ਨਹਿਰ ਦੇ ਮੁੱਦੇ ‘ਤੇ ਪੰਜਾਬ ਦੇ ਲੋਕ ਬਾਦਲ ਦੀ ਸ਼ਤਰੰਜ਼ੀ ਚਾਲ ਤੋ ਸੁਚੇਤ ਰਹਿਣ- ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਵੱਲੋ ਸਤਲੁਜ ਜਮਨਾ ਲਿੰਕ ਨਹਿਰ ਦੇ ਮੁੱਦੇ ਨੂੰ ਆਪਣੀ ਸੱਤਾ ਦੇ ਦਸਵੇਂ ਸਾਲ ਸਮੇਂ ਇੱਕ ਜ਼ਜ਼ਬਾਤੀ ਮੁੱਦਾ ਬਣਾ ਕੇ ਉਭਾਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਾਦਲ ਵੱਲੋ ਨਹਿਰ ਦੇ ਮੁੱਦੇ ਤੇ ਮੱਗਰਮੱਛ ਦੇ ਹੰਝੂ ਵਹਾ ਕੇ ਆਪਣੀ ਲੋਕਾਂ ਵਿੱਚੋਂ ਡਿੱਗ ਰਹੀ ਸ਼ਾਖ ਨੂੰ ਠੂੰਮਣਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਇਸ ਨਹਿਰ ਦੀ ਉਸਾਰੀ ਲਈ ਰਾਹ ਪੱਧਰਾ ਬਾਦਲ ਸਰਕਾਰ ਨੇ 1978 ਵਿੱਚ ਖੁਦ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਕੇ ਉਸ ਕੋਲੋ ਤਿੰਨ ਕਰੋੜ ਦੀ ਮੰਗ ਕੀਤੀ ਜਿਸ ਦਾ ਰਿਕਾਰਡ ਅੱਜ ਹੀ ਹਰਿਆਣਾ ਸਰਕਾਰ ਕੋਲ ਉਪਲੱਬਧ ਹੈ। ਉਹਨਾਂ ਕਿਹਾ ਕਿ ਨਾ ਨਹਿਰ ਸ਼ੁਰੂ ਹੋਈ ਹੈ ਨਾ ਹੀ ਸ਼ੁਰੂ ਹੋ ਸਕੇਗੀ।

ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਸਤਲੁਜ ਜਮਨਾ ਲਿੰਕ ਨਹਿਰ ਦਾ ਇੱਕ ਕਨੂੰਨੀ ਮੁੱਦਾ ਹੈ ਤੇ ਇਸ ਨਹਿਰ ਦੀ ਉਸਾਰੀ ਦਾ ਜਦੋ ਫੈਸਲਾ ਕੀਤਾ ਗਿਆ ਤਾਂ ਉਸ ਵੇਲੇ ਪੰਜਾਬ ਦੀ ਮੁੱਖ ਮੰਤਰੀ  ਸਰ ਪ੍ਰਕਾਸ਼ ਸਿੰਘ ਬਾਦਲ ਸਨ। ਉਹਨਾਂ ਕਿਹਾ ਕਿ ਤੱਤਕਾਲੀ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨਾਲ ਬਾਦਲ ਨੇ ਗਿਟਮਿਟ ਕਰਕੇ ਨਹਿਰ ਦੀ ਉਸਾਰੀ ਲਈ ਹਰਿਆਣਾ ਸਰਕਾਰ ਨੂੰ ਚਾਰ ਜੁਲਾਈ 1978 ਨੂੰ ਪੱਤਰ ਨੰਬਰ 7/78/9-(9) –78/ 23617 ਲਿਖ ਕੇ ਨਹਿਰ ਦੀ ਉਸਾਰੀ ਲਈ ਤਿੰਨ ਕਰੋੜ ਦੀ ਮੰਗ ਕੀਤੀ ਗਈ ਸੀ ਤੇ ਹਰਿਆਣਾ ਸਰਕਾਰ ਇਸ ਰਕਮ ਦੀ ਅਦਾਇਗੀ ਦੋ ਕਿਸ਼ਤਾਂ ਵਿੱਚ ਕਰ ਵੀ ਦਿੱਤੀ ਸੀ। ਉਹਨਾਂ ਕਿਹਾ ਕਿ ਬਾਦਲ ਵੱਲੋ ਕਿਹਾ ਜਾ ਰਿਹਾ ਹੈ ਕਿ ਉਸ ਨੇ ਕੇਂਦਰ ਸਰਕਾਰ ਵੱਲੋ 1976 ਵਿੱਚ ਅਵਾਰਡ ਜਾਰੀ ਕਰਨ ਦਾ ਵਿਰੋਧ ਕੀਤਾ ਸੀ ਪਰ ਸ੍ਰ ਬਾਦਲ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹਰਿਆਣਾ ਨੂੰ ਜਿਹੜਾ ਪੱਤਰ ਉਹਨਾਂ ਦੇ ਮੁੱਖ ਮੰਤਰੀ ਬਨਣ ਉਪਰੰਤ ਲਿਖਿਆ ਗਿਆ ਸੀ ਉਹ ਕਿਸੇ ਨੇ ਲਿਖਿਆ। ਉਹਨਾਂ ਕਿਹਾ ਕਿ ਜੋ ਕੁਝ ਬਾਦਲ ਵੱਲੋ ਕੀਤਾ ਕੀਤਾ ਜਾ ਰਿਹਾ ਹੈ ਉਹ ਸਿੱਧੇ ਰੂਪ ਵਿੱਚ ਕਨੂੰਨ ਦੀ ਉਲੰਘਣਾ ਹੈ ਤੇ ਇੱਕ ਵਾਰੀ ਫਿਰ ਪੰਜਾਬ ਨੂੰ ਮਾੜੇ ਦਿਨਾਂ ਵੱਲ ਲਿਜਾਣ ਦੀ ਸ਼ਤਰੰਜ਼ੀ ਚਾਲ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਹਮਦਰਦੀ ਪੰਜਾਬ , ਪੰਜਾਬੀ ਤੇ ਪੰਜਾਬ ਦੇ ਲੋਕਾਂ ਨਾਲ ਹੈ ਕਿਉਕਿ ਪੰਜਾਬ ਦਾ 70 ਫੀਸਦੀ ਤੋ ਵਧੇਰੇ ਪਾਣੀ ਤਾਂ ਪਹਿਲਾਂ ਹੀ ਬਾਹਰਲੇ ਸੂਬਿਆ ਨੂੰ ਦਿੱਤਾ ਜਾ ਚੁੱਕਾ ਹੈ ਪਰ ਹੱਕ ਲੈਣ ਲਈ ਕਨੂੰਨ ਨੂੰ ਹੱਥ ਵਿੱਚ ਲੈ ਕੇ ਨਹੀ ਸਗੋ ਕਨੂੰਨੀ ਲੜਾਈ ਲੜੀ ਜਾਵੇ ਤਾਂ ਬੇਹਰਤਰ ਹੈ। ਉਹਨਾਂ ਕਿਹਾ ਕਿ ਬਾਦਲ ਦੇ ਵਧੇਰੇ ਕਰਕੇ ਕਾਰੋਬਾਰ ਤੇ ਬਾਲਾਸਰ ਵਰਗੇ ਵੱਡੇ ਫਾਰਮ ਹਰਿਆਣੇ ਵਿੱਚ ਹਨ ਜਿਹਨਾਂ ਦੀ ਸਿੰਚਾਈ ਲਈ ਬਾਦਲ ਵੱਲੋ ਅਸਿੱਧੇ ਰੂਪ ਵਿੱਚ ਹਰਿਆਣੇ ਦਾ ਪੱਖ ਪੂਰਣਾ ਉਸ ਦਾ ਨਿੱਜੀ ਸੁਆਰਥ ਹੈ। ਉਹਨਾਂ ਕਿਹਾ ਕਿ ਬਾਦਲ ਨੂੰ ਲਗਾਤਾਰ ਮੁੱਖ ਮੰਤਰੀ ਬਣੇ ਨੂੰ ਨੌ ਸਾਲ ਹੋ ਗਏ ਹਨ ਪਰ ਬਾਦਲ ਪਿਉ ਪੁੱਤਾਂ ਨੂੰ ਕਦੇ ਵੀ ਪੰਜਾਬ ਦੇ ਪਾਣੀਆ ਦੀ ਯਾਦ ਨਹੀ ਆਈ । ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆ ਦਾ ਛੇਵਾਂ ਦਰਿਆ ਬਾਦਲ ਤੇ ਉਸ ਦੀ ਜੁੰਡਲੀ ਦੀ ਦੇਣ ਹੈ ਤੇ ਪੰਜਾਬ ਦੀ ਨੌਜਵਾਨੀ ਇਸ ਸੂਕਦੇ ਦਰਿਆ ਵਿੱਚ ਰੁੜਦੀ ਜਾ ਰਹੀ ਹੈ। ਇਸ ਦਰਿਆ ਦੇ ਕੰਢੇ ਹੋਰ ਉੱਚੇ ਕਰਨ ਵਿੱਚ ਨਾਮ ਵੀ ਬਾਦਲ ਦੇ ਨਜਦੀਕੀ ਰਿਸ਼ਤੇਦਾਰ ਤੇ ਬਾਦਲ ਸਰਕਾਰ ਵਿੱਚ ਮੰਤਰੀ ਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਹੋਈ ਥਾਂ ਥਾਂ ਤੇ ਬੇਅਦਬੀ ਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਾਦਲ ਸਰਕਾਰ ਪੂਰੀ ਹਾਸ਼ੀਏ ਤੇ ਚੱਲੇ ਗਏ ਸਨ ਤੇ ਮੁੜ ਸਥਾਪਤੀ ਲਈ ਬਾਦਲ ਵੱਲੋ ਨਹਿਰ ਦੇ ਮੁੱਦੇ ਤੇ ਸ਼ਤਰੰਜ਼ੀ ਚਾਲ ਚੱਲੀ ਜਾ ਰਹੀ ਹੈ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਇੱਕ ਹੋਰ ਕਾਫੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ 2004 ਵਿੱਚ ਵਾਟਰ ਟਰਮੀਨੇਸ਼ਨ ਐਕਟ ਲਿਆਦਾ ਸੀ ਪਰ ਕੋਈ ਵੀ ਭੜਕਾਹਟ ਨਹੀ ਪੈਦਾ ਕੀਤੀ ਸੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਵੀ ਕੇਸ ਚੱਲ ਰਿਹਾ ਸੀ ਅਤੇ 12 ਸਾਲ ਬਾਅਦ ਜਦੋਂ ਸੁਣਵਾਈ ਹੋਈ ਤਾਂ ਉਸ ਵੇਲੇ  ਤਰੀਕ ਭੁਗਤਣ ਵਾਸਤੇ ਪੰਜਾਬ ਦਾ ਨਾ ਕੋਈ ਨੁਮਾਇੰਦਾ ਪੁੱਜਾ ਤੇ ਨਾ ਹੀ ਵਕੀਲ ਹਾਜ਼ਰ ਹੋਇਆ ਜਦ ਕਿ ਵਿਰੋਧੀ ਧਿਰ ਦੇ ਵਕੀਲ ਨੇ ਦਲੀਲਾਂ ਦੇ ਕੇ ਆਪਣਾ ਪੱਖ ਪੇਸ਼ ਕੀਤਾ ਜਿਹਨਾਂ ਨੂੰ ਜੱਜਾਂ ਨੇ ਬੜੇ ਹੀ ਧਿਆਨ ਨਾਲ ਸੁਣਿਆ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਵੱਲੋ ਖੇਡੀ ਜਾ ਰਹੀ ਸ਼ਤਰੰਜੀ ਸਿਆਸੀ ਚਾਲ ਦੇ ਸ਼ਿਕਾਰ ਨਾ ਬਨਣ ਤੇ ਕਨੂੰਨੀ ਤਰੀਕੇ ਨਾਲ ਆਪਣਾ ਹੱਕ ਲੈਣ ਤਾਂ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਣੀ ਰਹੇ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਜਾਬ ਦੇ ਪਾਣੀਆ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕਰਦਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>