕਿ ਇਕਦਮ ਜ਼ੋਰ ਦਾ ਖੜਾਕ ਸੁਣ ਕੇ ਤ੍ਰਭਕ ਕੇ ਨੀਂਦਰ ਖੁੱਲ੍ਹ ਗਈ।

ਮੇਰੀ ਮੰਮੀ ਨੇ ਮੈਨੂੰ ਘੁੱਟ ਕੇ ਜੱਫ਼ੀ ਪਾ ਲਈ। ਮੈਨੂੰ ਕੁੱਝ ਸਮਝ ਹੀ ਨਹੀਂ ਆਈ ਕਿ ਕੀ ਹੋ ਗਿਆ। ਅਗਲੀ ਸੀਟ ਉ¤ਤੇ ਬੈਠੇ ਮੇਰੇ ਪਾਪਾ ਦੇ ਸਿਰ ’ਚੋਂ ਲਹੂ ਵਹਿ ਰਿਹਾ ਸੀ। ਕਾਰ ਦੇ ਬਾਹਰ ਢੇਰ ਸਾਰੇ ਲੋਕਾਂ ਦੇ ਹੱਥਾਂ ’ਚ ਲੋਹੇ ਦੀਆਂ ਰਾਡਾਂ ਫੜੀਆਂ ਹੋਈਆਂ ਸਨ। ਕੁੱਝ ਦੇ ਹੱਥਾਂ ਵਿਚ ਤੇਲ ਦੀਆਂ ਕੇਨੀਆਂ ਫੜੀਆਂ ਸਨ ਜੋ ਸਾਡੀ ਕਾਰ ਉ¤ਤੇ ਰੋੜ੍ਹ ਰਹੇ ਸਨ। ਕਾਰ ਦਾ ਅਗਲਾ ਸ਼ੀਸ਼ਾ ਉਨ੍ਹਾਂ ਨੇ ਤੋੜ ਦਿੱਤਾ ਸੀ ਜੋ ਮੇਰੇ ਪਾਪਾ ਦੇ ਸਿਰ ਵਿਚ ਵੱਜਿਆ ਹੋਇਆ ਸੀ।

ਟੈਕਸੀ ਡਰਾਈਵਰ ਉੱਚੀ-ਉੱਚੀ ਚੀਕ ਕੇ ਟੈਕਸੀ ਵਿੱਚੋਂ ਬਾਹਰ ਭੱਜ ਗਿਆ। ਉਹ ਚੀਕ ਰਿਹਾ ਸੀ, ‘‘ਰੈਜ਼ਰਵੇਸ਼ਨ ਲਈ ਜਾਟ ਪ੍ਰਦਰਸ਼ਨਕਾਰੀ ਘੇਰ ਰਹੇ ਨੇ। ਮੁਰਥਲ ਦੀ ਹਵੇਲੀ ਜਾਂ ਸੁਖਦੇਵ ਢਾਬੇ ਵੱਲ ਭੱਜ ਲਵੋ।’’

ਬਾਹਰ ਆਪੋ ਧਾਪੀ ਪਈ ਹੋਈ ਸੀ। ਕਾਰ ਦਾ ਦਰਵਾਜ਼ਾ ਖੋਲ੍ਹ ਅਸੀਂ ਸਾਰੇ ਵੀ ਆਪਣਾ ਸਾਰਾ ਸਮਾਨ ਵਿੱਚੇ ਛੱਡ ਕੇ ਬਾਹਰ ਵੱਲ ਭੱਜੇ। ਮੈਨੂੰ, ਮੇਰੀ ਭੂਆ ਤੇ ਮੇਰੀ ਮਾਂ ਨੂੰ ਝਟਪਟ ਭੀੜ ਨੇ ਘੜੀਸ ਲਿਆ। ਪਤਾ ਨਹੀਂ ਹਨ੍ਹੇਰੇ ਵਿਚ ਕਿਸਨੇ ਮੇਰੀਆਂ ਲੱਤਾਂ ਤੋਂ ਫੜ੍ਹ ਕੇ ਉਤਾਂਹ ਚੁੱਕਿਆ ਤੇ ਕਿਸਨੇ ਬਾਹਵਾਂ! ਪੰਜ ਜਾਂ ਛੇ ਜਣੇ ਸਨ ਜਿਨ੍ਹਾਂ ਨੇ ਮੇਰੇ ਵੱਖੋ-ਵੱਖ ਅੰਗ ਖਿੱਚ ਕੇ ਜ਼ਮੀਨ ਤੋਂ ਉਤਾਂਹ ਚੁਕ ਲਏ ਤੇ ਸੜਕ ਦੇ ਪਾਸੇ ਵੱਲ ਖੇਤਾਂ ਵੱਲ ਦੌੜ ਪਏ। ਚੁਫ਼ੇਰੇ ਹਨ੍ਹੇਰੇ ਵਿਚ ਸਿਰਫ਼ ਚੀਕਾਂ ਦੀ ਆਵਾਜ਼ ਸੁਣ ਰਹੀ ਸੀ। ਸੜਕਾਂ ਉੱਤੇ ਕਾਰਾਂ, ਬਸਾਂ ਧੂ-ਧੂ ਕੇ ਅੱਗ ਦੀਆਂ ਲਪਟਾਂ ’ਚ ਸੜ੍ਹ ਰਹੀਆਂ ਸਨ।

ਖੇਤਾਂ ਵਿਚ ਪਹੁੰਚ, ਮਿੱਟੀ ਉੱਤੇ ਸੁੱਟ, ਮੇਰੇ ਲੀੜੇ ਉਨ੍ਹਾਂ ਖਿੱਚ ਕੇ ਤਾਰ-ਤਾਰ ਕਰ ਦਿੱਤੇ ਤੇ ਵਾਰੀ-ਵਾਰੀ ਮੇਰੇ ਉੱਤੇ ਚੜ੍ਹਨ ਲੱਗੇ। ਪੰਜ ਜਣਿਆਂ ਵੱਲੋਂ ਨਪੀੜੇ ਜਾਣ ਤਕ ਤਾਂ ਮੈਨੂੰ ਹੋਸ਼ ਸੀ। ਫੇਰ ਮੈਂ ਬੇਹੋਸ਼ ਹੋ ਗਈ। ਖ਼ੌਰੇ ਕਿੰਨੇ ਜਣੇ ਹੋਰ ਚੜ੍ਹੇ, ਮੈਨੂੰ ਕੁੱਝ ਪਤਾ ਨਹੀਂ। ਹੋਸ਼ ਵਿਚ ਆਉਣ ਉੱਤੇ ਵੇਖਿਆ ਕਿ ਮੇਰੀ ਵਾਲੀ ਹਾਲਤ ਵਿਚ ਮੇਰੇ ਨਾਲ ਦੀਆਂ ਛੇ ਸਤ ਹੋਰ ਕੁੜੀਆਂ ਤੇ ਕੁੱਝ ਆਂਟੀਆਂ ਉੱਕਾ ਹੀ ਨਿਰਵਸਤਰ ਤੇ ਲਹੂ ਲੁਹਾਨ ਸਨ। ਉਨ੍ਹਾਂ ਹੀ ਮੈਨੂੰ ਇਸੇ ਹਾਲਤ ਵਿਚ ਤੇਜ਼ ਘੜੀਸ ਕੇ ਨੇੜੇ ਦੇ ਪਿੰਡ ਵਲ ਲਿਜਾਉਣ ਦੀ ਕੋਸ਼ਿਸ਼ ਕੀਤੀ। ਸਭ ਸੁੰਨ ਹੋਈਆਂ ਪਈਆਂ ਸਨ। ਕਿਸੇ ਦੇ ਮੂੰਹੋਂ ਕੋਈ ਆਵਾਜ਼ ਨਹੀਂ ਸੀ ਨਿਕਲ ਰਹੀ। ਸਿਰਫ਼ ਅੱਖਾਂ ਰਾਹੀਂ ਆਲੇ-ਦੁਆਲੇ ਵਿੱਚੋਂ ਕਿਸੇ ਆਪਣੇ ਦੀ ਲੱਭ ਜਾਣ ਦੀ ਹਲਕੀ ਜਿਹੀ ਉਮੀਦ ਸੀ।

ਮੈਨੂੰ ਪਤਾ ਨਹੀਂ ਸੀ ਕਿ ਮੈਂ ਜ਼ਿੰਦਾ ਹਾਂ ਜਾਂ ਮਰਨ ਤੋਂ ਬਾਅਦ ਇਹ ਸਭ ਵੇਖ ਰਹੀ ਹਾਂ! ਪਿੰਡ ਲਾਗੇ ਪਹੁੰਚੇ ਤਾਂ ਉ¤ਥੇ ਜਮਾਂ ਹੋਈ ਭੀੜ ਵਿਚ ਮੇਰੀ ਮਾਂ ਦਿਸ ਪਈ। ਉਸ ਦੇ ਸਰੀਰ ਉ¤ਤੇ ਸਿਰਫ਼ ਕਮੀਜ਼ ਦੀ ਬਾਂਹ ਸੀ। ਉਸ ਨੂੰ ਵੀ ਬਿਨਾਂ ਕਪੜਿਆਂ ਦੇ, ਜ਼ਖ਼ਮੀ ਹਾਲਤ ਵਿਚ ਵੇਖ ਕੇ ਮੈਂ ਹੋਰ ਵੀ ਸੁੰਨ ਹੋ ਗਈ। ਮਾਂ ਨੇ ਮੈਨੂੰ ਗਲਵਕੜੀ ਵਿਚ ਲਿਆ ਪਰ ਅੱਜ ਉਸ ਵਿਚ ਨਿੱਘ ਨਹੀਂ ਸੀ। ਸਿਰਫ ਦੁਖ ਤੇ ਤਕਲੀਫ਼ ਹੀ ਮਹਿਸੂਸ ਕਰ ਸਕੀ। ਮੇਰੀ ਭੂਆ ਵੀ ਉਸੇ ਭੀੜ ਵਿਚ ਬਿਨ੍ਹਾਂ ਕਪੜਿਆਂ ਦੇ ਲਭ ਪਈ। ਪਿੰਡ ਵਾਲਿਆਂ ਨੇ ਸਾਨੂੰ ਕਈ ਜਣੀਆਂ ਨੂੰ ਇਕ-ਇਕ ਕਪੜਾ ਅੱਧ ਪਚੱਧ ਸਰੀਰ ਢਕਣ ਨੂੰ ਫੜਾ ਦਿੱਤਾ।

ਲਗਭਗ ਤਿੰਨ ਘੰਟਿਆਂ ਬਾਅਦ ਮੈਂ ਆਪਣੀ ਮਾਂ ਤੇ ਭੂਆ ਨਾਲ ਆਪਣੇ ਪਾਪਾ ਨੂੰ ਲੱਭ ਸਕੀ। ਪਤਾ ਨਹੀਂ ਕਿੰਨੇ ਕਿਲੋਮੀਟਰ ਅਸੀਂ ਤੁਰੇ ਤੇ ਕਿੰਨੇ ਰਸਤੇ ਮੇਰੇ ਪਾਪਾ ਨੇ ਮੈਨੂੰ ਗੋਦੀ ਚੁੱਕਿਆ। ਕਿਸੇ ਨੇ ਇਕ ਵੀ ਹਰਫ਼ ਮੂੰਹੋਂ ਨਹੀਂ ਕੱਢਿਆ। ਪੁਲਿਸ ਕੋਲ ਪਹੁੰਚ ਕੇ ਪਾਪਾ ਨੇ ਸ਼ਿਕਾਇਤ ਦਰਜ ਕਰਨ ਦੀ ਗੱਲ ਕੀਤੀ ਤਾਂ ਉਨ੍ਹਾਂ ਦੜ੍ਹ ਵੱਟ ਲੈਣ ਲਈ ਕਿਹਾ। ‘‘ਆਪਣੀ ਇੱਜ਼ਤ ਨੂੰ ਬਚਾਉਣ ਲਈ ਉੱਕਾ ਹੀ ਚੁੱਪ ਰਹਿਓ। ਇਹ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ। ਸ਼ੁਕਰ ਕਰੋ ਜਾਨ ਬਚ ਗਈ ਹੈ,’’ ਏਨਾ ਕਹਿ ਕੇ ਪੁਲਿਸ ਦਾ ਅਧਿਕਾਰੀ ਪਾਸਾ ਵੱਟ ਗਿਆ। ਮੈਨੂੰ ਸਮਝ ਨਹੀਂ ਆਈ, ਕਿਹੜੀ ਇੱਜ਼ਤ ਨੂੰ ਬਚਾਉਣ ਲਈ ਚੁੱਪ ਰਹਿਣ ਲਈ ਕਿਹਾ ਗਿਆ ਹੈ?

ਮੈਂ ਖਾਲੀ ਅੱਖਾਂ ਨਾਲ ਸੁੰਨ ਹੋਈ ਮਾਂ ਨੂੰ ਮਨ ਹੀ ਮਨ ਸਵਾਲ ਪੁੱਛੀ ਜਾ ਰਹੀ ਸੀ-ਮਾਂ, ਇਸੇ ਤਰ੍ਹਾਂ ਦੀਆਂ ਜੱਫ਼ੀਆਂ ਤੇ ਪਿਆਰ ਦੁਲਾਰ ਦੀ ਗੱਲ ਕਰ ਰਹੀ ਸੀ? ਕੀ ਭਾਰਤ ਵਿਚ ਗੋਦੀ ਵਿਚ ਅੰਗ-ਅੰਗ ਧੂਅ ਕੇ ਚੁੱਕਿਆ ਜਾਂਦਾ ਹੈ? ਕੀ ਨਵੇਂ ਕਪੜੇ ਪੁਆਉਣ ਦੀ ਰੀਝ ਪੁਰਾਣੇ ਕਪੜੇ ਇੰਜ ਪਾੜ ਕੇ ਪੂਰੀ ਕੀਤੀ ਜਾਂਦੀ ਹੈ? ਜ਼ਖਮੀ ਸਰੀਰ ਅਤੇ ਉਸ ਵਿਚਲੇ ਛਿੱਲੇ ਝਰੀਟੇ ਹੋਏ ਮਨ ਉ¤ਤੇ ਲਪੇਟੀ ਫਟੀ ਹੋਈ ਇਹ ਚੁੰਨੀ ਨੂੰ ਸਰੀਰ ਢਕਣਾ ਕਿਹਾ ਜਾਂਦਾ ਹੈ? ਧਰਤੀ ਉ¤ਤੇ ਸੁੱਟੀ ਹੋਈ ਨੂੰ ਮੈਨੂੰ ਉ¤ਕਾ ਕਿਸੇ ਮਿੱਟੀ ਦੀ ਖੁਸ਼ਬੂ ਨਹੀਂ ਆਈ। ਸਿਰਫ਼ ਉੱਤੇ ਚੜ੍ਹਨ ਵਾਲਿਆਂ ਦੀ ਪਸੀਨੇ ਦੀ ਬਦਬੂ ਤੇ ਉਨ੍ਹਾਂ ਦੇ ਹੱਥਾਂ ਵਿੱਚੋਂ ਕੈਰੋਸੀਨ ਹੀ ਸੁੰਘਿਆ ਗਿਆ ਜੋ ਮੇਰੇ ਦਿਮਾਗ਼ ਅੰਦਰਲੀ ਰਗ-ਰਗ ਵਿਚ ਹਮੇਸ਼ਾ ਲਈ ਫਸ ਚੁੱਕਿਆ ਹੈ!

ਅਾਸਟ੍ਰੇਲੀਆ ਵਿਚ ਪਾਈ ਮੇਰੀ ਫ਼ਰਾਕ ਨੂੰ ਮੇਰੀ ਮਾਂ ਘੱਟ ਕਪੜੇ ਕਹਿ ਕੇ ਭਾਰਤ ਵਿਚ ਪਾਉਣ ਲਈ ਪੂਰਾ ਸਰੀਰ ਢਕਣ ਲਈ ਨਵੇਂ ਸੂਟ ਵਿਚ ਤਬਦੀਲ ਕਰਵਾ ਕੇ ਲਿਆਈ ਸੀ। ਕਿਵੇਂ ਦੱਸਾਂ ਕਿ ਮਾਂ, ਮੈਂ ਉਸੇ ਫ਼ਰਾਕ ਵਿਚ, ਨੰਗੀਆਂ ਲੱਤਾਂ ਨਾਲ ਵੀ ਜ਼ਿਆਦਾ ਸੁਰੱਖਿਅਤ ਸੀ।

ਇਕ ਗੱਲ ਤਾਂ ਪੱਕੀ ਹੈ ਕਿ ਭਾਰਤ ਦੀ ਫੇਰੀ ਮੈਂ ਉਮਰ ਭਰ ਨਹੀਂ ਭੁਲਾ ਸਕਣ ਲੱਗੀ। ਮਿੱਟੀ ਦੀ ਸੁਗੰਧ, ਜੱਫ਼ੀ, ਨਵੇਂ ਕਪੜੇ ਤੇ ਜਿਸਮਾਨੀ ਨਜ਼ਦੀਕੀ ਅਤੇ ਵਧੀਕੀ ਜੋ ਮੈਨੂੰ ਮਿਲੇ, ਕਿਵੇਂ ਭੁਲਾਏ ਜਾ ਸਕਦੇ ਹਨ? ਰੋਜ਼ ਅੱਠ ਵਾਰ ਨਹਾਉਣ ਤੋਂ ਬਾਅਦ ਵੀ ਉਹ ਗੰਦਗੀ ਮੈਨੂੰ ਚਿਪਕੀ ਮਹਿਸੂਸ ਹੋ ਰਹੀ ਹੈ।

ਮੈਨੂੰ ਅੱਜ ਪਤਾ ਲੱਗਿਆ ਹੈ ਕਿ ਭਾਰਤ ਵਿਚ ਹਰ ਗਲੀ, ਮੁਹੱਲੇ, ਸਰਕਾਰੀ, ਗ਼ੈਰ ਸਰਕਾਰੀ, ਗੱਲ ਕੀ ਚੁਫ਼ੇਰੇ ਔਰਤਾਂ ਦਾ ਦਿਨ ਮਨਾਉਣ ਲਈ 8 ਮਾਰਚ ਨੂੰ ਸਮਾਗਮ ਕੀਤੇ ਜਾਂਦੇ ਹਨ, ਜਿੱਥੇ ਭਾਰਤ ਵਿਚ ਔਰਤਾਂ ਦਾ ਬਿੰਬ ਉੱਚਾ ਚੁੱਕਣ ਲਈ ਕੀਤੇ ਵਿਸ਼ਵ ਪੱਧਰੀ ਜਤਨਾਂ ਦੀ ਵਿਆਖਿਆ ਫ਼ਖ਼ਰ ਨਾਲ ਕੀਤੀ ਜਾਂਦੀ ਹੈ!

ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁੱਝ ਨਹੀਂ ਲੈਣਾ! ਮੈਨੂੰ ਸਿਰਫ਼ ਮੇਰੇ ਇਕ ਸਵਾਲ ਦਾ ਜਵਾਬ ਆਪਣੇ ਮਾਪਿਆਂ ਦੀ ਜਨਮ ਭੂਮੀ ਉੱਤੇ ਵੱਸਦੇ ਭਾਰਤ ਵਾਸੀਆਂ ਕੋਲੋਂ ਚਾਹੀਦਾ ਹੈ ਕਿ ਉਹ ਆਪਣੀ ਦੋਹਤਰੀ ਨਾਲ ਇਹੋ ਜਿਹਾ ਸਲੂਕ ਕਿਉਂ ਕਰਦੇ ਹਨ?

ਕੋਈ ਤਾਂ ਇਸ ਧਰਤੀ ਉੱਤੇ ਵੱਸਦੇ ਕਰੋੜਾਂ ਵਿੱਚੋਂ ਮੈਨੂੰ ਦੱਸੋ, ਮੇਰਾ ਕਸੂਰ ਕੀ ਸੀ?

This entry was posted in ਲੇਖ.

One Response to ਮੇਰਾ ਕਸੂਰ ਕੀ ਸੀ?

  1. tajinder Singh says:

    It is true.no body care of it even our governments

Leave a Reply to tajinder Singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>