ਹੋਲੇ ਮਹੱਲੇ ਸਮਾਗਮ ਦੌਰਾਨ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਵਿਰੋਧੀਆਂ ਤੇ ਛੱਡੇ ਸਿਆਸੀ ਤੀਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨੌਜਵਾਨਾਂ ਨੂੰ ਕਲਮ ਸੰਭਾਲਣ ਦਾ ਸੱਦਾ ਦਿੰਦੇ ਹੋਏ ਕਲਮ ਦੀ ਤਾਕਤ ਨੂੰ ਅਨਮੋਲ ਦੱਸਿਆ ਹੈ। ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਸਜਾਏ ਗਏ ਵਿਸ਼ੇਸ਼ ਕੀਰਤਨ ਸਮਾਗਮ ਦੌਰਾਨ ਜੀ.ਕੇ. ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਜੀ.ਕੇ. ਤੋਂ ਇਲਾਵਾ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪੰਜਾਬੀ ਯੁੂਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਆਈ.ਐਮ.ਐਫ. ਤੇ ਵਰਲਡ ਬੈਂਕ ਨੂੰ ਆਪਣੀ ਸੇਵਾਵਾਂ ਦੇ ਚੁੱਕੇ ਉਘੇ ਅਰਥਸ਼ਾਸ਼ਤ੍ਰੀ ਤੇ ਲਿਖਾਰੀ ਡਾ. ਮਨਮੋਹਨ ਸਿੰਘ ਅਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਜੀ.ਕੇ. ਨੇ ਕਮੇਟੀ ਵੱਲੋਂ ਦਿੱਲੀ ਦੀਆਂ ਸੰਗਤਾਂ ਨੂੰ ਸੁਵੀਧਾਵਾਂ ਦੇਣ ਲਈ ਅਰੰਭੇ ਗਏ ਪ੍ਰੋਜੈਕਟਾਂ ਦੇ ਬਾਰੇ ਵੀ ਸੰਗਤਾਂ ਸਾਹਮਣੇ ਜਾਣਕਾਰੀ ਰੱਖੀ। ਜੀ.ਕੇ. ਨੇ ਬੰਗਲਾ ਸਾਹਿਬ ਹਸਪਤਾਲ ਦੇ ਨਵੀਂਨੀਕਰਨ ਦਾ ਕੰਮ ਜੁਲਾਈ 2016, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿਰਾਸਤੀ ਘਰ ਦੀ ਉਸਾਰੀ ਦਾ ਕਾਰਜ ਦਸੰਬਰ 2016 ਅਤੇ 1984 ਸਿੱਖ ਕਤਲੇਆਮ ਦੀ ਯਾਦਗਾਰ ਦੀ ਉਸਾਰੀ ਦਾ ਕਾਰਜ ਨਵੰਬਰ 2016 ਤਕ ਪੂਰਾ ਹੋਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਕਮੇਟੀ ਵੱਲੋਂ ਬਾਲਾ ਸਾਹਿਬ ਵਿੱਖੇ 500 ਬਿਸਤਰਿਆਂ ਦਾ ਹਸਪਤਾਲ ਅਤੇ ਮੈਡੀਕਲ ਕਾੱਲੇਜ ਬਣਾਉਣ ਦਾ ਕਾਰਜ ਛੇਤੀ ਸ਼ੁਰੂ ਕਰਨ ਦੇ ਵੀ ਸੰਕੇਤ ਦਿੱਤੇ। ਸ਼ਹੀਦ ਭਗਤ ਸਿੰਘ ਦਾ ਟੋਪੀ ਵਾਲਾ ਬੁੱਤ ਦਿੱਲੀ ਵਿਧਾਨਸਭਾ ਵਿਚ ਲਗਾਉਣ ’ਤੇ ਸਵਾਲ ਚੁੱਕਦੇ ਹੋਏ ਜੀ.ਕੇ. ਨੇ ਇਸ ਸੰਬੰਧੀ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੀ ਚਿੱਠੀ ਦੀ ਜਾਣਵਾਰੀ ਸੰਗਤਾਂ ਨੂੰ ਦਿੱਤੀ। ਡਾ. ਮਨਮੋਹਨ ਸਿੰਘ ਦੀ ਕਾਬਲੀਅਤ ਤੋਂ ਪ੍ਰੇਰਣਾਂ ਲੈ ਕੇ ਨੌਜਵਾਨਾਂ ਨੂੰ ਕਲਮ ਦੀ ਤਾਕਤ ਨੂੰ ਆਪਣੇ ਅੰਦਰ ਸੰਭਾਲਣ ਲਈ ਕੋਸ਼ਿਸ਼ਾਂ ਕਰਨ ਦਾ ਵੀ ਜੀ.ਕੇ. ਨੇ ਨੌਜਵਾਨਾਂ ਨੂੰ ਸੱਦਾ ਦਿੱਤਾ।

ਸਿਰਸਾ ਨੇ ਭਾਵੁਕ ਤਕਰੀਰ ਕਰਦੇ ਹੋਏ ਦਿੱਲੀ ਕਮੇਟੀ ਬਾਰੇ ਨੁਕਤਾਚੀਨੀ ਕਰਨ ਵਾਲੇ ਲੋਕਾਂ ਨੂੰ ਸੌੜੀ ਸਿਆਸ਼ਤ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਸਿਰਸਾ ਨੇ ਸਾਬਕਾ ਪ੍ਰਬੰਧਕਾਂ ’ਤੇ ਕਮੇਟੀ ਦੀ ਸਟੇਜਾਂ ਤੋਂ ਰਸੂਖਦਾਰ ਲੋਕਾਂ ਨੂੰ ਸਿਰੋਪੇ ਦੇ ਕੇ ਆਪਣਾ ਵਪਾਰ ਵਧਾਉਣ ਦਾ ਦੋਸ਼ ਵੀ ਲਗਾਇਆ। ਬਾਲਾ ਸਾਹਿਬ ਹਸਪਤਾਲ ਦੀ ਕਥਿਤ ਮਲਕੀਅਤ ਨਾਲ ਛੇੜਛਾੜ ਨਾ ਕਰਨ ਦੀ ਸਾਬਕਾ ਪ੍ਰਬੰਧਕਾਂ ਵੱਲੋਂ ਦਿੱਤੀ ਜਾਂਦੀ ਦੁਹਾਈ ਨੂੰ ਝੂਠਾ ਦੱਸਦੇ ਹੋਏ ਸਿਰਸਾ ਨੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ’ਤੇ ਅਦਾਲਤ ਦੇ ਹੁਕਮ ਬਾਅਦ ਧਾਰਾ 420 ਤਹਿਤ ਦਰਜ ਹੋਏ ਮੁੱਕਦਮੇ ਦੇ ਕਾਰਨਾਂ ਦਾ ਵੀ ਵੇਰਵਾ ਮੰਗਿਆ। ਸਿਰਸਾ ਨੇ ਸਰਨਾ ਤੇ ਕਾਂਗਰਸ ਕੋਲ ਕਥਿਤ ਤੌਰ ਤੇ ਕਮੇਟੀ ਨੂੰ ਗਿਰਵੀ ਰੱਖਣ ਦਾ ਦੋਸ਼ ਬਿਨਾਂ ਨਾਂ ਲਏ ਵੀ ਲਗਾਇਆ। ਸਾਬਕਾ ਪ੍ਰਬੰਧਕਾਂ ’ਤੇ ਗੁਰਪੁਰਬ ਮੌਕੇ ਕਮੇਟੀ ਸਮਾਗਮਾਂ ਵਿਚ ਹਾਜ਼ਰੀ ਨਾ ਭਰਨ ਤੇ ਸਿਰਸਾ ਨੇ ਸਵਾਲ ਖੜੇ ਕੀਤੇ।

ਡਾ. ਜਸਪਾਲ ਸਿੰਘ ਨੇ ਹੋਲੇ ਮਹੱਲੇ ਦੀ ਮੱਹਤਤਾ ਦੇ ਪ੍ਰਕਾਸ਼ ਪਾਉਂਦੇ ਹੋਏ ਸੰਨ 1700 ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਲਾ ਮੱਹਲਾ ਦੀ ਸ਼ੁਰੂਆਤ ਕਰਨ ਉਪਰੰਤ ਸ਼ਸਤਰ ਸੰਭਾਲਣ ਦੀ ਸ਼ੁਰੂ ਹੋਈ ਮੁਹਿੰਮ ਦਾ ਸੱਦਕਾ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1709 ਵਿੱਚ ਕੀਤੀ ਗਈ ਸਰਹਿੰਦ ਫਤਿਹ ਨੂੰ ਖਾਲਸੇ ਦੇ ਖੁਦ ਮੁਖਤਿਆਰੀ ਦੇ ਪ੍ਰਤੀਕ ਵੱਜੋਂ ਪਰਿਭਾਸ਼ਤ ਕੀਤਾ। ਹਿਤ ਨੇ ਸਿੱਖ ਧਰਮ ਵਿਚ ਸ਼ਸਤ੍ਰ ਨੂੰ ਲਾਜ਼ਮੀ ਦੱਸਦੇ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਵਾ ਦਾ ਸ਼ਸਤਰਾਂ ਦੇ ਨਾਲ ਹੋਏ ਅੰਤਿਮ ਸੰਸਕਾਰ ਦਾ ਵੀ ਹਵਾਲਾ ਦਿੱਤਾ। ਸਰਨਾ ਧੜੇ ਵੱਲੋਂ ਨਨਕਾਣਾ ਸਾਹਿਬ ਨੂੰ 6ਵਾਂ ਤਖਤ ਬਣਾਉਣ ਦੀ ਕੀਤੀ ਜਾਂਦੀ ਮੰਗ ਦੇ ਪਿੱਛੇ ਸਰਨਾ ਦੀ ਦੇਸ਼ ਵਿਰੋਧੀ ਏਜੰਸੀਆਂ ਨਾਲ ਪਾਕਿਸਤਾਨ ਵਿਚ ਦੁੱਧ-ਪਰਾਂਠੇ ਖਾਉਣ ਵੇਲੇ ਹੁੰਦੀਆਂ ਮੁਲਾਕਾਤਾਂ ਨੂੰ ਕਾਰਨ ਦੱਸਦੇ ਹੋਏ ਸੰਗਤਾਂ ਨੂੰ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ। ਹਿਤ ਨੇ ਨਿਤਨੇਮ ਦੀਆਂ ਬਾਣੀਆਂ ਤੇ ਖੜੇ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਵਿਚ ਸਵਾਲ ਕੀਤਾ ਕਿ ਜੇਕਰ ਦਸਮ ਦੀ ਬਾਣੀ ਨਹੀਂ ਪੜਨੀ ਤੇ ਫਿਰ ਪੜਨਾਂ ਕੀ ਹੈ ?

ਭੋਗਲ ਨੇ ਅਗਲੇ ਹੋਲੇ ਮਹੱਲੇ ਤਕ ਦਮਦਮਾਂ ਸਾਹਿਬ ਵਿੱਖੇ 100 ਗੱਡੀਆਂ ਦੀ ਪਾਰਕਿੰਗ ਤਿਆਰ ਹੋਣ ਦਾ ਵੀ ਦਾਅਵਾ ਕੀਤਾ। ਡਾ.ਮਨਮੋਹਨ ਸਿੰਘ ਨੇ ਸੰਗਤਾਂ ਨੂੰ ਸਿੱਖੀ ਬਾਣੇ ਵਿਚ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਦੀ ਅਪੀਲ ਕਰਦੇ ਹੋਏ ਦਿੱਲੀ ਕਮੇਟੀ ਦਾ ਸਨਮਾਨ ਦੇਣ ਤੇ ਧੰਨਵਾਦ ਵੀ ਕੀਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਵਾਸਤੇ ਬਣਾਏ ਗਏ ਸਖ਼ਤ ਕਾਨੂੰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਅਤੇ ਕੈਮਬ੍ਰਿਜ ਅਤੇ ਹਾੱਵਰਡ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਹੀ ਸਿੱਖ ਇਤਿਹਾਸ ’ਤੇ 9 ਕਿਤਾਬਾਂ ਲਿਖਣ ਵਾਲੇ ਡਾ. ਮਨਮੋਹਨ ਸਿੰਘ ਦਾ ਸਨਮਾਨ ਵੀ ਕੀਤਾ ਗਿਆ । ਗੱਤਕਾ ਅਖਾੜਿਆਂ ਨੇ ਵੀ ਗੱਤਕੇ ਦੇ ਜੌਹਰ ਦਿਖਾਏ। ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਬਚਨ ਸਿੰਘ ਚੀਮਾ, ਦਰਸ਼ਨ ਸਿੰਘ, ਤਰਵਿੰਦਰ ਸਿੰਘ ਮਾਰਵਾਹ, ਹਰਦੇਵ ਸਿੰਘ ਧਨੋਵਾ, ਰਵੇਲ ਸਿੰਘ, ਅਕਾਲੀ ਆਗੂ ਅਮਰਜੀਤ ਸਿੰਘ ਤਿਹਾੜ ਅਤੇ ਹਰਚਰਣ ਸਿੰਘ ਗੁਲਸ਼ਨ ਇਸ ਮੌਕੇ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>