ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ

ਹਰ ਸਿਆਸੀ ਪਾਰਟੀ ਅਤੇ ਅਦਾਰੇ ਵਿਚ ਕੋਈ ਇੱਕ ਵਿਅਕਤੀ ਅਜਿਹਾ ਹੁੰਦਾ ਹੈ, ਜਿਸ ਕੋਲ ਹਰ ਸਮੱਸਿਆ ਨਾਲ ਨਿਪਟਣ ਦਾ ਨੁਸਖ਼ਾ ਹੁੰਦਾ ਹੈ, ਜਾਂ ਇਉਂ ਕਹਿ ਲਵੋ ਕਿ ਉਸ ਸਮੱਸਿਆ ਨੂੰ ਹੱਲ ਕਰਨ ਦੀ ਉਸ ਵਿਅਕਤੀ ਵਿਚ ਕਾਬਲੀਅਤ ਹੁੰਦੀ ਹੈ । ਅਜਿਹੇ ਵਿਅਕਤੀ ਸਾਧਾਰਨ ਕਿਸਮ ਦੇ ਨਹੀਂ ਹੁੰਦੇ, ਉਨ੍ਹਾਂ ਦਾ ਵਿਅਕਤਿਵ ਵਿਲੱਖਣ ਹੁੰਦਾ ਹੈ। ਅਕਾਲੀ ਦਲ ਵਿਚ ਇਕ ਅਜਿਹਾ ਧਰਮ ਨਿਰਪੱਖ ਅਤੇ ਸਰਬਤ ਦਾ ਭਲਾ ਕਰਨ ਵਾਲਾ ਟਕਸਾਲੀ ਪਰਿਵਾਰ ਐਡਵੋਕੇਟ ਦਾਰਾ ਸਿੰਘ ਦਾ ਹੈ, ਜਿਹੜਾ ਅਕਾਲੀ ਸਿਆਸਤ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਦਾਰਾ ਸਿੰਘ ਐਡਵੋਕੇਟ ਅਜਿਹਾ ਵਿਅਕਤੀ ਸੀ ਜਿਸ ਤੋਂ ਵੱਡੇ ਵੱਡੇ ਸਿਆਸੀ ਨੇਤਾ ਸਿਆਸੀ ਸਲਾਹ ਅਤੇ ਆਰਥਿਕ ਮਦਦ ਲੈ ਕੇ ਸਿਆਸਤ ਕਰਦੇ ਸਨ। ਉਨ੍ਹਾਂ ਵਿਚ ਹਰਕਿਸ਼ਨ ਸਿੰਘ ਸੁਰਜੀਤ ਅਤੇ ਗਿਆਨੀ ਜ਼ੈਲ ਸਿੰਘ ਦੇ ਨਾਂ ਵਰਨਣਯੋਗ ਹਨ। ਸੁਰਜੀਤ ਸਿੰਘ ਬਰਨਾਲਾ ਅਤੇ ਜਸਦੇਵ ਸਿੰਘ ਸੰਧੂ ਨੇ ਵੀ ਸਿਆਸੀ ਗੁੜ੍ਹਤੀ ਦਾਰਾ ਸਿੰਘ ਤੋਂ ਲਈ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਸਪੁਤਰ ਕੈਪਟਨ ਕੰਵਲਜੀਤ ਸਿੰਘ ਇਮਾਨਦਾਰ ਅਤੇ ਵਿਦਵਾਨ ਸਿਆਸਤਦਾਨ ਦੇ ਤੌਰ ਤੇ ਹਰਫਨਮੌਲਾ ਸਾਬਤ ਹੋਇਆ।

ਅਕਾਲੀ ਦਲ ਬਾਦਲ ਨੂੰ ਕਿਸੇ ਵੀ ਸਮੇਂ ਜਦੋਂ ਕਿਸੇ ਗੁੰਝਲਦਾਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਸ ਦੇ ਸੰਕਟ ਮੋਚਨ ਲਈ ਹਮੇਸ਼ਾ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਲਈ ਜਾਂਦੀ ਸੀ। ਸਲਾਹ ਹਮੇਸ਼ਾ ਮੰਨੀ ਵੀ ਜਾਂਦੀ ਸੀ ਕਿਉਂਕਿ ਪਾਰਟੀ ਵਿਚ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਨੂੰ ਕੁਝ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ ਪੂਰਾ ਵਜਨ ਦਿੱਤਾ ਜਾਂਦਾ ਸੀ। ਸਲਾਹ ਲੈਣ ਲਈ ਨੇਤਾ ਸਵੇਰੇ 4-00 ਵਜੇ ਕੈਪਟਨ ਦਾ ਦਰਵਾਜਾ ਖੜ੍ਹਕਾ ਦਿੰਦੇ ਸਨ। ਮੈਨੂੰ ਆਪਣੀ ਸਰਕਾਰ ਨੌਕਰੀ ਸਮੇਂ ਕੈਪਟਨ ਕੰਵਲਜੀਤ ਸਿੰਘ ਨਾਲ ਬਹੁਤ ਹੀ ਨੇੜੇ ਰਹਿ ਕੇ ਕੰਮ ਕਰਨ ਦਾ ਮਾਣ ਪ੍ਰਾਪਤ ਰਿਹਾ ਹੈ। ਮੈਂ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਅਤੇ ਸੂਝ ਦਾ ਕਾਇਲ ਰਿਹਾ ਹਾਂ, ਉਹ ਹਰ ਗੱਲ ਨੂੰ ਨਾਪ ਤੋਲ ਕੇ ਸਿਆਣਪ ਨਾਲ ਵਿਚਾਰਦੇ ਸਨ। ਉਨ੍ਹਾਂ ਕੋਲ ਹਰ ਸੰਜੀਦਾ ਤੋਂ ਸੰਜੀਦਾ ਮਸਲੇ ਦਾ ਸਰਬਪ੍ਰਮਾਣਿਤ ਹੱਲ ਕਰਨ ਦਾ ਸਲੀਕਾ ਹੁੰਦਾ ਸੀ। ਕਈ ਮੌਕਿਆਂ ਤੇ ਜਦੋਂ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਨੂੰ ਅਣਡਿਠ ਕੀਤਾ ਜਾਂਦਾ ਸੀ ਤਾਂ ਅਕਾਲੀ ਦਲ ਨੂੰ ਉਸ ਸਮੱਸਿਆ ਵਿਚ ਉਲਝਦਿਆਂ ਮੈਂ ਖ਼ੁਦ ਆਪਣੇ ਅੱਖੀਂ ਵੇਖਿਆ ਹੈ। ਅਕਾਲੀ ਦਲ ਨੂੰ ਕਈ ਵਾਰੀ ਮੂੰਹ ਦੀ ਖਾਣੀ ਪਈ ਹੈ, ਜਦੋਂ ਕੈਪਟਨ ਕੰਵਲਜੀਤ ਦੀ ਰਾਏ ਨੂੰ ਮੰਨਿਆਂ ਨਹੀਂ ਜਾਂਦਾ ਸੀ। ਪ੍ਰੰਤੂ ਕਈ ਵਾਰ ਅਕਾਲੀ ਦਲ ਵੱਲੋਂ ਆਪਣੀ ਗ਼ਲਤੀ ਨੂੰ ਕੈਪਟਨ ਦੀ ਰਾਏ ਅਨੁਸਾਰ ਦਰੁਸਤ ਵੀ ਕਰ ਲਿਆ ਜਾਂਦਾ ਸੀ ਭਾਵੇਂ ਉਹ ਦੇਰ ਆਏ ਦਰੁਸਤ ਆਏ ਦੀ ਕਹਾਵਤ ਹੀ ਹੁੰਦੀ ਸੀ। ਜਦੋਂ ਉਸਦੀ ਗੱਲ ਮੰਨੀ ਨਹੀਂ ਜਾਂਦੀ ਸੀ ਤਾਂ ਉਹ ਸਾਰੀ ਸੀਨੀਅਰ ਲੀਡਰਸ਼ਿਪ ਦੇ ਸਾਹਮਣੇ ਖ਼ਤਰਨਾਕ ਨਤੀਜਿਆਂ ਦੀ ਉਡੀਕ ਕਰਨ ਦੀ ਵੰਗਾਰ ਵੀ ਦੇ ਦਿੰਦਾ ਸੀ ਪ੍ਰੰਤੂ ਜੇਕਰ ਪਾਰਟੀ ਨੇ ਕਿਸੇ ਸਿਆਸੀ ਮਜ਼ਬੂਰੀ ਕਾਰਨ ਕੈਪਟਨ ਸਾਹਿਬ ਦੀ ਸਲਾਹ ਨੂੰ ਨਾ ਮੰਨਣਾ ਹੁੰਦਾ ਤਾਂ ਉਹ ਕੈਪਟਨ ਨੂੰ ਵਿਸ਼ਵਾਸ਼ ਵਿਚ ਲੈ ਕੇ ਫੈਸਲਾ ਕਰਦੇ ਸਨ। ਕੈਪਟਨ ਸਲਾਹ ਬੇਬਾਕ ਹੋ ਕੇ ਦਿੰਦਾ ਸੀ। ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ ਸੀ। ਜਦੋਂ ਕਿਸੇ ਸਿਆਸੀ ਨੇਤਾ ਉਪਰ ਕੋਈ ਵੀ ਇਲਜ਼ਾਮ ਲਗਦਾ ਸੀ ਤਾਂ ਕੈਪਟਨ ਕੰਵਲਜੀਤ ਸਿੰਘ ਦਲੇਰੀ ਨਾਲ ਉਸ ਨੇਤਾ ਦੇ ਅਸਤੀਫੇ ਦੀ ਮੰਗ ਕਰਦਾ ਸੀ। ਭਾਵੇਂ ਉਹ ਨੇਤਾ ਕਿਤਨਾ ਹੀ ਸੀਨੀਅਰ ਕਿਉਂ ਨਾ ਹੋਵੇ ਕਿਉਂਕਿ ਉਹ ਪਾਰਟੀ ਦੀ ਸ਼ਾਖ਼ ਤੇ ਧੱਬਾ ਨਹੀਂ ਲੱਗਣ ਦੇਣਾ ਚਾਹੁੰਦੇ ਸਨ। ਪਾਰਟੀ ਕੈਪਟਨ ਕੰਵਲਜੀਤ ਸਿੰਘ ਦੀ ਰਾਏ ਦੀ ਆੜ ਵਿਚ ਅਸਤੀਫਾ ਲੈ ਲੈਂਦੀ ਸੀ। ਇਸੇ ਕਰਕੇ ਉਨ੍ਹਾਂ ਨੂੰ ਅਕਾਲੀ ਦਲ ਦਾ ਸੰਕਟ ਮੋਚਨ ਕਿਹਾ ਜਾਂਦਾ ਸੀ।

ਸੰਕਟ ਮੋਚਨ ਦੀ ਸੜਕ ਦੁਰਘਟਨਾ ਵਿਚ ਮੌਤ ਵੀ ਸ਼ੱਕ ਦੇ ਘੇਰਿਆਂ ਵਿਚ ਰਹੀ ਹੈ। ਇਸੇ ਕਰਕੇ ਉਸਦੀ ਧੜੱਲੇਦਾਰੀ ਨਾਲ ਦਿੱਤੀ ਰਾਏ ਉਸਦੇ ਪਰਿਵਾਰ ਉਪਰ ਸਿਆਸੀ ਬਿਜਲੀ ਬਣਕੇ ਡਿਗੀ ਹੈ। ਸਿਆਸੀ ਵਿਰੋਧੀਆਂ ਨੇ ਬਦਲਾ ਲੈਂਦਿਆਂ ਟਕਸਾਲੀ ਪਰਿਵਾਰ ਨੂੰ ਰੋਲ ਦਿੱਤਾ ਹੈ, ਇਸ ਵਿਚ ਪਰਿਵਾਰ ਨੇ ਵੀ ਸੰਜੀਦਗੀ ਤੋਂ ਕੰਮ ਨਹੀਂ ਲਿਆ ਅਤੇ ਪਰਿਵਾਰ ਖ਼ਖ਼ੜੀਆਂ ਖ਼ਖ਼ੜੀਆਂ ਹੋ ਗਿਆ ਹੈ। ਜਿਹੜਾ ਨੇਤਾ ਟਿਕਟਾਂ ਵੰਡਦਾ ਸੀ ਅੱਜ ਉਸਦਾ ਪਰਿਵਾਰ ਬੇਟਿਕਟ ਹੈ। ਪਰਿਵਾਰ ਆਪਣੇ ਅਸਤਿਤਵ ਲਈ 29 ਮਾਰਚ ਨੂੰ ਕੈਪਟਨ ਕੰਵਲਜੀਤ ਸਿੰਘ ਦੀ ਸਿਆਸੀ ਕਰਮ ਭੂਮੀ ਡੇਰਾ ਬਸੀ ਹਲਕੇ ਦੇ ਨਾਭਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਬਰਸੀ ਦਾ ਸਮਾਗਮ ਕਰ ਰਿਹਾ ਹੈ। ਸਿਆਸਤ ਦੀ ਚਿੱਟੀ ਚਾਦਰ ਦਾ ਰੱਖਵਾਲੇ ਦੀ ਯਾਦ ਤੇ ਸਿਆਸਤ ਕੀਤੀ ਜਾਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>